ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ
ਬੁੱਢੇ ਜੇਹੇ ਬਾਪ ਤੈਨੂੰ ਚਾਅਵਾਂ ਨਾਲ ਪਾਲਿਆ
ਸੁੰਦਰ ਜੁਆਨੀ ਵਿਚ ਬਚਪਨ ਢਾਲਿਆ
ਪਿਤਾ ਦੇ ਕਲੇਜੇ ਨੂੰ ਵੀ ਠੋਕਰਾਂ ਨਾ ਲਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਅੰਮੀਂ ਦੀਆਂ ਸੱਧਰਾਂ ਹੋਈਆਂ ਨਹੀਂਉਂ ਪੂਰੀਆਂ
ਭੈਣ ਦੀਆਂ ਆਸਾਂ ਅਜੇ ਪਈਆਂ ਨੀ ਅਧੂਰੀਆਂ
ਪਾ ਨਾ ਵਿਛੋੜਾ ਮੇਰਾ ਦਿਲ ਨਾ ਦੁਖਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਵੇ ਛੋਟੇ ਛੋਟੇ ਬਾਲ ਤੇਰੇ ਹੰਝੂ ਪਏ ਨੀ ਡੋਲ੍ਹਦੇ
ਪਿਤਾ ਕਿੱਥੇ ਚੱਲਿਆ ਏ ਅੰਮੀਂ ਤਾਈਂ ਬੋਲਦੇ
ਲਿਖੀ ਏ ਜੋ ਲੇਖਾਂ ਵਿਚ ਕਰਦਾ ਖ਼ੁਦਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਹੱਸ ਮੁੱਖੋਂ ਬਾਬਾ ਜੀ ਸਭ ਨੂੰ ਉਚਾਰਦੇ
ਝੂਠੇ ਨੇ ਪਿਆਰ ਏਥੇ ਕੁੱਲ ਸੰਸਾਰ ਦੇ
ਸੁਣ ਕੇ ਸੁਲੱਖਣੀ ਨੂੰ ਹੋ ਗਿਆ ਸ਼ੁਦਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ