ਅਨੀ ਭਰੋ ਮੁਠੀਂ ਉਹ ਮੁਠੀ ਕੁੱਠੀ ਬਿਰਹੋਂ ਨੇ ਢਿਡ ਵਿੱਚ ਸੂਲ ਹੋਇਆ
ਲਹਿਰ ਪੇਡੂਓਂ ਉੱਠ ਕੇ ਪਵੇ ਸੀਨੇ ਮੇਰੇ ਜੀਉ ਦੇ ਵਿੱਚ ਡੰਡੂਲ ਹੋਇਆ
ਤਲਬ ਡੁਬ ਗਈ ਸਿਰਕਾਰ ਮੇਰੀ ਮੈਨੂੰ ਇੱਕ ਨਾ ਦਾਮ ਵਸੂਲ ਹੋਇਆ
ਲੋਕ ਨਫੇ ਦੇ ਵਾਸਤੇ ਲੈਣ ਤਰਲੇ ਮੇਰਾ ਸਣੇ ਵਹੀ ਚੌੜ ਮੂਲ ਹੋਇਆ
ਅੰਬ ਸੇਂਚ ਕੇ ਦੁੱਧ ਦੇ ਨਾਲ ਪਾਲੇ ਭਾ ਤੱਤੀ ਦੇ ਅੰਤ ਬਬੂਲ ਹੋਇਆ
ਖੇੜਿਆਂ ਵਿੱਚ ਨਾ ਪਰਚਦਾ ਜਿਉ ਮੇਰਾ ਸ਼ਾਹਦ ਹਾਲ ਦਾ ਰੱਬ ਰਸੂਲ ਹੋਇਆ