ਰਾਜੇ ਆਖਿਆ ਤੁਸਾਂ ਤਕਸੀਰ ਕੀਤੀ ਏਹ ਵੱਡਾ ਫਕੀਰ ਰੰਜਾਣਿਆ ਜੇ
ਨਕ ਕੰਨ ਵਢਾ ਦਿਆਂ ਚਾੜ੍ਹ ਸੂਲੀ ਐਵੇਂ ਗਈ ਇਹ ਗੱਲ ਨਾ ਜਾਣਿਆ ਜੇ
ਰੱਜੇ ਜੱਟ ਨਾ ਜਾਣਦੇ ਕਿਸੇ ਤਾਈਂ ਤੁਸੀਂ ਅਪਣੀ ਕਦਰ ਪਛਾਣਿਆ ਜੇ
ਰੰਨਾ ਖੋਹ ਫਕੀਰਾਂ ਦੀਆਂ ਰਾਹ ਮਾਰੋ ਤੰਬੂ ਗਰੱਬ ਗੁਮਾਨ ਦੇ ਤਾਣਿਆ ਜੇ
ਰਾਤੀਂ ਚੋਰ ਤੇ ਦਿਨੇ ਉਧਾਲਿਆਂ ਤੇ ਸ਼ੈਤਾਨ ਵਾਂਗੂੰ ਜੱਗ ਰਾਣਿਆ ਜੇ
ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ
ਇਹ ਨਿਤ ਹੰਕਾਰ ਨਾ ਮਾਲ ਰਹਿੰਦੇ ਕਦੀ ਮੌਤ ਤਹਿਕੀਕ ਪਛਾਣਿਆ ਜੇ
ਵਾਰਸ ਸ਼ਾਹ ਸਰਾਏ ਦੀ ਰਾਤ ਵਾਂਗੂੰ ਦੁਨੀਆ ਖਾਬ ਖਿਆਲ ਕਰ ਜਾਣਿਆ ਜੇ