Mere Mann Vich Khoff Bahut Ne,Thori Thori Aas vi Hai/ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ
ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ
ਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ
ਮੇਰੀ ਕਵਿਤਾ ਮੇਰੇ ਮਨ ਦੇ ਹਰ ਮੌਸਮ ਦੀ ਵਿਥਿਆ ਹੈ
ਬਹੁਤਾ ਮੇਰਾ, ਥੋੜ੍ਹਾ ਥੋੜ੍ਹਾ ਸਮਿਆਂ ਦਾ ਇਤਿਹਾਸ ਵੀ ਹੈ
ਪਾਜ਼ੇਬਾਂ ਤੋਂ ਬੇੜੀਆਂ ਤਕ ਹਰ ਸਾਜ਼ ਤੋਂ ਕਵਿਤਾ ਵਾਕਿਫ਼ ਹੈ
ਬੂਹੇ ਬੂਹੇ ਤੇ ਛਣਕਾ ਕੇ ਲੰਘਣ ਦਾ ਅਭਿਆਸ ਵੀ ਹੈ
ਮੇਰੇ ਮਨ ਵਿਚ ਸਾਜ਼ ਹਜ਼ਾਰਾਂ ਅਪਣਾ ਅਪਣਾ ਰਾਗ ਵਜਾਉਣ,
ਸ਼ੋਰ ਜਿਹਾ ਇਕ ਦਿਨ ਸਾਜ਼ੀਨਾ ਬਣ ਜਾਊ ਇਹ ਆਸ ਵੀ ਹੈ
ਹਉਮੈ, ਮਮਤਾ, ਖੌਫ਼, ਦੁਚਿੱਤੀ ਚਾਰੇ ਪਾਸੇ ਕੰਧਾਂ ਨੇ,
ਐ ਮਨ ਟੋਲ ਕੋਈ ਦਰਵਾਜ਼ਾ ਹੋਣਾ ਬੰਦ-ਖਲਾਸ ਵੀ ਹੈ