ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂ
ਮੈਂ ਖਿੱਚਿਆ ਤੀਰ ਹਾਂ ਐਪਰ ਅਜੇ ਕਮਾਨ 'ਚ ਹਾਂ
ਹਾਂ ਤੇਗ ਇਸ਼ਕ ਦੀ ਪਰ ਆਪਣੇ ਹੀ ਸੀਨੇ ਵਿਚ
ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ 'ਚ ਹਾਂ
ਬਚਾਈਂ ਅੱਜ ਤੂੰ ਕਿਸੇ ਸੀਨੇ ਲੱਗਣੋਂ ਮੈਨੂੰ
ਕਿ ਅੱਜ ਮੈਂ ਪੰਛੀ ਨਹੀਂ, ਤੀਰ ਹਾਂ, ਉਡਾਨ 'ਚ ਹਾਂ
ਜ਼ਮੀਨ ਰਥ ਹੈ ਮੇਰਾ, ਬਿਰਖ ਨੇ ਮੇਰੇ ਪਰਚਮ
ਤੇ ਮੇਰਾ ਮੁਕਟ ਹੈ ਸੂਰਜ, ਮੈਂ ਬਹੁਤ ਸ਼ਾਨ 'ਚ ਹਾਂ
ਰਲੀ ਅਗਨ 'ਚ ਅਗਨ, ਜਲ 'ਚ ਜਲ, ਹਵਾ 'ਚ ਹਵਾ,
ਕਿ ਵਿਛੜੇ ਸਾਰੇ ਮਿਲੇ, ਮੈਂ ਅਜੇ ਉਡਾਨ 'ਚ ਹਾਂ
ਤੇਰਾ ਖਿਆਲ ਮੇਰੇ ਸੀਨੇ ਨਾਲ ਲੱਗਿਆ ਹੈ
ਹੈ ਰਾਤ ਹਿਜ਼ਰ ਦੀ ਪਰ ਮੈਂ ਅਮਨ ਅਮਾਨ 'ਚ ਹਾਂ
ਮੈਂ ਕਿਸ ਦੇ ਨਾਲ ਕਰਾਂ ਗੁਫਤਗੂ ਕਿ ਕੋਈ ਨਹੀਂ
ਮੇਰੇ ਬਗੈਰ, ਮੇਰੇ ਰੱਬ, ਮੈਂ ਜਿਸ ਜਹਾਨ 'ਚ ਹਾਂ
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ
ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ
ਇਹ ਲਫਜ਼ ਮੇਰੇ ਨਹੀਂ ਪਰ ਇਹ ਵਾਕ ਮੇਰਾ ਹੈ
ਜਾਂ ਖਬਰੇ ਇਹ ਵੀ ਨਹੀ ਐਵੇਂ ਮੈਂ ਗੁਮਾਨ 'ਚ ਹਾਂ