ਕਿਵੇਂ ਲਿੱਖਾਂ ਮੈਂ ਸਫੈਦ ਸਫਿਆਂ 'ਤੇ ਨਜ਼ਮ ਅਪਣੀ ਦੇ ਹਰਫ ਕਾਲੇ
ਸਫੈਦਪੋਸ਼ੋ ਇਹ ਮੇਰੇ ਕਿੱਸੇ ਨਹੀਂ ਤੁਹਾਨੂੰ ਸੁਣਾਉਣ ਵਾਲੇ
ਚਿਰਾਗ ਮੇਰੇ, ਜਿਨ੍ਹਾਂ 'ਚ ਮੇਰੀ ਹੀ ਰੱਤ ਸੜਦੀ ਤੇ ਸੁਆਸ ਬਲਦੇ
ਅਜੇ ਨੇ ਮੇਰੇ ਵਜੂਦ ਅੰਦਰ, ਜਗਣਗੇ ਬਾਹਰ, ਤੂੰ ਠਹਿਰ ਹਾਲੇ
ਇਹ ਪਹਿਲਾਂ ਤੜਪੇ ਸੀ ਸਾਗਰਾਂ ਵਿਚ ਤੇ ਫਿਰ ਹਵਾਵਾਂ 'ਚ ਭਾਫ ਬਣ ਕੇ
ਪਿਘਲ ਤੁਰੇ ਫੇਰ ਪਰਬਤਾਂ ਤੋਂ, ਇਹ ਨੀਰ ਕਿੱਧਰੇ ਨ ਟਿਕਣ ਵਾਲੇ
ਉਹ ਜਿਸ ਨੇ ਮੈਨੂੰ ਇਹ ਹੋਂਠ ਦਿੱਤੇ, ਉਸੇ ਨੇ ਬਖਸ਼ੇ ਇਹ ਨੀਰ ਨਿਰਮਲ
ਤੁਸੀਂ ਭਲਾ ਕੌਣ ਪਿਆਸ ਮੇਰੀ ਨੂੰ ਕੁਫਰ ਦਾ ਨਾਮ ਦੇਣ ਵਾਲੇ
ਲਹੂ ਚੋਂ ਬਾਲੇ ਤਾਂ ਆਪੇ ਲੋਕਾਂ ਨੇ ਸਾਂਭ ਲੈਣੇ ਨੇ ਸੀਨਿਆਂ ਵਿਚ
ਇਹ ਲਫਜ਼ ਤੇਰੇ ਚਿਰਾਗ ਜਗਦੇ, ਤੂੰ ਡਰ ਨ ਕਰ ਦੇ ਹਵਾ ਹਵਾਲੇ