ਗਜ਼ਲ ਇਕ ਲਹਿਰ ਦੇ ਉਛਲਣ ਦਾ ਨਾਂ ਹੈ
ਕਿਨਾਰੇ ਖੋਰ ਕੇ ਪਰਤਣ ਦਾ ਨਾਂ ਹੈ
ਸ਼ਰਾ ਦੀ ਚਾਰਦੀਵਾਰੀ ਦੇ ਅੰਦਰ
ਗਜ਼ਲ ਤਾਂ ਇਸ਼ਕ ਦੇ ਤੜਪਣ ਦਾ ਨਾਂ ਹੈ
ਇਹ ਪਹਿਲਾਂ ਆਪਣੇ ਫਿਰ ਦੂਜਿਆਂ ਦੇ
ਗਜ਼ਲ ਤਾਂ ਦਿਲ ਦੇ ਵਿਚ ਉਤਰਨ ਦਾ ਨਾਂ ਹੈ
ਗਜ਼ਲ ਬੰਦਿਸ਼ ਤਾਂ ਹੈ ਪਰ ਰਾਗ ਵਰਗੀ
ਇਹ ਕੱਸੀਆਂ ਤਾਰਾਂ 'ਚੋਂ ਨਿਕਲਣ ਦਾ ਨਾਂ ਹੈ
ਦਰਖਤਾਂ, ਭਾਂਬੜਾਂ ਤੇ ਪੱਥਰਾਂ 'ਤੇ
ਗਜ਼ਲ ਤਾਂ ਨੀਰ ਬਣ ਬਰਸਣ ਦਾ ਨਾਂ ਹੈ
ਚਿਰਾਗਾਂ ਨੂੰ ਤੇ ਡੁੱਬਦੇ ਸੂਰਜਾਂ ਨੂੰ
ਗਜ਼ਲ ਲਫਜ਼ਾਂ ਦੇ ਵਿਚ ਸਾਂਭਣ ਦਾ ਨਾਂ ਹੈ
ਗਜ਼ਲ ਸੀਮਿਤ ਸੁਰਾਂ ਦੇ ਸਾਜ਼ ਵਿਚੋਂ
ਅਸੰਖਾਂ ਹੀ ਧੁਨਾਂ ਸਿਰਜਣ ਦਾ ਨਾਂ ਹੈ