ਤੂੰ ਮੇਰੇ ਦਰਖਤਾਂ 'ਤੇ ਵਸਦੀ ਘਟਾ ਹੈਂ
ਤੂੰ ਸਦੀਆਂ ਦੀ ਮੇਰੀ ਤਪਿਸ਼ ਦਾ ਸਿਲਾ ਹੈਂ
ਜਿਦੇ ਸਦਕਾ ਮੰਨਦਾਂ ਖੁਦਾਈ ਦਾ ਦਾਅਵਾ
ਮੇਰੀ ਜ਼ਿੰਦਗੀ 'ਚ ਤੂੰ ਉਹ ਮੁਅਜਜ਼ਾ ਹੈਂ
ਮੇਰੇ ਬਿਆਬਾਨਾਂ ਦੇ ਵਿਚ ਆਣ ਲੱਥਾ
ਤੂੰ ਫੁੱਲਾਂ ਦਾ ਕੋਈ ਜਿਵੇਂ ਕਾਫਿਲਾ ਹੈਂ
ਤੇਰੇ ਸੀਨੇ ਲੱਗ ਕੇ ਮੈਂ ਖੁਦ ਨਜ਼ਮ ਹੋਜਾਂ
ਮੈਂ ਕੈਸੀ ਇਬਾਰਤ ਤੂੰ ਕੈਸਾ ਸਫਾ ਹੈਂ
ਮੇਰੀ ਨੀਂਦ ਟੁੱਟੇ ਤਾਂ ਦੱਸਦੇ ਨੇ ਤਾਰੇ
ਕਿਤੇ ਦੂਰ ਤੂੰ ਵੀ ਅਜੇ ਜਾਗਦਾ ਹੈਂ
ਕਦੀ ਇਸ ਤਰਾਂ ਮੇਰੇ ਲੱਗ ਜਾ ਕਲੇਜੇ
ਮੈਂ ਸਭ ਸਮਝ ਜਾਵਾਂ ਤੂੰ ਕੀ ਸੋਚਦਾ ਹੈਂ