ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ
ਉਹ ਮੇਰੇ ਉਦਾਸੇ ਖਿਲਾਵਾਂ ਦੇ ਪੰਛੀ
ਕਿਵੇਂ ਸੌਂਂ ਗਏ ਸ਼ਾਂਤ ਤੇਰੇ ਵਣਾਂ ਵਿਚ
ਉਨੀਂਦੇ ਜਿਹੇ ਭਾਵਨਾਵਾਂ ਦੇ ਪੰਛੀ
ਕਿਸੇ ਨੇ ਸੀ ਧਰਤੀ 'ਤੇ ਦਾਣੇ ਖਿਲਾਰੇ
ਉਤਰ ਆਏ ਉਹ ਮੋਹ ਤੇ ਮਮਤਾ ਦੇ ਮਾਰੇ
ਫਸੇ ਜਾਲ ਅੰਦਰ ਉਹ ਆ ਕੇ ਵਿਚਾਰੇ
ਜੋ ਸਨ ਬਹੁਤ ਉੱਚੀਆਂ ਹਵਾਵਾਂ ਦੇ ਪੰਛੀ
ਕੁੱਝ ਏਦਾਂ ਦੇ ਝੱਖੜ ਸੀ ਉਸ ਰਾਤ ਚੱਲੇ
ਮਰੇ ਹੋਏ ਦੇਖੇ ਦਰਖਤਾਂ ਦੇ ਥੱਲੇ
ਮੁਹੱਬਤ, ਵਫਾ, ਹੁਸਨ, ਨੇਕੀ, ਸ਼ਰਾਫਤ
ਇਹੋ ਜੇਹੇ ਮਨਮੋਹਣੇ ਨਾਵਾਂ ਦੇ ਪੰਛੀ
ਹਵਾਵਾਂ 'ਚ ਤਰਦੀ ਇਹ ਸੌਗਾਤ ਆਈ
ਢਲੀ ਸ਼ਾਮ ਜਿਸ ਦਮ, ਜਦੋਂ ਰਾਤ ਆਈ
ਸਿਰਫ ਸੜਦੇ ਜੰਗਲ 'ਚੋਂ ਕੁਰਲਾਟ ਆਈ
ਗਏ ਨਾ ਮੁੜੇ ਮੇਰੇ ਚਾਵਾਂ ਦੇ ਪੰਛੀ