ਹੀਰ ਹੋ ਰੁਖ਼ਸਤ ਰਾਂਝੇ ਯਾਰ ਕੋਲੋਂ ਆਖੇ ਸਹਿਤੀਏ ਮਤਾ ਪਕਾਈਏ ਨੀ
ਠੂਠਾ ਭੰਨ ਫਕੀਰ ਨੂੰ ਕਢਿਆ ਸੀ ਕਿਵੇਂ ਓਸ ਨੂੰ ਖੈਰ ਭੀ ਪਾਈਏ ਨੀ
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ ਨਾਲ ਕਰਮ ਦੇ ਬੰਨੜੋ ਲਾਈਏ ਨੀ
ਮੇਰੇ ਵਾਸਤੇ ਓਸ ਨੇ ਲਏ ਤਰਲੇ ਕਿਵੇਂ ਓਸ ਦੀ ਆਸ ਪੁਜਾਈਏ ਨੀ
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ ਦੋਵੇਂ ਆਪਣੇ ਯਾਰ ਹੰਢਾਈਏ ਨੀ
ਰਾਂਝਾ ਕੰਨ ਪੜਾ ਫਕੀਰ ਹੋਇਆ ਸਿਰ ਓਸ ਦੇ ਵਰੀ ਚੜ੍ਹਾਈਏ ਨੀ
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ ਕਿਵੇਂ ਸਹਿਤੀਏ ਡੌਲ ਬਣਾਈਏ ਨੀ
ਹੋਇਆ ਮੇਲ ਜਾਂ ਚਿਰੀਂ ਵਿਛੁਨਿਆਂ ਦਾ ਯਾਰ ਰੱਜ ਕੇ ਗਲੇ ਲਗਾਈਏ ਨੀ
ਜਿਊ ਆਸ਼ਕਾਂ ਦਾ ਅਰਸ਼ ਰੱਬ ਦਾ ਹੈ ਕਿਵੇਂ ਓਸ ਨੂੰ ਠੰਡ ਪਵਾਈਏ ਨੀ
ਕੋਈ ਰੋਜ਼ ਦਾ ਇਸ਼ਕ ਪੁਰਾਹੁਣਾ ਈ ਮਜ਼ੇ ਖੂਬੀਆਂ ਨਾਲ ਹੰਢਾਈਏ ਨੀ
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ ਕੋਈ ਆਉ ਖਾਂ ਮਕਰ ਫੈਲਾਈਏ ਨੀ
ਬਾਜ਼ ਜਾਂਦਿਆਂ ਅਸੀਂ ਨਾ ਸੁੰਹਦੀਆਂ ਹਾਂ ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ
ਗਲ ਘਤ ਪੱਲਾ ਮੂੰਹ ਘਾਹ ਲੈ ਕੇ ਪੈਰੀਂ ਲਗ ਕੇ ਪੀਰ ਮਨਾਈਏ ਨੀ
ਵਾਰਸ ਸ਼ਾਹ ਗੁਨਾਹਾਂ ਦੇ ਅਸੀਂ ਲੱਗੇ ਚਲੋ ਕੁਲ ਤਕਸੀਰ ਬਖਸ਼ਾਈਏ ਨੀ