ਮਾਂ ਨੇ ਝਿੜਕੀ ਪਿਉ ਨੇ ਝਿੜਕੀ
ਵੀਰ ਮੇਰੇ ਨੇ ਵਰਜੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ
ਏਧਰ ਕੰਡੇ, ਓਧਰ ਵਾੜਾਂ
ਵਿੰਨ੍ਹੀਆਂ ਗਈਆਂ ਕੋਮਲ ਨਾੜਾਂ
ਇਕ ਇਕ ਸਾਹ ਦੀ ਖਾਤਰ ਅੜੀਓ
ਸੌ ਸੌ ਵਾਰੀ ਮਰਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ
ਸਿਰਜਾਂ, ਪਾਲਾਂ, ਗੋਦ ਸੰਭਾਲਾਂ
ਰਾਤ ਦਿਨੇ ਰੱਤ ਆਪਣੀ ਬਾਲਾਂ
ਕੁੱਲ ਦੇ ਚਾਨਣ ਖਾਤਰ ਆਪਣੀ
ਖ਼ਾਕ ਚੋਂ ਦੀਵੇ ਘੜਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ
ਚਰਖਾ ਕੱਤਾਂ, ਸੂਤ ਬਣਾਵਾਂ
ਸੂਹੇ ਸਾਵੇ ਰੰਗ ਚੜ੍ਹਾਵਾਂ
ਸਭ ਦੇ ਪਿੰਡੇ ਪਹਿਰਨ ਪਾਵਾਂ
ਆਪ ਰਹਾਂ ਮੈਂ ਠਰਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ
ਬੂਟੇ ਲਾਵਾਂ, ਪਾਣੀ ਪਾਵਾਂ
ਸਿਹਰੇ ਗੁੰਦਾਂ, ਸੁੱਖ ਮਨਾਵਾਂ
ਜੇ ਕਿਸੇ ਰੁੱਖ ’ਤੇ ਪੀਂਘ ਝੁਟਾਵਾਂ
ਫੇਰ ਨਾ ਦੁਨੀਆਂ ਜਰਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ
ਜੇ ਅੰਬਰ ਦਾ ਗੀਤ ਮੈਂ ਗਾਵਾਂ
ਸ਼ਿਕਰੇ ਰੋਕਣ ਮੇਰੀਆਂ ਰਾਹਵਾਂ
ਜ਼ਖ਼ਮੀ ਹੋਵਾਂ ਤੇ ਡਿੱਗ ਜਾਵਾਂ
ਰਹਾਂ ਮੈਂ ਹਉਕੇ ਭਰਦੀ
ਮੇਰੇ ਨਹੀਂ ਪੁੱਗਦੀ ਮਨ-ਮਰਜ਼ੀ
ਅੰਮੜੀ ਕਹੇ ਪ੍ਰਾਹੁਣੀ ਆਈ
ਸੱਸੂ ਕਹੇ ਬਗਾਨੀ ਜਾਈ
ਸਾਰੀ ਉਮਰ ਪਤਾ ਨਾ ਲੱਗਿਆ
ਧੀ ਮੈਂ ਕਿਹੜੇ ਘਰ ਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ
ਗੁੜ ਪੂਣੀ ਦੀ ਲੋੜ ਨਾ ਕੋਈ
ਨਾ ਕੋਈ ਹੁਕਮ ਤੇ ਨਾ ਅਰਜੋਈ
ਦੱਬਣ ਦੀ ਵੀ ਹੁਣ ਨਹੀਂ ਖੇਚਲ
ਜੰਮਣੋਂ ਪਹਿਲਾਂ ਮਰਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ