ਮਿਆਨੋਂ ਤੇਗ ਨਾ ਤਰਕਸ਼ 'ਚੋਂ ਕੋਈ ਤੀਰ ਖਿੱਚਾਂਗਾ
ਮੈਂ ਇਸ ਰਮਣੀਕ ਜੰਗਲ ਦੀ ਸਿਰਫ ਤਸਵੀਰ ਖਿੱਚਾਂਗਾ
ਜੁ ਪਾਣੀ ਵਾਂਗ ਘੁਲਿਆ ਏ ਜੁ ਬਾਣੀ ਵਾਂਗ ਰਮਿਆ ਏ
ਕਿਵੇਂ ਆਪਣੇ ਤੇ ਉਸਦੇ ਦਰਮਿਆਨ ਲਕੀਰ ਖਿੱਚਾਂਗਾ
ਮੈਂ ਪਹਿਲਾਂ ਤਾਂ ਜਹਾਂਗੀਰੀ ਅਦਲ ਜ਼ੰਜ਼ੀਰ ਖਿੱਚਾਂਗਾ
ਤੇ ਆਖਰ ਤੰਗ ਆ ਕੇ ਮਿਆਨ 'ਚੋਂ ਵੀ ਖੁੱਭਿਆ ਤੀਰ ਖਿੱਚਾਂਗਾ
ਨਹੀਂ ਮੈਂ ਜੰਗ ਦਾ ਨਾਇਕ ਨਹੀਂ, ਪਾਤਰ ਹਾਂ ਐ ਧਰਤੀ
ਹਾਂ ਜ਼ਖਮੀ ਪਰ ਤੇਰੀ ਹਿੱਕ 'ਚੋਂ ਵੀ ਖੁੱਭਿਆ ਤੀਰ ਖਿੱਚਾਂਗਾ
ਜ਼ਮੀਨੋਂ ਫੁੱਟ ਪਊ ਚਸ਼ਮਾ ਜੇ ਖੁੱਭਿਆ ਤੀਰ ਖਿੱਚਾਂਗਾ
ਗੁਰੂ ਦੇ ਨਾਂ 'ਤੇ ਮੈਂ ਵੀ ਇਕ ਵਲੀ ਦਾ ਨੀਰ ਖਿੱਚਾਂਗਾ