ਲੈ ਕੇ ਸਠ ਸਹੇਲੀਆਂ ਨਾਲ ਆਈ ਹੀਰ ਮੱਤੜੀ ਰੂਪ ਗਮਾਨ ਦੀ ਜੀ
ਬੁਕ ਮੋਤੀਆਂ ਦੇ ਕੰਨੀਂ ਝੁਮਕਦੇ ਸਨ ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ
ਕੁੜਤੀ ਸੂਹੇ ਦੀ ਹਿਕ ਦੇ ਨਾਲ ਫੱਬੀ ਹੋਸ਼ ਰਹੀ ਨਾ ਜ਼ਮੀ ਅਸਮਾਨ ਦੀ ਜੀ
ਜਿਸ ਦੇ ਨਕ ਬੁਲਾਕ ਜਿਉਂ ਕੁਤਬ ਤਾਰਾ ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀ
ਆ ਬੁੰਦਿਆ ਵਾਲੀਏ ਟਲੇਂ ਮੋਈਏ ਅੱਗੇ ਗਈ ਕੇਤੀ ਤੰਬੂ ਤਾਣਦੀ ਜੀ
ਵਾਰਸ ਸ਼ਾਹ ਮੀਆ ਜੱਟੀ ਲੋੜ੍ਹ ਲੁੱਟੀ ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ