ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ ਮਾਰੂ ਮਾਰਿਆ ਭੂਤ ਫਤੂਰ ਦੇ ਨੇ
ਦੇਖ ਪਰੀ ਦੇ ਨਾਲ ਖੁਮ ਮਾਰਿਆਈ ਏਸ ਫਰੇਸ਼ਤੇ ਬੈਤ ਮਾਅਮੂਰ ਦੇ ਨੇ
ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ
ਡੇਰਾ ਬਖਸ਼ੀ ਦਾ ਮਾਰ ਕੇ ਲੁਟ ਲੀਤਾ ਪਾਈ ਫਤਹਿ ਪਠਾਨ ਕਸੂਰ ਦੇ ਨੇ
ਜਦੋ ਨਾਲ ਟਕੋਰ ਦੇ ਗਰਮ ਹੋਇਆ ਦਿੱਤਾ ਦੁਖੜਾ ਘਾਉ ਨਾਸੂਰ ਦੇ ਨੇ
ਵਾਰਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ