ਰਾਹ ਜਾਂਦੀ ਮੈਂ ਝੋਟੇ ਨੇ ਢਾ ਲੀਤੀ ਸਾਨੂੰ ਬੁੱਲ੍ਹ ਕੁਥੁੱਲ ਕੇ ਮਾਰਿਆ ਨੀ
ਹੱਥੋਂ ਕੱਬੋ ਗਵਾਇਕੇ ਭੰਨ ਚੂੜਾ ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀ
ਡਾਹਡਾ ਮਾੜਿਆਂ ਨੂੰ ਢਾਹ ਮਾਰ ਕਰਦਾ ਜ਼ੋਰਾਵਰਾਂ ਅੱਗੇ ਅੰਤ ਹਾਰਿਆ ਨੀ
ਨੱਸ ਚੱਲੀ ਸਾਂ ਓਸ ਨੂੰ ਦੇਖ ਕੇ ਮੈਂ ਜਿਵੇਂ ਦੁਲ੍ਹੜੇ ਤੋਂ ਜਾਣ ਕਵਾਰੀਆਂ ਨੀ
ਸੀਨਾ ਫਿਹ ਕੇ ਭਨਿਉਸ ਪਾਸਿਆਂ ਨੂੰ ਦੋਹਾਂ ਸਿੰਗਾਂ ਉਤੇ ਚਾ ਚਾੜ੍ਹਿਆ ਨੀ
ਰੜੇ ਢਾਇਕੇ ਖਾਈ ਪਟਾਕ ਮਾਰੀ ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹਿਆਂ ਨੀ
ਮੇਰੇ ਕਰਮ ਸਨ ਆਣ ਮਲੰਗ ਮਿਲਿਆ ਜਿਸ ਜੀਂਵਦੀ ਪਿੰਡ ਵਿੱਚ ਵਾੜਿਆ ਨੀ
ਵਾਰਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ ਹੀਰੇ ਹਰਨ ਮੈਂ ਤੱਤੜੀ ਦਾੜ੍ਹਿਆ ਨੀ