ਕਹੇ ਸਤਲੁਜ ਦਾ ਪਾਣੀ
ਆਖੇ ਬਿਆਸ ਦੀ ਰਵਾਨੀ
ਸਾਡਾ ਜੇਹਲਮ-ਝਨਾਬ ਨੂੰ
ਸਲਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ
ਰਾਵੀ ਇੱਧਰ ਵੀ ਵਗੇ
ਰਾਵੀ ਉੱਧਰ ਵੀ ਵਗੇ
ਲੈ ਕੇ ਜਾਂਦੀ ਕੋਈ
ਸੁੱਖ ਦਾ ਸੁਨੇਹਾ ਜਿਹਾ ਲੱਗੇ
ਏਦੀ ਤੋਰ ਨੂੰ ਹੀ
ਪਿਆਰ ਦਾ ਪੈਗ਼ਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ
ਜਿੱਥੇ ਸੱਜਣਾਂ ਦੀ ਪੈੜ
ਜਿੱਥੇ ਗੂੰਜਦੇ ਨੇ ਗੀਤ
ਜਿੱਥੇ ਪੁੱਗਦੀਆਂ ਪ੍ਰੀਤਾਂ
ਓਹੀ ਥਾਂਵਾਂ ਨੇ ਪੁਨੀਤ
ਉਨ੍ਹਾਂ ਥਾਂਵਾਂ ਤਾਈਂ
ਸਾਡਾ ਪ੍ਰਣਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ
ਸਦਾ ਮਿਲਣਾਂ ਹੈ ਸੀਨਿਆਂ 'ਚ
ਨਿੱਘਾ ਪਿਆਰ ਲੈ ਕੇ
ਅਤੇ ਵਿੱਛੜਣਾਂ ਏ
ਮਿਲਣੇ ਦਾ ਇਕਰਾਰ ਲੈ ਕੇ
ਕਿਸੇ ਸ਼ਾਮ ਨੂੰ
ਨਾ ਅਲਵਿਦਾ ਦੀ ਸ਼ਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ