ਜਿਸਮ ਦੀ ਰੇਤ ਤੇ ਇਕ ਲਫਜ਼ ਹੈ ਲਿਖਿਆ ਹੋਇਆ
ਪੌਣ ਦੇ ਰਹਿਮ ਤੇ ਇਖਾਲਕ ਹੈ ਟਿਕਿਆ ਹੋਇਆ
ਅੱਗ ਦਾ ਨਾਮ ਹੀ ਸੁਣਦਾ ਹਾਂ ਤਾਂ ਡਰ ਜਾਂਦਾ ਹਾਂ
ਮੈਂ ਜੁ ਪਿੱਤਲ ਹਾਂ ਖਰੇ ਸੋਨਿਓਂ ਵਿਕਿਆ ਹੋਇਆ
ਗੱਡੋ ਸੂਲੀ ਕਿ ਜ਼ਰਾ ਦੇਖੀਏ ਇਹ ਈਸਾ ਹੈ
ਜਾਂ ਕੋਈ ਹੋਰ ਉਦੇ ਭੇਸ 'ਚ ਲੁਕਿਆ ਹੋਇਆ
ਦੁੱਖ ਦੇ ਪਹਿਰ ਦੇ ਅੰਧੇਰ 'ਚ ਮੈਂ ਤੱਕਿਆ ਹੈ
ਮੇਰੇ ਦਿਲ ਵਿਚ ਖੁਦਾ ਹੈ ਕਿਤੇ ਛੁਪਿਆ ਹੋਇਆ
ਉਸ ਨੇ ਤਾਂ ਲਗਣਾ ਹੀ ਸੀ ਅਪਣੀ ਨਜ਼ਰ ਨੂੰ ਮੈਲਾ
ਜਿਸ ਨੇ ਸੂਰਜ ਨੂੰ ਰਕੀਬ ਅਪਣਾ ਸੀ ਮਿਥਿਆ ਹੋਇਆ
ਖੁਦ ਹੀ ਮੈਲੇ ਨੇ ਸਦਾਚਾਰ ਦੇ ਜ਼ਾਮਨ ਸ਼ੀਸ਼ੇ
ਕੋਈ ਚਿਹਰਾ ਨਾ ਜਿਨ੍ਹਾਂ ਵਾਸਤੇ ਉਜਲਾ ਹੋਇਆ
ਬਸ ਬਹਾਰ ਆਉਣ ਦੀ ਦੇਰੀ ਹੈ ਕਿ ਫੁੱਲ ਖਿੜਨੇ ਨੇ
ਮੇਰੀਆਂ ਬਦੀਆਂ ਨੂੰ ਪਤਝੜ ਨੇ ਹੈ ਢਕਿਆ ਹੋਇਆ