ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ ਭੇਤ ਯਾਰ ਦਾ ਸੱਭੋ ਸਮਝਾਇਆ ਈ
ਜਿਹਨੂੰ ਮਾਰ ਕੇ ਘਰੋਂ ਫਕੀਰ ਕੀਤੋ ਉਹ ਜੋਗਿੜਾ ਹੋਇਕੇ ਆਇਆ ਈ
ਉਹਨੂੰ ਠੱਗ ਕੇ ਮਹੀਂ ਚਰਾ ਲਇਉਂ ਏਥੇ ਆਇਕੇ ਰੰਗ ਵਟਾਇਆ ਈ
ਤੇਰੇ ਨੈਣਾਂ ਨੇ ਚਾ ਮਲੰਗ ਕੀਤਾ ਮਨੋ ਓਸ ਨੂੰ ਚਾਇ ਭੁਲਾਇਆ ਈ
ਉਹਦੇ ਕੰਨ ਪੜਾਇਕੇ ਵਨ ਲੱਥਾ ਆਪ ਵੌਹਟੜੀ ਆਨ ਸਦਾਇਆ ਈ
ਆਪ ਹੋ ਜ਼ਲੇਖਾ ਦੇ ਵਾਂਗ ਸੱਚੀ ਉਹਨੂੰ ਯੂਸਫ ਚਾ ਬਣਾਇਆ ਈ
ਕੀਤੇ ਕੌਲ ਕਰਾਰ ਵਸਾਰ ਸਾਰੇ ਆਣ ਸੈਦੇ ਨੂੰ ਕੰਤ ਬਣਾਇਆ ਈ
ਹੋਇਆ ਚਾਕ ਪਿੰਡੇ ਮਲੀ ਖਾਕ ਰਾਂਝੇ ਕੰਨ ਪਾੜ ਕੇ ਹਾਲ ਵਣਜਾਇਆ ਈ
ਦੇਣੇ ਦਾਰ ਮਵਾਸ ਹੋ ਵਿਹਰ ਬੈਠੀ ਲੈਣੇ ਦਾਰ ਬੀ ਅੱਕ ਕੇ ਆਇਆ ਈ
ਗਾਲੀਂ ਦੇ ਕੇ ਵਿਹੜਿਉ ਕਢ ਉਸਨੂੰ ਕਲ ਮੋਲ੍ਹਿਆਂ ਨਾਲ ਕੁਟਆਇਆ ਈ
ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ ਤੈਨੂੰ ਬਾਜ਼ ਵਿੱਚ ਓਸ ਬੁਲਾਇਆ ਈ
ਜ਼ਿਆਰਤ ਮਰਦ ਕੁੱਫਾਰਤ ਹੋਣ ਅਸਿਆਂ ਨੂਰ ਫਕਰ ਦਾ ਦੇਖਨਾ ਆਇਆ ਈ
ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ ਮੈਨੂੰ ਕਸ਼ਫ ਬੇਰੂਜ਼ ਦਖਾਇਆ ਈ
ਝਬ ਨਜ਼ਰ ਲੈ ਕੇ ਮਿਲ ਹੋ ਰਈਅਤ ਫੌਜਦਾਰ ਬਹਾਲ ਹੋ ਆਇਆ ਈ
ਉਹਦੀ ਨਜ਼੍ਹਾ ਤੋਂ ਆਬੇਹਿਆਤ ਓਸ ਦਾ ਕਿਹਾ ਭਾਬੀਏ ਝੱਕੜਾ ਲਾਇਆ ਈ
ਚਾਕ ਲਾਇਕੇ ਕੰਨ ਪੜਾਇਉ ਨੀ ਨੈਣਾਂ ਵਾਲਈ ਜ਼ੈਬ ਕਿਉਂ ਚਾਇਆ ਈ
ਬਚੇ ਉਹ ਫਕੀਰਾਂ ਥੋਂ ਹੀਰ ਕੁੜੀਏ ਹੱਥ ਬੰਨ੍ਹ ਕੇ ਜਿਨ੍ਹਾਂ ਬਖਸ਼ਾਇਆ ਈ
ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ ਇਹ ਮੀਂਹ ਅਨਿਆਉਂ ਦਾ ਆਇਆ ਈ
ਅਮਲ ਫੌਤ ਤੇ ਵੱਡੀ ਦਸਤਾਰ ਫੁੱਲੀ ਕੇਹਾ ਭੀਲ ਦਾ ਸਾਂਗ ਬਣਾਇਆ ਈ
ਵਾਰਸ਼ ਕੌਲ ਭੁਲਾਇਕੇ ਕੇ ਖੇਡ ਰੁਧੋਂ ਕੇਹਾ ਨਵਾਂ ਮਖੌਲ ਜਗਾਇਆ ਈ