ਆਕੀ ਹੋਇਕੇ ਖੇੜਿਆਂ ਵਿੱਚ ਵੜੀਏ ਇਸ਼ਕ ਹੁਸਨ ਦੀ ਵਾਰਸੇ ਜੱਟੀਏ ਨੀ
ਪਿੱਛਾ ਅੰਤ ਨੂੰ ਦੇਵਨਾ ਹੋਵੇ ਜਿਸ ਨੂੰ ਝੁੱਘਾ ਓਸ ਦਾ ਕਾਸ ਨੂੰ ਪੁੱਟੀਏ ਨੀ
ਜਿਹੜਾ ਦੇਖ ਕੇ ਮੁੱਖ ਨਿਹਾਲ ਹੋਵੇ ਕੀਚੇ ਕਤਲ ਨਾ ਹਾਂਹ ਪਲਟੀਏ ਨੀ
ਇਹ ਆਸ਼ਕੀ ਵੇਲ ਅੰਗੂਰ ਦੀ ਹੈ ਮੁਢੋਂ ਏਸ ਨੂੰ ਪੁੱਟ ਨਾ ਸੁੱਟੀਏ ਨੀ
ਇਹ ਜੋਬਨਾ ਨਿਤ ਲਾ ਹੋਵਨਾ ਈ ਤਾਉਂ ਬੱਦਲਾਂ ਜਦੀ ਜਾਣ ਡੱਟੀਏ ਨੀ
ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ ਨਿਤ ਧਾਂਵਦੀ ਸੈਂ ਉਹ ਨੂੰ ਡੱਟੀਏ ਨੀ
ਪਿੱਛਾ ਨਾ ਦੀਚੇ ਸੱਚੇ ਆਸ਼ਕਾਂ ਨੂੰ ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ
ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ ਤੀਰ ਮਾਰ ਕੇ ਆਪ ਨਾ ਛੱਟੀਏ ਨੀ
ਅੱਠੇ ਪਹਿਰ ਵਸਾਰੀਏ ਨਹੀਂ ਸਾਹਿਬ ਕਦੀ ਹੋਸ਼ ਦੀ ਅਖ ਪਰਤੀਏ ਨੀ
ਮਿਠੀ ਚਾਟ ਹਲਾਇਕੇ ਤੋਤੜੇ ਨੂੰ ਪਿੱਛੋਂ ਕੰਕਰੀ ਰੋੜ ਨਾ ਘਤੀਏ ਨੀ
ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ
ਉੱਠ ਝਬਦੇ ਜਾਇਕੇ ਹੋ ਹਾਜ਼ਰ ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ