ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ
ਚੱਲੀਏ ਬਈ ਚੱਲ, ਸੀਟਾਂ ਗੈਲਰੀ 'ਚ ਮੱਲੀਏ
ਆਾਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ
ਚੰਡੀਗੜ੍ਹ ਸ਼ਹਿਰ ਸੋਹਣਾ, ਘਰ ਸਰਕਾਰ ਦਾ
ਚੱਲਦਾ ਏ ਸੈਸ਼ਨ, ਹੈ 'ਵਾਜਾਂ ਪਿਆ ਮਾਰਦਾ
ਦਿਲ ਮੇਰਾ ਕਹਿੰਦਾ, ਵੇਖ ਕਲ੍ਹ ਦੀ ਖ਼ਰਾਬੀ ਨੂੰ
ਉਹ ਨਾ ਐਂਵੇਂ ਨਾਲ ਤੁਰੇ, ਆਖ ਯਾਰਾ ਭਾਬੀ ਨੂੰ
ਆਖ਼ ਉਹਨੂੰ, ਉੱਥੇ ਬੜਾ ਖ਼ਤਰਾ ਈ ਝੱਲੀਏ
ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ
ਕਿਹੜਾ ਕਿਤੇ ਚੰਡੀਗੜ੍ਹ ਭੱਜਾ ਜਾਂਦੈ ਦੋਸਤਾ
ਆ ਜਾਂਗੇ ਮੁੜ, ਤਿੰਨਾਂ ਘੰਟਿਆਂ ਦੀ ਮਾਰ ਬਈ
ਗੌਰ ਕਰ ਗੱਲ 'ਤੇ, ਬੱਚਿਆਂ ਲਈ ਠੀਕ ਨਹੀਂ ਇਹ
ਰਹਿਣ ਦੇ ਨਿਆਣਿਆਂ ਨੂੰ ਘਰ ਇਸ ਵਾਰ ਬਈ
ਕਾਕੇ ਨੂੰ ਮਨਾ ਲੈ ਆਖ਼, ਰਹਿ ਘਰ ਬੱਲਿਆ
ਗੁੱਡੀ ਪਰਚਾ ਲੈ, ਆਖ਼ ਰਹਿ ਘਰ ਬੱਲੀਏ
ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ
ਸੋਚ ਲਓ ਪੰਜਾਬੀਓ, ਕੀ ਨਾਂਅ ਦੇਣਾ ਇਸ ਨੂੰ
ਹੋਇਆ ਜੋ ਅਸੰਬਲੀ 'ਚ ਗਾਲ੍ਹਾਂ ਵਾਲਾ ਸਾਕਾ ਜੀ
ਸੁਣੀਆਂ ਨੇ ਟੀ.ਵੀ. ਉੱਤੇ ਚੋਣਵੀਂਆਂ, ਚੋਂਦੀਆਂ
ਪੈ ਗਿਆ ਪਟਾਕਾ, ਹੁਣ ਖੁਲ੍ਹ ਗਿਆ ਝਾਕਾ ਜੀ
ਆਉਂਦੀਆਂ ਨੇ ਬਾਹਰ ਕਦੇ ਰਹਿੰਦੀਆਂ ਨਾ ਲੁੱਕੀਆਂ
ਹੋਣਗੀਆਂ ਹੋਰ ਅਜੇ ਹੋਣੀਆਂ ਨਹੀਂ ਮੁੱਕੀਆਂ
ਹੋ ਨਾ ਜਾਵੇ ਦੇਰ, ਜ਼ਰਾ ਗੱਡੀ ਨੂੰ ਦਬੱਲੀਏ
ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ
ਬੀਰ੍ਹਾ, ਬਾਰੂ, ਨੱਥਾ, ਸ਼ੱਥਾ, ਵਾਹਵਾ ਗਾਲ੍ਹਾਂ ਬੋਲਦੇ
ਬੜੇ ਮਸ਼ਹੂਰ, ਵਾਹਵਾ ਫੱਕੜ ਨੇ ਤੋਲਦੇ
ਗਾਲ੍ਹਾਂ ਚੀਜ਼ ਨਵੀਂ ਨਹੀਂ, ਕੱਢਦੀ ਏ ਦੁਨੀਆਂ
ਗਲੀਆਂ, ਮਹੱਲਿਆਂ 'ਚ, ਸੱਥਾਂ ਵਿਚ ਸੁਣੀਆਂ
ਅਸੰਬਲੀ 'ਚ ਰੀਤ ਹੁਣ ਤਾਜ਼ੀ ਤਾਜ਼ੀ ਚੱਲੀ ਏ
ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ
ਕਹਿੰਦੇ ਸੀ ਸਿਆਣੇ, ਗਾਲ੍ਹਾਂ ਸੁਣ ਲਓ ਪਿਉ ਦੀਆਂ
ਬਾਪੂ ਦੀਆਂ ਗਾਲ੍ਹਾਂ, ਜਿਵੇਂ ਨਾਲਾਂ ਨੇ ਘਿਉ ਦੀਆਂ
ਐਮ.ਐਲ.ਏ. ਤੇ ਮੰਤਰੀ ਦੀ ਗਾਲ੍ਹ ਬੜੀ ਮਹਿੰਗੀ ਹੁੰਦੀ
ਇਹ ਵੀ ਗਾਲ੍ਹਾਂ ਐਂਵੇਂ ਕਿਤੇ, ਸਸਤੀਆਂ ਨਾ ਜਾਣੀਏ
ਐਸਾ ਇਤਿਹਾਸ ਕਿਤੇ ਰੋਜ਼ ਨਹੀਂ ਜੇ ਬਣਦਾ
ਸੁਣੀਏ ਤੇ ਵਾਰੇ ਜਾਈਏ, ਗਾਲ੍ਹਾਂ ਨੂੰ ਵੀ ਮਾਣੀਏ
'ਲਾਈਵ' ਗਾਲ੍ਹਾਂ, ਅੱਖੀਂ ਵੇਖ, ਕੰਨੀ ਸੁਣ ਲਈਏ ਜੀ
ਮਨ ਵਿਚ 'ਚਾਅ' ਬੜਾ, ਵਾਂਝਿਆਂ ਨਾ ਰਹੀਏ ਜੀ
ਬਹਿ ਜਾਈਏ ਸੀਟਾਂ ਮੱਲ, ਰਤਾ ਵੀ ਨਾ ਹੱਲੀਏ
ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ
ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ
- ਐੱਚ.ਐੱਸ.ਬਾਵਾ