ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ।
ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ।
ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ ਇਕੇਰਾਂ,
ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ।
ਵਲਗਣ ਚ ਕੈਦ ਹੋਣਾ ਸਾਡੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ ਤੇ ਹੀ ਜਲਾਇਓ।
ਜੀਵਨ ਤੋਂ ਮੌਤ ਤਾਈਂ ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ।
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ।
- ਸੰਤ ਰਾਮ ਉਦਾਸੀ