ਚੰਗਾ ਕੀਤਾ ਬੀਬਾ, ਉੱਠ ਕੇ ਤੂੰ ਚਲਾ ਗਿਓਂ ਛਾਵੇਂ
ਰਹਿਗੇ ਮੇਰੀਆਂ ਤਾਂ ਟਾਹਣੀਆਂ ’ਤੇ ਪੱਤੇ ਟਾਵੇਂ ਟਾਵੇਂ
ਵੇਲਾ ਖੋਹ ਹੀ ਲੈਂਦਾ ਇੱਕ ਦਿਨ ਰੁੱਖਾਂ ਦਾ ਗ਼ਰੂਰ
ਛੱਡ ਆਲ੍ਹਣੇ ਪੰਖੇਰੂ ਕਿਤੇ ਉੱਡ ਜਾਂਦੇ ਦੂਰ
ਦੱਸ ਉੱਜੜੇ ਘਰਾਂ ਦੇ ਕਿਹੜੇ ਹੁੰਦੇ ਸਿਰਨਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ
ਮੇਰੀ ਹੋਂਦ ਵਿੱਚੋਂ ਖਿੜਦੇ ਨਾ ਪਹਿਲਾਂ ਵਾਲੇ ਫੁੱਲ
ਮੈਥੋਂ ਮੋੜਿਆ ਨਾ ਜਾਂਦਾ ਤੇਰੇ ਪਾਣੀਆਂ ਦਾ ਮੁੱਲ
ਕਾਹਦਾ ਰੰਜ ਤੇਰੇ ਨਾਲ ਜੇ ਤੂੰ ਮੈਨੂੰ ਭੁੱਲ ਜਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ
ਹਰ ਪਾਣੀ ਦੀਆਂ ਤਹਿਆਂ ਵਿੱਚ ਲੁਕੀ ਹੁੰਦੀ ਰੇਤ
ਸਦਾ ਵਰ੍ਹਦੇ ਨਾ ਸਾਉਣ, ਸਦਾ ਖਿੜਦੇ ਨਾ ਚੇਤ
ਵੇ ਤੂੰ ਕਿਹੜੀ ਗੱਲੋਂ ਕੱਲਰਾਂ ਦਾ ਦਰਦ ਹੰਢਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ
ਪੈਂਦਾ ਭਰੀਆਂ ਜੁਆਨੀਆਂ ਨੂੰ ਬੁਕ-ਬੁਕ ਬੂਰ
ਪੱਕੀ ਅਉਧ ਵਿੱਚ ਜ਼ਖ਼ਮਾਂ ’ਤੇ ਆਉਂਦਾ ਨਾ ਅੰਗੂਰ
ਰੋਮ-ਰੋਮ ਵਿੱਚੋਂ ਉੱਠਦੇ ਨੇ ਦਰਦ ਬੇ-ਨਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ
ਓਸ ਧਰਤੀ ਦੀ ਖ਼ੈਰ, ਉਨ੍ਹਾਂ ਰੁੱਖਾਂ ਨੂੰ ਦੁਆਵਾਂ
ਜਿਨ੍ਹਾਂ ਕੀਤੀਆਂ ਨੇ ਸੁਹਣਿਆਂ ਵੇ ਤੇਰੇ ਸਿਰ ਛਾਵਾਂ
ਤੇਰੇ ਕੂਲਿਆਂ ਪੈਰਾਂ ਨੂੰ ਦਿੱਤੇ ਰਸਤੇ ਸੁਖਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ