ਹੁਣ ਮਾਂ ਬੁੱਢੀ ਹੋ ਗਈ ਹੈ
ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ
ਲਕੋ ਲਈਆਂ ਨੇ
ਉਸ ਨੇ ਆਪਣੀਆਂ
ਸੁਪਨਹੀਣ ਅੱਖਾਂ
ਪਤਾ ਨਹੀਂ ਕਿਉਂ
ਅਜ ਮੈਨੂੰ ਮਾਂ ਦੀ ਜਵਾਨੀ
ਬਹੁਤ ਯਾਦ ਆ ਰਹੀ ਹੈ…
ਸ਼ੀਸ਼ੇ ਮੂਹਰੇ ਖੜ੍ਹ ਕੇ
ਲੰਮੀ ਗੁੱਤ ਗੁੰਦਦੀ ਮਾਂ
ਮਾਂ ਦਾ ਸ਼ਨੀਲ ਦਾ ਮੋਤੀਆਂ ਵਾਲਾ ਸੂਟ
ਤਿੱਲੇ ਵਾਲੀ ਜੁੱਤੀ
ਤੇ ਹੁਣ ਛਣ ਛਣ ਕਰਦੀਆਂ ਝਾਂਜਰਾਂ
ਯਾਦ ਆ ਰਹੀ ਹੈ
ਸ਼ਰਾਬੀ ਪਿਉ ਦੇ ਲਲਕਾਰਿਆਂ ਤੋਂ ਸਹਿਮੀ
ਮਲੂਕ ਜਿਹੀ ਮਾਂ
ਤੇ ਸਭ ਤੋਂ ਵੱਧ ਯਾਦ ਆ ਰਹੀ ਹੈ
ਮਾਂ ਦੀ ਗੀਤਾਂ ਵਾਲੀ ਕਾਪੀ
ਜਿਸ ਨੂੰ ਮਾਂ
ਬਹੁਤ ਸੰਭਾਲ ਕੇ ਰਖਦੀ ਸੀ
ਪਰ ਹੌਲੀ ਹੌਲੀ ਵਧਣ ਲੱਗੀ
ਮਾਂ ਦੇ ਗੀਤਾਂ ਵਾਲੀ ਕਾਪੀ ਨਹੀਂ…
ਮਾਂ ਦੀ ਕਬੀਲਦਾਰੀ ਤੇ ਚਿੰਤਾ
ਹੋਰ ਉੱਚੀਆਂ ਹੋਣ ਲੱਗੀਆਂ
ਪਿਉ ਦੀਆਂ ਬੜ੍ਹਕਾਂ
ਵਿਹੜੇ ਵਿਚ ਫਿਰਦੀਆਂ
ਅਣਸੱਦੀਆਂ ਪ੍ਰਾਹੁਣੀਆਂ ਵਰਗੀਆਂ
ਧੀਆਂ ਨੂੰ ਦੇਖ ਦੇਖ
ਹੌਲੀ ਹੌਲੀ
ਕੁਮਲਾਉਣ ਲੱਗੀ ਮਾਂ ਦੀ ਮਮਤਾ
ਹੌਲੀ ਹੌਲੀ
ਪਥਰਾਉਣ ਲੱਗੇ ਮਾਂ ਦੇ ਚਾਅ
ਰੁਲਣ ਲੱਗੀ
ਮਾਂ ਦੀ ਗੀਤਾਂ ਵਾਲੀ ਕਾਪੀ
ਬਿਖਰਨ ਲੱਗੀਆਂ
ਗੀਤਾਂ ਦੀਆਂ ਸਤਰਾਂ
ਤੋੜ ਦਿੱਤੀਆਂ
ਮੇਰੇ ਅੜਬ ਪਿਉ ਨੇ
ਮਾਂ ਦੀ ਮਲੂਕ ਵੀਣੀ ‘ਚੋਂ
ਕੱਚ ਦੀਆਂ ਵੰਗਾਂ
ਬਿਖਰ ਗਏ
ਜ਼ਿੰਦਗੀ ਦੇ ਰੋੜਾਂ ਵਾਲੇ ਰਾਹ ਵਿਚ
ਝਾਂਜਰਾਂ ਦੇ ਬੋਰ
ਮੰਗਤੀ ਨੂੰ ਦਾਨ ਕਰ ਦਿੱਤਾ
ਮਾਂ ਨੇ ਮੋਤੀਆਂ ਵਾਲਾ ਸੂਟ
ਫੇਰ ਮੈਂ ਕਦੇ ਨਹੀਂ ਤੱਕਿਆ
ਮਾਂ ਨੂੰ ਸ਼ੀਸ਼ੇ ਮੂਹਰੇ ਖੜ੍ਹ ਕੇ
ਕੱਜਲੇ ਦੀ ਧਾਰ ਪਾਉਂਦਿਆਂ
ਫੇਰ ਕਦੇ ਯਾਦ ਨਹੀਂ ਆਈ
ਮਾਂ ਨੂੰ ਗੀਤਾਂ ਵਾਲੀ ਕਾਪੀ
ਹੁਣ ਮਾਂ
ਵਿਹੜੇ ਵਿਚ ਮੰਜੇ ‘ਤੇ ਬੈਠੀ
ਡੌਰ ਭੌਰ ਝਾਕਦੀ ਰਹਿੰਦੀ ਹੈ
ਸੁੰਨੇ ਦਰਵਾਜ਼ੇ ਵੱਲ
ਆਸ ਕਰਦੀ ਹੈ ਕਿ
ਉਸ ਦੀ ਕੋਈ ਧੀ
ਸਹੁਰਿਆਂ ਤੋਂ ਆਵੇ,
ਆ ਕੇ ਉਸ ਦੇ ਗਲ਼ ਨੂੰ ਲਿਪਟ ਜਾਵੇ
ਉਸ ਦੇ ਅੱਥਰੂ ਪੂੰਝੇ
ਤੇ ਉਸ ਦੇ ਜ਼ਖ਼ਮਾਂ ਤੇ
ਦਿਲਾਸੇ ਦੀ ਮਲ੍ਹਮ ਲਾਵੇ,
ਜਿਹਨਾਂ ਤੇ ਅਜੇ ਅੰਗੂਰ ਨਹੀਂ ਆਇਆ
ਪਰ ਨਹੀਂ…
ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ
ਭਾਵੁਕ ਨਹੀਂ ਹੋਣਾ
ਨਹੀਂ ਉਸ ਨੂੰ ਘੁੱਟ ਕੇ ਮਿਲਣਾ
ਨਹੀਂ ਉਸ ਦੇ ਗਲ਼ ਲੱਗ ਕੇ ਰੋਣਾ
ਨਹੀਂ ਕਰਨੀ
ਉਸ ਕਮਜ਼ੋਰ ਔਰਤ ਨਾਲ ਹਮਦਰਦੀ
ਜੋ ਆਪਣੇ ਸੁਪਨਿਆਂ ਨੂੰ
ਟੁੱਟਣੋਂ ਨਾ ਬਚਾ ਸਕੀ
ਜੋ ਆਪਣੀ ਜਵਾਨੀ ਨੂੰ
ਹੱਸ ਕੇ ਨਾ ਹੰਢਾ ਸਕੀ
ਜਿਸ ਦੀ ਲੰਮੀ ਗੁੱਤ
ਮੇਰੇ ਪਿਉ ਨੇ ਹਜ਼ਾਰ ਵਾਰ ਪੁੱਟੀ
ਜਿਸ ਦੀ ਹਰ ਸੱਧਰ
ਸੀਨੇ ਵਿਚ ਤੜੱਕ ਕਰ ਕੇ ਟੁੱਟੀ
ਜੋ ਗੋਰੀਆਂ ਗੱਲ੍ਹਾਂ ਦੇ ਨੀਲ
ਘੁੰਡ ਵਿਚ ਛੁਪਾਉਂਦੀ ਰਹੀ
ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ‘ਤੇ
ਸਦਾ ਪਰਦੇ ਪਾਉਂਦੀ ਰਹੀ
ਜਿਸ ਦੇ ਹੋਠਾਂ ‘ਤੇ
ਕਦੇ ਵੀ ਦਿਲ ਦੀ ਆਵਾਜ਼ ਨਾ ਆਈ
ਜਿਸ ਨੇ ਆਪਣੇ ਮਨ-ਪਸੰਦ ਗੀਤ ਦੀ
ਇਕ ਵੀ ਸਤਰ ਨਾ ਗਾਈ
ਨਹੀਂ…
ਮੈਂ ਭਾਵੁਕ ਨਹੀਂ ਹੋਣਾ
ਨਹੀਂ ਜਾਣਾ ਉਸ ਦੇ ਅੱਥਰੂ ਪੂੰਝਣ
ਮੈਨੂੰ ਕਾਇਰਤਾ ਨਾਲ
ਕੋਈ ਹਮਦਰਦੀ ਨਹੀਂ
ਪਰ ਸ਼ਾਇਦ…
ਮੈਂ ਆਪਣੀ ਮਾਂ ਦੀ
ਕਾਇਰਤਾ ਤੋਂ ਹੀ ਸਿੱਖਿਆ ਹੈ
ਕਿ ਕਾਇਰ ਹੋਣਾ ਗੁਨਾਹ ਹੈ…
ਗੁਨਾਹ ਹੈ:
ਆਪਣੀਆਂ ਹੁਸੀਨ ਸੱਧਰਾਂ
ਤੇ ਹੁਸੀਨ ਗੀਤਾਂ ਨੂੰ ਭੁੱਲ ਜਾਣਾ
ਮਹਿਜ਼ ਰੋਟੀ ਦੇ ਟੁਕੜਿਆਂ ਖ਼ਾਤਰ
ਹੀਰੇ ਜਿਹੀ ਜਿੰਦ ਦਾ ਤੁਲ ਜਾਣਾ
ਗੁਨਾਹ ਹੈ:
ਆਪਣੀ ਸੋਹਣੀ ਗੁੱਤ ਨੂੰ
ਪਿਆਰ-ਹੀਣ ਹੱਥਾਂ ਵਿਚ
ਬਿਖਰ ਜਾਣ ਦੇਣਾ
ਸੰਧੂਰ ਵਿਚ ਲਿੱਬੜੀ ਹੋਈ ਬਰਛੀ ਨੂੰ
ਸੀਨੇ ਵਿਚ ਉਤਰ ਜਾਣ ਦੇਣਾ
ਗੁਨਾਹ ਹੈ:
ਮੱਥੇ ‘ਤੇ ਲੱਗੀ ਬਿੰਦੀ ਦੇ
ਦਾਇਰੇ ਵਿਚ ਸਿਮਟ ਜਾਣਾ
ਸੂਹੀ ਫੁਲਕਾਰੀ ਵਿਚ
ਲਾਸ਼ ਬਣ ਕੇ ਲਿਪਟ ਜਾਣਾ
ਤੇ…
ਮੇਰੀਆਂ ਆਂਦਰਾਂ ‘ਚੋਂ
ਮਾਂ ਦਾ ਦੁੱਧ ਉਬਾਲੇ ਖਾਣ ਲਗਦਾ ਹੈ
ਮੈਂ ਤੁਰ ਪੈਂਦੀ ਹਾਂ
ਮਾਂ ਦੇ ਵਿਹੜੇ ਵੱਲ
ਕਲਾਵੇ ਵਿਚ ਲੈਂਦੀ ਹਾਂ
ਉਸ ਦੀ ਕੁਮਲਾ ਚੁੱਕੀ ਕਾਇਆ
ਪੂੰਝਦੀ ਹਾਂ
ਅੱਖਾਂ ਦੇ ਕੋਇਆਂ ‘ਚੋਂ
ਡਬ-ਡੁਬਾਉਂਦੇ ਹੰਝੂ
ਭਾਲਦੀ ਹਾਂ ਉਸ ਦੀ ਰੂਹ ‘ਚੋਂ
ਚਿਰਾਂ ਦੇ ਗੁਆਚੇ ਗੀਤ
ਤੇ ਲਿਖਦੀ ਹਾਂ
ਇਹਨਾਂ ਗੀਤਾਂ ਨੂੰ
ਨਵੇਂ ਸਿਰਿਓਂ
ਆਪਣੀ ਕਾਪੀ 'ਤੇ
ਇਹ ਪਿਆਰ ਨਾਲ ਸੁਲਗਦੇ ਹੋਏ
ਅੰਗਿਆਰਿਆਂ ਵਰਗੇ ਗੀਤ
ਆਪਣੇ ਪਿਉ ਦੇ
ਉਹਨਾਂ ਪਿਆਰ-ਹੀਣ ਹੱਥਾਂ ਵਿਚ
ਰੱਖਣੇ ਚਾਹੁੰਦੀ ਹਾਂ ਮੈਂ
ਜਿਹਨਾਂ ਨੇ ਖੋਹ ਲਈ ਸੀ
ਮੇਰੀ ਮਾਂ ਤੋਂ
ਗੀਤਾਂ ਵਾਲੀ ਕਾਪੀ।