ਮੈਂ ਕੱਲ੍ਹ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈ
ਮੈਂ ਤੈਨੂੰ ਹੋਰ ਹੁੰਦਾ ਦੂਰ ਜਾਂਦਾ ਗੈਰ ਬਣਦਾ ਦੇਖਿਆ ਹੈ
ਕਈ ਗਰਜ਼ਾਂ ਦੀਆਂ ਗੰਢਾਂ ਕਈ ਲੁਕਵੇਂ ਜਿਹੇ ਹਉਮੈ ਦੇ ਟਾਂਕੇ
ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ
ਤੂੰ ਜਿਸ ਨੂੰ ਖਾਕ ਅੰਦਰ ਸੁੱਟਿਆ ਸੀ, ਰੁਲ ਗਿਆ ਹੈ, ਸਮਝਿਆ ਸੀ
ਕਿ ਉਹ ਤਾਂ ਬੀਜ ਸੀ ਅੱਜ ਆਪ ਉਸ ਨੂੰ ਮੈਂ ਬਣ ਕੇ ਫੁੱਲ ਖਿੜਿਆ ਦੇਖਿਆ ਹੈ
ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ
ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦਾ ਦੇਖਿਆ ਹੈ
ਤੁਹਾਡੇ ਵਾਸਤੇ ਜੋ ਕੁਝ ਨਹੀਂ, ਦੀਵਾ ਨ ਜੁਗਨੂੰ, ਮੈਂ ਤਾਂ ਉਸ ਨੂੰ
ਉਦ੍ਹੀ ਨਿੱਕੀ ਜਿਹੀ ਦੁਨੀਆਂ 'ਚ ਸੂਰਜ ਵਾਂਗ ਜਗਦਾ ਦੇਖਿਆ ਹੈ