ਹਾ ਹਾ ਮੁੱਠੀ ਮਤ ਨਾ ਲਇਆ ਦਿੱਤੀ ਅਕਲ ਹਜ਼ਾਰ ਚਕੇਟਿਆ ਵੇ
ਵਸ ਪਿਉਂ ਤੂੰ ਵੈਰੀਆਂ ਸਾਂਵਿਆਂ ਦੇ ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇ
ਜਿਹੜਾ ਛਿੜਿਆ ਵਿੱਚ ਜਹਾਨ ਝੇੜਾ ਨਹੀਂ ਜਾਵਣਾ ਮੂਲ ਸਮੇਟਿਆਂ ਵੇ
ਰਾਜਾ ਅਦਲੀ ਹੈ ਤਖਤ ਤੇ ਅਦਲ ਕਰਦਾ ਖੜੀ ਬਾਂਹ ਕਰ ਕੂਕ ਰੰਝੇਟਿਆ ਵੇ
ਬਿਨਾ ਅਮਲ ਦੇ ਨਹੀਂ ਨਜਾਤ ਤੇਰੀ ਪਿਆ ਮਾਰਏਂ ਕੁਤਬ ਦਿਆ ਬੇਟਿਆ ਵੇ
ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ ਗਧਾ ਜ਼ਰੀ ਦੇ ਵਿੱਚ ਲਪੇਟਿਆ ਵੇ
ਅਸਰ ਸੁਹਬਤਾਂ ਦੇ ਕਰ ਜਾਣ ਜ਼ਲਬਾ ਜਾ ਰਾਜੇ ਦੇ ਪਾਸ ਜਟੇਟਿਆ ਵੇ
ਵਾਰਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ ਜਿੱਥੇ ਕੀਮਿਆ ਦੇ ਨਾਲ ਭੇਟਿਆ ਵੇ