੧
ਛੱਲਾ ਮਾਰਿਆ ਕੁਤੀ ਨੂੰ
ਛੋੜੀਂ ਵੈਨਾਂ ਏਂ ਸੁਤੀ ਨੂੰ,
ਚੁਮਸਾਂ ਯਾਰ ਦੀ ਜੁੱਤੀ ਨੂੰ,
ਸੁਣ ਮੇਰਾ ਚੰਨ ਵੇ,
ਕਲੀ ਛੋੜ ਨ ਵੰਝ ਵੇ ।
੨
ਛੱਲਾ ਉਤਲੇ ਪਾਂ ਦੂੰ
ਲਦੇ ਯਾਰ ਗੁਵਾਂਢੂੰ,
ਰੁਨੀਂ ਬਦਲੀ ਵਾਂਗੂੰ ।
ਸੁਣ ਮੇਰਾ ਮਾਹੀ ਵੇ,
ਛੱਲੇ ਧੂੜ ਜਮਾਈ ਵੇ ।
੩
ਛੱਲਾ ਬੇਰੀਂ, ਬੂਰ ਏ ।
ਵਤਨ ਯਾਰ ਦਾ ਦੂਰ ਏ ।
ਮਿਲਨਾ ਲਾ ਜ਼ਰੂਰ ਏ ।
ਸੁਣ ਅੱਲਾ ਦੇ ਨਾਂ ਤੇ ।
ਮੰਜੀ ਘਤੇਂ ਛਾਂ ਤੇ ।
੪
ਛੱਲਾ ਸਾਵੀਂ ਸੋਟੀ,
ਲੱਡੇ ਵੈਂਦੇ ਨੁ ਊਠੀਂ,
ਵਿਚ ਸਾਂਵਲ ਹੋਸੀ,
ਸੁਣ ਮੇਰਾ ਚੰਨ ਵੇ,
ਲੰਮੇ ਕੇਹੜਾ ਕੰਮ ਏ ।
੫
ਛੱਲਾ ਸਾਵੀਂ ਸੋਟੀ,
ਨੀਂਗਰ ਚੱਕੀ ਝੋਤੀ,
ਬੁੰਦਿਆਂ ਲਾਈ ਏ ਲੋਟੀ,
ਆ ਵੜ ਵੇਹੜੇ,
ਮੁਕ ਵੰਝਣ ਝੇੜੇ ।
੬
ਛੱਲਾ ਸਾਵੀਆਂ ਲਈਆਂ,
ਅਗਲੀਆਂ ਉਧਲ ਗਈਆਂ,
ਨਵੀਆਂ ਲੈਣੀਆਂ ਪਈਆਂ,
ਸੁਣ ਮੇਰਾ ਮਾਹੀ ਵੇ,
ਛੱਲੇ ਧੂੜ ਜ਼ਮਾਈ ਏ ।
੭
ਛੱਲਾ ਵੱਟ ਮਰੋੜ ਏ,
ਤੈਂਡੀ ਸਾਕੂੰ ਲੋੜ ਏ,
ਤੈਂਡਾ ਮੈਂਡਾ ਜੋੜ ਏ,
ਸੁਣ ਅਲਾਹ ਦੇ ਨਾਂ ਤੇ ।
ਵਿਸਰੇ ਨੇਂ ਹਾਂ ਤੇ ।
੮
ਛੱਲਾ ਮੇਰੇ ਹੱਥ ਦਾ,
ਪੁਤ ਮੇਰੀ ਸੱਸ ਦਾ,
ਭੇਤ ਵੀ ਨਹੀਂ ਦੱਸਦਾ,
ਹਾਇਓ ਮੇਰਿਆ ਛੱਲਿਆ,
ਦਾਣਾ ਪਾਣੀ ਰਲਿਆ ।
੯
ਛੱਲਾ ਨੌਂ ਨੌਂ ਨੀਲ ਏ,
ਜੇਹਲਮ ਵਿਚ ਤਹਿਸੀਲ ਏ,
ਮੈਂ ਜੇਹਲਮ ਵਿਚ ਰਹਾਵਾਂ,
ਹਾਇ ਓ ਮੇਰਿਆ ਛੱਲਿਆ,
ਦਿਲ ਮਾਹੀ ਨਾਲ ਰਲਿਆ ।
੧੦
ਛੱਲਾ ਪਿਆ ਬਨੇਰੇ;
ਮੁੜ ਮੁੜ ਪਾਨਾ ਏਂ ਫੇਰੇ,
ਵੱਸ ਨਹੀਂ ਕੁਝ ਮੇਰੇ,
ਵੱਸ ਮੇਰੀ ਮਾਂ ਦੇ,
ਘਲੇਗੀ ਤਾਂ ਜਾਵਾਂਗੇ,
ਹਾਇ ਓ ਮੇਰਿਆ ਛੱਲਿਆ,
ਦਾਣਾ ਪਾਣੀ ਰਲਿਆ ।
੧੧
ਛੱਲਾ ਪਿਆ ਲਿੱਦ ਤੇ,
ਸੌਂਕਣ ਪੈ ਗਈ ਜਿੱਦ ਤੇ,
ਲੱਤਾਂ ਮਾਰੇ ਢਿੱਡ ਤੇ,
ਹਾਇ ਓ ਮੇਰਿਆ ਛੱਲਿਆ,
ਦਿਲ ਮਾਹੀ ਨਾਲ ਰਲਿਆ ।
੧੨
ਛੱਲਾ ਪਿਆ ਜੂਹ ਤੇ,
ਮਾਹੀ ਮਿਲਿਆ ਖੂਹ ਤੇ,
ਗੱਲਾਂ ਕੀਤੀਆਂ ਮੂੰਹ ਤੇ,
ਸ਼ਾਬਾ ਮੇਰੇ ਛੱਲਿਆ,
ਦਾਣਾ ਪਾਣੀ ਰਲਿਆ ।
ਪੱਲਾ ਪੱਲਾ ਖਾਂਦਾ
ਖਤ ਕਿਉਂ ਨਾ ਪਾਂਦਾ ।
੧੩
ਛੱਲਾ ਛੱਲ ਛਲਾਈਦਾ,
ਢੋਲ ਮੇਰਾ ਕਠਵਾਈਦਾ ।
ਊਂਦਾ ਚਿੱਟਾ ਸ਼ਮਲਾ,
ਦਿਲ ਮੈਂਡਾ ਕਮਲਾ,
ਧਾੜ ਮੈਂਡੇ ਛਲਿਆ,
ਦਾਣਾ ਪਾਣੀ ਹਲਿਆ ।