ਰਾਂਝਾ ਆਖਦਾ ਜਾ ਕੀ ਦੇਖਦੀ ਹੈਂ ਬੁਰਾ ਮੌਤ ਕੀਂ ਏਹ ਵਜੋਗ ਹੈ ਨੀ
ਪਏ ਧਾੜਵੀ ਲੁਟ ਲੈ ਚੱਲੇ ਮੈਨੂੰ ਏਹ ਦੁਖ ਕੀ ਜਾਣਦਾ ਲੋਗ ਹੈ ਨੀ
ਮਿਲੀ ਸੈਦੇ ਨੂੰ ਹੀਰ ਤੇ ਸਵਾਹ ਤੈਨੂੰ ਤੇਰਾ ਨਾਮ ਤੇ ਅਸਾਂ ਨੂੰ ਟੋਗ ਹੈ ਨੀ
ਬੁੱਕਲ ਲੇਫ ਦੀ ਜੱਫੀਆਂ ਵੌਹਟੀਆਂ ਦੀਆਂ ਇਹ ਰੁਤ ਸਿਆਲ ਦਾ ਭੋਗ ਹੈ ਨੀ
ਸੌਕਦ ਰੰਨ ਗਵਾਂਢ ਕੁਪੱਤਿਆਂ ਦਾ ਭਲੇ ਮਰਦ ਦੇ ਬਾਬਾ ਦਾ ਰੋਗ ਹੈ ਨੀ
ਖੁਸ਼ੀ ਨਿਤ ਹੋਵਨ ਮਰਦ ਫੁਲ ਵਾਂਗੂੰ ਘਰੀਂ ਜਿਨ੍ਹਾਂ ਦੇ ਨਿਤ ਦਾ ਸੋਗ ਹੈ ਨੀ
ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ ਗਲੇ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ
ਜਿਹੜਾ ਬਿਨਾ ਖੁਰਾਕ ਦੇ ਕਰੇ ਕੁਸ਼ਤੀ ਓਸ ਮਰਦ ਨੂੰ ਜਾਣੀਏ ਫੇਗ ਹੈ ਨੀ
ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ ਬਾਕੀ ਜਿਨ੍ਹਾਂ ਦੀ ਜ਼ਿਮੀਂ ਤੇ ਚੋਗ ਹੈ ਨੀ
ਜਦੋਂ ਕਦੋ ਮਹਿਬੂਬ ਨਾ ਛੱਡਣਾ ਏਂ ਕਾਲਾ ਨਾਗ ਖੁਦਾ ਦਾ ਜੋਗ ਹੈ ਨੀ
ਕਾਂਉ ਕੂੰਜ ਨੂੰ ਮਿਲੇ ਤੇ ਸ਼ੇਰ ਫਵੀ ਵਾਰਸ ਸ਼ਾਹ ਇਹ ਧੁਰੋਂ ਸੰਜੋਗ ਹੈ ਨੀ