ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ
ਸਾਡੇ ਦਿਲ ਦੀ ਵੀ ਹੂਕ ਸੁਣ ਗਾਉਂਦਿਆ ਫ਼ਕੀਰਾ
ਬਹਿ ਕੇ ਬੇਲਿਆਂ ’ਚ ਕੀਹਨੂੰ ਰਾਗ ਮਾਰਵਾ ਸੁਣਾਵੇਂ
ਤੇਰਾ ਰੁੱਸ ਗਿਆ ਕੌਣ ਦੱਸ ਕੀਹਨੂੰ ਤੂੰ ਮਨਾਵੇਂ
ਆਪ ਰੋਂਦਿਆਂ ਤੇ ਰੁੱਖਾਂ ਨੂੰ ਰਵਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ
ਦਿਨ ਡੁੱਬਿਆ ਤੇ ਜਗੇ ਦਰਗਾਹਾਂ ’ਤੇ ਚਰਾਗ਼
ਡੂੰਘਾ ਹੋਇਆ ਦੁੱਖਾਂ ਵਾਲਿਆਂ ਦਾ ਹੋਰ ਵੀ ਵਰਾਗ
ਚੁੱਪ ਕਰ ਜਾ ਵੇ ਜ਼ਖ਼ਮ ਜਗਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ
ਪਾਉਂਦੇ ਸੀਨਿਆਂ ’ਚ ਛੇਕ ਤੇਰੇ ਲੰਮੇ-ਲੰਮੇ ਵੈਣ
ਤੇਰਾ ਸੁਣ ਕੇ ਅਲਾਪ ਭਰੇ ਕਬਰਾਂ ਨੇ ਨੈਣ
ਸੁੱਤੀ ਰਾਖ਼ ਵਿੱਚੋਂ ਅਗਨੀ ਜਗਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ
ਸੌਂ ਗਏ ਰੁੱਖਾਂ ’ਤੇ ਪਰਿੰਦੇ, ਘਰੀਂ ਮੁੜੇ ਹਾਲੀ ਪਾਲੀ
ਪਹਿਰ ਬੀਤ ਗਏ ਕਿੰਨੇ ਤੂੰ ਨਾ ਸੁਰਤ ਸੰਭਾਲੀ
ਤੂੰ ਵੀ ਮੰਨ ਕਦੇ ਰੱਬ ਨੂੰ ਮਨਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ
ਆਉਣ ਘੁੰਮ-ਘੁੰਮ ਰੁੱਤਾਂ, ਰੰਗ ਖਿੜਦੇ ਹਜ਼ਾਰ
ਤੂੰ ਵੀ ਵੰਝਲੀ ’ਤੇ ਛੇੜ ਹੁਣ ਰਾਗ ਮਲਹਾਰ
ਤੂੰ ਵੀ ਨੱਚ ਸਾਰੇ ਜੱਗ ਨੂੰ ਨਚਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ