ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਸਾਡਾ ਵਤਨ ਨਵਾਂ ਨਵਾਂ ਵੰਡਿਆ ਗਿਆ ਸੀ ਤੇ ਇਹਦੇ ਦੋਵਾਂ ਹਿੱਸਿਆਂ ਵਿਚ ਭੂਤਾਂ ਨੇ ਉਧੜ-ਧੁੰਮੀ ਮਚਾਈ ਹੋਈ ਸੀ।
ਰਣਧੀਰ ਅੰਮ੍ਰਿਤਸਰ ਵਿਚ ਫਸਿਆ ਹੋਇਆ ਸੀ। ਉਹਨੇ ਦਿੱਲੀ ਆਪਣੇ ਮਾਪਿਆਂ ਕੋਲ ਪੁੱਜਣਾ ਸੀ, ਪਰ ਗੱਡੀਆਂ ਰੁਕੀਆਂ ਹੋਈਆਂ ਸਨ, ਜਾਂ ਕਦੇ ਕਦੇ ਸ਼ਰਨਾਰਥੀਆਂ ਨਾਲ ਤੂੜੀਆਂ ਚੱਲਦੀਆਂ ਸਨ।
ਹਾਰ ਕੇ ਅਖ਼ੀਰ ਉਹ ਆਪਣੇ ਦੋਸਤ ਬਲਬੀਰ ਨਾਲ ਉਹਦੇ ਮੋਟਰਸਾਈਕਲ ਉਤੇ ਹੀ ਜਲੰਧਰ ਵੱਲ ਤੁਰ ਪਿਆ।
ਬਲਬੀਰ ਨੇ ਵੀ ਦਿੱਲੀ ਕਿਸੇ ਬੜੇ ਜ਼ਰੂਰੀ ਕੰਮ ਲਈ ਜਾਣਾ ਸੀ। “ਫ਼ੌਜੀ ਟਰੱਕਾਂ ਅੱਜ ਕੱਲ੍ਹ ਜਲੰਧਰੋਂ ਆਮ ਦਿੱਲੀ ਜਾਂਦੀਆਂ ਨੇ”, ਬਲਬੀਰ ਨੇ ਉਹਨੂੰ ਦੱਸਿਆ ਸੀ, “ਟਰੱਕਾਂ ਦਾ ਇੰਚਾਰਜ ਮੇਜਰ ਮੇਰਾ ਚੰਗਾ ਵਾਕਫ਼ ਏ, ਉਹਦੇ ਰਾਹੀਂ ਦਿੱਲੀ ਜਾਣ ਦਾ ਕੋਈ ਰਾਹ ਨਿਕਲ ਹੀ ਆਏਗਾ।”
ਅੱਜ ਕੱਲ੍ਹ ਤਾਂ ਭਾਵੇਂ ਜਲੰਧਰ ਅੰਮ੍ਰਿਤਸਰੋਂ ਇਕ ਦੁਰਾਡੇ ਮੁਹੱਲੇ ਵਾਂਗ ਜਾਪਦਾ ਹੈ, ਪਰ ਉਨ੍ਹੀਂ ਦਿਨੀਂ ਦੋਵਾਂ ਸ਼ਹਿਰਾਂ ਵਿਚਾਲੇ ਲਾਸ਼ਾਂ ਨਾਲ ਹੜ੍ਹੇ ਹੋਏ ਨਾਲੇ ਵਗਦੇ ਸਨ ਤੇ ਸੜਕਾਂ ਕਾਫ਼ਲਿਆਂ ਨਾਲ ਡੱਕੀਆਂ ਹੋਈਆਂ ਸਨ। ਕਾਫ਼ਲਾ-ਸਾਲਾਰ ਊਠਾਂ ਉਤੇ ਨਹੀਂ ਸਨ, ਟੈਂਕਾਂ ਵਿਚ ਸਨ, ਤੇ ਕਾਫ਼ਲੇ ਵਾਲੇ ਆਪਣੀ ਮੰਜ਼ਲ ਵੱਲ ਨਹੀਂ ਸਨ ਵਧ ਰਹੇ, ਮੰਜ਼ਲੋਂ ਭਟਕਾਏ ਔਝੜਾਂ ਨੂੰ ਹਿੱਕੇ ਜਾ ਰਹੇ ਸਨ। ਰਾਹ ਵਿਚ ਟੈਂਕਾਂ ਦੇ ਹੁੰਦਿਆਂ-ਸੁੰਦਿਆਂ ਆਪਣੇ ਹੀ ਵਤਨੀ, ਆਪਣੇ ਹੀ ਹਮਸਾਇਆਂ ਦੇ ਮੁਹਾਂਦਰੇ ਵਾਲੇ ਲੋਕ, ਧਾੜਵੀ ਬਣ ਕੇ ਟੁੱਟ ਪੈਂਦੇ ਸਨ ਤੇ ਚੀਕਾਂ ਸਨ, ਕੁਰਲਾਹਟਾਂ ਸਨ, ਅੱਖਾਂ ਸਨ। ਰਾਹ ਸਨ ਜਿਵੇਂ ਲਹੂ ਦੀ ਵਾਛੜ ਹੁਣੇ ਪੈ ਕੇ ਹਟੀ ਹੋਵੇ, ਤੇ ਡੰਗਰ ਤੇ ਉਨ੍ਹਾਂ ਦੇ ਮਨੁੱਖ ਮਾਲਕ ਇਕੱਠੇ ਮੋਏ ਪਏ ਸਨ, ਤੇ ਰਜ਼ਾਈਆਂ ਦੇ ਡਕਰੇ ਕੀਤੇ ਪਏ ਸਨ, ਸੜਕ ਕੰਢੇ ਦੇ ਰੁੱਖ ਰੁੰਡ-ਮੁੰਡ ਸਨ-ਕੁਰੁੱਤੀ ਪਤਝੜ”।
ਰਣਧੀਰ ਤੇ ਉਹਦਾ ਦੋਸਤ ਛੇ ਘੰਟਿਆਂ ਵਿਚ ਜਲੰਧਰ ਸ਼ਹਿਰ ਪੁੱਜੇ। ਸ਼ਹਿਰੋਂ ਬਲਬੀਰ ਨੇ ਛਾਉਣੀ ਆਪਣੇ ਵਾਕਫ਼ ਮੇਜਰ ਨੂੰ ਫੋਨ ਕੀਤਾ। ਮੇਜਰ ਨੇ ਅੱਗਿਉਂ ਦੱਸਿਆ ਕਿ ਸਬੱਬ ਨਾਲ ਕੱਲ੍ਹ ਸਵੇਰ ਸਾਰ ਚਾਰ ਵਜੇ ਦਿੱਲੀ ਜਾਣ ਵਾਲੀ ਟਰੱਕ ਵਿਚ ਦੋ ਜਣਿਆਂ ਦੀ ਥਾਂ ਹੈ ਸੀ। ਉਹਨੇ ਬੜੇ ਖੁੱਲ੍ਹੇ ਦਿਲ ਨਾਲ ਬਲਬੀਰ ਨੂੰ ਦੋਸਤ ਸਣੇ ਰਾਤ ਛਾਉਣੀ ਉਨ੍ਹਾਂ ਦੇ ਘਰ ਰਹਿਣ ਲਈ ਕਿਹਾ, “ਏਨੀ ਸਵੇਰੇ ਤੁਸੀਂ ਸ਼ਹਿਰੋਂ ਪੁੱਜ ਨਹੀਂ ਸਕਣ ਲੱਗੇ।”
ਦੋਵੇਂ ਕਿਸੇ ਹੋਟਲ ਵਿਚੋਂ ਰੋਟੀ ਖਾ ਕੇ ਛਾਉਣੀ ਵੱਲ ਹੋ ਪਏ। ਮੇਜਰ ਸਾਹਿਬ ਦੀ ਕੋਠੀ ਛੇਤੀ ਹੀ ਲੱਭ ਪਈ। ਸੁਡੌਲ ਤਕੜੇ ਸਰੀਰ ਵਾਲੇ ਮੇਜਰ ਸਾਹਿਬ ਬੜੇ ਖਿੜੇ ਮੱਥੇ ਅੱਗਿਉਂ ਮਿਲੇ, ਅਰਦਲੀ ਨੂੰ ਮੋਟਰਸਾਈਕਲ ਦੀ ਸੌਂਪਣਾ ਕਰ, ਦੋਵਾਂ ਪ੍ਰਾਹੁਣਿਆਂ ਨੂੰ ਆਪਣੇ ਡਰਾਇੰਗ ਰੂਮ ਵਿਚ ਲੈ ਗਏ।
ਅੰਦਰ ਉਨ੍ਹਾਂ ਦੇ ਹੋਰ ਦੋਸਤ ਵਰਦੀਆਂ ਪਾਈ ਬੈਠੇ ਸਨ। ਸ਼ਰਾਬ ਦੀਆਂ ਬੋਤਲਾਂ ਸਨ। ਊਣੇ ਤੇ ਭਰੇ ਬਲੌਰੀ ਗਲਾਸ ਸਨ। ਬੜੇ ਬਰੀਕ ਸੁਹਜ ਨਾਲ ਕਮਰਾ ਸਜਾਇਆ ਹੋਇਆ ਸੀ ਤੇ ਇਕ ਇਸਤਰੀ ਸੀ, “ਮੇਰੀ ਵਾਈਫ ਸੁਖਵੰਤ, ਤੇ ਡਾਰਲਿੰਗ ਇਹ ਬਲਬੀਰ ਜੀ ਨੇ। ਮੈਂ ਜ਼ਿਕਰ ਕੀਤਾ ਸੀ ਨਾ ਇਨ੍ਹਾਂ ਦਾ, ਜਿਹੜੇ ਮੈਨੂੰ ਗੁਲਮਰਗ ਮਿਲੇ ਸਨ ਤੇ ਬੜੀਆਂ ਸੁਹਣੀਆਂ ਤਸਵੀਰਾਂ ਖਿੱਚਦੇ ਹਨ, ਤੇ ਇਹ ਨੇ ਇਨ੍ਹਾਂ ਦੇ ਦੋਸਤ।”
“ਰਣਧੀਰ ਜੀ, ਸ਼ੈਦ ਤੁਸੀਂ ਇਨ੍ਹਾਂ ਦੀਆਂ ਕਵਿਤਾਵਾਂ।” ਬਲਬੀਰ ਨੇ ਕਿਹਾ।
“ਰਣਧੀਰ ਜੀ, ਜੀਅ ਆਇਆਂ ਨੂੰ। ਕਿਹਾ ਚੰਗਾ ਇਤਫਾਕ ਏ। ਡਾਰਲਿੰਗ, ਇਨ੍ਹਾਂ ਤੋਂ ਤਾਂ ਚੰਗੀ ਤਰ੍ਹਾਂ ਜਾਣੂ ਹਾਂ। ਅਸੀਂ ਕਾਲਜ ਵਿਚ ਇਕੱਠੇ ਪੜ੍ਹਦੇ ਰਹੇ ਹਾਂ। ਇਨ੍ਹਾਂ ਦੇ ਪਿਤਾ ਜੀ ਮੇਰੇ ਪਿਤਾ ਜੀ ਦੇ ਬੜੇ ਦੋਸਤ ਨੇ। ਹਾਂ, ਰਣਧੀਰ ਜੀ, ਸੁਣਾਓ ਕੀ ਹਾਲ ਏ ਤੁਹਾਡਾ।”
ਕੁਝ ਰਸਮੀ ਗੱਲਾਂ ਪਿੱਛੋਂ ਮੇਜਰ ਸਾਹਿਬ ਤੇ ਬਲਬੀਰ ਪੀਣ ਵਾਲਿਆਂ ਵਿਚ ਜਾ ਸ਼ਾਮਲ ਹੋਏ।
ਰਣਧੀਰ ਪੀਂਦਾ ਨਹੀਂ ਸੀ, ਉਹਨੂੰ ਸੁਖਵੰਤ ਨੇ ਮਹਿਫ਼ਲ ਤੋਂ ਦੁਰੇਡੇ ਆਪਣੇ ਕੋਲ ਬਿਠਾ ਲਿਆ।
ਸੁਖਵੰਤ ਤੇ ਰਣਧੀਰ ਜਿਥੇ ਬੈਠੇ ਸਨ, ਉਥੇ ਇਕ ਅਜੀਬ ਜਿਹੀ ਚੁੱਪ ਸੀ।
ਕਦੇ ਕਦੇ ਚੁੱਪ ਟੁੱਟਦੀ: “ਤੁਹਾਡੇ ਮਾਤਾ ਜੀ ਰਾਜ਼ੀ ਨੇ? ਕਿਥੇ ਹੁੰਦੇ ਨੇ ਅੱਜ ਕੱਲ੍ਹ?”
“ਹਾਂ, ਬੜੇ ਰਾਜ਼ੀ, ਤੇ ਤੁਹਾਡੀ ਮਾਤਾ ਜੀ ਠੀਕ ਨੇ?”
“ਹਾਂ ਤੇ ਤੁਹਾਡੀਆਂ ਕਵਿਤਾਵਾਂ ਦਾ ਕੀ ਹਾਲ ਏ?”
“ਕਵਿਤਾਵਾਂ! ਉਹ ਰਾਜ਼ੀ ਨਹੀਂ, ਤੇ ਤੁਹਾਡੇ ਗੌਣ ਦਾ ਕੀ ਹਾਲ ਏ?”
“ਉਹ ਵੀ ਰਾਜ਼ੀ ਨਹੀਂ।”
ਰਣਧੀਰ ਤੇ ਸੁਖਵੰਤ ਦੋਵੇਂ ਹੱਸ ਪਏ, ਪਰ ਜਿਵੇਂ ਕਈ ਵਾਰ ਕਿਸੇ ਚਿੱਟੀ ਸ਼ੈਅ ਵਿਚ ਚਿਟਿਆਈ ਘੱਟ ਤੇ ਹੋਰ ਕੋਈ ਭਾਅ ਵੱਧ ਹੁੰਦੀ ਹੈ, ਇੰਜ ਹੀ ਦੋਵਾਂ ਦੇ ਹਾਸੇ ਵਿਚ ਹਾਸਾ ਘੱਟ ਤੇ ਹੋਰ ਕਿਸੇ ਜਜ਼ਬੇ ਦੀ ਭਾਅ ਵੱਧ ਸੀ।
ਦੂਜੇ ਪਾਸੇ ਮਹਿਫ਼ਲ ਜੰਮਦੀ ਜਾ ਰਹੀ ਸੀ, ਗਲਾਸ ਖਣਕ ਰਹੇ ਸਨ, ਕੋਈ ਵਲੈਤੀ ਸੁਰ ਟੁਣਟੁਣਾ ਰਿਹਾ ਸੀ।
ਸੁਖਵੰਤ ਤੇ ਰਣਧੀਰ ਵਿਚਾਲੇ ਫੇਰ ਕੁਝ ਚਿਰ ਪਿਛੋਂ ਚੁੱਪ ਟੁੱਟੀ: “ਧੀਰ ਤੂੰ ਮੇਰੇ ਨਾਲ ਨਾਰਾਜ਼ ਏ?” ਸੁਖਵੰਤ ਦੇ ਬੁੱਲ੍ਹ ਬੇਮਲੂਮੇ ਕੰਬ ਰਹੇ ਸਨ।
ਜਦੋਂ ਦਾ ਉਹ ਆਇਆ ਸੀ, ਉਦੂੰ ਪਿਛੋਂ ਹੁਣ ਕਿਤੇ ਰਣਧੀਰ ਨੇ ਪਹਿਲੀ ਵਾਰ ਪੂਰੀ ਤਰ੍ਹਾਂ ਸੁਖਵੰਤ ਨਾਲ ਆਪਣੀਆਂ ਅੱਖਾਂ ਭਰ ਲਈਆਂ”ਭਰੇ ਭਾਂਡੇ ਬੇਆਵਾਜ਼ ਹੁੰਦੇ ਹਨ।
“ਧੀਰ, ਤੂੰ ਮੈਨੂੰ ਮੁਆਫ ਕਰ ਦੇ, ਮੇਰੀ ਕਮਜ਼ੋਰੀ ਨੇ ਤੈਨੂੰ ਏਨਾ ਦੁੱਖ ਦਿੱਤਾ ਏ।”
“ਤੂੰ ਮੈਨੂੰ ਅਨੰਤ ਬਣਾ ਦਿੱਤਾ, ਅਜਿਹਾ ਹੈ ਤੇਰਾ ਅਨੰਦ।” ਟੈਗੋਰ ਦੀਆਂ ਇਹ ਸਤਰਾਂ ਕਦੇ ਰਣਧੀਰ ਨੇ ਆਪਣੇ ਪਹਿਲੇ ਕਾਵਿ ਸੰਗ੍ਰਹਿ ਉਤੇ ਲਿਖ ਕੇ ਸੁਖਵੰਤ ਨੂੰ ਦਿੱਤੀਆਂ ਸਨ”।
“ਧੀਰ ਮੈਨੂੰ ਮੁਆਫ਼।”
ਮੇਜਰ ਸਾਹਿਬ ਆ ਗਏ, “ਐਕਸਕਯੂਜ਼ ਮੀ, ਡਾਰਲਿੰਗ। ਡਾਕਟਰ ਕਹਿ ਰਿਹਾ ਏ, ਹੋਰ ਲੇਟ ਤੁਹਾਨੂੰ ਨਹੀਂ ਜਾਗਣਾ ਚਾਹੀਦਾ, ਤੇ ਬੇਬੀ ਦੇ ਫੀਡ ਦਾ ਵੀ ਵਕਤ ਹੋ ਗਿਆ ਏ, ਆਯਾ ਬੁਲਾਣ ਆਈ ਸੀ।”
ਮੇਜਰ ਸਾਹਿਬ ਦੇ ਬੋਲ ਕੁਝ ਥਥਲਾ ਰਹੇ ਸਨ, ਲੱਤਾਂ ਵਿਚ ਬੇਮਲੂਮੀ ਕੰਬਣੀ ਸੀ, ਹੱਥ ਵਿਚ ਫੜਿਆ ਗਲਾਸ ਵੀ ਕੰਬ ਰਿਹਾ ਸੀ।
“ਚੰਗਾ ਰਣਧੀਰ ਜੀ, ਮੁਆਫ ਕਰਨਾ ਬੇਬੀ ਛੋਟਾ ਏ, ਤੇ ਨਾਲੇ ਮੈਂ ਹੁਣੇ ਹੁਣੇ ਟਾਈਫ਼ਾਈਡ ਤੋਂ ਉਠੀ ਹਾਂ”।”
ਤੇ ਸੁਖਵੰਤ ਚਲੀ ਗਈ।
ਇਕਦਮ ਰਣਧੀਰ ਨੂੰ ਜਾਪਿਆ ਕਿ ਕਮਰੇ ਵਿਚ ਹੁਣ ਸ਼ਰਾਬ ਦੀ ਬੂ ਹੀ ਬਾਕੀ ਰਹਿ ਗਈ ਸੀ।
“ਤੁਸੀਂ ਸਾਡੇ ਵਿਚ ਤਾਂ ਮਿਕਸ ਨਹੀਂ ਹੁੰਦੇ। ਉਨ੍ਹਾਂ ਕਿਤਾਬਾਂ ਨਾਲ ਹੀ ਦਿਲ ਲਾ ਲਓ। ਹੈਰਾਨ ਕਿਉਂ ਹੁੰਦੇ ਹੋ, ਉਹ ਸੁਖਵੰਤ ਦੀਆਂ ਕਿਤਾਬਾਂ ਦੀ ਅਲਮਾਰੀ ਏ। ਅਸੀਂ ਫੌਜੀ ਆਦਮੀ ਕਿਥੇ ਲਿਟਰੇਚਰ ਨਾਲ ਮਗਜ਼ ਮਾਰਦੇ ਹਾਂ, ਉਮੀਦ ਏ ਕੁਝ ਇੰਟਰਸਟਿੰਗ ਤੁਹਾਨੂੰ ਉਸ ਅਲਮਾਰੀ ਵਿਚੋਂ ਲੱਭ ਪਏਗਾ। ਵੈਸੇ ਸੌਣ ਲਈ ਬਾਹਰ ਵਰਾਂਡੇ ਵਿਚ ਤੁਹਾਡੇ ਦੋਵਾਂ ਦੇ ਬਿਸਤਰ ਲੁਆਏ ਹੋਏ ਨੇ। ਜਦੋਂ ਵੀ ਸੌਣਾ ਚਾਹੋ, ਯੂ ਆਰ ਵੈਲਕਮ, ਆਪਣਾ ਘਰ ਸਮਝੋ। ਹਾਂ, ਤੇ ਬਲਬੀਰ ਤਾਂ ਯਾਰ ਬਾਸ਼ ਬੰਦਾ ਏ, ਉਹ ਤਾਂ ਸਾਡੇ ਕੋਲ ਦੇਰ ਲਾਏਗਾ। ਅੱਛਾ ਐਕਸਕਯੂਜ਼ ਮੀ।” ਮੇਜਰ ਸਾਹਿਬ ਆਪਣੀ ਮਹਿਫ਼ਲ ਵਿਚ ਜਾ ਰਲੇ।
ਸੁਖਵੰਤ ਦੀਆਂ ਕਿਤਾਬਾਂ ਕੋਲ ਰਣਧੀਰ ਇਕੱਲਾ ਖੜੋਤਾ ਰਿਹਾ। ਕਿੰਨੀਆਂ ਹੀ ਕਿਤਾਬਾਂ ਉਹਦੀਆਂ ਜਾਣੀਆਂ ਪਛਾਣੀਆਂ ਸਨ। ਉਹ ਟੈਗੋਰ ਦੀ ਚੋਣਵੀਂ ਰਚਨਾ ਸੀ, ਉਹ ਕਾਲੀਦਾਸ ਦੀ ‘ਸ਼ਕੁੰਤਲਾ’, ਉਹ ਚੈਖੋਵ ਦੀਆਂ ਕਹਾਣੀਆਂ ਸਨ ਤੇ ਉਹ ਗੋਰਕੀ ਦਾ ਨਾਵਲ ‘ਮਾਂ’। ਤੇ ਕੋਲ ਉਹਦਾ ਆਪਣਾ ਪਹਿਲਾ ਕਾਵਿ ਸੰਗ੍ਰਿਹ ਪਿਆ ਸੀ।
ਉਹਨੇ ਚੁਪਾਸੀਂ ਝਾਤੀ ਮਾਰੀ ਤੇ ਚੋਰਾਂ ਵਾਂਗ ਆਪਣੇ ਸੰਗ੍ਰਿਹ ਦਾ ਪਹਿਲਾ ਵਰਕਾ ਫੋਲਿਆ, ਉਹਨੂੰ ਦਿਸਿਆ:
ਸੁਖਵੰਤ!
ਤੂੰ ਮੈਨੂੰ ਅਨੰਤ ਬਣਾ ਦਿੱਤਾ,
ਅਜਿਹਾ ਹੈ ਤੇਰਾ ਅਨੰਦ
-ਰਣਧੀਰ
ਤੇ ਉਹਦਾ ਦੂਜਾ ਸੰਗ੍ਰਹਿ ਵੀ ਹੈ ਸੀ, ਤੇ ਤੀਜਾ ਵੀ, ਤੇ ਉਹਦੀਆਂ ਕਵਿਤਾਵਾਂ ਵਾਲੇ ਰਿਸਾਲੇ ਵੀ।
ਹੁਣ ਸੁਖਵੰਤ ਚਲੀ ਗਈ ਸੀ। ਸਵੇਰੇ ਚਾਰ ਵਜੇ ਉਹਦੇ ਉਠਣ ਤੋਂ ਪਹਿਲਾਂ ਰਣਧੀਰ ਨੇ ਚਲੇ ਜਾਣਾ ਸੀ।
ਹੁਣੇ ਸੁਖਵੰਤ ਨੇ ਦੋ ਵਾਰ ਕਿਹਾ ਸੀ, “ਧੀਰ, ਤੂੰ ਮੈਨੂੰ ਮੁਆਫ਼ ਕਰ ਦੇ, ਮੇਰੀ ਕਮਜ਼ੋਰੀ ਨੇ ਤੈਨੂੰ ਬੜਾ ਦੁੱਖ ਦਿੱਤਾ ਏ।”
ਤੇ ਰਣਧੀਰ ਚੁੱਪ ਰਿਹਾ ਸੀ, ਪਿਛਲੇ ਸਾਰੇ ਵਰ੍ਹੇ ਉਹਦੀ ਚੁੱਪ ਤੇ ਉਹਦੇ ਬੋਲ ਵਿਚਾਲੇ ਆਣ ਖੜੋਤੇ ਸਨ। ਨਾਰਾਜ਼ ਤਾਂ ਉਹ ਕਦੇ ਵੀ ਸੁਖਵੰਤ ਨਾਲ ਨਹੀਂ ਸੀ ਹੋਇਆ, ਤੇ ਜਦੋਂ ਵੀ ਸੁਖਵੰਤ ਨੇ ਉਹਦੇ ਕੋਲੋਂ ਕੁਝ ਮੰਗਿਆ ਸੀ, ਰਣਧੀਰ ਨੇ ਉਹਨੂੰ ਉਹ ਦਿੱਤਾ ਸੀ। ਤੇ ਅੱਜ ਸੁਖਵੰਤ ਨੇ ਮੁਆਫੀ ਮੰਗੀ ਸੀ। ਤੇ ਉਹ ਚੁੱਪ ਰਹਿ ਗਿਆ ਸੀ ਤੇ ਹੁਣ ਸੁਖਵੰਤ ਚਲੀ ਗਈ ਸੀ ਤੇ ਸਵੇਰੇ ਉਹਦੇ ਉਠਣ ਤੋਂ ਪਹਿਲਾਂ ਰਣਧੀਰ ਨੇ ਚਲੇ ਜਾਣਾ ਸੀ। ਉਹਦੀ ਇਹ ਮੰਗ ਹੁਣ ਉਹ ਕਿਸ ਤਰ੍ਹਾਂ ਪੂਰੀ ਕਰ ਸਕੇਗਾ। ਕਿਸ ਤਰ੍ਹਾਂ ਰਣਧੀਰ ਉਨ੍ਹਾਂ ਕਿਤਾਬਾਂ ਨਾਲ ਬੋਲਣਾ ਚਾਹੁੰਦਾ ਸੀ, ਸੁਖਵੰਤ ਦੀਆਂ ਕਿਤਾਬਾਂ ਨਾਲ; ਕਿਤਾਬਾਂ ਜਿਹੜੀਆਂ ਬੜਾ ਚਿਰ ਹੋਇਆ, ਉਹਦੇ ਤੇ ਸੁਖਵੰਤ ਦੇ ਦਿਲ ਵਿਚਾਲੇ ਪੁਲ ਬਣੀਆਂ ਸਨ।
ਉਹ ਕਿਵੇਂ ਲੋਚਦਾ ਸੀ ਕਿ ਕਦੇ ਜ਼ਿੰਦਗੀ ਦੇ ਇਨ੍ਹਾਂ ਵਿਸ਼ਾਲ ਰਾਹਾਂ ਉਤੇ ਉਹਨੂੰ ਸੁਖਵੰਤ ਪਲ ਦੀ ਪਲ ਮਿਲ ਪਏ। ਉਹਨੇ ਇਕ ਵਾਰੀ ਇਸ ਤਾਂਘ ਨੂੰ ਬਿਆਨ ਕਰਦਿਆਂ ਲਿਖਿਆ ਸੀ:
“ਫੋਲ ਕੇ ਦਿਲ ਦੀ ਜੰਤਰੀ,
ਮੈਂ ਢੂੰਡਦਾ ਹਾਂ ਮਿਲਣ ਵਾਰ।”
ਤੇ ਕਿਹੋ ਜਿਹੀ ਰੁੱਤੇ ਮਿਲਣ ਵਾਰ ਆਇਆ ਸੀ ਅੱਜ। ਇਨ੍ਹੀਂ ਦਿਨੀਂ ਜਦੋਂ ਧਰਤੀਆਂ ਤੋੜੀਆਂ-ਵਿਛੋੜੀਆਂ ਜਾ ਰਹੀਆਂ ਸਨ, ਜਦੋਂ ਉਹ ਉਨ੍ਹਾਂ ਰਾਹਾਂ ਉਤੇ ਲੰਘ ਕੇ ਆਇਆ ਸੀ, ਜਿਨ੍ਹਾਂ ਉਤੇ ਲਹੂ ਦੀ ਵਾਛੜ ਹੁਣੇ ਪੈ ਕੇ ਹਟੀ ਸੀ।
ਬਿੰਦ ਦੀ ਬਿੰਦ ਉਹ ਮਿਲੇ ਸਨ। ਸੰਗਦੀ ਸੰਗਦੀ ਖੁਸ਼ਬੋਆਂ ਦੀ ਨਦੀ ਉਹਦੇ ਵੱਲ ਵਗਣ ਲੱਗੀ ਸੀ, ਤੇ ਸ਼ਰਾਬ ਦੀ ਹਵਾੜ ਨੇ ਬੰਨ੍ਹ ਮਾਰ ਦਿੱਤਾ ਸੀ।
ਰਣਧੀਰ ਵਰਾਂਡੇ ਵਿਚ ਚਲਿਆ ਗਿਆ। ਬਿਸਤਰੇ ਉਤੇ ਲੇਟ ਗਿਆ। ਨੀਂਦ ਨਾ ਆਈ, ਪਰ ਬੀਤੇ ਵਰ੍ਹੇ ਪੋਲੇ ਪੱਬੀਂ ਉਹਦੇ ਕੋਲ ਆਉਂਦੇ ਰਹੇ।
ਉਨ੍ਹਾਂ ਦੇ ਪਿੰਡ ਦੇ ਨੇੜੇ ਬੜਾ ਰਮਣੀਕ ਨਾਲਾ ਵਗਦਾ ਸੀ। ਸਾਲ ਦੇ ਅਖੀਰ ਉਤੇ ਰਣਧੀਰ ਦੇ ਘਰ ਵਾਲੇ ਸ਼ਹਿਰੋਂ ਆਪਣੇ ਦੋਸਤਾਂ ਸਬੰਧੀਆਂ ਨੂੰ ਬੁਲਾ ਇਸ ਨਾਲੇ ਉਤੇ ਪਿਕਨਿਕ ਕਰਨ ਜਾਂਦੇ ਹੁੰਦੇ ਸਨ। ਅੱਠ ਵਰ੍ਹੇ ਹੋਏ ਪਿਕਨਿਕ ਵਿਚ ਪਹਿਲੀ ਵਾਰ ਸੁਖਵੰਤ ਆਈ ਸੀ। ਉਥੇ ਰਣਧੀਰ ਨੇ ਕਵਿਤਾ ਸੁਣਾਈ ਸੀ ਜਿਸ ਵਿਚ ਉਦਾਸੀ ਦਾ ਰੰਗ ਹੱਦੋਂ ਗੂੜ੍ਹਾ ਸੀ। ਸਭਨਾਂ ਨੇ ਪ੍ਰਸੰਸਾ ਵਿਚ ਜ਼ੋਰ ਜ਼ੋਰ ਨਾਲ ਤਾੜੀਆਂ ਮਾਰੀਆਂ ਸਨ, ਪਰ ਸੁਖਵੰਤ ਅਡੋਲ ਰਹੀ ਸੀ। ਪਿਕਨਿਕ ਦੀ ਗਹਿਮਾ-ਗਹਿਮੀ ਵਿਚ ਇਕੱਲੇ ਕਿਸੇ ਪਲ ਸੁਖਵੰਤ ਨੇ ਰਣਧੀਰ ਨੂੰ ਅਡੋਲ ਪੁੱਛਿਆ ਸੀ, “ਕੀ ਤੁਸੀਂ ਸੱਚੀ-ਮੁੱਚੀਂ ਏਨੇ ਹੀ ਉਦਾਸ ਹੋ ਜਿੰਨੀ ਤੁਹਾਡੀ ਕਵਿਤਾ ਏ? ਮੇਰਾ ਜੀਅ ਨਹੀਂ ਕਰਦਾ ਕਿ ਤੁਸੀਂ ਏਨੇ ਉਦਾਸ ਹੋਵੋ।”
ਤੇ ਰਣਧੀਰ ਨੇ ਵੇਖਿਆ, ਸੁਖਵੰਤ ਦੀਆਂ ਅੱਖਾਂ ਨਿਸੰਗ, ਪੂਰੀਆਂ ਖੁੱਲ੍ਹੀਆਂ ਉਹਦੇ ਵੱਲ ਉਤਾਂਹ ਨੂੰ ਤੱਕ ਰਹੀਆਂ ਸਨ ਤੇ ਇਹ ਮਮੋਲੇ ਨੈਣ, ਇਕ ਦੁਨੀਆਂ ਆਪਣੇ ਅੰਦਰ ਸਾਂਭੀ ਰਣਧੀਰ ਵੱਲ ਉਵੇਂ ਦੇ ਉਵੇਂ ਤੱਕੀ ਜਾ ਰਹੇ ਸਨ।
ਉਦੋਂ ਵੀ ਰਣਧੀਰ ਅੱਜ ਵਾਂਗ ਹੀ ਚੁੱਪ ਰਿਹਾ ਸੀ। ਏਸ ਤੱਕਣੀ ਤੇ ਏਸ ਚੁੱਪ ਤੋਂ ਉਨ੍ਹਾਂ ਦੋਵਾਂ ਦੀ ਸਾਂਝੀ ਜ਼ਿੰਦਗੀ ਸ਼ੁਰੂ ਹੁੰਦੀ ਸੀ।
ਆਦਿ ਚੁੱਪ”।
ਅੰਤ ਚੁੱਪ”।
“ਤੇ ਫੇਰ ਉਹ ਦੋਵੇਂ ਬੀ ਏ ਕਰ ਕੇ ਐਮ ਏ ਵਿਚ ਇਕੱਠੇ ਇਕੋ ਕਾਲਜ ਵਿਚ ਪੜ੍ਹੇ ਸਨ। ਵੰਨ-ਸਵੰਨੀਆਂ ਕਿਤਾਬਾਂ ਨੇ ਦੋਵਾਂ ਦਿਲਾਂ ਵਿਚਾਲੇ ਬੜਾ ਪਿਆਰਾ ਤੇ ਨਿੱਗਰ ਪੁਲ ਉਸਾਰ ਲਿਆ ਸੀ। ਰਣਧੀਰ ਦੀ ਕਵਿਤਾ ਸੁਖਵੰਤ ਨੂੰ ਬੜੀ ਚੰਗੀ ਲੱਗਦੀ ਸੀ। ਹੁਣ ਉਹਦੀ ਕਵਿਤਾ ਵਿਚ ਪਹਿਲਾਂ ਵਾਂਗ ਉਦਾਸੀ ਦਾ ਹੀ ਇਕ-ਰੰਗਾਪਣ ਨਹੀਂ ਸੀ ਰਿਹਾ, ਮਮੋਲੇ ਨੈਣਾਂ ਅੰਦਰ ਸਾਂਭੀ ਦੁਨੀਆਂ ਨੇ ਜਜ਼ਬਿਆਂ ਦੀ ਸਾਰੀ ਸਤਰੰਗੀ ਉਹਦੀਆਂ ਕਵਿਤਾਵਾਂ ਵਿਚ ਰਚਾ ਦਿੱਤੀ ਸੀ। ਰਣਧੀਰ ਨੂੰ ਸੰਗੀਤ ਬੜਾ ਪਿਆਰਾ ਲੱਗਦਾ ਸੀ ਤੇ ਸੁਖਵੰਤ ਦਾ ਕੋਈ ਗਲਾ ਸੀ!
“ਤੇ ਫੇਰ ਉਹ ਦੋਵੇਂ ਸਾਰੇ ਕਾਲਜ ਵਿਚ ਟੈਨਿਸ ਦੇ ਜੇਤੂ ਖਿਡਾਰੀ ਹੋ ਗਏ।
ਕਿਤਾਬਾਂ ਪੜ੍ਹਦਿਆਂ ਤੇ ਖਿਆਲਾਂ ਵਿਚ ਤੂਫ਼ਾਨ ਆ ਗਿਆ। ਦੋਵਾਂ ਦੀ ਜਵਾਨੀ ਦੇ ਪਵਿੱਤਰ ਜਜ਼ਬਿਆਂ ਨੂੰ ਸੂਝ ਦੀ ਟੋਹਣੀ ਲੱਭ ਪਈ। ਉਨ੍ਹਾਂ ਮਨੁੱਖ ਦੀ ਸਾਂਝੀ ਖੁਸ਼ੀ ਸੰਗਰਾਮ ਤੇ ਇਸ ਸੰਗਰਾਮ ਵਿਚ ਸਾਥੀਆਂ ਵਿਚਾਲੇ ਪੁੰਗਰਦੀ ਮੁਹੱਬਤ ਦੇ ਰੰਗ ਆਪਣੇ ਵਿਚ ਰਚਾ ਲਏ। ਹੁਣ ਰਣਧੀਰ ਤੇ ਸੁਖਵੰਤ ਟੈਨਿਸ ਕੋਰਟ ਵਿਚ ਘੱਟ ਦਿਸਦੇ ਸਨ ਤੇ ਮੀਟਿੰਗਾਂ, ਬਹਿਸਾਂ, ਜਲਸਿਆਂ ਵਿਚ ਵੱਧ। ਰਣਧੀਰ ਦੀਆਂ ਕਵਿਤਾਵਾਂ ਵਿਚ ਲੋਕ ਪੀੜ ਦੀ ਚੀਸ, ਤੇ ਸਾਂਝੀਆਂ ਖੁਸ਼ੀਆਂ ਦੀ ਆਸ ਵੀ ਰਲ ਗਈ। ਸੁਖਵੰਤ ਉਹਦੇ ਲਿਖੇ ਗੀਤ ਬੜੇ ਜੋਸ਼ ਨਾਲ ਗਾਉਂਦੀ। “ਇਹ ਸੁਹਣੇਰੀ ਜ਼ਿੰਦਗੀ ਦੇ ਸੰਗਰਾਮ ਲਈ ਸਾਡਾ ਦੋਗਾਣਾ ਏ”, ਸੁਖਵੰਤ ਨੇ ਇਕ ਵਾਰ ਰਣਧੀਰ ਨੂੰ ਕਿਹਾ ਸੀ।
ਕਾਲਜ ਦੀ ਪੜ੍ਹਾਈ ਮੁਕਾ ਲੈਣ ਪਿਛੋਂ ਇਕ ਵਾਰ ਸੁਖਵੰਤ ਰਣਧੀਰ ਦੇ ਪਿੰਡ ਆਈ ਸੀ। ਉਹ ਇਕੱਠੇ ਸੈਰ ਕਰਨ ਲਈ ਬਾਹਰ ਪੈਲੀਆਂ ਵੱਲ ਦੂਰ ਨਿਕਲ ਗਏ ਸਨ।
ਇਕ ਪੈਲੀ ਕੋਲ ਸੁਖਵੰਤ ਰੁਕ ਗਈ ਤੇ ਉਹਨੇ ਬੜੀ ਹੈਰਾਨੀ ਨਾਲ ਪੁੱਛਿਆ ਸੀ, “ਇਥੇ ਤੇ ਇੰਜ ਏ ਜਿਵੇਂ ਬੜੇ ਸੁਹਣੇ ਪੁਲਾਅ ਦੀ ਖੁਸ਼ਬੋ ਆ ਰਹੀ ਹੋਵੇ। ਬੜੀ ਹੈਰਾਨੀ ਦੀ ਗੱਲ ਏ, ਵਸੋਂ ਤਾਂ ਏਥੋਂ ਬੜੀ ਦੂਰ ਏ।”
ਤੇ ਰਣਧੀਰ ਨੇ ਦੱਸਿਆ ਸੀ, “ਇਹ ਬਾਸਮਤੀ ਦੀ ਈ ਤਾਂ ਪੈਲੀ ਏ। ਝੱਲੀਏ ਸ਼ਹਿਰਨੇ, ਇਹਦੀ ਖੁਸ਼ਬੋ ਈ ਤਾਂ ਪੁਲਾਵਾਂ ਵਿਚ ਹੁੰਦੀ ਏ।”
ਤੇ ਸੁਖਵੰਤ ਜਿਦ੍ਹਾ ਪਿਓ ਚੌਲਾਂ ਦਾ ਉਘਾ ਵਪਾਰੀ ਸੀ, ਆਪਣੇ ਅਣਜਾਣਪੁਣੇ ਉਤੇ ਬੜੀ ਸ਼ਰਮਾਈ। ਉਹਦੀਆਂ ਪੁਸ਼ਾਕਾਂ, ਉਹਦੀ ਪੜ੍ਹਾਈ, ਉਹਦਾ ਸੰਗੀਤ ਬਾਸਮਤੀ ਵਿਚੋਂ ਹੀ ਉਪਜੇ ਸਨ, ਪਰ ਉਹਨੇ ਬਾਸਮਤੀ ਦੀ ਪੈਲੀ ਕਦੇ ਨਹੀਂ ਸੀ ਤੱਕੀ।
ਆਥਣ ਦੇ ਮਟਕ ਚਾਨਣੇ ਵਿਚ ਸੁਖਵੰਤ ਤੇ ਰਣਧੀਰ ਬਾਸਮਤੀ ਦੀ ਪੈਲੀ ਦੇ ਇਕ ਬੰਨੇ ਬਹਿ ਗਏ ਸਨ।
ਸੁਖਵੰਤ ਨੇ ਬੜੇ ਲਾਡ ਨਾਲ ਬਾਸਮਤੀ ਦੀਆਂ ਮੁੰਜਰਾਂ ਨੂੰ ਦੁਲਾਰਿਆ। ਉਹਨੇ ਉਨ੍ਹਾਂ ਸੁਬਕ ਲੜੀਆਂ ਵਿਚੋਂ ਦੂਧੀਆ ਦਾਣੇ ਕੱਢੇ, ਰਣਧੀਰ ਦੇ ਮੂੰਹ ਵਿਚ ਪਾਏ ਤੇ ਫੇਰ ਆਪਣੇ ਮੂੰਹ ਵਿਚ।
“ਮੈਂ ਬਾਸਮਤੀ ਦੀ ਪੂੰਜੀ ਉਤੇ ਪਲ ਕੇ ਏਡੀ ਹੋਈ ਹਾਂ, ਪਰ ਮੈਂ ਬਾਸਮਤੀ ਹੁਣ ਤੋਂ ਪਹਿਲਾਂ ਕਦੇ ਨਹੀਂ ਵੇਖੀ। ਤੇ ਜਿਹੜੇ ਨਿੱਤ ਬਾਸਮਤੀਆਂ ਉਗਾਣ ਲਈ ਏਨੀ ਮਿਹਨਤ ਕਰਦੇ ਨੇ, ਸ਼ਾਇਦ ਉਨ੍ਹਾਂ ਪੂੰਜੀ ਕਦੇ ਨਹੀ ਦੇਖੀ।”
ਤੇ ਫੇਰ ਇੰਜ ਸੀ ਜਿਵੇਂ ‘ਮਾਂ’ ਦਾ ਲੇਖਕ ਗੋਰਕੀ ਉਨ੍ਹਾਂ ਦੋਵਾਂ ਕੋਲ ਇਸ ਪੈਲੀ ਦੇ ਬੰਨੇ ਆਣ ਬੈਠਾ ਹੋਵੇ, ਤੇ ਜਵਾਨੀ ਨੇ ਬੜੇ ਇਰਾਦੇ ਬਣਾਏ, ਨਵੀਂ ਦੁਨੀਆਂ ਸਾਜਣ ਦੇ, ਸੰਗਰਾਮ ਵਿਚ ਰਲਣ ਦੇ, ਇਕੱਠੇ ਇਸ ਰਾਹ ਉਤੇ ਤੁਰਨ ਦੇ, ਸੁਹਣੇਰੀ ਜ਼ਿੰਦਗੀ ਦੇ ਸੰਗਰਾਮ ਲਈ ਆਪਣਾ ਦੋਗਾਣਾ ਸਦਾ ਗਾਉਂਦੇ ਰਹਿਣ ਦੇ। ਤੇ ਦੋਵਾਂ ਨੇ ਇਕ ਦੂਜੇ ਦੇ ਹੱਥ ਘੁੱਟ ਲਏ, ਇਕ ਦੂਜੇ ਦੁਆਲੇ ਬਾਹਵਾਂ ਘੁੱਟ ਲਈਆਂ। ਬਾਸਮਤੀ ਦੀ ਮਹਿਕ ਤੇ ਜ਼ਿੰਦਗੀ ਦੇ ਨਵੇਂ ਇਰਾਦਿਆਂ ਵਿਚ ਅਜਿਹਾ ਨਸ਼ਾ ਸੀ ਕਿ ਦੋਵਾਂ ਦੇ ਬੁੱਲ੍ਹ ਜੁੜ ਗਏ। ਦੂਧੀਆ ਦਾਣਿਆਂ ਦਾ ਸਵਾਦ ਦੁਵੱਲੀਂ ਰਲ ਗਿਆ।
ਉਹ ਬਾਸਮਤੀ ਦੀ ਪੈਲੀ ਤੋਂ ਬੜੇ ਨਰੋਏ ਹੋ ਕੇ ਪਰਤੇ ਸਨ। ਇਨ੍ਹੀਂ ਦਿਨੀਂ ਹੀ ਰਣਧੀਰ ਦਾ ਪਹਿਲਾ ਕਾਵਿ ਸ੍ਰੰਗਹਿ ਛਪਿਆ ਸੀ।”
“ਸੁਖਵੰਤ!
ਤੂੰ ਮੈਨੂੰ ਅਨੰਤ ਬਣਾ ਦਿੱਤਾ ਏ,
ਅਜਿਹਾ ਹੈ ਤੇਰਾ ਅਨੰਦ।”
ਤੇ ਫੇਰ ਬੁੱਢੀਆਂ ਕਾਲੀਆਂ ਕੀਮਤਾਂ ਨੇ ਜਵਾਨੀ ਨੂੰ ਪੱਛਣਾ ਸ਼ੁਰੂ ਕੀਤਾ।
ਸੁਖਵੰਤ ਦੇ ਘਰ ਦੇ ਬੜੇ ਖੁੱਲ੍ਹੇ ਦਿਲ ਦੇ ਸਨ, ਪਰ ਕੋਈ ਹੱਦ ਹੁੰਦੀ ਏ।
ਏਡੇ ਚੰਗੇ ਘਰ ਦੀ ਕੁੜੀ ਕਿਸੇ ਕਵੀ ਨਾਲ ਕਿਵੇਂ ਵਿਆਹੀ ਜਾ ਸਕਦੀ ਹੈ! ਤੇ ਉਹ ਵੀ ਇਨਕਲਾਬ ਦਾ ਜਨੂੰਨੀ ਕਵੀ।
ਫੇਰ ਮੇਲ-ਜੋਲ ਬੰਦ।
ਚਿੱਠੀ ਪੱਤਰ ਬੰਦ।
ਇਕ-ਦੂਜੇ ਦੀ ਸੋਅ ਬੰਦ।
ਮਾਪਿਆਂ ਨੇ ਸੁਖਵੰਤ ਨੂੰ ਦੂਰ ਬੰਬਈ ਉਹਦੇ ਵੱਡੇ ਭਰਾ ਕੋਲ ਭੇਜ ਦਿੱਤਾ।
ਪਹਿਰੇ ਤਣ ਗਏ।
ਇਕ ਸਾਲ ਬੀਤ ਗਿਆ, ਹੋਰ ਸਾਲ ਤੇ ਇਕ ਹੋਰ।
ਅਵਾਈਆਂ ਆਉਂਦੀਆਂ ਰਹੀਆਂ। ਸੁਖਵੰਤ ਡਟੀ ਰਹੀ, ਜਦੋਂ ਕੋਈ ਰਣਧੀਰ ਦਾ ਨਾਂ ਲਏ, ਉਹਦੀ ਮਾਂ ਨੂੰ ਗਸ਼ ਪੈ ਜਾਂਦੀ; ਉਹਦਾ ਪਿਓ ਉਹਦੇ ਨਾਲ ਬੋਲਦਾ ਨਾ; ਉਹਦਾ ਭਰਾ ਕਿਸੇ ਫੌਜੀ ਅਫ਼ਸਰ ਨਾਲ ਉਹਨੂੰ ਵਿਆਹੁਣ ਦਾ ਆਹਰ-ਪਾਹਰ ਕਰ ਰਿਹਾ ਹੈ”।
ਅਖੀਰਲੀ ਮਿਲਣੀ ਤੋਂ ਚਾਰ ਵਰ੍ਹਿਆਂ ਪਿਛੋਂ, ਇਕ ਦਿਨ ‘ਇਲਸਟਰੇਟਿਡ ਵੀਕਲੀ’ ਵਿਚ ਵਿਆਹੇ ਜੋੜਿਆਂ ਦੀਆਂ ਕਿੰਨੀਆਂ ਸਾਰੀਆਂ ਤਸਵੀਰਾਂ ਵਿਚ ਰਣਧੀਰ ਨੇ ਸੁਖਵੰਤ ਦੀ ਤਸਵੀਰ ਤੱਕੀ।
ਅੱਜ ਜ਼ਿੰਦਗੀ ਦੇ ਵਿਸ਼ਾਲ ਰਾਹਾਂ ਉਤੇ ਰਣਧੀਰ ਸੁਖਵੰਤ ਨੂੰ ਮਿਲ ਪਿਆ ਸੀ। ਪਲ ਦੇ ਪਲ ਲਈ ਮਿਲਣ-ਵਾਰ ਚੜ੍ਹਿਆ ਸੀ। ਏਨੀ ਦੇਰ ਮਗਰੋਂ ਉਹ ਮਿਲੇ ਸਨ, ਤੇ ਏਨੀ ਕੁ ਦੇਰ ਲਈ! ਰਾਹ ਜੂ ਵੱਖ ਹੋ ਗਏ ਹੋਏ ਸਨ ਉਨ੍ਹਾਂ ਦੇ। ਬਾਸਮਤੀ ਦੀ ਪੈਲੀ ਦੇ ਕੰਢੇ ਜਿਸ ਰਾਹ ਉਤੇ ਚੱਲਣ ਦਾ ਪ੍ਰਣ ਉਨ੍ਹਾਂ ਦੋਵਾਂ ਕੀਤਾ ਸੀ, ਉਸੇ ਰਾਹ ਉਤੇ ਰਣਧੀਰ ਸਾਬਤ-ਕਦਮੀਂ ਚੱਲ ਰਿਹਾ ਸੀ।
ਪਰ ਸੁਖਵੰਤ ਸੁਖਵੰਤ!
ਲੜਖੜਾਂਦੇ ਬਲਬੀਰ ਨੂੰ ਮੇਜਰ ਸਾਹਿਬ ਨਾਲ ਦੇ ਬਿਸਤਰੇ ਉਤੇ ਛੱਡਣ ਆਏ। ਦੂਰ ਦੂਰ ਤੱਕ ਸ਼ਰਾਬ ਦੀ ਹਵਾੜ ਖਿੱਲਰ ਗਈ।
ਬਾਸਮਤੀ ਦੀ ਮਹਿਕ ਕਿੰਨੀ ਦੂਰ ਸੀ, ਕਿੰਨੀ ਦੂਰ!