ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ
ਛੱਡ ਅੱਗ ਬੇਗਾਨੜੀ ਹੋ ਗੋਸ਼ੇ ਪ੍ਰੇਮ ਢਾਂਡਰੀ ਵੱਖ ਜਗਾਇ ਬੈਠਾ
ਗਾਵੇ ਸੱਦ ਫਰਾਕ ਦੇ ਨਾਲ ਰੋਵੇ ਉਤੇ ਵੰਝਲੀ ਸ਼ਬਦ ਵਜਾਇ ਬੈਠਾ
ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ ਪੱਤਨ ਛੱਡ ਸਭ ਓਸ ਥੇ ਜਾਇ ਬੈਠਾ
ਰੰਨਾਂ ਲੁੱਡਨ ਜਬੈਲ ਦੀਆਂ ਭਰਨ ਮੁੱਠੀ ਪੈਰ ਦੋਹਾਂ ਦੇ ਹਿਕ ਟਿਕਾਇ ਬੈਠਾ
ਗੁੱਸਾ ਖਾ ਕੇ ਲਏ ਝਬੈਲ ਝਈਆਂ ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ
ਪਿੰਡ ਬਾਹੁੜੀਂ ਜੱਟ ਲੈ ਜਾਗ ਰੰਨਾਂ ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ
ਵਾਰਸ ਸ਼ਾਹ ਏਸ ਮੋਹੀਆਂ ਮਰਦ ਰੰਨਾਂ ਨਾਹੀਂ ਜਾਣਦੇ ਕੌਣ ਬਲਾਇ ਬੈਠਾ