ਜਿਵੇਂ ਇੰਦ ਤੇ ਕਹਿਰ ਦੀ ਨਜ਼ਰ ਕਰਕੇ ਮਹਿਖਾਸਰੋਂ ਪਰੀ ਲੁਟਵਾਇਆ ਈ
ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ ਦੇਵ ਪੁਰੀ ਮੁਖ ਆਸਣ ਲਾਇਆ ਈ
ਰਿੱਕਤ ਬੀਜ ਮਹਿਘਸਰੋਂ ਲਾ ਸੱਭੇ ਪਰਚੰਡ ਕਰ ਪਲਕ ਵਿੱਚ ਆਇਆ ਈ
ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ
ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਨ ਰਾਮ ਚੰਦ ਥੋਂ ਲੰਕ ਲੁਟਵਾਇਆ ਈ
ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਥੋਂ ਚਖਾ ਬੂਹ ਦੇ ਵਿੱਚ ਕਰਵਾਇਆ ਈ
ਦ੍ਰੋਨਾਂ ਚਾਰਜੋਂ ਲਾਇਕੇ ਭੀਮ ਭੇਖਮ ਜਿਹੜਾ ਕੈਰਵਾਂ ਦੇ ਗਲ ਪਾਇਆ ਈ
ਕਹਿਰ ਪਾ ਜੋ ਘਤ ਹਕਨਾਕਸ਼ੇ ਤੇ ਨਾਲ ਨਖਾਂ ਦੇ ਢਿਡ ਪੜਵਾਇਆ ਈ
ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ ਬੋਦੀ ਕਾਨ੍ਹ ਥੋਂ ਚਾ ਪਟਾਇਆ ਈ
ਘਤ ਕ੍ਰੋਪ ਜੋ ਪਾਇ ਕਲਖੇਤਰੇ ਨੂੰ ਕਈ ਖੂਹਣੀ ਸੈਨ ਗਲਵਾਇਆ ਈ
ਘਤ ਕ੍ਰੋਪ ਜੋ ਦਰੋਪਦੀ ਨਾਲ ਹੋਏ ਪਤ ਨਾਲ ਪਰ ਅੰਤ ਬਚਾਇਆ ਈ
ਘਤ ਕ੍ਰੋਪ ਜੋ ਰਾਮ ਦੀ ਬੈਠ ਗਤ ਮੋਂ ਸਰੂਪ ਨਖਾ ਬਿਨ ਨਕ ਕਟਵਾਇਆ ਈ
ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ ਕੁੰਭ ਕਰਨ ਦੇ ਬਾਬਾ ਬਣਾਇਆ ਈ
ਘਤ ਕ੍ਰੋਪ ਜੋ ਰਾਮ ਨੇ ਕ੍ਰੋਧ ਕਰਕੇ ਬਲੀ ਸਿੰਘ ਦੀ ਖੇਡ ਮੁਕਾਇਆ ਈ
ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ ਅਤੇ ਤਾਰਕਾ ਪਕੜ ਚਰਵਾਇਆ ਈ
ਘਤ ਕ੍ਰੋਪ ਸਬਾਹੂ ਮਰੀਖ ਮਾਰਿਉ ਮਹਾ ਦੇਵ ਦਾ ਕੁੰਢ ਭਨਾਇਆ ਈ
ਉਹ ਕ੍ਰੋਪ ਕਰ ਜਿਹੜਾ ਏਤਨਿਆਂ ਤੇ ਜੁਗਾ ਜੁਗ ਹੀ ਧੁੰਮ ਕਰਾਇਆ ਈ
ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ ਧੁੰਮ ਰਾਜੇ ਦੇ ਪਾਸ ਫਿਰ ਆਇਆ ਈ
ਵਾਰਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ ਚਾਰੋਂ ਤਰਫ ਬੀ ਅੱਗ ਮਚਾਇਆ ਈ