ਹੀਰ ਆਖਿਆ ਓਸ ਨੂੰ ਕੁੜੀ ਕਰਕੇ ਬੁੱਕਲ ਵਿੱਚ ਲੁਕਾ ਲਿਆਇਆ ਜੇ
ਮੇਰੀ ਮਾਉਂ ਤੇ ਬਾਪ ਥੋਂ ਕਰੋ ਪਰਦਾ ਗੱਲ ਕਿਸੇ ਨਾ ਮੂਲ ਸੁਨਾਇਆ ਜੇ
ਆਮੋ ਸਾਮਣਾ ਆਇਕੇ ਕਰੇ ਝੇੜਾ ਤੁਸੀਂ ਮੁਨਸਫ ਹੋਇ ਮੁਕਾਇਆ ਜੇ
ਜਿਹੜੇ ਹੋਣ ਸੱਚੇ ਸਈ ਛੁਟ ਜਾਸਨ ਡੰਨ ਝੂਠਿਆਂ ਨੂੰ ਤੁਸੀਂ ਲਾਇਆ ਜੇ
ਮੈਂ ਆਖ ਥੱਕੀ ਓਸ ਕਮਲੜੇ ਨੂੰ ਲੈ ਕੇ ਉੱਠ ਚੱਲ ਵਕਤ ਘੁਸਾਇਆ ਜੇ
ਮੇਰਾ ਆਖਨਾ ਓਸ ਦਾ ਕੰਨ ਕੀਤਾ ਹੁਣ ਕਾਸ ਨੂੰ ਡੁਸਕਣਾ ਲਾਇਆ ਜੇ
ਵਾਰਸ ਸ਼ਾਹ ਮੀਆਂ ਇਹ ਵਕਤ ਘੁੱਥਾ ਕਿਸੇ ਪੀਰ ਨੂੰ ਹੱਥ ਨਾ ਆਇਆ ਜੋ