ਕੇਹੀ ਹੀਰ ਦੀ ਕਰੇ ਤਾਅਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ
ਖੂਨੀ ਚੂੰਡੀਆ ਰਾਤ ਜਿਉ ਚੰਨ ਦਵਾਲੇ ਸੁਰਖ ਰੰਗ ਸ਼ਰਾਬ ਦਾ ਜੀ
ਨੈਣ ਨਰਗਸੀ ਮਿਰਗ ਮਮੋਲੜੇ ਦੇ ਗੱਲ੍ਹਾਂ ਟਹਿਕੀਆ ਫੁਲ ਗੁਲਾਬ ਦਾ ਜੀ
ਭਵਾਂ ਵਾਂਗ ਕਮਾਨ ਲਾਹੌਰ ਦਿੱਸੇਕੋਈ ਹੁਸਨ ਨਾ ਅੰਤ ਹਸਾਬ ਦਾ ਜੀ
ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ
ਖੁੱਲ੍ਹੀ ਤ੍ਰਿੰਜਨਾਂ ਵਿੱਚ ਲਟਕਦੀ ਹੈ ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ
ਚਿਹਰੇ ਸੁਹਣੇ ਤੇ ਖਾਲ ਖ਼ਤ ਬਨਦੇ ਖ਼ੁਸ਼ਖਤ ਜਿਉਂ ਹਰਫ ਕਿਤਾਬ ਦਾ ਜੀ
ਜਿਹੜੇ ਵੇਖਣੇ ਦੇ ਰੀਝਵਾਨ ਆਹੇ ਵੱਡਾ ਵਾਇਦਾ ਤਿਨ੍ਹਾਂ ਦੇ ਬਾਬ ਦਾ ਜੀ
ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ ਵਾਰਸ ਸ਼ਾਹ ਏਹ ਕੰਮ ਸਵਾਬ ਦਾ ਜੀ