ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨ ਮਿਲੇ
ਦਿਖਾਈ ਦੇਣ, ਜੇ ਹੰਝੂ ਦੀ ਖੁਰਦਬੀਨ ਮਿਲੇ
ਸਦਾ ਭਟਕਦਾ ਰਿਹਾਂ ਮੈਂ ਗਜ਼ਲ ਦਾ ਖਾਨਾਬਦੋਸ਼
ਨਵਾਂ ਖਿਆਲ ਕੋਈ ਜਾਂ ਨਵੀਂ ਜ਼ਮੀਨ ਮਿਲੇ
ਹਰੇਕ ਲਫਜ਼ ਨੁੰ ਕੱਟਦੇ ਨੇ ਇਉਂ ਕਿ ਰੱਤ ਨਿਕਲੇ
ਤੇਰੇ ਕਲਾਮ ਨੂੰ ਕਿਆ ਖੂਬ ਨੁਕਤਾਚੀਨ ਮਿਲੇ
ਉਹ ਲਾਹ ਕੇ ਲੈ ਗਿਆ ਤਸਵੀਰ ਪਰ ਮੇਰੀ ਹਿੱਕ ਵਿਚ
ਉਹ ਮੇਖ ਭੁੱਲ ਗਿਆ ਆਖੀਂ ਜੇ ਉਹ ਮਕੀਨ ਮਿਲੇ
ਦੁਫਾੜ ਕਰ ਕੇ ਜ਼ਮੀਨਾਂ ਤੇ ਚੀਰ ਰੂਹੋਂ ਬਦਨ
ਸਿਊਣ ਵਾਸਤੇ ਵਿਧਵਾ ਨੂੰ ਇਕ ਮਸ਼ੀਨ ਮਿਲੇ
ਹਰੇਕ ਕੋਲ ਸੀ ਅਪਣਾ ਅਲੱਗ-ਅਲੱਗ ਪਾਣੀ
ਝਨਾਂ ਦੇ ਕੰਡੇ ਤੇ ਲਾਹੌਰ ਦੇ ਸ਼ੁਕੀਨ ਮਿਲੇ
ਮਿਠਾਸ ਝੂਠ ਦੀ ਪੀ ਪੀ ਨਾ ਟੁੱਟਣਾ ਸ਼ਹਿਰ ਦਾ ਤਾਪ
ਲਿਆ ਜੇ ਸੱਚ ਦੀ ਕੌੜੀ ਕਿਤੋਂ ਕੁਨੀਨ ਮਿਲੇ
ਸਿਵੇ 'ਚੋਂ ਲੈ ਗਏ ਪਹਿਚਾਣ ਕੇ ਉਹ ਸੀਨੇ ਦੀ ਲਾਟ
ਖੁਦਾ ਦਾ ਸ਼ੁਕਰ ਕਿ ਮੈਨੂੰ ਉਹ ਜਾਂਨਸ਼ੀਨ ਮਿਲੇ