ਹੁਕਮ ਹੀਰ ਦਾ ਮਾਂਉਂ ਥੋਂ ਲਿਆ ਸਹਿਤੀ ਗਲ ਗਿਣੀ ਸੂ ਨਾਲ ਸਹੇਲੀਆਂ ਦੇ
ਤਿਆਰ ਹੋਈਆਂ ਦੋਵੇਂ ਨਨਾਣ ਭਾਬੀ ਨਾਲ ਚੜ੍ਹੇ ਨੇ ਕਟਕ ਅਰਬੇਲੀਆਂ ਦੇ
ਛੱਡ ਪਾਸਨੇ ਤੁਰਕ ਬੇਰਾਹ ਚਲੇ ਰਾਹ ਮਾਰਦੇ ਨੇ ਅਟਖੇਲੀਆਂ ਦੇ
ਕਿੱਲੇ ਪੁਟ ਹੋ ਗਈ ਵਿੱਚ ਵਿਹੜਿਆਂ ਦੇ ਰਹੀ ਇੱਕ ਨਾ ਵਿੱਚ ਹਵੇਲੀਆਂ ਦੇ
ਸੋਹਣ ਬੈਂਸਰਾਂ ਨਾਲ ਬਲਾਕ ਬੁੰਦੇ ਟਿੱਕੇ ਫਬ ਰਹੇ ਵਿੱਚ ਮਥੇਲੀਆਂ ਦੇ
ਧਾਗੇ ਪਾਂਉਟੇ ਬੰਨ੍ਹ ਕੇ ਨਾਲ ਬੋਦੇ ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇ
ਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ ਸਹਿਤੀ ਗੁਰੂ ਚਲਿਆ ਨਾਲ ਚੇਲੀਆਂ ਦੇ
ਰਾਜੇ ਇੰਦਰ ਦੀ ਸਭਾ ਵਿੱਚ ਹੋਈ ਹੋਰੀ ਪਏ ਅਜਬ ਛਨਕਾਰ ਅਬੇਲੀਆਂ ਦੇ
ਆਪ ਹਾਰ ਸੰਗਾਰ ਕਰ ਦੌੜ ਚਲੀਆਂ ਅਰਥ ਕੀਤਿਆਂ ਨੇ ਨਾਲ ਬੇਲੀਆਂ ਦੇ
ਵਾਰਸ ਸ਼ਾਹ ਕਸਤੂਰੀ ਦੇ ਮਿਰਗ ਛੁਟੇ ਥਈ ਥਈ ਸਰੀਰ ਮਥੇਲੀਆਂ ਦੇ