ਬੂਹੇ ਦੀ ਦਸਤਕ ਤੋਂ ਡਰਦਾ
ਕਿਸ ਕਿਸ ਦਾ ਕਰਜ਼ਾਈ ਹਾਂ ਮੈਂ
ਰੰਗੇ ਹੱਥ ਲੁਕਾਉਂਦਾ ਫਿਰਦਾ
ਕਾਤਲ ਕਿਦ੍ਹਾ ਕਸਾਈ ਹਾਂ ਮੈਂ
ਆਪਣੇ ਆਪ ਨੂੰ ਬੰਨ੍ਹ ਕੇ ਬੈਠਾ
ਸੰਗਲ ਮਾਰ ਸ਼ੁਦਾਈ ਹਾਂ ਮੈਂ
ਬਾਹਰੋਂ ਚੁਪ ਹਾਂ ਕਬਰਾਂ ਵਾਂਗੂੰ
ਅੰਦਰ ਹਾਲ ਦੁਹਾਈ ਹਾਂ ਮੈਂ
ਤਰਜ਼ਾਂ ਦੀ ਥਾਂ ਧੂੰਆਂ ਨਿਕਲੇ
ਇਕ ਧੁਖਦੀ ਸ਼ਹਿਨਾਈ ਹਾਂ ਮੈਂ
ਮੈਂ ਪਿਤਰਾਂ ਦਾ ਸੱਖਣਾ ਵਿਹੜਾ
ਉਜੜੀ ਹੋਈ ਕਮਾਈ ਹਾਂ ਮੈਂ
ਮਿੱਟੀ ਮਾਂ ਮਹਿਬੂਬਾ ਮੁਰਸ਼ਦ
ਕਿਸ ਕਿਸ ਦਾ ਕਰਜ਼ਾਈ ਹਾਂ ਮੈਂ