ਬੇੜੀ ਨਹੀਂ ਇਹ ਜੰਜ ਦੀ ਬਣੀ ਬੈਠਕ ਜੋ ਕੋ ਆਂਵਦਾ ਸੱਦ ਬਹਾਵੰਦਾ ਹੈ
ਗੱਡਾ ਵਡਾ ਅਮੀਰ ਫਕੀਰ ਬੈਠੇ ਕੌਣ ਪੁਛਦਾ ਕਿਹੜੇ ਥਾਂਵਦਾ ਹੈ
ਜਿਵੇਂ ਸ਼ਮ੍ਹਾਂ ਤੇ ਡਿੱਗਣ ਪਤੰਗ ਧੜ ਧੜ ਲੰਘ ਨਈਓਂ ਮੁਹਾਨਿਆ ਆਵੰਦਾ ਹੈ
ਖ਼ਾਜਾ ਖ਼ਿਜਰ ਦਾ ਬਾਲਕਾ ਆਨ ਲੱਥਾ ਜਣਾ ਖਣਾ ਸ਼ੀਰਨੀਆਂ ਲਿਆਵਦਾ ਹੈ
ਲੁੱਡਨ ਨਾ ਲੰਘਾਇਆ ਪਾਰ ਉਸ ਨੂੰ ਓਸ ਵੇਲੜੇ ਨੂੰ ਪੱਛੋਤਾਂਵਦਾ ਹੈ
ਯਾਰੋ ਝੂਠ ਨਾ ਕਰੇ ਖੁਦਾ ਸੱਚਾ ਰੰਨਾ ਮੇਰੀਆਂ ਇਹ ਖਿਸਕਾਵਦਾ ਹੈ
ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ ਪੰਛੀ ਡੇਗਦਾ ਮਿਰਗ ਫਹਾਂਵਦਾ ਹੈ
ਠੱਗ ਸੁੰਨੇ ਥਾਨੇਸਰੋਂ ਆਂਵਦੇ ਨੇ ਇਹ ਤਾਂ ਜ਼ਾਹਰਾ ਠੱਗ ਝਨਾਂਵਦਾ ਹੈ
ਵਾਰਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ ਹੁਣੇ ਵੇਖ ਝਬੈਲ ਕਟਾਵਦਾ ਹੈ