ਚਾਚਾ ਮੁਰਲੀ ਬੱਸੇ ਚੜ੍ਹਿਆ ,
ਭੀੜ ਬੜੀ ਸੀ ਬੱਸ ਵਿਚ ਖੜ੍ਹਿਆ ।
ਧੱਕਮ ਧੱਕਾ ਅੱਗੇ ਪਿੱਛੇ ,
ਸਮਝ ਨਾ ਆਏ ਖਲੋਵੇ ਕਿੱਥੇ ।
ਹਰ ਕੋਈ ਡਾਢੀ ਤੰਗ ਸੁਵਾਰੀ ,
ਗਰਮੀ ਨੇ ਮੱਤ ਸੱਭ ਦੀ ਮਾਰੀ ।
ਗਰਮੀ ਨਾਲ ਨਿਆਣੇ ਰੋਣ ,
ਔਖਾ ਹੋ ਗਿਆ ਬਹਿਣ ਖਲੋਣ ।
ਕਹੇ ਕੰਡਕਟਰ ਅੱਗੇ ਹੋਵੋ ,
ਰਸਤੇ ਨੂੰ ਨਾ ਰੋਕ ਖਲੋਵੋ ।
ਬੱਸ ਪਈ ਹੈ ਖਾਲੀ ਸਾਰੀ ,
ਐਵੇਂ ਰੋਂਦੀ ਪਈ ਸਵਾਰੀ ।
ਬੱਸ ਪਰਾਣੀ ਟੁੱਟੀ ਭੱਜੀ ,
ਸਾਰੀ ਤੂੜੀ ਵਾਂਗਰ ਲੱਦੀ ।
ਜਿਹੜਾ ਮਿਲੇ ਚੜ੍ਹਾਈ ਜਾਵੇ ,
ਪੈਰੋ ਪੈਰ ਖੜ੍ਹਾਈ ਜਾਵੇ ।
ਅੱਧੇ ਉੱਪਰ ਅੱਧੇ ਅੰਦਰ ,
ਲੱਗਦਾ ਜਾਪੇ ਕਲਾ ਕਲੰਦਰ ।
ਨਾਲ ਕੰਡਕਟਰ ਦਵੇ ਦੁਹਾਈ ,
ਚਾਚੇ ਨੇ ਫਿਰ ਟਿਕਟ ਕਟਾਈ ।
ਪੈਸੇ ਦੇ ਕੇ ਜਾਨ ਛਡਾਈ ।
ਨ੍ਹੇਰੀ ਵਾਂਗੋਂ ਜਾਏ ਭਜਾਈ ,
ਚਾਚੇ ਦੀ ਜਿੰਦ ਮੁੱਠੀ ਆਈ ।
ਜੱਦ ਇੱਸ ਬੱਸ ਨੇ ਸ਼ਹਿਰ ਪੁਚਾਇਆ ,
ਚਾਚੇ ਰੱਬ ਦਾ ਸ਼ੁਕਰ ਮਨਾਇਆ ।
ਆਖੇ ਐਵੇਂ ਲੈ ਲਿਆ ਪੰਗਾ ,
ਇੱਸ ਬੱਸ ਤੋਂ ਤਾਂਗਾਂ ਚੰਗਾ ।
ਐਵੇਂ ਕੇਹੜਾ ਮੌਤ ਸਹੇੜੇ ,
ਚਾਚੀ ਬਹਿਕੇ ਰੋਵੇ ਵੇਹੜੇ ।
- ਰਵੇਲ ਸਿੰਘ ਇਟਲੀ