ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ
ਬਲਿਹਾਰ ਹੋ ਕੇ ਮਰਨਾ, ਕੁਰਬਾਨ ਹੋ ਕੇ ਜਿਉਣਾ
ਸੀਨੇ ਦੇ ਨਾਲ ਲਾ ਕੇ, ਧੜਕਣ ਦੇ ਵਿਚ ਰਲਾ ਕੇ
ਕਵਿਤਾ ਦੇ ਨਾਲ ਕਵੀਓ, ਇਕ ਜਾਨ ਹੋ ਕੇ ਜਿਉਣਾ
ਜਗਣਾ ਮਸ਼ਾਲ ਬਣ ਕੇ, ਜਿਊਣਾ ਮਿਸਾਲ ਬਣ ਕੇ
ਛੁੱਪਣਾ ਨਾ ਓਹਲਿਆਂ ਵਿਚ ਧੜਿਆਂ ਜਾਂ ਟੋਲਿਆਂ ਵਿਚ
ਜੀਵਨ ਦੇ ਪਲ ਨ ਡਰਨਾ, ਸਾਡੀ ਤਰਾਂ ਨ ਕਰਨਾ
ਘੁਟ ਘੁਟ ਨ ਐਵੇਂ ਮਰਨਾ, ਐਲਾਨ ਹੋ ਕੇ ਜਿਉਣਾ
ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ
ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ
ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ
ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ
ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ
ਇਕ ਦੂਸਰੇ ਦੇ ਦੁੱਖ ਦਾ ਹੀ ਸਾਨੂੰ ਆਸਰਾ ਹੈ
ਸਾਰੇ ਉੱਜੜ ਗਏ ਹਾਂ ਬੱਸ ਇਹੀ ਹੌਂਸਲਾ ਹੈ
ਕਿਆ ਬਾਤ ਹੈ ਇਹ ਵੱਸਣਾ ਇਸ ਉੱਜੜਿਆਂ ਦੀ ਬਸਤੀ
ਕਿਆ ਬਾਤ ਹੈ ਇਹ ਏਨੇ ਬੇਜਾਨ ਹੋ ਕੇ ਜਿਉਣਾ
ਇਸ ਕਹਿਰ ਪਹਿਰ ਅੰਦਰ ਅੱਵਲ ਲੁਕੇ ਹੀ ਰਹਿਣਾ
ਦਰਵਾਜ਼ਿਆਂ ਦੇ ਪਿੱਛੇ ਯਾਰੋ ਰੁਕੇ ਹੀ ਰਹਿਣਾ
ਆਉਣਾ ਪਿਆ ਜੇ ਬਾਹਰ ਤਾਂ ਤੀਰ ਹੋ ਕੇ ਆਉਣਾ
ਜਿਉਣਾ ਪਿਆ ਨਗਨ ਤਾਂ ਕਿਰਪਾਨ ਹੋ ਕੇ ਜਿਉਣਾ
ਇਹ ਸ਼ਹਿਰ ਸ਼ਹਿਰ ਉਹ ਹੈ ਇਹ ਪਹਿਰ ਪਹਿਰ ਉਹ ਹੈ
ਪੱਥਰ ਦੇ ਬੁੱਤ ਨੇ ਸਾਰੇ ਛਵੀਆਂ ਦੀ ਰੁੱਤ ਨੇ ਸਾਰੇ
ਪੈਸੇ ਦੇ ਪੁੱਤ ਨੇ ਸਾਰੇ ਏਥੇ ਬੋਲ ਕਹਿਣਾ ਸੱਚ ਦਾ
ਹੈ ਇਉਂ ਜਿਵੇਂ ਕਿ ਕੱਚ ਦਾ ਸਾਮਾਨ ਹੋ ਕੇ ਜਿਉਣਾ
ਕੀ ਮੋੜ ਮੁੜ ਗਏ ਹਾਂ ਗੈਰਾਂ ਨਾ' ਜੁੜ ਗਏ ਹਾਂ
ਜਿਹਦੇ ਗਲ ਸੀ ਹਾਰ ਹੋਣਾ ਉਹਦੀ ਹਿਕ 'ਚ ਪੁੜ ਗਏ ਹਾਂ
ਕੀ ਜਿਉਣ ਹੈ ਇਹ ਏਦਾਂ ਵੀਰਾਨ ਹੋ ਕੇ ਜਿਉਣਾ
ਆਪਣੀ ਨਜ਼ਰ 'ਚ ਆਪਣਾ ਅਪਮਾਨ ਹੋ ਕੇ ਜਿਉਣਾ