ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ
ਜੁਗਨੀ ਚੰਡੀਗੜ ਰਹਿੰਦੇ ਸਰਦਾਰਾਂ ਦੀ
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..
ਇਹ ਜੁਗਨੀ ਆੜਤੀਆਂ ਦੀ
ਜੁਗਨੀ ਸੇਠਾਂ ਦੀ
ਠੰਡੇ ਬਾਹਰਲੇ ਦੇਸ਼ਾਂ ਦੀ
ਜਿਸ ਕੋਠੀ ਤੇ ਟੈਂਕੀ ਜਹਾਜ ਵਾਲੀ
ਉਸ ਕੋਠੀ ਦੇ ਬੰਦ ਪਏ ਗੇਟਾਂ ਦੀ
ਜੁਗਨੀ ਬਰਗਰਾਂ ਤੇ ਪੀਜੇਆਂ ਦੀ
ਜੁਗਨੀ ਸ਼ਹਿਰੀ ਸ਼ਾਹੂਕਾਰਾਂ ਦੀ
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..
ਜੁਗਨੀ ਵੱਡੇ ਘਰਾਂ ਦੇ ਕਾਕੇਆਂ ਦੀ
ਜਾਂ ਲੁਧਿਆਣੇ ਤੇ ਦਿੱਲੀ ਦੇਆਂ ਭਾਪੇਆਂ ਦੀ
ਨਾ ਇਹ ਕਰਜਈ ਕਿਸਾਨਾਂ ਦੀ
ਨਾ ਉਹ ਘਰਾਂ ਚ ਹੁੰਦੇ ਸਿਆਪਿਆਂ ਦੀ
ਇਹ ਨੂਡਲ ਸ਼ੇਕ ਤੇ ਕੌਫੀਆਂ ਦੀ
ਨਾ ਜੁਗਨੀ ਚਟਨੀ ਅਚਾਰਾਂ ਦੀ
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..
ਜੁਗਨੀ ਸੈਂਡੀ ਦੀ ਜੁਗਨੀ ਜੈਜੀ ਦੀ
ਨਾ ਬੇਬੇ ਦੀ ਨਾ ਬਾਪੂ ਦੀ
ਜੁਗਨੀ ਮੌਮ ਬਰੋ ਤੇ ਡੈਡੀ ਦੀ
ਇਹ ਅੰਗਰੇਜੀ ਸਕੂਲਾਂ ਵਿੱਚ ਪੜਦਿਆਂ ਦੀ
ਨਾ ਊੜੇ ਅਾੜੇ ਈੜੀ ਦੀ
ਇਹ ਮੁਟਿਆਰ ਕਾਰ ਚਲਾਉਂਦੀ ਦੀ
ਨਾ ਗੋਹਾ ਕੂੜਾ ਕਰਦੀ ਭੈੜੀ ਦੀ
ਇਹ ਜੁਗਨੀ ਕਨੇਡੀਅਨ ਨਾਰਾਂ ਦੀ
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..
ਇਹ ਜੁਗਨੀ ਪੰਜਾਬੋਂ ਭੱਜਿਆਂ ਦੀ
ਕਈ ਮਾੜੇ ਤੇ ਕਈ ਰੱਜਿਆਂ ਦੀ
ਨਾ ਜੁਗਨੀ ਸਪਰੇਹ ਚੜ ਮਰਿਆਂ ਦੀ
ਨਾ ਬੋਰ ਆਲੇ ਟੋਏ ਚ ਗਏ ਦੱਬਿਆਂ ਦੀ
ਨਾ ਇਹ ਟਰਾਂਸਫਾਰਮਰ ਚੜਿਆਂ ਦੀ
ਨਾ ਆਟੋਮੈਟਿਕ ਮੋਟਰ ਦੇ ਡੱਬਿਆਂ ਦੀ
ਇਹ ਜੁਗਨੀ ਸਟੂਡੈਂਟ ਸੈਂਟਰ ਦੀ
ਜੁਗਨੀ ਸ਼ੌਪਿੰਗ ਸਤਾਰਾਂ ਦੀ
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..
(ਸਤਿਕਾਰਯੋਗ) ਮਾਣਕ ਸਾਹਬ ਨਾ ਜੁਗਨੀ ਜਲਾਲ ਦੀ
ਨਾ ਪੱਛੜੇ ਹੋਏ ਨੈਣੇਵਾਲ ਦੀ
ਨਾ ਜੁਗਨੀ ਮੱਝਾਂ ਦੀ ਨਾ ਬਲਦਾਂ ਦੀ
ਨਾ ਖੇਤਾਂ ਦੀ ਨਾ ਖਾਲ ਦੀ
ਜੁਗਨੀ ਸ਼ਹਿਰੋਂ ਦਾਹੜੀ ਸੈੱਟ ਕਰਾਉਂਦੀ
ਲੰਬੂ ਦੇ ਮੁੰਡੇ ਦੇ ਨਾਲ ਦੀ
ਜੁਗਨੀ ਪੰਜਾਬੀ ਗੀਤਾਂ ਦੀ
ਮਿੱਸ ਪੂਜਾ ਜੁਹੇ ਕਲਾਕਾਰਾਂ ਦੀ
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..
1 thought on “ਜੁਗਨੀ”
Comments are closed.
Great post with lots of ipmortant stuff.