ਦਿਲ ਭਰਦਾ ਦੀਦੇ ਡੁਲ੍ਹਦੇ ਨੇ,
ਦਰਦਾਂ ਦੇ ਹੰਝੂ ਵਰ੍ਹਦੇ ਨੇ ।
ਫਿਕਰਾਂ ਵਿੱਚ ਹੋਸ਼ ਗਵਾਚੀ ਏ,
ਵਿਰਲਾਪ ਵਲਵਲੇ ਕਰਦੇ ਨੇ ।
ਧਰਤੀ ਦੇ ਇੱਕ 'ਹਲੂਣੇ' ਨੇ,
ਪਰਲੋ ਪਲ ਵਿੱਚ ਲਿਆਂਦੀ ਏ ।
'ਬੀਤੀ' ਦੇ ਵਹਿਣਾਂ ਅੰਦਰ ਹੀ,
ਇਹ ਜਿੰਦੜੀ ਰੁੜ੍ਹਦੀ ਜਾਂਦੀ ਏ ।
ਕੀ ਦਸਾਂ ? ਕੀ ਸਾਂ ? ਕੀ ਬਣਿਆਂ ?
ਮੇਰੇ ਤੇ ਕੀ ਕੀ ਵਰਤੀ ਏ ?
ਖਾ ਖਾ ਕੇ ਮਾਰ ਭੁਚਾਲਾਂ ਦੀ,
ਥੇਹ ਹੋ ਗਈ ਦਿਲ ਦੀ ਧਰਤੀ ਏ ।
ਕਲ੍ਹ 'ਕੋਇਟਾ' ਮੇਰਾ ਵਸਦਾ ਸੀ,
ਸ਼ਾਨਾਂ ਸਨ ਰੰਗ ਨਿਆਰੇ ਸਨ ।
ਉਸਦੇ ਵਿੱਚ ਮੈਂ ਲੱਖ-ਪਤੀਆ ਸਾਂ,
ਮੇਰੇ ਕਈ ਮਹਿਲ ਮੁਨਾਰੇ ਸਨ ।
ਧਰਤੀ ਦੇ 'ਕਹਿਰੀ ਕਾਂਬੇ' ਨੇ,
ਫੜ ਤਖਤ ਮੇਰਾ ਉਲਟਾ ਦਿੱਤਾ ।
ਲਖ-ਪਤੀਓਂ 'ਕੰਗਲਾ' ਕਰ ਦਿੱਤਾ,
'ਠੂਠਾ' ਅੱਜ ਹਥ ਫੜਾ ਦਿੱਤਾ ।
ਅੱਜ 'ਮੰਗਤੇ' ਮੇਰੇ 'ਦਾਤੇ' ਨੇ,
ਉਹਨਾਂ ਤੋਂ ਹੁਣ ਮੈਂ ਮੰਗਦਾ ਹਾਂ ।
ਕਲ੍ਹ ਖੁਲ੍ਹੇ ਲੰਗਰ ਲਾਉਂਦਾ ਸਾਂ,
ਅੱਜ ਆਟਾ ਲੱਭਦਾ ਡੰਗ ਦਾ ਹਾਂ ।
---ਵਿਧਾਤਾ ਸਿੰਘ ਤੀਰ ਦੀ ਲਿਖਤ