ਅਜੂ ਆਖਿਆ ਸੈਦਿਆ ਜਾ ਭਾਈ ਇਹ ਵੌਹਟੀਆਂ ਬਹੁਤ ਪਿਆਰੀਆਂ ਜੀ
ਜਾ ਬੰਨ੍ਹ ਕੇ ਹੱਥ ਸਲਾਮ ਕਰਨਾ ਤੁਸਾਂ ਤਾਰੀਆਂ ਖਲਕਤਾਂ ਸਾਰੀਆਂ ਜੀ
ਅੱਗੇ ਨਜ਼ਰ ਰੱਖੀਂ ਸਭੋ ਹਾਲ ਦੱਸੀਂ ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀ
ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ ਖੋਲ ਕਹੇਂ ਹਕੀਕਤਾਂ ਸਾਰੀਆਂ ਜੀ
ਆਖੀਂ ਵਾਸਤੇ ਰੱਬ ਦੇ ਚਲੋ ਜੋਗੀ ਸਾਨੂੰ ਬਣੀਆਂ ਮਸੀਬਤਾਂ ਭਾਰੀਆਂ ਜੀ
ਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ ਜਾ ਲਿਆ ਵਲਾਇਕੇ ਵਾਰੀਆਂ ਜੀ
ਵਾਰਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ