ਰੁੱਤ ਬੇਈਮਾਨ ਹੋ ਗਈ
ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ
ਸੁੱਖਾਂ ਨਾਲ ਵੇਖਿਆ ਤੇ ਚਾਵਾਂ ਨਾਲ ਪਾਲਿਆ
ਪਾਣੀ ਪਾਣੀ ਕਰਦੀ ਨੂੰ ਲਹੂ ਵੀ ਪਿਆਲਿਆ
ਮੇਰੀਏ ਰਕਾਨ ਫ਼ਸਲੇ
ਦੋ ਪੈਰ ਨਾ ਤੁਰੀ ਹਿੱਕ ਤਣ ਕੇ
ਰੁੱਤ ਬੇਈਮਾਨ ਹੋ ਗਈ…
ਸਾਉਣੀ ਦੀ ਕਮਾਈ ਸਾਰੀ ਤੇਰੇ ਸਿਰੋਂ ਵਾਰ ’ਤੀ
ਸ਼ਾਹੂਕਾਰਾਂ ਕੋਲੋਂ ਮੈਂ ਤਾਂ ਫੜਿਆ ਉਧਾਰ ਵੀ
ਕਾਹਦੀ ਤੈਨੂੰ ਘਾਟ ਰਹਿ ਗਈ
ਇੱਕ ਵਾਰੀ ਤਾਂ ਵਿਖਾਉਂਦੀ ਬਣ-ਠਣ ਕੇ
ਰੁੱਤ ਬੇਈਮਾਨ ਹੋ ਗਈ…
ਮਸਾਂ-ਮਸਾਂ ਹੋਈ ਏਂ ਤੂੰ ਸਾਵੀ ਤੋਂ ਸੁਨਹਿਰੀ ਨੀ
ਦੇਖਣੇ ਨੂੰ ਮੂੰਹ ਤੇਰਾ ਤਰਸੇ ਨੇ ਸ਼ਹਿਰੀ ਨੀ
ਮੰਡੀਆਂ ਤੋਂ ਨਿੱਤ ਪੁੱਛਦੇ
ਕਦੋਂ ਆਉਣਗੇ ਸੋਨੇ ਦੇ ਮਣਕੇ
ਰੁੱਤ ਬੇਈਮਾਨ ਹੋ ਗਈ…
ਵਾਹੀ ਤੇ ਬਿਜਾਈ ਕੀਤੀ ਗੋਡੀ ਤੇ ਸਿੰਜਾਈ ਨੀ
ਰੁੱਸ ਗਈਆਂ ਧੁੱਪਾਂ ਜਦੋਂ ਪੈਣੀ ਸੀ ਵਢਾਈ ਨੀ
ਚੜ੍ਹੀਆਂ ਘਟਾਵਾਂ ਕਾਲੀਆਂ
ਦਾਣੇ ਜਦੋਂ ਸਿੱਟਿਆਂ ਵਿੱਚ ਛਣਕੇ
ਰੁੱਤ ਬੇਈਮਾਨ ਹੋ ਗਈ…
ਸੁਣ ਰੱਬਾ ਸੁਹਣਿਆਂ ਵੇ ਸੋਹਣੀ ਰੁੱਤ ਮੋੜ ਦੇ
ਕਣਕਾਂ ਕੁਆਰੀਆਂ ਨੂੰ ਘਰੋ-ਘਰੀ ਤੋਰ ਦੇ
ਕਿਹੜਾ ਤੇਰੇ ਪੈਰ ਘਸਦੇ
ਆ ਜਾ ਖੇਤਾਂ ’ਚ ਸੁਨਹਿਰੀ ਧੁੱਪ ਬਣ ਕੇ
ਰੁੱਤ ਬੇਈਮਾਨ ਹੋ ਗਈ
ਕਿੱਥੇ ਰੱਖ ’ਲਾਂ ਲਕੋ ਕੇ ਤੈਨੂੰ ਕਣਕੇ…