Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

ਕਾਫ਼ੀਆਂ ਖ਼ਵਾਜਾ ਗ਼ੁਲਾਮ ਫ਼ਰੀਦ/Kafian-Khwaja Ghulam Farid

ਕਾਫ਼ੀਆਂ ਖ਼ਵਾਜਾ ਗ਼ੁਲਾਮ ਫ਼ਰੀਦ/Kafian-Khwaja Ghulam Farid
28th April 2018 11:49:57

1. ਆ ਚੁਣੋਂ ਰਲ ਯਾਰ

ਆ ਚੁਣੋਂ ਰਲ ਯਾਰ ।ਪੀਲੂੰ ਪੱਕੀਆਂ ਨੀ ਵੇ । ਕਈ ਬਗੜੀਆਂ, ਕਈ ਸਾਵੀਆਂ ਪੀਲੀਆਂ ।ਕਈ ਭੂਰੀਆਂ ਕਈ ਫਿਕੜੀਆਂ ਨੀਲੀਆਂ । ਕਈ ਊਦੀਆਂ ਗੁਲਨਾਰ ।ਕਟੋਈਆ ਰੱਤੀਆਂ ਨੀ ਵੇ । ਬਾਰ ਥਈ ਹੈ ਰਸ਼ਕ ਇਰਮ ਦੀ ।ਸੁੱਕ ਸੜ ਗਈ ਜੜ੍ਹ ਡੁੱਖ ਤੇ ਗ਼ਮ ਦੀ । ਹਰ ਜਾ ਬਾਗ਼ ਬਹਾਰ ।ਸਾਖਾਂ ਚੱਖੀਆਂ ਨੀ ਵੇ । ਪੀਲੂੰ ਡੇਲਿਆਂ ਦੀਆਂ ਗੁਲਜ਼ਾਰਾ ।ਕਹੀਂ ਗੁਲ ਟੋਰੀਆਂ ਕਹੀ ਸਰ ਖਾਰੀਆਂ । ਕਈ ਲਾ ਬੈਠੀਆਂ ਬਾਰ ।ਭਰ ਭਰ ਪੱਛੀਆਂ ਨੀ ਵੇ । ਜਾਲ ਜਲੋਟੀਂ ਥਈ ਆਬਾਦੀ ।ਪਲ ਪਲ ਖ਼ੁਸ਼ੀਆਂ ਦਮ ਦਮ ਸ਼ਾਦੀ । ਲੋਕੀ ਸਹੰਸ ਹਜ਼ਾਰ ।ਕੁਲ ਨੇ ਪੱਖੀਆਂ ਨੀ ਵੇ । ਹੂਰਾਂ ਪਰੀਆਂ ਟੋਲੇ ਟੋਲੇ ।ਹੁਸਨ ਦੀਆਂ ਹੀਲਾਂ ਬਿਰਹੋਂ ਦੇ ਝੋਲੇ । ਰਾਤੀਂ ਠੰਡੀਆਂ ਠਾਰ ।ਗੋਇਲੀਂ ਤੱਤੀਆਂ ਨੀ ਵੇ । ਰਖਦੇ ਨਾਜ਼ ਹੁਸਨ ਪਰਵਰ ਵੇ ।ਅਥਰੂ ਤੇਗ਼ ਤੇ ਤੀਰ ਨਜ਼ਰ ਦੇ । ਤੇਜ਼ ਤਿੱਖੇ ਹਥਿਆਰ ।ਦਿਲੀਆਂ ਫਟੀਆਂ ਨੀ ਵੇ । ਕਈ ਡੇਵਨ ਅੱਨ ਨਾਲ ਬਰਾਬਰ ।ਕਈ ਘਿਨ ਆਵਨ ਡੇਢੇ ਕਰ ਕਰ । ਕਈ ਵੇਚਨ ਬਾਜ਼ਾਰ ।ਤੁਲੀਆਂ ਤੱਕੀਆਂ ਨੀ ਵੇ । ਕਈ ਧੁੱਪ ਵਿੱਚ ਵੀ ਚੁਣਦੀਆਂ ਰਹਿੰਦੀਆਂ ।ਕਈ ਘਿਨ ਛਾਨ ਛੰਵੇਰੇ ਬਹਿੰਦੀਆਂ । ਕਈ ਚੁਣ ਚੁਣ ਪਈਆਂ ਹਾਰ ।ਹੁੱਟੀਆਂ ਥਕੀਆਂ ਨੀ ਵੇ । ਏਡੋਂ ਇਸ਼ਵੇ ਗਮਜ਼ੇ ਨਖ਼ਰੇ ।ਓਡੂੰ ਯਾਰ ਖਰਾਇਤੀ ਬਕਰੇ । ਕੁੱਸਣ ਕਾਣ ਤਿਆਰ ।ਰਾਂਦਾਂ ਰੱਸੀਆਂ ਨੀ ਵੇ । ਪੀਲੂੰ ਚੁਣਦੀਂ ਬੋਛਣ ਲੀਰਾਂ ।ਚੋਲਾ ਵੀ ਥੀਆ ਲੀਰ ਕਤੀਰਾਂ । ਗਿਲੜੇ ਕਰਨ ਪਚਾਂਰ ।ਸੰਗੀਆਂ ਸਕੀਆਂ ਨੀ ਵੇ । ਆਈਆਂ ਪੀਲੂੰ ਚੁਣਨ ਦੇ ਸਾਂਗੇ ।ਓੜਕ ਥਈਆਂ ਫਰੀਦਣ ਵਾਂਗੇ । ਛੋੜ ਆਰਾਮ ਕਰਾਰ ।ਹਕੀਆਂ ਬਕੀਆਂ ਨੀ ਵੇ ।

2. ਆਹਨ ਅਲੰਦਰ ਰੋਜ਼ ਸ਼ਬ

ਆਹਨ ਅਲੰਦਰ ਰੋਜ਼ ਸ਼ਬ ।ਪਹੁੰਜੀ ਖੁਦੀ ਮੇਂ ਖੁਦ ਗ਼ਰਕ । ਹਾਲਤ ਨ ਸੌਮ (ਸੰਲਵਾਂਤ) ਸਲੂਤ ਦੀ ।ਖਵਾਹਸ਼ ਨ ਹਜ ਜ਼ਕਵਾਤ ਦੀ । ਚਾਹਤ ਨਾ ਜ਼ਾਤ ਸਿਫਾਤ ਦੀ ।ਹਿਕ ਸ਼ਾਨ ਵਹਦਤ ਜੀ ਮਰਕ । ਨਾ ਤਲਬ ਮੁਲਕ ਤੇ ਮਾਲ ਦੀ ।ਨਾ ਗਰਜ਼ ਜਾਹਵ ਜਲਾਲ ਦੀ । ਮਸਤੀ ਖੁਦਾਈ ਖਿਆਲ ਦੀ ।ਪ੍ਹੌਨੀਂ ਨ ਆਦਮ ਜਏ ਤੇ ਤਕ । ਤੂਣੇ ਜੋ ਦਰਿਆ ਨੋਸ਼ ਹਨ ।ਪੁਰ ਜੋਸ਼ ਥੀ ਖਾਮੋਸ਼ ਹਨ । ਇਸਰਾਰ ਦੇ ਸਰਪੋਸ਼ ਹਨ ।ਸਾਮਿਤ ਰਹਿਨ ਮਾਰਨ ਨ ਬਕ । ਆਸ਼ਕ ਅਤੇ ਮਾਸ਼ੂਕ ਹਿਨ ।ਸਾਬਕ ਅਤੇ ਮਸਬੂਕ ਹਿਨ । ਖੁਦ ਦੁਰ ਅਤੇ ਸੰਦੂਕ ਹਿਨ ।ਹਰ ਤੌਰ ਵਿਚ ਰਹਿੰਦੇ ਓਛਕ । ਮਸਕੀਨ ਅਤੇ ਮਜਲੂਮ ਹਿਨ ।ਮਹਜ਼ੂਨ ਅਤੇ ਮਗ਼ਮੂਮ ਹਿਨ । ਹਰ ਵਕਤ ਕਲਖ਼ਾਦੂਮ ਹਿਨ ।ਰਖਦੇ ਨ ਦਿਲ ਵਿਚ ਕਈ ਉਮਕ । ਜੋ ਕੁਛ ਹੈ ਜ਼ਾਹਰ ਬਰਮਲਾ ।ਜਾਨੜਾਂ ਮੈਂ ਕਿਵੇਂ ਮਾ ਸਿਵਾਂ । ਮੁਰਸ਼ਦ ਮਹਕੱਕ ਵਜ ਵਜਾ ।ਹਮਾ ਓਸਤ ਦਾ ਡਿਤਰਾ ਸਾਬਕ । ਏਹੋ ਫਿਕਰ ਹੈ ਏਹਾ ਗਾਲ੍ਹ ਹੈ ।ਏਹੋ ਵਜਦ ਹੈ ਏਹੋ ਹਾਲ ਹੈ । ਏਹੋ ਜ਼ੌਕ ਦਮਦਮ ਨਾਲ ਹੈ ।ਏਹੋ ਸਚ ਹੈ ਬਿਆ ਸਭ ਹੈ ਨਰਕ । ਬਠ ਵਹਮ ਖਤਰੇ ਦੀ ਅਦਾ ।ਡੂਝਾ ਨੋਹੀ ਹੈ ਹਿਕ ਖੁਦਾ । ਅੰਦਰ ਤੇ ਬਾਹਰ ਹੈ ਸਦਾ ।ਮੌਜੂਦ ਹਕ ਮੌਜੂਦ ਹਕ । ਤੌਂ ਬਿਨ ਫਕਤ ਬਿਆ ਕੋ ਨਹੀਂ ।ਮੰਢੂੰ ਗੈਰ ਕੀ ਅਥ ਬੋਹੀਂ । ਹੈ ਹਿਕ ਸਦਾ ਅਤੇ ਡੋਹੀਂ ।ਹਿਕ ਨਾਲ ਥੀ ਹਿਕ ਸਟ ਫਰਕ । ਅਪਣੀ ਹਕੀਕਤ ਗੋਲ ।ਬੇਕੂੰ ਨ ਅਸਲੋਂ ਫੋਲ ਤੂੰ । ਰਖ ਅਸਾਡਾ ਬੋਲ ਤੂੰ ।ਆਈਂ ਨ ਹਕ ਹੈ ਮਹਜ ਪਕ । ਪੀਕਰ ਫਰੀਦੀ ਜਾਮ ਤੂੰ ।ਥੀ ਰਿੰਦ ਮਸਤ ਮਦਾਸ ਤੂੰ । ਡੇਹੋਂ ਡੋਂਹ ਵਧਾ ਰਖ ਗਾਮ ਤੂੰ ।ਵਾਹ ਵਾਹ ਕਰੇ ਸਾਰੀ ਖਲਕ ।

3. ਆ ਮਿਲ ਅੱਜਕਲ ਸੋਹਣਾਂ ਸਾਈਂ

ਆ ਮਿਲ ਅੱਜਕਲ ਸੋਹਣਾਂ ਸਾਈਂ ।ਨਾ ਤਾਂ ਮੁਫ਼ਤੀ ਖੂਨ ਥੀਸਾਈਂ । ਤੌਂ ਬਿਨ ਮੂਲ ਨ ਸਹਿੰਦੀਆਂ ਵਾਹੀਂ ।ਸੁਣ ਦਿਲ ਨਾਲ ਤਾਂ ਗਾਲ੍ਹ ਅਖਾਈਂ । ਪਰਭਤ ਧਾਰਾਂ ਰੋਹ ਘਨੇੜੇ ।ਜਥ ਲਾਂਘੇ ਜਥ ਥੀਵਮ ਵਹੀਰੇ । ਬੇਸ਼ਕ ਦਰਦਮੰਦਾਂ ਦੇ ਦੇਰੇ ।ਜਥ ਥਲੜਾ ਜਥ ਸੁੰਜੜੀਆਂ ਜਾਂਹੀਂ । ਹਿਕ ਪਲ ਐਸ਼ ਨ ਪਾਇਮ ਘਰ ਵਿੱਚ ।ਗੁਜ਼ਰੀ ਸਾਰੀ ਉਮਰ ਸਫ਼ਰ ਵਿੱਚ । ਪੌਂਦੇ ਸੌ ਸੌ ਪੋਰ ਅੰਦਰ ਵਿੱਚ ।ਯਾਰੱਬ ਯਾਰ ਦੇ ਦੇਸ ਵਸਾਈਂ । ਜਾਂ ਡੇਖਾਂ ਝੱੜ ਮੀਂਹ ਕਿਣ ਮਿਣ ਕੂੰ ।ਰੋਵਾਂ ਕਰ ਕਰ ਯਾਦ ਸੱਜਨ ਕੂੰ । ਅੱਖੀਆਂ ਬਲਕਨ ਮੂੰਹ ਡੇਖਨ ਕੂੰ ।ਗਲ ਲਾਂਵਣ ਕੂੰ ਥਪਕਨ ਬਾਹੀਂ । ਵਾਟ ਨਿਹਾਰਾਂ ਕਾਂਗ ਉਡਾਰਾਂ ।ਪੰਡਤ ਜੋਸੀ ਦੇ ਕਨ ਖਾਵਾਂ । ਸੌ ਪੁੰਜ ਹਾਰਾਂ ਫਾਲਾਂ ਪਾਵਾਂ ।ਅਉਸੀ ਮੈਡਾ ਯਾਰ ਕਡਾਹੀਂ । ਮੈਂ ਬਦਨਾਂ ਕਹੀਂ ਭੀਮ ਭਰਮ ਦਾ ।ਤੂੰਹੀ ਸਾਹਿਬ ਲਾਜ ਸ਼ਰਮ ਦਾ । ਜ਼ੋਰ ਫ਼ਰੀਦ ਕੂੰ ਤੈਡੜੇ ਦਮ ਦਾ ।ਲਗੜੀ ਸਾਵਲ ਤੋੜ ਨਿਭਾਈਂ ।

4. ਆ ਮਿਲ ਮਾਹੀ ਮੈਂ ਮਾਂਦੀ ਹਾਂ

ਆ ਮਿਲ ਮਾਹੀ ਮੈਂ ਮਾਂਦੀ ਹਾਂ ।ਬੇ ਵੱਸ ਬਿਰਹੋਂ ਦੀ ਬਾਂਦੀ ਹਾਂ । ਇਸ਼ਕ ਅਵੈੜੇ ਦੁਸ਼ਮਨ ਵੇੜੇ ।ਸੱਸ ਨਨਾਣਾਂ ਕਰਿਮ ਬਖੇੜੇ । ਅਮੜੀ ਜੁੜ ਜੁੜ ਲਾਵਮ ਝੇੜੇ ।ਬਾਬਲੀ ਵੀਰ ਨ ਭਾਦੀ ਹਾਂ । ਖੇੜੇ ਭੈੜੇ ਸਖ਼ਤ ਸਤਾਵਿਨ ।ਨੇੜੇ ਵੱਸਦੇ ਮਾਰਣ ਆਵਨ । ਸੰਗੀਆਂ ਸੁਰਤੀਆਂ ਤੁਹਮਤ ਲਾਵਨ ।ਕਲ੍ਹੜੀ ਪਈ ਕੁਰਲਾਂਦੀ ਹਾਂ । ਸੇਝ ਸੜੇਂਦੀ ਲੰਬੇ ਲੇਂਦੀ ।ਗਾਨੇ ਗਹਿਨੇ ਫਲ ਨ ਪੇਂਦੀ । ਤੂਲ ਤਲੇਂਦੀ ਚੂੜ ਜਲੇਂਦੀ ।ਰੋਂਦੀ ਤੇ ਗ਼ਮ ਖਾਂਦੀ ਹਾਂ । ਡੁੱਖੜੇ ਪਾਂਵਾਂ ਨੇਂਹ ਨਿਭਾਵਾਂ ।ਤੌਂ ਬਿਨ ਕੇਨੂੰ ਕੂਕ ਸੁਨਾਵਾਂ । ਤੱਪਦੀਂ ਖਪਦੀਂ ਵਕਤ ਵੰਜਾਵਾਂ ।ਵਲ ਵਲ ਝੋਕਾਂ ਜਾਂਦੀ ਹਾਂ । ਮੂਲਾ ਝੋਕਾਂ ਫੇਰ ਵਸੇਸੀ ।ਸਾਰਾ ਰੋਗ ਅੰਦਰ ਦਾ ਵੇਸੀ । ਯਾਰ ਫ਼ਰੀਦ ਅੰਗਨ ਪੌਂ ਪੇਸੀ ।ਡੇਸਮ ਬਾਂਹ ਸਿਰਾਂਦੀਆਂ ।

5. ਆ ਮਿਲ ਮਾਰੂ ਮਾੜਰੋ

ਆ ਮਿਲ ਮਾਰੂ ਮਾੜਰੋ ।ਥਲ ਵਿੱਚ ਕਰਦੀਆਂ ਧਾਹਾਂ । ਮਾਰਾ ਹਕਲਾਂ ਕੂਕੜੀਆਂ ।ਕਰ ਕਰ ਲੰਬੜੀਆਂ ਬਾਹਾਂ । ਭੁਲ ਗਈਆਂ ਰਸਮਾਂ ਰੀਤੜੀਆਂ ।ਜੈਂਹ ਡੇਂਹ ਲਗੜੀਆਂ ਪੀਤਾਂ । ਬੱਠ ਪਏ ਖਵੇਸ਼ ਕਬੀਲੜੇ ।ਪਰ ਹਿਕ ਤੈਨੂੰ ਚਾਹਾਂ । ਕਿਵੇਂ ਜੀਵੇ ਜਾਲੜੇ ।ਸੁੰਜੜੀ ਹੀਰ ਸਲੇਟੀ । ਰਾਂਝਨ ਤਖ਼ਤ ਹਜ਼ਾਰੜੇ ।ਸੁਕੀਆਂ ਲਾਈਆਂ ਕਾਹਾਂ । ਮਾ ਪਿਉ ਵੀਰ ਵਸਾਰਿਉਮ ।ਰਾਵਲ ਡਿਤੜਮ ਰੁਲਾ । ਪਾਵਾਂ ਲੀਰੇ ਮੈਲੜੇ ।ਚਲੀ ਚੁਨੜੀ ਲਾਹਾਂ । ਜਾਹੀ ਚਟ ਫ਼ਰੀਦ ਨੂੰ ।ਲਾਇਓ ਲਾਡ ਖਲਾਇਓ । ਮੂਲ ਨ ਵਿਸਰਮ ਰੈਡਰੀਆਂ ।ਸਾਂਵਲ ਨਾਜ਼ ਨਿਗਾਹਾਂ ।

6. ਆ ਪਹੁੰਤਮ ਜੈਂਦੀ ਮੱਕੇ

ਆ ਪਹੁੰਤਮ ਜੈਂਦੀ ਮੱਕੇ ।ਏਂਹੀ ਸ਼ਹਿਰ ਮੁਬਾਰਕ ਬੱਕੇ । ਵਾਹ ਦੇਸ ਅਰਬ ਦਆਿਂ ਚਾਲੀਂ ।ਖੁਸ਼ ਤਰਹੇਂ ਖ਼ੂਬ ਖ਼ਸਾਲੀਂ । ਗਈਆਂ ਵਿੱਸਰ ਵਤਨ ਦੀਆਂ ਗਾਲ੍ਹੀਂ ।ਕਿਆ ਖਵੇਸ਼ ਕਬੀਲੇ ਸਕੇ । ਹੈ ਲੱਜ਼ਤ ਵਾਧੂ ਵਾਧੀ ।ਹੈ ਹਰ ਦਮ ਡੋੜੀ ਸ਼ਾਦੀ । ਹਰ ਵੇਲੇ ਤਾਂਘ ਜ਼ਿਆਦੀ ।ਕਈ ਹਾਰੇ ਤੇ ਕਈ ਥੱਕੇ । ਹਿਨ ਪੱਥਰ ਸੇਝ ਫੁਲਾਂ ਦੀ ।ਹੈ ਧੂੜੀ ਤੂਲ ਗੁਲਾਂ ਦੀ । ਸ਼ਬ ਬਾਦ ਸਬਾ ਮਨ ਭਾਂਦੀ ।ਤਾ ਸੁਬਹ ਝਲੇਂਦੀ ਪੱਖੇ । ਅਮਗੂਰ ਹਜ਼ਾਰ ਮਤੀਰਨ ।ਖ਼ਰਬੂਜ਼ੇ ਪਿੰਡ ਕਸੀਰਨ । ਰੁਮਾਨ ਸ਼ਗੀਰ ਕਬੀਰਨ ।ਚੁਣ ਦਾਣੇ ਮਾਰੂੰ ਫੱਕੇ । ਹੈ ਮੁਲਕ ਮਕੱਦਸ ਨੂਰੀ ।ਹੈ ਜੱਨਤ ਹੂਰ ਕਸੂਰੀ । ਬਿਨ ਆਸ਼ਕ ਪਾਕ ਹਜ਼ੂਰੀ ।ਪਿਆ ਕੌਨ ਕਦਮ ਇਥੈ ਰਖੇ । ਵੰਜ ਡਿਠਮ ਮਦੀਨਾ ਆਲੀ ।ਜੱਥ ਕੋਨੋ ਮਕਾਨ ਦਾ ਵਾਲੀ । ਹੈ ਧਰਤੀ ਐਬੋਂ ਖ਼ਾਲੀ ।ਪਿਆ ਨੂਰ ਰਸਾਲਤ ਛੱਕੇ । ਕਿਉਂ ਵਿਸਰਨ ਯਾਰ ਦੇ ਦੇਰੇ ।ਥੀਆ ਅੱਖੀਆਂ ਰੋ ਰੋ ਬੇਰੇ । ਦਮ ਜੈਂਦੀਂ ਕਰਸੂੰ ਫੇਰੇ ।ਯਾ ਲੁਦ ਬਹਿਸੂੰ ਆ ਪੱਕੇ । ਤੋੜੇ ਲਗਦੇ ਧਿਕੇ ਧੱਕੇ ।ਆਖ ਵਲ ਵਲ ਯਾਰ ਡੂੰ ਤੱਕੇ । ਤਨ ਆਗ ਮੁਹਬਤ ਬਖੇ ।ਦਿਲ ਦਰਦੋਂ ਲਜ਼ਤ ਚੱਖੇ । ਹੈ ਸਖ਼ਤ ਸ਼ਦੀਦ ਆਜ਼ਾਂਰੀ ।ਕਰੇ ਕੌਨ ਫ਼ਰੀਦ ਦੀ ਕਾਰੀ । ਥਏ ਭੁਨਲੇ ਨਾਲੇ ਜਾਰੀ ।ਦਿਲ ਸੋਜ਼ੋਂ ਭੁੱਜ ਭੁੱਜ ਪੱਕੇ ।

7. ਆਪੇ ਬਾਰ ਮੁਹਬਤ ਚਾਇਮ ੜੀ

ਆਪੇ ਬਾਰ ਮੁਹਬਤ ਚਾਇਮ ੜੀ ।ਵੰਜ ਆਪ ਕੂੰ ਆਪ ਅਵਾਇਮ ੜੀ । ਸਬ ਡੁੱਖਾਂ ਸੂਲਾਂ ਦੀ ਤਾਤ ਮਿਲਿਮ ।ਗ਼ਮ ਦਰਦ, ਅੰਦੋਹ, ਬਰਾਤ ਮਿਲਿਮ । ਭੈੜੇ ਡੁੱਖੜੀਂ ਮਾਰ ਮੁੰਝਾਇਮ ੜੀ । ਸੋਹਣਾ ਹੋਤ ਪੁੱਨਲ ਛੱਡ ਕੇਚ ਗਿਆ ।ਗਲ ਸੋਜ਼ ਫ਼ਰਾਕ ਦਾ ਪੇਚ ਪਿਆ । ਜੋ ਲਿਖਿਆ ਪੱਲੜੇ ਪਾਇਮ ੜੀ । ਡੁੱਖਾਂ ਥਲ ਮਾਰੂ ਆ ਪੇਸ਼ ਗਿਆ ।ਦਿਲ ਜਾਨ ਜਿਗਰ ਤਨ ਰੀਸ਼ ਗਿਆ । ਤੱਤੀ ਇਸ਼ਕ ਅਵੱਲੜਾ ਲਾਇਮ । ਮੁੰਹਜਾ ਯਾਰ ਪੁੱਨਲ ਛੱਡ ਕੇਚ ਰੁੱਠਾ ।ਸਰ ਜੁਲਮੀਂ ਨੇਂਹ ਜੋ ਮੀਹ ਵੁੱਠਾ । ਰੱਬ ਏੜ੍ਹੇ ਬਾਰ ਸੁਹਾਇਮ ੜੀ । ਹਿਕ ਵਾਰ ਫ਼ਰੀਦ ਨੂੰ ਯਾਰ ਮਿਲੇ ।ਸਿਰੋ ਪੰਡ ਹਿਜਰ ਦਾ ਬਾਰ ਟਲੇ । ਜੈਂਦੇ ਕਾਰਨ ਉੱਮਰ ਗੰਵਾਇਮ ੜੀ ।

8. ਆਪੇ ਕੀਤੋਈ ਯਾਰ ਵੇ

ਆਪੇ ਕੀਤੋਈ ਯਾਰ ਵੇ ।ਕਿਉਂ ਥੀ ਖੜਿਉਂ ਅਵਾਜ਼ਾਰ ਵੇ । ਐਵੇਂ ਨ ਹਾ ਲਾਇਕ ਪੁੱਨਲ ।ਕਲ੍ਹੜੀ ਦ ਿਵਲ ਲਧੜੋ ਨ ਕਲ । ਵੰਜ ਕੇਚ ਲਾਇਓ ਐਸ਼ ਗਲ ।ਮੈ ਗਲ ਮੋਈ ਵਿੱਚ ਬਾਰ ਵੇ । ਦਿਲੜੋਂ ਨ ਸੁੰਜੜੀ ਕੂੰ ਚਹੀਂ ।ਸਰਮੋਂ ਕੁਸ਼ਰਮੋਂ ਆ ਬਹੀਂ । ਸ਼ਾਲਾ ਸਦਾ ਤੂੰ ਖੁਸ਼ ਰਹੀਂ ।ਅਸਲੋਂ ਨਹੀਂ ਏ ਕਾਰ ਵੇ । ਜੁੜ ਜੁੜ ਲਗੀ ਆ ਸਾਂਵਣੀ ।ਮੁਦ ਮਸਤ ਮੀਂਹ ਵਸਾਵਣੀ । ਮੌਸਮ ਸੁਹਾਗ ਸੁਹਾਵਣੀ ।ਮੈਂ ਸਿਰ ਡੋਹਾਗ ਦਾ ਬਾਰ ਵੇ । ਗਈ ਮੁਫ਼ਤ ਚੇਤਰ ਬਹਾਰ ਵੀ ।ਸੁਰਖ਼ੀ ਤੇ ਕੱਜਲਾ ਧਾਰ ਵੀ । ਮਹਿੰਦੀ ਤੇ ਹਾਰ ਸ਼ਿੰਗਾਰ ਵੀ ।ਕਰ ਯਾਦ ਕੌਲ ਕਰਾਰ ਵੇ । ਮਾ ਪਿਉ ਤੱਤੀ ਤੋਂ ਦੂਰ ਹੈ ।ਡੁੱਖ ਦਰਦ ਕਹਿਰ ਕਲੂਰ ਹੈ । ਸਾਂਵਲ ਸਭੋ ਮਨਜ਼ੂਰ ਹੈ ।ਹਿੱਕ ਤੂੰ ਨ ਥੀ ਬੇਜ਼ਾਰ ਵੇ । ਆਈਆਂ ਰੁੱਤਾਂ ਮਨ ਭਾਵਣੀਆਂ ।ਲਾਲੀਆਂ ਲਿਵਨ ਤੇ ਕਾਵਣੀਆਂ । ਵਲ ਤਾਂਘ ਚਾਵੇ ਚਾਵਣੀਆਂ ।ਵਲ ਰਸ ਵਸੂੰ ਹਿੱਕ ਵਾਰ ਵੇ । ਗਿਉਂ ਰੋਲ ਮਿੱਠੜਾ ਢੋਲ ਵੇ ।ਸਾਰੇ ਭੁਲੇ ਟਕ ਟੋਲ ਵੇ । ਵਿਸਰੇ ਅਲੌਲ ਮਖੌਲ ਵੇ ।ਡੁੱਖ ਸੂਲ ਨਾਸੀਂ ਤਾਰ ਵੇ । ਦਿਲ ਸ਼ੀਂਹ ਨੇਹ ਦੇ ਵਾਤ ਹੈ ।ਹੇਯਾਤ ਡੇਹਾਂ ਰਾਤ ਹੈ । ਏ ਮੂੰਹ ਨ ਮਾਂਦੀ ਬਾਤ ਹੈ ।ਦਿਲ ਹਿਕ ਲੱਖ ਆਜ਼ਾਰ ਵੇ । ਕਿਸਮਤ ਪੁੱਠੀ ਦੀਆਂ ਗਾਲੀਆਂ ।ਮਾਰੂ ਨ ਪੀਤਾਂ ਪਾਲੀਆਂ । ਡੇ ਗਿਉਮ ਮੁਲਕ ਨਕਾਲੀਆਂ ।ਘਰ ਬਾਰ ਬਰ, ਘਰ ਬਾਰ ਵੇ । ਡੁੱਖ ਪਿਆ ਪਟੀ ਦੇ ਪੇਸ਼ ਹੈ ।ਗ਼ਮ ਸੁਬਹ ਸ਼ਾਮ ਹਮੇਸ਼ ਹੈ । ਦਿਲ ਜ਼ਖਮ ਜ਼ਖਮੀ ਰੀਸ਼ ਹੈ ।ਤੌਂ ਬਿਨ ਥਵਿਮ ਲਾਚਾਰ ਵੇ । ਬਾਬਲ ਦੀ ਸ਼ਫਕਤ ਖੁੱਟ ਗਈ ।ਮਾਂ ਮਾਰ ਮਾਰ ਕੇ ਹੁੱਟ ਗਈ । ਭੈਣੀਂ ਦੀ ਸੰਗਤ ਤਰੁੱਟ ਗਈ ।ਵੀਰਣ ਦਾ ਨਿੱਤ ਤੱਕਰਾਰ ਵੇ । ਜੇ ਤਈਂ ਨ ਡੇਖ਼ਾਂ ਵਲ ਤੈਂਕੂੰ ।ਅਸਲੋਂ ਨ ਟਿੱਕ ਰਹਿਸਾਂ ਮੁੰਢੋ । ਰਖਸੇਂ ਜੇ ਇਤਨੀ ਤਾਂਘ ਤੂੰ ।ਹੁਣ ਪਾਰ ਨੀਲਾ ਪਾਰ ਵੇ । ਹੁਣ ਹਟ ਦੀ ਕੂੜੀ ਚਜ ਗਈ ।ਨੇੜੇ ਕਨੂੰ ਦਿਲ ਰੱਜ ਗਈ । ਡੁਖੜੀਂ ਤੋਂ ਦਿੱਲੜੀ ਭੱਜ ਗਈ ।ਬਸ ਯਾਰ ਗਿਉ ਸੇ ਹਾਰ ਵੇ । ਆ ਆਪ ਕੀਤੋ ਪਿਆਰ ਵੇ ।ਚਾ ਸਿਰ ਤੇ ਡੋਹ ਹਜ਼ਾਰ ਵੇ । ਗਲੜੇ, ਪਚਾਰ, ਵਯਾਰ ਵੇ ।ਠਹਿੰਦੀ ਨਹੀਂ ਹੁਣ ਆਰ ਵੇ । ਸੁੱਤੜੀ ਕੁੰ ਕਲ੍ਹੜਾ ਛੋੜ ਗਿਉਂ ।ਵਾਗਾਂ ਵਤਨ ਤੇ ਮੋੜ ਗਿਉਂ । ਸੁੰਜ ਬਰ ਦੀ ਛਲ ਵਿੱਚ ਬੋੜ ਗਿਉਂ ।ਲੁੱਟ ਧਾੜ ਜ਼ੁਲਮ ਅੰਧਾਰ ਵੇ । ਹੈਂ ਜ਼ੁਲਮ ਤੋ ਕਰ ਬਸ ਕੈਡੀਂ ।ਰਲੜੇ ਫ਼ਰੀਦ ਦੇ ਵੱਸ ਕਡੀਂ । ਵੱਸ ਰੱਸ ਅਤੇ ਖਿਲ ਹੱਸ ਕਡੀਂ ।ਜੀਵਣ ਦੇ ਡੇਂਹ ਹਿਨ ਚਾਰ ਵੇ ।

9. ਆਵਣ ਦੀ ਕਰ ਕਈ ਸਾਂਵਲ

ਆਵਣ ਦੀ ਕਰ ਕਈ ਸਾਂਵਲ ।ਮੁਫਤ ਨ ਜਾਨੋਮ ਜੋਭਨ ਢਲ । ਸਾਂਵਣ ਵਕਤ ਸੁਹਾਚ ਦੇ ।ਰਿਮ ਝਿਮ ਬਰਸਨ ਬਾਦਲ । ਬਠ ਪਏ ਹਿਜਰ ਦੇ ਡੇਂਰੜੇ ।ਉਮਰ ਗੁਜਾਰੂੰ ਰਲ ਰਲ । ਨਾਹੀਂ ਪੀਤ ਲਜਾਵਣੀ ।ਆਂਵੀ ਰਾਣਾ ਅਜ ਕਲ । ਪਰਸੋਂ ਤਰਸੋਂ ਮਰ ਸੁਤੀ ।ਵਲ ਕਿਥ ਲਭਸਿਆ ਮੋਮਲ । ਯਾਰ ਲਡ ਆਵੀਂ ਆਵਸੀਂ ।ਬਠ ਘਤ ਰਾਜਰ ਦਾ ਥਲ । ਘੋਲਾਂ ਰਾਜ ਖਰਾਜ ਨੂੰ ।ਵਾਰਾਂ ਸਾਧਾਂ ਸੋਮਲ । ਜੀ ਕੂੰ ਚਾਹ ਮਿਲਾਪ ਦੀ ।ਦਿਲ ਕੂੰ ਤਾਂਘ ਉਤਾਵਲ । ਨੈਣ ਸਿਕੇਤੇ ਦਰਸ ਦੇ ।ਲਾਵਣ ਸਖਤ ਉਬਾਹਲ । ਮਾਰੂ ਅਖੀਆਂ ਜਾਡਰੂ ।ਨਾਜ਼ ਵ ਚਾਲੀਂ ਚੰਚਲ । ਸ਼ੋਖ ਨਿਗਾਹ ਮਰੇਲੜੀ ।ਜ਼ੁਲਮੀ ਜ਼ੁਲਫ ਵਲੋ ਵਲ । ਕਰਕ ਨ ਪਾਪਨ ਕੁੰਜੜੀ ।ਡਾਲ ਨ ਹਾਂ ਕੂੰ ਪਲ ਪਲ । ਕੋਇਲ ਸਾੜ ਪਜਾਲਿਆ ।ਕਰ ਕਰ ਕੂਕਾਂ ਵਲ ਵਲ । ਵਾਹ ਵਾਹ ਯਾਰ ਦੀ ਯਾਰੀ ।ਭਲ ਭਲ ਬਿਰਹੋਂ ਦੀ ਅਲਭਲ । ਜੀੜਾ ਬੇਕਲ ਅਖੜੀਆਂ ।ਬਲ ਬਲ ਦਿਲੜੀ ਹਰਮਲ । ਨੇਂਹ ਨਿਭਾਇਆ ਖੋਟੜਾ ।ਨਜਰੇਮ ਸੌਖਾ ਅਵਲ । ਆਖਰ ਓੜਕ ਥਕੜੀ ।ਮਹਜ ਮੁਇਮਾ ਲਾ ਹਲ । ਮਾਰੂ ਥਲ ਦੇ ਪੈਂਡੜੇ ।ਪੇਚ ਕੁਲਲੜੇ ਵਲ ਛਲ । ਥਕ ਥਕ ਹੁਟ ਹੁਟ ਹਾਰੜੀ ।ਹਥੜੀਂ ਪੈਰੜੀਂ ਕੜਵਲ । ਕਹਥੜੇ ਕਹਥੜੇ ਪਰੀਤ ਦੇ ।ਸਾਡੇ ਡੋਰੇ ਮਲ ਮਲ । ਊਨੀ ਲੋਈ ਲਾਜ ਦੀ ।ਅਤਲਸ ਮਸ਼ਰੂ ਮਖਮਲ । ਤੌਂ ਬਿਨ ਕੌਨ ਫਰੀਦ ਦੀ ।ਜਾਨੀ ਲਹਿਸਮ ਆ ਕਲ । ਜੇਝੀ ਤੇਝੀ ਤੈਂਡੀਆਂ ।ਗਾਲ ਨ ਮਾਹੀ ਲਾ ਗਲ ।

10. ਆਏ ਮਸਤ ਦਿਹਾੜੇ ਸਾਵਣ ਦੇ

ਆਏ ਮਸਤ ਦਿਹਾੜੇ ਸਾਵਣ ਦੇ ।ਵੋਹ ਸਾਵਣ ਦੇ ਮਾਨ ਭਾਵਣ ਦੇ । ਬਦਲੇ ਪੂਰਬ ਮਾੜ ਡਖਨ ਦੇ ।ਕੱਜਲੇ ਭੁਰੇ ਸੌ ਸੌ ਵਣ ਦੇ । ਚਾਰੇ ਤਰਫ਼ੋਂ ਜੋਰ ਪਵਣ ਦੇ ।ਸਾਰੇ ਜੋੜ ਵਸਾਵਣ ਦੇ । ਚਕਵੀਆਂ ਚਕਵੇ ਅਗ਼ਨ ਪਪੀਹੇ ।ਕੋਇਲ ਮੋਰ ਚਚੋਣੇ ਚੀਹੇ । ਸਹੰਸ ਚਕੋਰ ਚੰਡੂਰ ਬਬੀਹੇ ।ਸ਼ਾਗ਼ਲ ਗੀਤ ਸ਼ਨਾਵਣ ਦੇ । ਡੇਂਹਾਂ ਪੀਘਾਂ ਸਾਵੀਆਂ ਪੀਲੀਆਂ ।ਰਾਤੀਂ ਖਣਮੀਆਂ ਖ਼ਮਣ ਰੰਗੀਲੀਆਂ । ਗੱਜ ਗੱਜ ਗਾਜਾ ਗੱਜਨ ਰਸੀਲੀਆਂ ।ਵਕਤ ਸ਼ਿੰਗਾਰ ਸੁਹਾਵਣ ਦੇ । ਰੋਹੀ ਰਾਵੇ ਥੀਆ ਗੁਲਜ਼ਾਰਾਂ ।ਥਲ ਚਤਰਾਂਗ ਵੀ ਬਾਗ਼ ਬਹਾਰਾਂ । ਘੰਡ ਤਵਾਰਾਂ ਬਾਰਸ਼ ਬਾਰਾਂ ।ਚਰਚੇ ਧਾਵਣ ਗਾਵਣ ਦੇ । ਚਾਂਦਨੀ ਰਾਤ ਮਲ੍ਹਾਰੀ ਡੌਂਹ ਹੈ ।ਠੱਡੜੀਆਂ ਹੀਲਾਂ ਰਿਮ ਝਿਮ ਮੀਂਹ ਹੈ । ਸੋਹਣੀ ਮੌਸਮ ਲਗੜਾ ਨੇਂਹ ਹੈ ।ਗਏ ਵੇਲੇ ਗ਼ਮ ਖਾਵਣ ਦੇ । ਮੁਦ ਮਸਤਾਨੀ ਤੇ ਖੁਸ਼ ਦਿਨੜੇ ।ਸਾਲੂੰ ਸੂਹੇ ਕੇਸਰ ਭਿੱਨੜੇ । ਸਹਜੋਂ ਮੀਂਹ ਬਰਸਾਤੋਂ ਸਿਨੜੇ ।ਝਗੜੇ ਲਾਂਘੇ ਲਾਵਣ ਦੇ । ਵਿੰਹ ਫ਼ਰੀਦ ਆਬਾਦ ਥਿਉਸੇ ।ਮਾਲ ਮਵੈਸ਼ੀ ਸ਼ਾਦ ਥਿਉਸੇ । ਦਿਲ ਦਰਦੋਂ ਆਜ਼ਾਦ ਥਿਉਸੇ ।ਚੋਲੇ ਅੰਗ ਨਾ ਮਾਂਵਣ ਦੇ ।

11. ਐ ਹੁਸਨ ਹਕੀਕੀ ਨੂਰ ਅਜ਼ਲ

ਐ ਹੁਸਨ ਹਕੀਕੀ ਨੂਰ ਅਜ਼ਲ ।ਤੈਨੂੰ ਵਾਜਬ ਤੇ ਅਮਕਾਨ ਕਹੂੰ । ਤੈਨੂੰ ਖਾਲਕ ਜ਼ਾਤ ਕਦੀਮ ਕਹੂੰ ।ਤੈਨੂੰ ਹਾਦਸ ਖ਼ਲਕ ਜਹਾਨ ਕਹੂੰ । ਤੈਨੂੰ ਮੁਤਲਕ ਮਹਜ਼ ਵਜੂਦ ਕਹੂੰ ।ਤੈਨੂੰ ਇਲਮੀਆ ਅਯਾਨ ਕਹੂੰ । ਅਰਵਾਹ ਨਫੂਸ ਅਕੂਲ ਮਿਸਾਲ ।ਅਸ਼ਬਾਹ ਅਯਾਨ ਨਿਹਾਂ ਕਹੂੰ । ਤੈਨੂੰ ਐਨ ਹਕੀਕਤ ਮਾਹੀਅਤ ।ਤੈਨੂੰ ਅਰਜ ਸਿਫ਼ਤ ਤੇ ਸ਼ਾਨ ਕਹੂੰ । ਅਨਵਾਅ ਕਹੂੰ ਔਜ਼ਾਅ ਕਹੂੰ ।ਇਤਵਾਰ ਕਹੂੰ ਔਜ਼ਾਅ ਕਹੂੰ । ਤੈਨੂੰ ਅਰਸ਼ ਕਹੂੰ ਅਫ਼ਲਾਕ ਕਹੂੰ ।ਤੈਨੂੰ ਨਾਜ਼ ਨਈਮ ਜਿਨਾਂ ਕਹੂੰ । ਤੈਨੂੰ ਤਤ ਜਮਾਦ ਨਬਾਤ ਕਹੂੰ ।ਹੈਵਾਨ ਕਹੂੰ ਇਨਸਾਨ ਕਹੂੰ । ਤੈਨੂੰ ਮਸਜਦ ਮੰਦਰ ਦੈਰ ਕਹੂੰ ।ਤੈਨੂੰ ਪੋਥੀ ਤੇ ਕੁਰਾਨ ਕਹੂੰ । ਤਸਬੀਹ ਕਹੂੰ ਜ਼ੱਨਾਰ ਕਹੂੰ ।ਤੈਨੂੰ ਕੁਫ਼ਰ ਕਹੂੰ ਈਮਾਨ ਕਹੂੰ । ਤੈਨੂੰ ਬਾਦਲ ਬਰਖਾ ਗਾਜ ਕਹੂੰ ।ਤੈਨੂੰ ਬਿਜਲੀ ਤੇ ਬਾਰਾਨ ਕਹੂੰ । ਤੈਨੂੰ ਆਬ ਕਹੂੰ ਤੇ ਖ਼ਾਕ ਕਹੂੰ ।ਤੈਨੂੰ ਬਾਦ ਕਹੂੰ ਨੀਰਾਨ ਕਹੂੰ । ਤੈਨੂੰ ਦਸਰਤ ਲਛਮਨ ਰਾਮ ਕਹੂੰ ।ਤੈਨੂੰ ਸੀਤਾ ਜੀ ਜਾਨਾਨ ਕਹੂੰ । ਬਲਦੇਵ ਜਸੋਦਾ ਨੰਦ ਕਹੂੰ ।ਤੈਨੂੰ ਕਿਸਨ ਕਨ੍ਹੀਆ ਕਾਨ ਕਹੂੰ । ਤੈਨੂੰ ਬਰਮਾ ਬਿਸ਼ਨ ਗਨੇਸ਼ ਕਹੂੰ ।ਮਹਾਂਦੇਵ ਕਹੂੰ ਭਗਵਾਨ ਕਹੂੰ । ਤੈਨੂੰ ਗੀਤ ਗ੍ਰੰਥ ਤੇ ਬੇਦ ਕਹੂੰ ।ਤੈਨੂੰ ਗਿਆਨ ਕਹੂੰ ਅਗਿਆਨ ਕਹੂੰ । ਤੈਨੂੰ ਆਦਮ ਹੱਵਾ ਸ਼ੈਸ ਕਹੂੰ ।ਤੈਨੂੰ ਨੂਹ ਕਹੂੰ ਤੂਫ਼ਾਨ ਕਹੂੰ । ਤੈਨੂੰ ਇਬਰਾਹੀਯ ਖ਼ਲੀਲ ਕਹੂੰ ।ਤੈਨੂੰ ਮੂਸਾ ਬਿਨ ਇਮਰਾਨ ਕਹੂੰ । ਤੈਨੂੰ ਹਰ ਦਿਲ ਦਾ ਦਿਲਦਾਰ ਕਹੂੰ ।ਤੈਨੂੰ ਅਹਿਮਦ ਆਲੀ ਸ਼ਾਨ ਕਹੂੰ । ਤੈਨੂੰ ਸ਼ਾਹਦ ਮੁਲਕ ਹਜਾਜ਼ ਕਹੂੰ ।ਤੈਨੂੰ ਬਾਇਸ ਕੋਨ ਮਕਾਨ ਕਹੂੰ । ਤੈਨੂੰ ਨਾਜ਼ ਕਹੂੰ ਅੰਦਾਜ਼ ਕਹੂੰ ।ਤੈਨੂੰ ਹੂਰ ਪਰੀ ਗੁਲਮਾਨ ਕਹੂੰ । ਤੈਨੂੰ ਨੋਕ ਕਹੂੰ ਤੈਨੂੰ ਟੋਕ ਕਹੂੰ ।ਤੈਨੂੰ ਸੁਰਖੀ ਬੀੜਾ ਪਾਨ ਕਹੂੰ । ਤੈਨੂੰ ਤਬਲਾ ਤੇ ਤੰਬੂਰ ਕਹੂੰ ।ਤੈਨੂੰ ਢੋਲਕ ਤੇ ਸੁਰਬਾਨ ਕਹੂੰ । ਤੈਨੂੰ ਹੁਸਨ ਤੇ ਹਾਰ ਸ਼ਿੰਗਾਰ ਕਹੂੰ ।ਤੈਨੂੰ ਵਿਸ਼ਵਾ ਗ਼ਮਜ਼ਾ ਆਨ ਕਹੂੰ । ਤੈਨੂੰ ਇਸ਼ਕ ਕਹੂੰ ਤੈਨੂੰ ਇਲਮ ਕਹੂੰ ।ਤੈਨੂੰ ਵਹਿਮ ਯਕੀਨ ਗੁਮਾਨ ਕਹੂੰ । ਤੈਨੂੰ ਹੁਸਨ ਕੱਵੀ ਇਦਰਾਕ ਕਹੂੰ ।ਤੈਨੂੰ ਜ਼ੌਕ ਕਹੂੰ ਵਜਦਾਨ ਕਹੂੰ । ਤੈਨੂੰ ਸਕਰ ਕਹੂੰ ਸਕਰਾਨ ਕਹੂੰ ।ਤੈਨੂੰ ਹੈਰਤ ਤੇ ਹੈਰਾਨ ਕਹੂੰ । ਤਸਲੀਮ ਕਹੂੰ ਤਲਵੀਨ ਕਹੂੰ ।ਤਮਕੀਨ ਕਹੂੰ ਅਰਫਾਨ ਕਹੂੰ । ਤੈਨੂੰ ਸੁੰਬਲ ਸੋਸਨ ਸਰਵ ਕਹੂੰ ।ਤੈਨੂੰ ਨਰਗਸ ਨਾਫੁਰਮਾਨ ਕਹੂੰ । ਤੈਨੂੰ ਲਾਲ ਦਾਗ਼ ਤੇ ਬਾਗ਼ ਕਹੂੰ ।ਗੁਲਜ਼ਾਰ ਕਹੂੰ ਬੁਸਤਾਨ ਕਹੂੰ । ਤੈਨੂੰ ਖੰਜਰ ਤੀਰ ਤਫ਼ੰਗ ਕਹੂੰ ।ਤੈਨੂੰ ਬਰਛਾ ਬਾਂਕ ਸਨਾਨ ਕਹੂੰ । ਤੈਨੂੰ ਤੀਰ ਖਦੰਗ ਕਮਾਨ ਕਹੂੰ ।ਸੁਫਾਰ ਕਹੂੰ ਪੈਕਾਨ ਕਹੂੰ । ਬੇਰੰਗ ਕਹੂੰ ਬੇਮਿਸਲ ਕਹੂੰ ।ਬੇ ਸੂਰਤ ਹਰ ਹਰ ਆਨ ਕਹੂੰ । ਸਬੂਹ ਕਹੂੰ ਕਦੂਸ ਕਹੂੰ ।ਰਹਿਮਾਨ ਕਹੂੰ ਸੁਬਹਾਨ ਕਹੂੰ । ਕਰ ਤੋਬਾ ਤੁਰਤ ਫ਼ਰੀਦ ਸਦਾ ।ਹਰ ਸ਼ੈ ਨੂੰ ਪੁਰ ਨੁਕਸਾਨ ਕਹੂੰ । ਐ ਪਾਕ ਅਲਖ ਬੇ ਐਬ ਕਹੂੰ ।ਉਸੇ ਹੱਕ ਬੇ ਨਾਮ ਨਿਸ਼ਾਨ ਕਹੂੰ ।

12. ਅਜ ਬਨ ਮੂੰ ਬ੍ਰਿਜ ਰਾਜ ਬੰਸਰੀ ਬਜਾਈ

ਅਜ ਬਨ ਮੂੰ ਬ੍ਰਿਜ ਰਾਜ ਬੰਸਰੀ ਬਜਾਈ । ਬੰਸਰੀ ਬਜਾਈ ਅਗਮ ਗੀਤ ਗਾਈ । ਰੱਤ ਸੁਹਾਗ ਭਾਗ ਫਾਗ ਰਾਗ ਰੰਗ ਪੀਆ ਸੰਗ । ਭਇਉ ਆਨੰਦ ਅਮਗ ਅਮਗ ਹਰ ਮੂੰ ਹਰਿਆਈ । ਕੁੰਜ ਮੋਂ ਭਲੀ ਕ੍ਰਿਸ਼ਨ ਸੇ ਖੇਲੂੰ ਹੋਰੀ । ਪ੍ਰੇਮ ਨੇਮ ਕੀ ਗੁਲਾਲ ਕੋ ਉੜਾਈ । ਐਨ ਬੈਨ ਚੈਨ ਮੇਂ ਬੈਨ ਭਇਉ ਨਹੀਂ ਬੈਨ । ਅਨਹਦ ਘਨਘੋਰ ਸ਼ੋਰ ਜੋਰ ਸੇ ਮਚਾਈ । ਸੁਨ ਮਾਂਹਿ ਸਮਾਧ ਸੁਧ ਦਾ ਲਖ ਲਾਗ ਰਹੋ । ਮਹਾਂ ਘਟ ਵਹਦ ਪਟ ਜੋਤ ਹੈਂ ਜਗਾਈ । ਕਹਾਂ ਗੰਗ ਗੋਮਤੀ ਜਮਨਾ ਅਰ ਰਾਂਮ ਗੰਗ । ਦਿਲ ਜਲ ਮੂੰ ਟੋਬ ਟੋਬ ਤੀਰਥ ਪਰਸਾਈ । ਕਾਸ਼ੀ, ਮਥੁਰਾ, ਪਰਾਗ, ਬਰਮਾ, ਬਿਸ਼ਨ ਮਹੇਸ਼ । ਸਬ ਹੀ ਅਪਨੂੰ ਭੇਸ ਕਿਉਂ ਪਰਦੇਸ ਜਾਈ । ਬਰਮ ਕੀ ਫ਼ਰੀਦ ਖੇਲ ਬਿਸਰੀ ਜਗਤ ਮੂੰ ਬੇਲ । ਦਰਮਟ ਕੇ ਫੂਲ ਕੋ ਫਲਾ ਕੈ ਫਲ ਖਾਈ ।

13. ਅੱਜ ਡੋੜੀ ਸਿਕ ਦੀਦਾਰ ਦੀ ਹੈ

ਅੱਜ ਡੋੜੀ ਸਿਕ ਦੀਦਾਰ ਦੀ ਹੈ ।ਮਤਾਂ ਆਈ ਨਗਰ ਦਿਲਦਾਰ ਦੀ ਹੈ। ਅਰਜ ਮੁਕੱਦਸ ਮੁਲਕ ਅਰਬ ਦੀ ।ਹਰ ਹਰ ਵਾਦੀ ਫਰਹ ਤਰਬ ਦੀ । ਮਨਜ਼ਿਲ ਤਰਹ ਅਜਬ ਦੀ ।ਸਾਰੀ ਵਜਾਅ ਸ਼ਿੰਗਾਰ ਦੀ ਹੈ। ਹਰ ਹਰ ਕਤਰਾ ਆਂਬ ਹੈ ਕੌਸਰ ।ਗਰਦੋ ਗ਼ੁਬਾਰ ਹੈ ਮੁਸ਼ਕ ਤੇ ਅੰਬਰ । ਕਿਰੜ ਕੰਡਾ ਸ਼ਮਸ਼ਾਦ ਸਨੂਬਰ ।ਖ਼ਾਰ ਵੀ ਸ਼ਕਲ ਬਹਾਰ ਦੀ ਹੈ । ਅਰਬ ਸ਼ਰੀਫ ਹੈ ਸੋਹਣੀ ਸਾਰੀ ।ਨਾਜ਼ਕ ਨਾਜ਼ੋ ਤੇ ਮਤਵਾਰੀ । ਥੀਵਾਂ ਵਾਰੀ ਲੱਖ ਲੱਖ ਵਾਰੀ ।ਦਾਰ ਨਬੀ ਮੁਖ਼ਤਾਰ ਦੀ ਹੈ । ਆਏ ਹੱਜ ਉਮਰੈ ਦੇ ਵਾਰੇ ।ਸਭ ਰਲ ਮਿਲ ਲਬੀਕ ਪੁਕਾਰੇ । ਜੈਂਦੀ ਡੇਖਾਂ ਰੱਬ ਨ ਮਾਰੇ ।ਵਿੱਸਰੀ ਹੁਬ ਘਰ ਬਾਰ ਦੀ ਹੈ । ਆਂਗਨ ਨ ਭਾਵੇ ਤੇ ਘਰ ਖਾਵੇ ।ਸਾੜੈ ਤੋਲ ਨਿਹਾਲੀ ਭਾਵੇ । ਕਈ ਸ਼ੈ ਅਸਲੌਂ ਮਹਜ ਭਾਵੇ ਨ ।ਸਿਕ ਹਿਕ ਸਾਵਲ ਯਾਰ ਦੀ ਹੈ । ਇਸ਼ਕ ਫ਼ਰੀਦ ਖ਼ਰੀਦ ਕੀਤੋਸੇ ।ਕਲ ਕਾਰੋਂ ਆਜ਼ਾਦ ਥੀਉਸੇ । ਸੁਰਖੀ ਸੇਂਧ ਮੁਸਾਰਾ ਗਿਉਸੇ ।ਨਾ ਕਲ ਕੱਜਲੇ ਧਾਰ ਦੀ ਹੈ ।

14. ਅੱਜ ਕਲ ਅੱਖ ਫੁਰਕਾਂਦੀ ਹੈ

ਅੱਜ ਕਲ ਅੱਖ ਫੁਰਕਾਂਦੀ ਹੈ ।ਕਈ ਖ਼ਬਰ ਵਸਾਲ ਦੀ ਆਂਦੀ ਹੈ । ਵਕਤ ਮਿਲਣ ਦੀ ਮੌਸਮ ਆਈ ।ਲਜ਼ਤ ਰੋਜ਼ ਬਰੋਜ਼ ਸਵਾਈ । ਖੁਸ਼ੀਆਂ ਕਰਦੀ ਮਾਂ ਪਿਉ ਜਾਈ ।ਕਿਆ ਬਰਦੀ ਕਿਆ ਬਾਂਦੀ ਹੈ । ਦਰਦੋਂ ਅਲਮ ਬਰਬਾਦ ਥਿਉਸੇ ।ਜੰਗਲ ਬੇਲਾ ਸ਼ਾਦ ਥਿਉਸੇ । ਵੀਰਾਨਾ ਆਬਾਦ ਥਿਉਸੇ ।ਫਰਹਤ ਮੂਲ ਨ ਜਾਂਦੀ ਹੈ । ਹਰ ਵੇਲੇ ਹਰ ਆਨ ਹੈ ਸ਼ਾਦੀ ।ਡੇਵਨ ਲੋਕ ਮੁਬਾਰਕਬਾਦੀ । ਹਰ ਆਜ਼ਾਰੋਂ ਥਈ ਆਜ਼ਾਦੀ ।ਸੂਲ ਕਨੂੰ ਦਿਲ ਵਾਂਦੀ ਹੈ । ਰਾਂਝਨ ਜੋਗੀ ਆਇਮ ਵੇੜ੍ਹੇ ।ਸੜਦੇ ਮਰਦੇ ਖੇੜੇ ਭੇੜੇ । ਹੁਣ ਵਤ ਸਾਨੂੰ ਕੌਨ ਨਖੇੜੇ ।ਪਲ ਪਲ ਬਾਹ ਸਿਰਾਂਦੀ ਹੈ । ਥਇਆ ਫ਼ਰੀਦ ਸੁਹਾਗ ਸਵਾਇਆ ।ਮੌਲਾ ਝੋਕ ਨੂੰ ਆਨ ਵਸਾਇਆ । ਰਾਂਝਣ ਮੈਡਾ ਮੈਂ ਘਰ ਆਇਆ ।ਜੈਂ ਕਾਰਣ ਦਿਲ ਮਾਂਦੀ ਹੈ ।

15. ਅੱਜ ਮਾਂਘ ਮਹੀਨੇ ਦੀ ਨਾਵੀਂ ਵੇ

ਅੱਜ ਮਾਂਘ ਮਹੀਨੇ ਦੀ ਨਾਵੀਂ ਵੇ ।ਵਲ ਆਵੀਂ ਆ ਗਲ ਲਾਂਵੀਂ ਵੇ । ਰੁੱਤ ਰੰਗੀਲੀ ਤੇ ਸਾਇਤ ਸੋਹਣੀ ।ਮੌਸਮ ਗੁਲ ਫੁਲ ਦੀ ਮਨ ਮੋਹਣੀ । ਮੁਦ ਮਸਤਾਨੀ ਡੁੱਖੜੀਂ ਕੋਹਣੀ ।ਸਾਂਵਲ ਸਿਹਨ ਸੁਹਾਵੀਂ ਵੇ । ਸੱਈਆਂ ਨਾਜ਼ ਨਵਾਜ਼ ਕਰੇਂਦੀਆਂ ।ਕੱਜਲਾ ਸੁਰਖ਼ੀ ਮਾਂਗ ਬਣੇਂਦੀਆਂ । ਚੇਤਰ ਸੁਹੇਂਦੀਆਂ ਵਰ ਗਲ ਲੇਂਦੀਆਂ ।ਮੈਂ ਘਰ ਵੀ ਪੌਂ ਪਾਵੀਂ ਵੇ । ਮੁੱਠੜੀ ਰੂਪ ਅਨੂਪ ਵਸਾਰੇ ।ਡੁੱਖੜੀ ਰੋਂਦੀ ਉੱਮਰ ਗੁਜ਼ਾਰੇ । ਸੋਹਣਾ ਡੇ ਕਰ ਕੂੜੇ ਲਾਰੇ ।ਆਂਦੀ ਨ ਮੁੜ ਜਾਵੀਂ ਵੇ । ਖੇੜੇ ਭੇੜੇ ਰਖਿਨ ਬਖੇੜੇ ।ਸੱਸ ਨਨਾਣਾਂ ਲਾਂਵਮ ਝੇੜੇ । ਚਾਕ ਮਹੀਂ ਦਾ ਆ ਵੜ ਵੇੜ੍ਹੇ ।ਤੱਤੜੀ ਨੂੰ ਨ ਤਾਵੀਂ ਵੇ । ਸੱਈਆਂ ਜੁਗਤਾਂ ਨੋਕਾਂ ਕਰਦੀਆਂ ।ਮਿਹਣੇ ਹਾਪ ਕਰੇਂਦੀਆਂ ਬਰਦੀਆਂ । ਮਿਲ ਮਾਹੀ ਹੁਣ ਭੱਟ ਘਤ ਸਰਦੀਆਂ ।ਨਾ ਧੂਤੀਂ ਲਾਜ ਲਜਾਵੀਂ ਵੇ । ਤੌਂ ਬਿਨ ਮੇਰਾ ਹੋਰ ਨ ਕੋਈ ।ਤਾਨੇ ਮਾਰਿਮ ਖ਼ਲਕ ਸਭੋਈ । ਰੋਜ਼ ਅਜ਼ਲ ਦੀ ਤੇਰੀ ਹੋਈ ।ਲਗੜੀ ਤੋੜ ਨਿਭਾਵੀਂ ਵੇ । ਸਾਲੂ ਭਿੱਨੜਾ ਅੱਖ਼ੀਆਂ ਨੀਰੇ ।ਚੋਲੀ ਚੁੱਨੜੀ ਲੀਰ ਕਤੀਰੇ । ਲੂੰ ਲੂੰ ਸੀੜ੍ਹਾਂ ਲੱਖ ਲੱਖ ਚੀਰੇ ।ਅੱਲੜੇ ਜ਼ਖ਼ਮ ਮਟਾਂਵੀ ਵੇ । ਨੇਂਹ ਫ਼ਰੀਦ ਫ਼ਕਰ ਦੀ ਮੂੜੀ ।ਬਾਝ ਬਿਰਹੋਂ ਦੇ ਕੁਲ ਗਲ ਕੂੜੀ । ਮਰਦੀ ਜੀਂਦੀ ਨੀਵੀਂ ਪੂਰੀ ।ਦਿਲ ਨੂੰ ਦਾਗ਼ ਨ ਲਾਵੀਂ ਵੇ ।

16. ਅੱਜ ਮਾਂਘ ਮਹੀਨੇ ਦੀ ਯਾਰੀ ਵੇ

ਅੱਜ ਮਾਂਘ ਮਹੀਨੇ ਦੀ ਯਾਰੀ ਵੇ ।ਕਿਉਂ ਬੈਠੀਂ ਯਾਰ ਵਸਾਰੀ ਵੇ । ਆਈ ਮੌਸਮ ਚੇਤਰ ਬਹਾਰਾਂ ।ਸੰਗੀਆਂ ਸੁਰਤਾਂ ਮਿਲੀਆਂ ਯਾਰਾਂ । ਜੋਭਨ ਲਹਿਰੀਂ ਤਾਰ ਮਤਾਰਾਂ ।ਹਿਕ ਮੈਂ ਮੁਫ਼ਤ ਅਜ਼ਾਰੀ ਵੇ । ਸਈਆਂ ਧਾਂਵਿਨ ਗਾਵਣ ਗਾਂਵਿਨ ।ਸਹਿਜੇ ਹਾਰ ਸ਼ਿੰਗਾਰ ਸੁਹਾਵਿਨ । ਮਾਂਗ ਬਣਾਵਿਨ ਧੜੀਆਂ ਗੁੰਧਾਂਵਿਨ ।ਮੈਂ ਸਿਰ ਡੁੱਖੜੇ ਬਾਰੀ ਵੇ । ਸੁਰਖ਼ੀ ਕੱਜਲਾ ਮੈਂਦੀ ਸੋਂਹਦੀ ।ਹਰ ਹਿਕ ਅਪਨੇ ਢੋਲ ਨੂੰ ਮੋਂਹਦੀ । ਮੈਂ ਮੁੱਠੜੀ ਗ਼ਮ ਲੁਟੜੀ ਲੋਂਹਦੀ ।ਕਰਦੀ ਲੱਖ ਲੱਖ ਜ਼ਾਰੀ ਵੇ । ਜੇਵਰ ਪਾਵਿਨ ਬੀੜੇ ਲਾਵਿਨ ।ਕੰਥ ਰਿਝਾਵਿਨ ਸੇਝ ਸੁਹਾਵਿਨ । ਬਾਂਹ ਸਿਰਾਂਦੀ ਵਰ ਗਲ ਲਾਵਿਨ ।ਮੈਂ ਹਿੱਕ ਸੂਲਾਂ ਮਾਰੀ ਵੇ । ਰੁੱਤ ਸੋਹਣੀ ਤੇ ਵਕਤ ਸੁਖੇਲੇ ।ਅੰਗਨ ਸਹੇਲੇ ਘਰ ਅਲਬੇਲੇ । ਮੈਕੂੰ ਵੀ ਰੱਬ ਰਾਂਝਨ ਮੇਲੇ ।ਕਿਸਮਤ ਡੇਵਮ ਵਾਰੀ ਵੇ । ਗੁਲ ਫੁਲ ਧਜਰਾ ਜੋੜ ਡਖਾਵਿਮ ।ਬੁਲਬੁਲ ਭੌਰੇ ਖੁਸ਼ੀਆਂ ਪਾਵਿਮ । ਵਲ ਵਲ ਹਸਰਤ ਮਾੜੇ ਆਵਿਮ ।ਪਲ ਪਲ ਚੁਭਿਮ ਕਟਾਰੀ ਵੇ । ਉੱਜੜੇ ਸਿਹਰੇ ਹਾਰ ਕੁਮਾਣੇ ।ਨਾਜ਼ ਨਵਾਜ਼ ਦੇ ਟੋਲ ਵਹਾਣੇ । ਗੁਜ਼ਰੇ ਸਾਰੇ ਮਾਣੇ ਤਰਾਣੇ ।ਲੱਗੜੀ ਸ਼ਹਿਰ ਖਵਾਰੀ ਵੇ । ਰਾਤੀਂ ਨਿੰਦਰ ਨ ਡੇਂਹ ਕਰਾਰੇ ।ਹਰ ਹਰ ਵੇਲੇ ਦਾਰ ਮਦਾਰੇ । ਤੋਲ ਨਿਹਾਲੀ ਡਿੱਸਦੀ ਦਾਰੇ ।ਤਤੜੀ ਓੜਕ ਹਾਰੀ ਵੇ । ਬਾਂਹ ਚੁੜੇਲੀ ਸਿੱਕ ਸਿੱਕ ਹੁਟੜੀ ।ਗਲ ਨ ਲਾਵੇ ਡੇਂਦਾ ਪੁਠੜੀ । ਪੀਤ ਕੁਲਲੜੀ ਰੀਤ ਅਪੁਠੜੀ ।ਡਿਠੜੀ ਯਾਰ ਦੀ ਯਾਰੀ ਵੇ । ਮਾਹੀ ਮਿੱਠੜਾ ਗਲ ਨਾ ਲਾਵਿਮ ।ਗਾਨੇ ਗਹਿਣੇ ਖਾਵਣ ਆਵਮ । ਬਾਸ ਗੁਲਾਂ ਦੀ ਸਾਹ ਮੁੰਝਾਵਮ ।ਸਾੜੇ ਬਾਦ ਬਹਾਰੀ ਵੇ । ਦਰਦ ਅੰਦੋਹ ਤੇ ਰੋਮ ਕਸ਼ਾਲੇ ।ਸੋਜ਼ ਪੱਜਾਲੇ ਅੱਖੀਆਂ ਨਾਲੇ । ਸ਼ਾਲਾ ਯਾਰ ਫ਼ਰੀਦ ਸੰਭਾਲੇ ।ਟਾਲਿਮ ਮੂੰਝ ਮੁੰਝਾਰੀ ਵੇ ।

17. ਅਜੋਂ ਮਾਰੂ ਮਿਲਿਓ

ਅਜੋਂ ਮਾਰੂ ਮਿਲਿਓ ।ਦਿਲ ਨਾ ਮਾਂਦੀ ਥੀ । ਸੂਹੇ ਸੱਜ ਕੂੰ ਸਾੜ ਤੇ ।ਵੰਜ ਮਿਤਰਾਂ ਦੀ ਥੀ । ਬਾਂਦੀ ਬਰਦੀ ਯਾਰ ਦੀ ।ਬਰਦੀ ਬਾਂਦੀ ਥੀ । ਗੈਰੋਂ ਉਲਫ਼ਤ ਯਾਰ ਦੇ ।ਦਿੱਲੜੀ ਵਾਂਦੀ ਥੀ । ਨੇਂਹ ਨਭੇਦੀ ਮਰ ਗਿਓਮ ।ਪੁੱਨਲ ਕਾਂਧੀ ਥੀ । ਤਾਂਘ ਫ਼ਰੀਦ ਨੂੰ ਆਖਦੀ ।ਬਰ ਡੋਂ ਪਾਂਧੀ ਥੀ ।

18. ਅੱਜ ਪਹਿਲੋਂ ਸੇਜ਼ ਸੜੇਂਦੀ ਹੈ

ਅੱਜ ਪਹਿਲੋਂ ਸੇਜ਼ ਸੜੇਂਦੀ ਹੈ ।ਤੱਤੀ ਤੁਲ ਸੜੀ ਚੱਕ ਪੈਂਦੀ ਹੈ । ਡੇਂਹ ਫ਼ਰਾਕ ਅਸਾਂ ਸਰ ਕੜਕੇ ।ਦਿੱਲੜੀ ਫ਼ੜਕੇ ਛਾਤੀ ਥੜਕੇ । ਸੂਲ ਨਵੀਂ ਨਿੱਤ ਡੇਵਨ ਧੜਕੇ ।ਸਖ਼ਤੀ ਸਖ਼ਤ ਸਤੇਂਦੀ ਹੈ । ਆਏ ਵਕਤ ਵਿਦਾ ਸੱਜਨ ਦੇ ।ਸੌਹਣੇ ਸਾਂਵਲ ਮਨ ਮੋਹਨ ਦੇ । ਸੁੰਜੜੇ ਸੀਨੇ ਬੈਤ ਹੁਜ਼ਨ ਦੇ ।ਦਿੱਲੜੀ ਝੋਕ ਡੁਖੇਂਦੀ ਹੈ । ਉਜੜੀ ਰੰਗਤ ਫਟੜੇ ਫੁਟੜੇ ।ਹਾਰ ਹਮੇਲਾਂ ਸਿਹਰੇ ਤਰੁਟੜੇ । ਏ ਡੁੱਖ ਕੁੱਠੜੇ ਸੁਖੜੀ ਖੁੱਟੜੇ ।ਪਲ ਪਲ ਪੀੜ ਮੁੰਝੇਂਦੀ ਹੈ । ਵੱਤਨ ਪਿਆਸਾਂ ਚਾਈਆਂ ਖੁਨਕੀਆਂ ।ਖੁਸ਼ੀਆਂ ਡੁੱਸਕੀਆਂ ਮੂੰਝਾਂ ਮੁਸਕੀਆਂ । ਸਾਨੂੰ ਡੋੜੀਆਂ ਡੋੜੀਆਂ ਖੁਸਕੀਆਂ ।ਕਿਸਮਤ ਰੁੱਖ ਬਦਲੇਂਦੀ ਹੈ । ਪਾਸ ਨ ਕੀਤੀ ਆਸ ਦਿਲੋਂ ਦੇ ।ਯਾਰੀ ਤਰੋੜੀ ਯਾਰ ਚਹੇਂਦੇ । ਮਾਣ ਵੰਜਾਇਮ ਮਾਣ ਮਹੀਂ ਦੇ ।ਜਿੰਦੜੀ ਖ਼ਤਰ ਕਰੇਂਦੀ ਹੈ । ਮਸਤਕ ਲਿਖੜੀ ਪੇਸ ਪਿਉ ਸੇ ।ਯਾਰ ਫ਼ਰੀਦ ਨ ਖੜ ਮੁਕਲਿਉਸੇ । ਬੇਦਰਦਾਂ ਦੇ ਸਾਥ ਰਲਿਉਸੇ ।ਸਬ ਕਈ ਮੇਹਣੀਂ ਡੇਂਦੀ ਹੈ ।

19. ਅੱਜ ਰੰਗ ਰੁਖ ਤੇ ਵਲਿਆ ਹੈ

ਅੱਜ ਰੰਗ ਰੁਖ ਤੇ ਵਲਿਆ ਹੈ ।ਮਤਾਂ ਮਾਹੀ ਮਾਹਣੂ ਘੱਲਿਆ ਹੈ । ਜੰਗਲ ਬੇਲੇ ਸਬਜ਼ੀ ਚਾਈ ।ਰੌਨਕ ਰੋਜ਼ ਬਰੋਜ਼ ਸਵਾਈ । ਰਲ ਮਿਲ ਸਈਆਂ ਡੇਵਨ ਵਧਾਈ ।ਰਾਂਝਨ ਲੂੰ ਲੂੰ ਰਲਿਆ ਹੈ । ਕਾਨ੍ਹ ਕਹੇਲੇ ਖ਼ੁਨਕੀ ਚਾਈ ।ਚਾਈ ਲਿਆਦੇ ਪੂਰ ਲਲਾਈ । ਗੁਲ ਫੁਲ ਕਰਦੇ ਹੁਸਨ ਨ ਮਾਹੀ ।ਸੁਖ ਮਿਲਿਆ ਡੁੱਖ ਟਲਿਆ ਹੈ । ਰਾਂਝਨ ਜੋਗੀ ਮੈਡਾ ਮਾਹੀ ।ਮੈਂ ਬੇਵਾਹੀ ਦਾ ਹੈ ਵਾਹੀ । ਰੋਜ਼ ਅਜ਼ਲ ਤੋਂ ਉਸਦੀ ਆਹੀ ।ਜੈਂ ਦਿੱਲੜੀ ਨੂੰ ਮਲਿਆ ਹੈ । ਢੋਲਣ ਡਿਤੀ ਬਾਂਹ ਸਿਰਾਂਦੀ ।ਸੱਸ ਨਨਾਣ ਥਈ ਦਰਮਾਂਦੀ । ਖੇੜੀਂ ਭੈੜੀਂ ਹਸਰਤ ਆਂਦੀ ।ਕੋਈ ਗਲਿਆ ਤੇ ਕੋਈ ਜਲਿਆ ਹੈ । ਮਾਹੀ ਕੀਤੇ ਝੋਕੀਂ ਦੇਰੇ ।ਥਏ ਹਨ ਮੇਰੇ ਭਾਗ ਭਲੇਰੇ । ਹੱਥ ਗਾਨੇ ਸਰ ਸੋਂਹਦੇ ਸਿਹਰੇ ।ਬਾਗ਼ ਖੁਸ਼ੀ ਦਾ ਫਲਿਆ ਹੈ । ਥੀਵਸੈ ਸੂਲ ਕਨੂੰ ਜੀਵਾਂਦਾ ।ਗੁਜਰਿਆ ਵੇਲ੍ਹਾ ਵਕਤ ਡੁੱਖਾਂ ਦਾ । ਯਾਰ ਫ਼ਰੀਦ ਮਿਲਿਉਮ ਦਿਲ ਭਾਂਦਾ ।ਬਖ਼ਤ ਅਸਾਂ ਵਲ ਢਲਿਆ ਹੈ ।

20. ਅੱਜ ਸਾਂਵਲੜੇ ਮੁਕਲਾਇਆ

ਅੱਜ ਸਾਂਵਲੜੇ ਮੁਕਲਾਇਆ ।ਸਰ ਬਾਰ ਡੁੱਖਾਂ ਦਾ ਚਾਇਆ । ਐ ਕਿਬਲਾ ਅਕਦਸ ਆਲੀ ।ਹਰ ਐਬ ਕਨੂੰ ਹੈ ਖ਼ਾਲੀ । ਅਬ ਅਦਬ ਅਬੀਦ ਸਵਾਲੀ ।ਜੋ ਜੋ ਮੰਗਿਆ ਸੋ ਸੋ ਪਾਇਆ । ਵਾਹ ! ਅਮਨ ਅੱਲਾ ਮੁਅਜ਼ਮ ।ਵਹ ਹਰਮ ਅੱਲਾ ਮਹੱਰਮ । ਵਾਹ ! ਬੇਤ ਅੱਲਾ ਮਕੱਰਮ ।ਰਹਿਮਤ ਦਾ ਸਰਮਾਇਆ । ਐ ਨੂਰ ਸਿਆਹ ਮਜੱਸਮ ।ਹੈ ਐਨ ਸਵਾਦਲ ਆਜ਼ਮ । ਥੀਆ ਬੇਸ਼ਕ ਆਮਨ ਬੇ ਗ਼ਮ ।ਜੋ ਹਰਮ ਇਹਾਤੇ ਆਇਆ । ਕਰ ਯਾਦ ਹਰੀਮ ਹਰਮ ਕੂੰ ।ਰਖ ਪੇਸ਼ ਪਰਾਣੇ ਗ਼ਮ ਕੂੰ । ਦਿਲ ਆਖੇ ਖਾਂਵਾਂ ਸਮ ਕੂੰ ।ਹੈ ਜੀਵਣ ਕੂੜ ਅਜਾਇਆ । ਹੁਣ ਵਾਗਾਂ ਵਤਨ ਵਲਾਈਆਂ ।ਲਖ ਮੂੰਝ ਮੂੰਝਾਰੀਆਂ ਆਇਆਂ । ਦਿਲ ਸਚੜੀਆਂ ਪਤੀਆਂ ਲਾਇਆਂ ।ਦਿਲ ਮੇਲੀਂ ਬਾਰ ਖੁਦਾਇਆ । ਦਿਲ ਦਿਲਬਰ ਕੀਤੇ ਸਿੱਕੇ ।ਘਰ ਸ਼ਹਿਰ ਬਾਜ਼ਾਰ ਨ ਟਿੱਕੇ । ਵੰਜ (ਵਨੀਹ) ਖੋਸੂੰ ਤੌਫ ਦੇ ਧਕੇ ।ਵਲ ਜੇਕਰ ਬਖਤ ਭੜਾਇਆ । ਬਿਨ ਯਾਰ ਫ਼ਰੀਦ ਨਜਰਸਾਂ ।ਰੱਤ ਰੋ ਰੋ ਆਹੀਂ ਕਰਸਾਂ । ਗ਼ਮ ਖਾ ਖਾ ਓੜਕ ਮਰਸਾਂ ।ਡੁਖ ਡੁਖਰੀਂ ਜੀੜਾ ਤਾਇਆ । (ਸਾਂਵਲੜੇ=ਕਾਬੇ ਦਾ ਸਾਂਵਲਾ ਰੰਗ, ਬਾਰ=ਭਾਰ, ਡੁਖਾਂ=ਦੁੱਖਾਂ, ਅਕਦਸ=ਪਵਿਤਰ, ਅਬਦ=ਦਾਸ, ਅਬੀਦ=ਛੋਟਾ ਦਾਸ, ਅਮਨ= ਆਰਾਮ ਘਰ, ਮੁਅਜ਼ਮ=ਮਾਣਯੋਗ, ਹਰਮ=ਘਰ, ਮਹੱਰਮ=ਆਦਰਯੋਗ, ਸਵਾਦਲ=ਮੱਕਾ ਸ਼ਰੀਫ਼, ਆਮਨ=ਆਉਣਾ, ਹਰੀਮ=ਵਿਹੜਾ, ਸਮ= ਜ਼ਹਿਰ, ਮੂੰਝ=ਦੁੱਖ,ਰੰਜ, ਸਿੱਕੇ=ਲਗਨ, ਖੋਸੂੰ=ਖਾਵਾਂਗੇ, ਤੌਫ=ਪ੍ਰਕਰਮਾ, ਭੜਾਇਆ=ਮੱਦਦ ਕੀਤੀ, ਜੀੜਾ=ਜੀਅ)

21. ਅੱਜ ਸ਼ਬਰੀਆਂ ਸ਼ਗਫ਼ ਭਾਂਦੇ ਹਿਨ

ਅੱਜ ਸ਼ਬਰੀਆਂ ਸ਼ਗਫ਼ ਭਾਂਦੇ ਹਿਨ ।ਮਤਾਂ ਦੇਸ ਪੁਨਲ ਦੇ ਆਂਦੇ ਹਿਨ । ਨਾਜ਼ ਜਮਲ ਜਮੀਲ ਵਤਨ ਦੇ ।ਰਾਹੀਂ ਰਾਹੰਦੇ ਰਾਹ ਸੱਜਨ ਦੇ । ਹਰ ਦਮ ਹੋਵਨ ਨਾਲ ਅਮਨ ਦੇ ।ਸਾਥੀ ਦਰਦਮੰਦਾਂ ਦੇ ਹਿਨ । ਲਬ ਮੁਸਕਾਵਿਨ ਅੱਖੀਆਂ ਫੁਰਕਨ ।ਰਗ ਰਗ ਬੁਲਕੇ ਦਿਲਰੀਆਂ ਸੁਰਕਨ । ਗ਼ਮ ਗ਼ਮ ਖਾਵਿਨ ਡੁੱਖੜੇ ਕੁਰਕਨ ।ਸੂਲ ਸਿਰੋਂ ਨੱਸ ਜਾਂਦੇ ਹਿਨ । ਸੋਹਣੇ ਜਮਲ ਜਮੀਲ ਬਦਾਵੀ ।ਸ਼ਮਸ ਵਕਮਰ ਦੇ ਨਾਲ ਮਸਾਵੀ । ਸਾਰੇ ਹੁਸਨ ਜਮਾਲ ਦੇ ਹਾਵੀ ।ਸਾਡੇ ਗੋਸ਼ੇ ਹਾਂ ਦੇ ਹਿਨ । ਬੱਦਲੀ ਜੁੜ ਗਨਘੋਰ ਮਚਾਈ ।ਫੋਗੀ ਲਾਣੀ :ਖੁਨਕੀ ਚਾਈ । ਨਾਜ਼ ਕਰੇਂਦੀ ਲਾਈ ਲਾਈ ।ਆਰਫ ਇਬਰਤ ਖਾਂਦੇ ਹਿਨ । ਆਏ ਭਾਗ ਸੁਭਾਗ ਸਿੱਧਾਏ ।ਭਾਗੋ ਭਾਗ ਡੁਹਾਗ ਸਿੱਧਾਏ । ਤਨ ਮਨ ਡੁਖੜ ਝਾਗ ਸਿੱਧਾਏ ।ਜੋ ਚਾਂਹਦੇ ਸੋ ਲਹਿੰਦੇ ਹਿਨ । ਬੇਂਸਰ ਬੋਲੇ ਬੈਨੇ ਠੁਮਕਨ ।ਵਾਲੀਆਂ ਵਾਲੇ ਝੁਮਕੇ ਝਿਮਕਨ । ਕੜੀਆਂ ਨੂਰੇ ਪੈਰੀਂ ਘੁਮਕਨ ।ਜ਼ੇਵਰ ਤਰੇਵਰ ਟਹਿੰਦੇ ਹਿਨ । ਜ਼ੁਲਫਾਂ ਸਹਿਜੋਂ ਸੌ ਵਲ ਪਾਵਨ ।ਤਿਲਕ ਤਿਲੋਲੇ ਲਤਕੇ ਲਾਵਿਨ । ਸੁਰਖ਼ੀਆਂ ਕੱਜਲ ਮੁਸਾਗ ਸਹਾਵਨ ।ਹਾਰ ਸਿੰਗਾਰ ਸੁਹਾਂਦੇ ਹਿਨ । ਤਾਲਿਆਂ ਭਲੇ ਬਖ਼ਤ ਸਵੱਲੇ ।ਆਏ ਮਹਜ਼ ਫ਼ਰੀਦ ਦੇ ਵੱਲੇ । ਪਲ ਪਲ ਯਾਰ ਸਨੇਹੜੇ ਘੱਲੇ ।ਡੇਂਹ ਡੁੱਖਾਂ ਤੋਂ ਵਾਂਦੇ ਹਿਨ ।

22. ਅਜ ਵੇੜਾ ਪਿਆ ਭਾਂਦਾ ਹੈ

ਅਜ ਵੇੜਾ ਪਿਆ ਭਾਂਦਾ ਹੈ ।ਕੋਈ ਵਸਲ ਸਨੇਹੜਾ ਆਂਦਾ ਹੈ । ਮਿਲ ਮਿਲ ਆਏ ਬਾਦਰ ਕਾਰੇ ।ਬਿਜਲੀ ਚਮਕੇ ਮੀਂਹ ਫੰਗ਼ਾਰੇ । ਰਾਜ ਗਾਜ ਕਰੇ ਧਦਕਾਰੇ ।ਝੋਕ ਸਹਾਗ ਸੁਹਾਦਾ ਹੈ । ਟੋਭੇ ਉਛਲਨ ਮਾਲ ਨ ਮਾਵੇ ।ਰਾਤੀਂ ਯਾਰ ਅਸਾਂ ਗਲ ਲਾਵੇ । ਹਰ ਕਈ ਫ਼ਰਹਤ ਨਾਲ ਨਿਭਾਵੇ ।ਹਿਕ ਡੁੱਖ ਡੁੱਖ ਪਿਆ ਖਾਂਦਾ ਹੈ । ਕੋਇਲ ਕੂਕੇ ਮੋਰ ਚੰਘਾੜੇ ।ਅਗਨ ਪਪੀਹੇ ਕਰਨ ਬੁਲਾਰੇ । ਹਰ ਹਰ ਵਹਸ਼ੀ ਕਰ ਲਲਕਾਰੇ ।ਗੀਤ ਖ਼ੁਸ਼ੀ ਦੇ ਗਾਂਦਾ ਹੈ । ਦਸ਼ਤ ਬੀਆਬਾਨ ਡਿੱਸਨ ਬਹਾਰਾਂ ।ਬੂਟੇ ਬੂਟੇ ਸਹੰਸ ਤਵਾਰਾ । ਰਾਹਤ ਹੋਈ ਹੈ ਤਾਰ ਮਤਾਰਾਂ ।ਚੋਲੇ ਅੰਗ ਨ ਮਾਂਦਾ ਹੈ । ਚੁਣਕੇ ਕਰਦੇ ਚਿਣਕ ਸਹੇਲੀ ।ਵੇਲੇ ਆਨ ਸੰਭਾਲਿਅਮ ਬੇਲੀ । ਸੇਧ ਫ਼ਰੀਦ ਰੱਖਾਂ ਕਿਉਂ ਮੇਲੀ ।ਨਾਜ਼ ਨਵਾਜ਼ ਸਭਾਂਦਾ ਹੈ ।

23. ਅੱਜ ਜ਼ੇਵਰ ਪਏ ਟਹਿੰਦੇ ਹਿਨ

ਅੱਜ ਜ਼ੇਵਰ ਪਏ ਟਹਿੰਦੇ ਹਿਨ । ਮਤਾਂ ਡੇਂਹ ਸੁਹਾਗ ਦੇ ਆਂਦੇ ਹਿਨ । ਕਜਲਾ ਮਾਰੂ ਦੀਦਾਂ ਭਾਲੇ । ਸੁਰਖੀ ਮੁਸਕ ਮੁਸਕ ਗ਼ਮ ਟਾਲੇ । ਬੂਲੇ ਬੈਨੇ ਤੇ ਕਟਮਾਲੇ । ਸਹਿਜੋਂ ਲਚਕੇ ਖਾਂਦੇ ਹਿਨ । ਬਾਦ ਸਮਾਲੀ ਲੁਰਕੇ ਲੁਰਕੇ । ਬਾਰਸ਼ ਰਿੱਮ ਝਿੱਮ ਬੁਰਕੇ ਬੁਰਕੇ । ਅੱਖੀਆਂ ਫੁਰਕਨ ਲੂੰ ਲੂੰ ਮੁਰਕੇ । ਠਰ ਗਏ ਗੋਸ਼ੇ ਹਾਂ ਦੇ ਹਿਨ । ਜੀਂਦੇ ਅਰਬ ਸ਼ਰੀਫ ਡਿੱਠੋਸੇ । ਲੁਹਦੀਂ ਸਿਦਕੀ ਨਾ ਮਰਗਿਉਸੇ । ਸੋਹਣੇ ਸਾਂਵਲ ਯਾਦ ਕਿਤੋਸੇ । ਹਾਰ ਸ਼ਿੰਗਾਰ ਸੁਹਾਂਦੇ ਹਿਨ । ਸਦਕੇ ਸਦਕੇ ਵਾਰੀ ਵਾਰੀ । ਓਲੇ ਘੋਲੇ ਲੱਖ ਲੱਖ ਵਾਰੀ । ਸਰ ਕੁਰਬਾਨ ਤੇ ਜਾਨ ਨਸਾਰੀ । ਮਿਲਕ ਮਿੱਠੇ ਮਿਤਰਾਂ ਦੇ ਹਿਨ । ਵਾਦੀਆਂ ਰਾਹ ਮਦੀਨੇ ਵਾਲੀਆਂ । ਸਾਗੀ ਬਾਗ਼ ਬਹਿਸ਼ਤੀ ਚਾਲੀਆਂ । ਹਰ ਹਰ ਆਨ ਸਦਾ ਖੁਸਹਾਲੀਆਂ । ਸੁਖ ਸਿਹਰੇ ਡੁੱਖ ਮਾਂਦੇ ਹਿਨ । ਅਰਬ ਸ਼ਰੀਫ ਦੀ ਸੋਹਣੀ ਰੀਤੇ । ਲਾਵੇ ਦਿਲ ਨੂੰ ਪਰਮ ਪਲੀਤੇ । ਵਿਸਰੇ ਚਾਚੱੜ ਸਦਕੇ ਕੀਤੇ । ਅਸਲੋਂ ਮਹਜ਼ ਨ ਭਾਂਦੇ ਹਿਨ । ਹੁਸਨ ਜਮਾਲ ਦੀ ਧਰਤੀ ਆਈ । ਸਭ ਸ਼ੈ ਚਾਹਰੀ ਤਰਜ਼ ਡੱਖਾਈ । ਫ਼ਰਹਤ ਰੋਜ਼ ਫ਼ਰੀਦ ਸਵਾਈ । ਡੁੱਖੜੇ ਮਾਂਦੇ ਸਾਂਦੇ ਹਿਨ ।

24. ਅੱਲ ਫਾਲ ਫ਼ਰਾਕ ਡਸੇਂਦੀ ਹੈ

ਅੱਲ ਫਾਲ ਫ਼ਰਾਕ ਡਸੇਂਦੀ ਹੈ ।ਮਤਾ ਯਾਰ ਕਨੂੰ ਨਿਖੜੇਂਦੀ ਹੈ । ਸਖਤੀਆਂ ਵਧੀਆਂ ਸੁਖ ਥਏ ਥੋਲੇ ।ਰੰਜੋ ਅਲਮ ਗ਼ਮ ਸੋਜ਼ ਸਮੋਲੇ । ਚਰਖਾ ਡੁੱਖੜੀ ਰੂੰ ਰੂੰ ਬੋਲੇ ।ਤੰਦ ਡਿੰਗੀ ਵਲ ਪੈਂਦੀ ਹੈ । ਸੇਧਾਂ ਕੱਜੜੀਆਂ ਮੇਂਦੀਆਂ ਫਿੱਕੜੀਆਂ ।ਕਜਲੇ ਉਜੜੇ ਸੁਰਖ਼ੀਆਂ ਬਿਖੜੀਆਂ । ਯਾਸਾਂ ਮਿਲੀਆਂ ਆਸਾਂ ਨਿੱਖੜੀਆਂ ।ਲੂੰ ਲੂੰ ਵੈਣ ਵਲੇਂਦੀ ਹੈ । ਤੂਲ ਨਿਹਾਲੀਆਂ ਦਾਰ ਡਿੱਸੀਜਨ ।ਹਾਰ ਫੁਲਾਂ ਦੇ ਖ਼ਾਰ ਡਿੱਸੀਜਨ । ਸਿਹਨ ਹਵੇਲੀਆਂ ਬਾਰ ਡਿੱਸੀਜਨ ।ਸਬ ਸ਼ੈ ਮੁੰਝੇ ਵਧੇਦੀ ਹੈ । ਭਾਗ ਗਿਆ ਬਦ ਬਖ਼ਤੀ ਜਾਗੀ ।ਬਾਂਹ ਚੁੜੇਲੀ ਥੀਵਮ ਡੁਹਾਗੀ । ਜੈਂਦੀਂ ਡੇਖਾਂ ਸਾਵਲ ਸਾਗੀ ।ਜਿੰਦੜੀ ਮਰ ਮਰ ਵੈਂਦੀ ਹੈ । ਟੁੱਟੇ ਕੰਗਣ, ਕੜੀਆਂ, ਨੇਵਰ ।ਟੁੱਕੜੇ ਬੈਨੇ, ਬੋਲੇ, ਬੈਂਸਰ । ਕਟਮਾਲੇ ਥਏ ਨਾਂਗ ਬਰਾਬਰ ।ਚੁਹੰਬ ਕਲੀ ਚਕ ਪੈਂਦੀ ਹੈ । ਨਜ਼ਰ ਨ ਆਵੇ ਰਾਂਝਨ ਮਾਹੀ ।ਕੀਤੁਸ ਬੇਕਸ ਤੇ ਬੇਵਾਹੀ । ਮੂੰਝ ਮੁੰਝਾਰੀ ਗਲ ਦੀ ਫਾਹੀ ।ਸਬਰ ਆਰਾਮ ਵੰਜੇਂਦੀ ਹੈ । ਦਰਦ ਕਨੂੰ ਮੂੰਹ ਸਾਵਾ ਪੀਲਾ ।ਚੋਲਾ ਕਾਲਾ ਬੋਛਣ ਨੀਲਾ । ਤੌਂ ਬਿਨ ਸਾਡਾ ਕੋਝਾ ਹੀਲਾ ।ਹਰ ਕਈ ਸਖ਼ਤ ਅਲੇਂਦੀ ਹੈ । ਸੌਣ ਸ਼ਗੂਨ ਸਭੇ ਥਏ ਪੁੱਠੜੇ ।ਵਸਲ ਵਸਾਲ ਦੇ ਸਾਂਗੇ ਤਰੁੱਟੜੇ । ਨੈਨ ਨ ਭਾਏ ਰੋ ਰੋ ਹੁੱਟੜੇ ।ਦਿੱਲੜੀ ਕੇਸ ਕਰੇਦੀ ਹੈ । ਚੇਤਰ ਬਹਾਰ ਖ਼ਿਜ਼ਾਂ ਡਿੱਸੀਜੇ ।ਝੋਕ ਸਭੋ ਵੀਰਾਨ ਡਿੱਸੀਜੇ । ਨ ਕੋਈ ਇਲਮ ਨ ਬਾ ।ਰੋਹੀ ਡੈਣ ਡਰੇਂਦੀ ਹੈ । ਯਾਰ ਫ਼ਰੀਦ ਨ ਖੜਾ ਮੁਕਲਾਇਆ ।ਬਾਰ ਬਾਰ ਹਿਜਰ ਸਿਰ ਆਇਆ । ਸਿਕ ਸਾੜਿਆ ਤੇ ਤਾਂਘਾਂ ਤਾਇਆ ।ਕਿਸਮਤ ਰੋਧੇ ਡੇਂਦੀ ਹੈ ।

25. ਅਲਫ਼ ਹਿਕੋ ਹਮ ਬਸ ਵੇ ਮੀਆਂ ਜੀ

ਅਲਫ਼ ਹਿਕੋ ਹਮ ਬਸ ਵੇ ਮੀਆਂ ਜੀ । ਹੋਰ ਕਹਾਣੀ ਮੂਲ ਨ ਭਾਣੀ ।ਅਲਫ਼ ਗਿਉਮ ਦਿਲ ਖਸ ਵੇ ਮੀਆਂ ਜੀ । ਬੇ ਤੇ ਦੀ ਬਈ ਕਲ ਨ ਕਾਈ ।ਅਲਫ਼ ਕੀਤਮ ਬੇ ਵੱਸ ਵੇ ਮੀਆਂ ਜੀ । ਠੱਪ ਰਖ਼ ਫਿਕਾ ਅਸੂਲ ਦੇ ਮਸਲੇ ।ਬਿਰਹੋਂ ਬਾਬ ਦਾ ਡੱਸ ਵੇ ਮੀਆਂ ਜੀ । ਜੇ ਕਰ ਲਗੜੋ ਚਾਟ ਬਿਰਹੋਂ ਦੀ ।ਜਾਇਆ ਕੂੰ ਡੇਸੀਂ ਡੱਸ ਵੇ ਮੀਆਂ ਜੀ । ਜੇ ਨ ਸਬਕ ਬਿਰਹੋਂ ਦਾ ਡਿੱਤੜੇ ।ਅੱਜ ਕਲ ਵੈਸਾਂ ਨੱਸ ਵੇ ਮੀਆਂ ਜੀ । ਬਿਰਹੌਂ ਸਿਖ਼ੀ ਤੇ ਬਿਰਹੋਂ ਸਿਖਾਈਂ ।ਹਈ ਸਾਬਸ ਸ਼ਾਬਸ ਵੇ ਮੀਆਂ ਜੀ । ਜੀਂਦੀ ਹੋਈ ਹਿੱਕ ਯਾਰ ਦੇ ਰਹਿਸੂੰ ।ਵਿੱਸਰੀ ਹੋਰ ਹਵਸ ਵੇ ਮੀਆਂ ਜੀ । ਮੰਤਰ ਪਰੀਤ ਦਾ ਫੂਕ ਸੁਕਾਰੀ ।ਲਿੰਗੜੀ ਹਮ ਆਲਸ ਵੇ ਮੀਆਂ ਜੀ । ਉਲਫ਼ਤ ਜ਼ਰਦੀ ਘਰਦੀ ਵਰਦੀ ।ਨਾ ਰਹਿ ਗਈ ਹਿੱਕ ਖਸ ਵੇ ਮੀਆਂ ਜੀ । ਰਾਂਝਨ ਮੈਂਡਾ ਮੈਂ ਰਾਂਝਨ ਦੀ ।ਖੇੜਿਆਂ ਦੇ ਮੂੰਹ ਭੱਸ ਵੇ ਮੀਆਂ ਜੀ । ਸੱਟ ਘਰ ਬਾਰ ਤੇ ਬਾਰ ਵਸੇਸਾਂ ।ਬਦਲੀਂ ਕੀਤੀ ਲੱਸ ਵੇ ਮੀਆਂ ਜੀ । ਇਲਮ ਅਮਲ ਭੁਲ ਵੈਸੀ ਜੇਕਰ ।ਇਸ਼ਕ ਪਿਉ ਕਨ ਰਸ ਵੇ ਮੀਆਂ ਜੀ । ਓੜਕ ਇਸ਼ਕ ਅੰਦਰ ਜਿੰਦ ਡੇਸੂ ।ਨਾ ਸਮਝੀਂ ਖਿਲ ਹੱਸ ਵੇ ਮੀਆਂ ਜੀ । ਨੇਂਹ ਕਡੋਕੜਾਂ ਪਿਉਸੇ ਪੁਖੜੇ ।ਨਾ ਹਈ ਕਲਮ ਤੇ ਮੱਸ ਵੇ ਮੀਆਂ ਜੀ । ਨਾ ਅੱਜ ਕਲ ਦੀ ਯਾਰ ਦੇ ਵੱਲ ਦੀ ।ਰੋਜ਼ ਅਜ਼ਲ ਦੀ ਹੱਸ ਵੇ ਮੀਆਂ ਜੀ । ਇਸ਼ਕੋਂ ਮੂਲ ਫ਼ਰੀਦ ਨ ਫਿਰਸੂੰ ।ਰੋਜ਼ ਨਵੀਂ ਹਿਮ ਚੱਸ ਵੇ ਮੀਆਂ ਜੀ ।

26. ਅੱਲਾ ਮੇਲੇ ਵਲ ਸੰਗ ਯਾਰਾ

ਅੱਲਾ ਮੇਲੇ ਵਲ ਸੰਗ ਯਾਰਾ ।ਬਰਦੀ ਤੌਂ ਦਿਲਬਰ ਦੀ । ਨਾਜ਼ ਨਜ਼ਾਕਤ ਹੁਸਨ ਮਲਾਹਤ ।ਕਿਆ ਚਾਲੀਂ ਕਿਆ ਢੰਗ ਯਾਰਾ । ਸੋਹਣੀ ਤਰਹ ਨਜ਼ਰ ਦੀ । ਇਸ਼ਵੇ ਗਮਜ਼ੇ ਕਰਨ ਲੜਾਈ ।ਚਸ਼ਮਾਂ ਕਰਦੀਆਂ ਜੰਗ ਯਾਰਾ । ਡਾਢੇ ਜ਼ੁਲਮ ਕਹਿਰ ਦੀ । ਹਰ ਹਰ ਕਾਕਲ ਨਾਂਗ ਵਰਾਧਾ ।ਜ਼ੁਲਫ ਮਰੇਂਦੀ ਡੰਗ ਯਾਰਾ । ਲੜਦੀ ਮੂਲ ਨ ਲੜਦੀ । ਕਾਮਤ ਯਾਰ ਕਿਆਮਤ ਸਾਰੀ ।ਸਹੰਸ ਫ਼ਰੇਬ ਫਰੰਗ ਯਾਰਾ । ਕਰਦੀ ਜੋ ਜੋ ਸਰਦੀ । ਤੀਰ ਨਿਗਾਹ ਦਾ ਰਗ ਰਗ ਰਚਿਆ ।ਸਾਰਾ ਬਦਨ ਚੋਰੰਗ ਯਾਰਾ । ਲਗੜੀ ਨੋਕ ਹੁਨਰ ਦੀ । ਇਸ਼ਕ ਫ਼ਰੀਦ ਰੁਲਾਇਮ ਬਰੋਚ ।ਹੱਡ ਹੱਡ ਤੇ ਅੰਗ ਅੰਗ ਯਾਰਾ । ਨਿਖੜਿਅਮ ਕੂੰਜ ਵਲ੍ਹਰ ਦੀ ।

27. ਅਲਯੌਮ ਬਸਰ ਹਦੀਦ ਵੇ

ਅਲਯੌਮ ਬਸਰ ਹਦੀਦ ਵੇ ।ਹਰ ਵਕਤ ਯਾਰ ਤੇ ਦੀਦ ਵੇ । ਖੋਲ੍ਹੀ ਇਸ਼ਕ ਕਲਬ ਕਲੀਦ ਵੇ ।ਥਏ ਗੁੱਝੜੇ ਰਾਜ਼ ਪਦੀਦ ਵੇ । ਡੇਂਹ ਰਾਤ ਸਾਡੜੀ ਈਦ ਵੇ ।ਥਇਆ ਬੁਅਦ ਸਗ਼ਤ ਬਈਦ ਵੇ । ਗੈਰੋਂ ਹੈ ਕਤਾ ਬੁਰੀਦ ਵੇ ।ਹੁਟ ਖਟ ਗਈ ਤਕਲੀਦ ਵੇ । ਦਿਲ ਮਿਲ ਘਟੀ ਤੌਹੀਦ ਵੇ ।ਹੈ ਹਾਲ ਰੋਜ਼ ਮਜ਼ੀਦ ਵੇ । ਹਰ ਲਹਿਜ਼ਾ ਸ਼ੌਕ ਸ਼ਦੀਦ ਵੇ ।ਹਰ ਆਨ ਜ਼ੌਕ ਜਦੀਦ ਵੇ । ਅਮਾਗ ਨਫ਼ਸ਼ ਅਨੀਦ ਵੇ ।ਕਰ ਸੁਲਹ ਥਿਉਮ ਮੁਰੀਦ ਵੇ । ਵੋਹ ਜਜ਼ਦ ਦੀ ਤਾਈਦ ਵੇ ।ਵੋਹ ਫ਼ਕਰ ਦੀ ਤਮਹੀਦ ਵੇ । ਥੀ ਮਹਵ ਗੁਫ਼ਰ ਸ਼ਨੀਦ ਵੇ ।ਗਏ ਵਿੱਸਰ ਵਾਅਦ ਵਈਦ ਵੇ । ਰਹਿੰਦੀ ਨਹੀਂ ਤਸ਼ਦੀਦ ਵੇ ।ਕਾਵੜ ਅਤੇ ਤਹਦੀਦ ਵੇ । ਏਹੋ ਅਦਨੂੰ ਅਬਦ ਫ਼ਰੀਦ ਵੇ ।ਅਜ਼ਲੋਂ ਹੈ ਦੀਦ ਖ਼ਰੀਦ ਵੇ ।

28. ਅਨਹਦ ਮੁਰਲੀ ਸ਼ੋਰ ਮਚਾਇਆ

ਅਨਹਦ ਮੁਰਲੀ ਸ਼ੋਰ ਮਚਾਇਆ । ਗੁਰ ਨੇ ਪੂਰੇ ਬੇਦ ਬਤਾਏ ।ਅਕਲ ਫਿਕਰ ਸਭ ਫਹਿਮ ਗਮਾਏ । ਮਦਹੋਸ਼ੀ ਵਿਚ ਹੋਸ਼ ਸਿਖਾਏ ।ਸਾਰਾ ਸਫ਼ਰ ਅਰੂਜ ਸੁਝਾਇਆ । ਵਹਦਤ ਐਨ ਅਯਾਂ ਡਿਠੋ ਸੇ ।ਤਮਸ ਹਕੀਕੀ ਸਮਝ ਲਿਉ ਸੇ । ਮਖ਼ਫ਼ੀ ਕੁਲ ਇਜ਼ਹਾਰ ਥਿਉਸੇ ।ਹਰ ਗੁਨ ਗਿਆਨ ਦੇ ਗੀਤ ਨੂੰ ਪਾਇਆ । ਥੀਏ ਵਾਜ਼ਹ ਮਸ਼ਹਦ ਦਕਾਇਕ ।ਥੀਏ ਲਾਇਹ ਅਨਵਾਰ ਹਕਾਇਕ । ਜ਼ਾਹਰ ਗੁਝ ਸਬ ਕੁਝ ਦੇ ਲਾਇਕ ।ਕਰਬ ਤੇ ਬੋਅਦ ਦਾ ਫ਼ਰਕ ਉਠਾਇਆ । ਬੰਸੀ ਖ਼ੂਬ ਬਤਾਈਆਂ ਬਾਤਾਂ ।ਗੁਝੜੇ ਰਾਜ਼ ਅਨੌਖੀਆਂ ਘਾਤਾਂ । ਗੁਮ ਥੀਆਂ ਕੂੜੀਆਂ ਜ਼ਾਤ ਸਿਫ਼ਾਤਾਂ ।ਲਿਮਨ ਅਲਮੁਲਕ ਦਾ ਦੌਰਾ ਆਇਆ । ਖ਼ਮਰ ਤਹੂਰੋਂ ਪੀ ਪੈਮਾਨੇ ।ਥੀਉਸੇ ਆਸ਼ਕ ਮਸਤ ਯਗਾਨੇ । ਭੁਲ ਗਏ ਸੌਮ ਸਲਵਾਤ ਦੋਗਾਨੇ ।ਰਿੰਦੀ ਮਸ਼ਰਬ ਸਾਂਗ ਰਸਾਇਆ । ਜਾਣੇ ਕੌਣ ਗੰਵਾਰ ਮੁਕੱਲਦ ।ਵਹ ਵਹ ਰੀਤ ਮਕਦਸ ਜੱਯੀਦ । ਥੀ ਮੁਤਲਕ ਬੇ ਕੈਦ ਮਵਹਦ ।ਸਭ ਸੂਰਤ ਵਿਚ ਆਪ ਸਮਾਇਆ । ਜਬ ਹਕ ਰਮਜ਼ ਮਿਲੀ ਤੌਹੀਦੋਂ ।ਦਿਲ ਆਜ਼ਾਦ ਡਿਠਮ ਤਕਲੀਦੋਂ । ਥੀਕਰ ਫ਼ਰਦ ਫ਼ਰੀਦ ! ਫ਼ਰੀਦੋਂ ।ਸੱਰੀ ਰੂਹੀ ਵਾਅਜ਼ ਸੁਣਾਇਆ । (ਬੇਦ=ਭੇਦ, ਅਰੂਜ=ਉੱਚਤਾ, ਵਹਦਤ=ਰੱਬ ਦੀ ਏਕਤਾ, ਅਯਾਂ= ਜ਼ਾਹਰ, ਤਮਸ=ਦੂਈ ਦਾ ਮਿਟ ਜਾਣਾ, ਮਖ਼ਫ਼ੀ=ਗੁੱਝਾ, ਵਾਜ਼ਹ= ਜ਼ਾਹਰ, ਮਸ਼ਹਦ=ਵੇਖਣ ਵਿਚ ਆ ਜਾਣ ਵਾਲਾ, ਦਕਾਇਕ=ਭੇਤ ਦੀਆਂ ਗੱਲਾਂ, ਲਾਇਹ=ਜ਼ਾਹਰ, ਅਨਵਾਰ=ਰੌਸ਼ਨੀ ਦੀਆਂ ਕਿਰਣਾਂ,ਚਮਕ, ਗੁਝ=ਭੇਤ,ਰਹੱਸ, ਕਰਬ=ਨੇੜਤਾ, ਬੋਅਦ=ਦੂਰੀ, ਸਿਫ਼ਾਤਾਂ=ਸਿਫ਼ਤਾਂ, ਲਿਮਨ ਅਲਮੁਲਕ=ਰੱਬ ਪੁੱਛੇਗਾ, 'ਅੱਜ ਮੁਲਕ ਕਿਸਦਾ ਹੈ ?' ਜਵਾਬ ਮਿਲੇਗਾ, 'ਇਹ ਖ਼ੁਦਾ ਦਾ ਹੈ ਜੋ ਸਭਨਾਂ ਉੱਤੇ ਭਾਰੂ ਹੈ', ਖ਼ਮਰ ਤਹੂਰੋਂ= ਸਵਰਗ ਵਿਚ ਮਿਲਣ ਵਾਲੀ ਪਵਿਤਰ ਸ਼ਰਾਬ, ਪੈਮਾਨੇ=ਪਿਆਲੇ, ਯਗਾਨੇ=ਬੇਮਿਸਾਲ, ਸੌਮ-ਸਲਵਾਤ=ਰੋਜ਼ਾ ਤੇ ਨਮਾਜ਼, ਮਸ਼ਰਬ= ਤਰੀਕਾ, ਗੰਵਾਰ=ਜਾਹਲ, ਅਗਿਆਨੀ, ਮੁਕੱਲਦ=ਪੈਰਵੀ ਕਰਨ ਵਾਲਾ, ਰਮਜ਼=ਇਸ਼ਾਰਾ, ਤੌਹੀਦ=ਰੱਬੀ ਏਕਤਾ, ਤਕਲੀਦ=ਪੈਰਵੀ ਕਰਨਾ, ਫ਼ਰਦ=ਇਕੱਲਾ, ਸੱਰੀ ਰੂਹੀ ਵਾਅਜ਼=ਮੇਰੀ ਜ਼ਮੀਰ ਤੇ ਮੇਰੀ ਰੂਹ ਹੈ ।)

29. ਅਸਾਂ ਕਨੂੰ ਦਿਲ ਚਾਇਓ ਵੇ ਯਾਰ

ਅਸਾਂ ਕਨੂੰ ਦਿਲ ਚਾਇਓ ਵੇ ਯਾਰ ।ਜਾਪੈ ਕਿਥਾਂ ਵੰਜ ਲਾਇਓ । ਯਾਰ ਬਰੋਚਲ ਕੀਚ ਦਾ ਵਾਲੀ ।ਕੀਤੋ ਹਾਲ ਕਨੂੰ ਬੇਹਾਲੀ । ਪਰਬਤ ਰੋਹ ਰੁਲਾਇਓ ਵੇ ਯਾਰ । ਮੁਲਕ ਮਲ੍ਹੇਰ ਲਿਤੋ ਨੀ ਝੋਕਾ ।ਮੈਂ ਕਲ੍ਹੜੀ ਵਿਚ ਓਪਰਿਆਂ ਲੋਕਾਂ । ਹਿਕ ਤਿਲ ਤਰਸ ਨ ਆਇਓ ਵੇ ਯਾਰ । ਮੈਂ ਕਮਲੀ ਕਿਆ ਜਾਣਾ ਨੇਂਹ ਕੂੰ ।ਜ਼ੁਲਮੀ ਨਹਰ ਤੇ ਕਹਿਰ ਸ਼ੀਨਾ ਕੂੰ । ਆਪੇ ਦੀਦ ਅੜਾਇਓ ਵੇ ਯਾਰ । ਆਪੇ ਆਪਣਾ ਸੋਹਾਂ ਕੀਤੋ ।ਕਰਹੋ ਕਤਾਰਿਓ ਨਾਲ ਨ ਨੀਤੋ । ਕੈਂ ਧੋਤੀ ਬਰਮਾਇਓ ਵੇ ਯਾਰ । ਯਾਰ ਮੁਠੀ ਕੂੰ ਡਿਤੋੜ ਰੋਲਾ ।ਸਾੜਿਓ ਕੀਤੋ ਕੀਰੀ ਕੋਲਾ । ਤਤੜੀ ਕੂੰ ਕਿਓ ਤਾਇਓ ਵੇ ਯਾਰ । ਆਪੇ ਸ਼ਹਿਰ ਭੰਭੋਰ ਡੋ ਆਇਓਂ ।ਯਾਰੀ ਲਾਕਰ ਛੋੜ ਸਿਧਾਇਓਂ । ਮੁਫਤਾ ਕੂੜ ਕਮਾਇਓ ਵੇ ਯਾਰ । ਯਾਰ ਫਰੀਦ ਕਡਾਂ ਸੰਭਲੇਸੀ ।ਸਹਿਜੋ ਸਡ ਕਰ ਕੋਲ ਪਲ੍ਹੇਸੀ । ਜੇ ਵਤ ਬਖਤ ਭੜਾਇਓ ਵੇ ਯਾਰ ।

30. ਅਸਾਨੂੰ ਰਹਿਣ ਨ ਡੇਂਦੀ

ਅਸਾਨੂੰ ਰਹਿਣ ਨ ਡੇਂਦੀ ।ਲਗੀ ਪੁਨਲ ਦੀ ਤਾਂਗ । ਕਨੜੀਂ ਵਲਦੀ ਰੋਜ਼ ਅਜ਼ਲਦੀ ।ਬਿਰਹੋਂ ਸੁਣਾਈ ਬਾਂਗ । ਕੁਠੜੀ ਮੁਠੜੀ ਜਾਵਣ ਲਾਦੀ ।ਡੰਗੜੀ ਨੇਂਹ ਦੇ ਡਾਂਗ । ਦਿਲੜੀ ਦੁਸ਼ਮਨ ਸਖਤ ਸਤਾਏ ।ਸੀਨੇ ਚੁਭੜੀ ਸਾਗ । ਯਾਰ ਬਰੋਚਲ ਕੇਚੇ ਸਿਧਾਇਆ ।ਜਾਲਾਂ ਕੈਂਦੇ ਸਾਂਗ । ਮਾਰੂ ਥਲ ਦੀ ਪਟੜੀ ਲੰਮੜੀ ।ਡਿਸਮ ਫਰੀਦਨ ਟਾਂਗ ।

31. ਅਸਾਂ ਸੋ ਬਦਮਸਤ ਕਲੰਦਰ ਹੂੰ

ਅਸਾਂ ਸੋ ਬਦਮਸਤ ਕਲੰਦਰ ਹੂੰ ।ਕਡੀ ਮਸਜਦ ਹੂੰ ਕਡੀਂ ਮੰਦਰ ਹੂੰ । ਕਡੀਂ ਚੋਰ ਬਣੂੰ ਕਡੀਂ ਜਾਰ ਬਣੂੰ ।ਕਡੀਂ ਤੋਬਾ ਇਸਤਗਫਾਰ ਬਣੂੰ । ਕਡੀਂ ਜ਼ੋਹਦ ਇਬਾਦਤ ਕਾਰ ਬਣੂੰ ।ਕਡੀਂ ਫ਼ਿਸਕ ਫ਼ਜੂਰੀ ਅੰਦਰ ਹੂੰ । ਕਥਾਂ ਦਰਦ ਕਥਾਂ ਦਰਮਾਨ ਬਣੂੰ ।ਕਥਾਂ ਮਿਸਰ ਕਥਾਂ ਕਨਾਅਨ ਬਣੂੰ । ਕਥਾਂ ਕੇਂਚ ਭੰਭੋਰ ਦਾ ਸ਼ਾਨ ਬਣੂੰ ।ਕਥਾਂ ਵਾਸੀ ਸ਼ਹਿਰ ਜਲੰਧਰ ਹੂੰ । ਕਿਥਾਂ ਸਮੂਅ ਦੈਰ ਕਨਸ਼ਤ ਕਥਾਂ ।ਕਥੇ ਦੋਜ਼ਖ ਬਾਗ਼ ਬਹਿਸ਼ਤ ਕਥਾਂ । ਕਥੇ ਆਸੀ ਨੇਕ ਸਰਿਸ਼ਤ ਕਥਾਂ ।ਕਥੇ ਗੁਮਰਾਹ ਹੂੰ ਕਥੇ ਰਹਬਰ ਹੂੰ । ਹਿਯੂੰ ਓ ਕਲਾਸ਼ ਤੇ ਰਿੰਦ ਅਸਾਂ ।ਪਈ ਨਿਵਦੀ ਹੈ ਹਿੰਦ ਸਿੰਧ ਅਸਾਂ । ਹਿਯੂੰ ਬੇਸ਼ਕ ਆਰਫ਼ ਚਿੰਦ ਅਸਾਂ ।ਕੁਲ ਰਾਜ਼ ਰਮੂਜ਼ ਦੇ ਦਫਤਰ ਹੂੰ । ਹਨ ਨਾਜ਼ ਨਵਾਜ਼ ਦੇ ਟੋਲ ਕਡੀਂ ।ਹੈ ਮੂੰਝ ਮੁੰਝਾਰੀ ਕੋਲ ਕਡੀਂ । ਰੇਲ ਢੋਲ ਕਡੀਂ ਗਿਆ ਰੋਲ ਕਡੀਂ ।ਕਡੀਂ ਬਰਦਰ ਹੂੰ ਕਡੀਂ ਦਰਬਰ ਹੂੰ । ਵਲ ਵਾਤੋਂ ਸਮਝ ਫ਼ਰੀਦ ਅੱਲਾ ।ਕਰ ਮਹਜ਼ ਨਾ ਸ਼ਿਅਰ ਜਦੀਦ ਵਲਾ । ਹੈ ਚਾਲੋਂ ਹਾਲ ਪਦੀਦ ਭਲਾ ।ਤੂਣੇ ਕਿਜੋ ਸਾਰੇ ਅਬਤਰ ਹੂੰ ।

32. ਬੈਠੀ ਰੋ ਰੋ ਉਮਰ ਨਿਭਾਈਆਂ

ਬੈਠੀ ਰੋ ਰੋ ਉਮਰ ਨਿਭਾਈਆਂ ।ਸਭੇ ਖ਼ੁਸ਼ੀਆਂ ਇਸ਼ਕ ਵੰਜਾਈਆਂ । ਵਾਹ ਸਾਂਵਲ ਦੀ ਧਾਰ ਕੱਜਲ ਦੀ ।ਬੇ ਸ਼ਕ ਤੇਗ਼ ਅਜ਼ਲ ਦੀ । ਦੀਦਾਂ ਤੀਰ ਚਲਾਵਨ ਕਾਰੀ ।ਪਲਕਾਂ ਕਰਨ ਲੜਾਈਆਂ । ਇਸ਼ਵੇ ਗਮਜ਼ੇ ਨਾਜ਼ ਨਹੋਰੇ ।ਨਖਰੇ ਨੋਕਾਂ ਟੋਕਾਂ । ਹੁਸਨ ਮਲਾਹਤ ਸ਼ਕਲ ਸ਼ਬਾਹਤ ।ਸਾਰੀਆਂ ਤਰਹੇਂ ਸਿੱਧਾਈਆਂ । ਹੰਜੜੂ ਜਾਰੀ ਤੁਨਲੇ ਰਤੜੇ ।ਪਪਲੀਆਂ ਉਜੜੀਆਂ ਪੁਜੜੀਆਂ । ਲੋਕਾਂ ਲੇਖੇ ਅੱਖੀ ਆਈਆਂ ।ਜ਼ਾਲਮ ਬਿਰਹੋਂ ਚੌਂ ਭਾਈਆਂ । ਮੇਹਨੜੀਂ ਮਿੱਠੜੀਂ ਦਰਦ ਅੰਦੇਸ਼ੇ ।ਡੁੱਖੜੇ ਪੁਖੜੇ ਆਇਮ । ਦਿਲੜੀ ਸਖ਼ਤੀ ਮਿਲੜੀ ਸੁੰਜੜੀ ।ਔਖੀਆਂ ਯਾਰੀਆਂ ਲਾਈਆਂ । ਮੁਫ਼ਤ ਮਲਾਮਤ ਸਖ਼ਤ ਨਦਾਮਤ ।ਸ਼ਹਿਰ ਸ਼ਿਕਾਇਤ ਚਾਇਮ । ਵੇੜ੍ਹੇ ਯਾਰ ਫ਼ਰੀਦ ਨ ਆਇਮ ।ਮਸਤਕ ਲਿਖੀਆਂ ਪਾਈਆਂ ।

33. ਬਣ ਦਿਲਬਰ ਸ਼ਕਲ ਜਹਾਨ ਆਇਆ

ਬਣ ਦਿਲਬਰ ਸ਼ਕਲ ਜਹਾਨ ਆਇਆ ।ਹਰ ਸੂਰਤ ਐਨ ਅਯਾਨ ਆਇਆ । ਕਥੇ ਆਦਮ ਕਥੇ ਸ਼ੈਸ ਨਬੀ ।ਕਥੇ ਨੂਹ ਕਥਾਂ ਤੂਫ਼ਾਨ ਆਇਆ । ਕਥੇ ਇਬਰਾਹੀਮ ਖ਼ਲੀਲ ਨਬੀ ।ਕਥੇ ਯੂਸਫ਼ ਵਿਚ ਕਨਆਨ ਆਇਆ । ਕਥੇ ਈਸਾ ਤੇ ਅਲਿਆਸ ਨਬੀ ।ਕਥੇ ਲਛਮਨ ਰਾਮ ਤੇ ਕਾਨ੍ਹ ਆਇਆ । ਕਥੇ ਜ਼ਕਰੀਆ ਕਥੇ ਯਾਹਾ ਹੈ ।ਕਥੇ ਮੂਸਾ ਬਿਨ ਅਮਰਾਨ ਆਇਆ । ਬੂ ਬਕਰ ਉਮਰ ਉਸਮਾਨ ਕਥਾਂ ।ਕਥ ਅਸਦ ਅੱਲਾ ਜ਼ੀਸ਼ਾਨ ਆਇਆ । ਕਥੇ ਹਸਨ ਹੁਸੈਨ ਸ਼ਹੀਦ ਬਣੇ ।ਕਥੇ ਮੁਰਸ਼ਦ ਫ਼ਖਰ ਜਹਾਨ ਆਇਆ । ਕਥੇ ਅਹਿਮਦ ਸ਼ਾਹ ਰਸੂਲਾਂ ਦਾ ।ਮਹਬੂਬ ਸਭੇ ਮਕਬੂਲਾਂ ਦਾ । ਉਸਤਾਦ ਨਫੂਸ ਅਕੂਲਾਂ ਦਾ ।ਸੁਲਤਾਨਾਂ ਸਿਰ ਸੁਲਤਾਨ ਆਇਆ । ਤਨਜ਼ੀਲ ਕਥਾਂ, ਜਬਰੀਲ ਕਥਾਂ ।ਤੋਰੇਤ ਜ਼ਬੂਰ ਇੰਜੀਲ ਕਥਾਂ । ਆਯਾਤ ਕਥਾਂ ਤਰਤੀਲ ਕਥਾਂ ।ਹਕ ਬਾਤਲ ਦਾ ਫੁਰਕਾਨ ਆਇਆ । ਕੁੱਲ ਵਿਚ ਕੁੱਲ ਸ਼ੈ ਜ਼ਾਹਰ ਹੈ ।ਸੋਨੜ੍ਹਾ ਜ਼ਾਹਰ ਐਨ ਮਜ਼ਾਹਰ ਹੈ । ਕਥੇ ਨਾਜ਼ ਨਿਆਜ਼ ਦਾ ਮਾਹਰ ਹੈ ।ਕਥੇ ਦਰਦ ਕਥਾਂ ਦਰਮਾਨ ਆਇਆ । ਕਥੇ ਰੀਤ ਪਰੀਤ ਦਾ ਵੇਸ ਕਰੇ ।ਕਥੇ ਆਸ਼ਕ ਥੀ ਪ੍ਰਦੇਸ ਫਿਰੇ । ਖੁਲੇ ਗਲ ਵਿਚ ਮਾਰੂ ਕੇਸ ਧਰੇ ।ਲਿਟ ਧਾਰੀ ਥੀ ਮਸਤਾਨ ਆਇਆ । ਕਥੇ ਪੰਡਤ ਜੋਸੀ ਜੋਗੀ ਹੈ ।ਕਥੇ ਸਾਮੀ ਤੇ ਕਥੇ ਭੋਗੀ ਹੈ । ਕਥੇ ਮਿਸਰ ਬਰਾਗੀ ਰੋਗੀ ਹੈ ।ਕਥੇ ਬੇਦ ਬਿਆਸ ਗਿਆਨ ਆਇਆ । ਖਾਮੋਸ਼ ਫ਼ਰੀਦ ਇਸਰਾਰ ਕਨੂੰ ।ਚੁਪ ਬੇਹੁਦਾ ਗੁਫ਼ਤਾਰ ਕਨੂੰ । ਪਰ ਗ਼ਾਫ਼ਲ ਨਾ ਥੀ ਯਾਰ ਕਨੂੰ ।ਏਹੋ ਲਾਰੇਬੀ ਫ਼ੁਰਮਾਨ ਆਇਆ । (ਦਿਲਬਰ=ਪਿਆਰਾ, ਅਯਾਨ=ਜ਼ਾਹਰ, ਕਥੇ=ਕਿਤੇ, ਅਸਦ=ਖ਼ੁਦਾ ਦਾ ਸ਼ੇਰ, ਜ਼ੀਸ਼ਾਨ=ਸ਼ਾਨ ਵਾਲਾ, ਨਫੂਸ= ਰੂਹਾਂ, ਅਕੂਲਾਂ=ਫਰਿਸ਼ਤੇ ਤਨਜ਼ੀਲ=ਕੁਰਾਨ,ਵਹੀ, ਤਰਤੀਲ=ਸੁਰੀਲੀ ਆਵਾਜ਼ ਨਾਲ ਪੜ੍ਹਨਾ, ਮਜ਼ਾਹਰ=ਜ਼ਾਹਰ ਹੋਣ ਦੀ ਥਾਂ, ਦਰਮਾਨ=ਇਲਾਜ, ਮਾਰੂ=ਮਾਰਨ ਵਾਲੇ, ਸਾਮੀ=ਸਵਾਮੀ, ਭੋਗੀ=ਗ੍ਰਹਸਥੀ, ਇਸਰਾਰ=ਭੇਤ, ਲਾਰੇਬੀ=ਰੱਬ ਦਾ)

34. ਬਰੀ ਬੇਜ਼ਾਰ ਹਿਨ ਜ਼ਾਤੋਂ ਸਿਫ਼ਾਤੋਂ

ਬਰੀ ਬੇਜ਼ਾਰ ਹਿਨ ਜ਼ਾਤੋਂ ਸਿਫ਼ਾਤੋਂ ।ਮਸਤ ਜਾਨਾਨੋਂ । ਮਹਜ਼ ਆਜ਼ਾਦ ਹਿਨ ਨਾਮੋਂ ਨਿਸ਼ਾਨੋ ।ਦੀਨ ਈਮਾਨੋਂ । ਛੁਟੇ ਅਕਰੋਂ ਲੰਘੇ ਫਕਰੋਂ ।ਇਬਾਦਤੋਂ ਅਤੋਂ ਫ਼ਿਕਰੋਂ । ਗੁਜ਼ਰ ਕਰ ਜ਼ਾਕਰੋਂ ਜ਼ਿਕਰੋਂ ।ਨਿਕਲ ਗਏ ਕੌਨ ਇਮਕਾਨੋਂ । ਥਈ ਦਿਲ ਦੂਰ ਅਗਯਾਰੋਂ ।ਭਰੀ ਮਾਮੂਰ ਦਿਲਦਾਰੋਂ । ਪਿਉਸੇ ਖ਼ਬਰ ਆਸਾਰੋਂ ।ਤੇ ਅਖ਼ਬਾਰੋਂ ਤੇ ਕੁਰਾਨੋਂ । ਜਿੱਡਾਂ ਡੂੰ ਤਰੀਂ ਤੂੰ ਗ਼ਾਫ਼ਲ ਹੈ ।ਤਿੱਡਾਂ ਹਿੱਕ ਨਾਲ ਵਾਸਲ ਹੈ । ਲੱਧਾ ਕਰਬਲੁ ਨਵਾਫ਼ਲ ਹੈ ।ਦਿਲ ਈਕਾਨੋਂ ਤੇ ਅਹਿਸਾਨੋਂ । ਡਿੱਤੀਆਂ ਉਸਤਾਦ ਉਸਤਾਦੀਆਂ ।ਹਮੇਸ਼ਾ ਰਾਤ ਡੇਂਹ ਸ਼ਾਦੀਆਂ । ਥੀਆ ਸੁੰਜਰ ਤੇ ਆਬਾਦੀਆਂ ।ਸ਼ਹੂਦੋ ਜ਼ੌਕ ਵਜਦਾਨੋਂ । ਜਿਥਾਂ ਖ਼ੁਦ ਕਰਬ ਹੈ ਦੂਰੀ ।ਉਥਾਂ ਕਿਆ ਵਸਲ ਮਹਜੂਰੀ । ਮਾਨਨੀਅਤ ਥੈਈ ਪੂਰੀ ।ਹੈ ਇਨਸਾਨੋਂ ਤੇ ਰਹਿਮਾਨੋਂ । ਅਜਬ ਮਸ਼ਰਬ ਤੇ ਮਿੱਲਤ ਹੈ ।ਸਭੋ ਵਸਅਤ ਨ ਕਿੱਲਤ ਹੈ । ਨ ਅਨੀਅਤ ਦੀ ਇਲਤ ਹੈ ।ਨ ਹੁਸਨਾਤੋਂ ਨ ਅਸਯਾਨੋਂ । ਫ਼ਰੀਦ ਆਈ ਹੈ ਹੂਸ਼ਿਆਰੀ ।ਪੁਖ਼ਤਗੀ ਚਿੱਤ ਅੰਦਰ ਸਾਰੀ । ਪਈ ਬੁੱਧ ਸੁੱਧ ਸਜੀ ਸਾਰੀ ।ਜਗਾਈ ਜੋਤ ਤਨ ਜਾਨੋਂ ।

35. ਬੱਠ ਘਤ ਕੂੜ ਨਿਕਮੜੇ

ਬੱਠ ਘਤ ਕੂੜ ਨਿਕਮੜੇ ।ਹਿਕ ਹਕ ਕੂੰ ਕਰ ਯਾਦ । ਥੀ ਕਰ ਗਹਿਲਾ ਰਤ ਪੂੰ ਤੇ ।ਕਰਦੀਂ ਧਾਹ ਫਰਿਆਦ । ਬਾਝੋਂ ਅਹਿਦ ਹਕੀਕੀ ।ਮੱਹਜ ਖ਼ਰਾਬ ਆਬਾਦ । ਹੁਸਨ ਮਜਾਜ਼ੀ ਕੂੜਾ ।ਹੈ ਫ਼ਾਨੀ ਬਰਬਾਦ । ਕਿਥ ਮਜਨੂੰ ਕਿਥ ਲੇਲਾ ।ਕਿਥ ਸ਼ੀਰੀਂ ਫ਼ਰਹਾਦ । ਕੁਲ ਸ਼ੈ ਗੈਰ ਖ਼ੁਦਾ ਦੀ ।ਹਾਲਕ ਬੇ ਬੁਨਿਆਦ । ਬਾਂਝ ਮੁਹਬਤ ਜਾਤੀ ।ਕੋਝਾ ਸ਼ੋਰ ਫਸਾਦ । ਮੁਰਸ਼ਦ ਫ਼ਖਰ ਜਹਾਂ ਨੇ ।ਕੀਤਮ ਏ ਇਰਸ਼ਾਦ । ਆਰਫ ਇਬਨਲ ਅਰਬੀ ।ਸਾਡਾ ਹੈ ਉਸਤਾਦ । ਸਮਝ ਫਰੀਦ ਹਮੇਸ਼ਾ ।ਰਹੋ ਗੈਰੋ ਆਜ਼ਾਦ ।

36. ਬੱਠ ਮਘਿਆਣਾ ਰਾਜ ਬਬਾਣਾ

ਬੱਠ ਮਘਿਆਣਾ ਰਾਜ ਬਬਾਣਾ ।ਵਾਹ ਭਾਣੇ ਮਨ ਭਾਣੇ ਅੱਸਾਡੇ । ਸਤਰ ਧੂਈਂ ਕਾਨ੍ਹ ਕਹੇਲੇ ।ਬੇਸ਼ਕ ਮਾਣੇ ਤਰਾਣੇ ਅੱਸਾਡੇ । ਸੁਣੋਂ ਸਹੇਲੀਆਂ ਸੇਗੀਆਂ ਸਈਆਂ ।ਬਿਰਹੋ ਡਿੱਤੀਆਂ ਡੁੱਕਤੀਂ ਹਤ ਬਈਆਂ । ਚੋਲਾ ਬੋਛਣ ਧਈਆਂ ਧਈਆਂ ।ਖ਼ੂਨ ਜਿਗਰ ਥਏ ਖਾਣੇ ਅੱਸਾਡੇ । ਹਾਰ ਹੰਜੂੰ ਦਾ ਗਲ ਵਿੱਚ ਪਾਵਾਂ ।ਸੂਲਾਂ ਦੀ ਨਿੱਤ ਸੇਝ ਸੁਹਾਵਾਂ । ਮਾ ਪਿਉ ਭਾਵਾਂ ਮੂਲ ਨ ਭਾਵਾਂ ।ਵੈਰੀ ਦੋਸਤ ਪੁਰਾਣੇ ਅੱਸਾਡੇ । ਜ਼ੁਅਫ਼ ਬਦਨ ਵਿੱਚ ਸੁਰਤ ਨ ਤਨ ਵਿੱਚ ।ਭਾ ਜਿਗਰ ਵਿੱਚ ਦੂਦ ਦਹਨ ਵਿੱਚ । ਦਿੱਲੜੀ ਗ਼ਰਕ ਅੰਦੋਹ ਮਿਹਨ ਵਿੱਚ ।ਰੋ ਰੋ ਨੈਣ ਕਮਾਣੇ ਅੱਸਾਡੇ । ਛੱਡ ਗਿਆ ਕੇਚ ਸ਼ਹਿਰ ਦਾ ਵਾਲੀ ।ਥਲ ਮਾਰੂ ਦੀ ਕੱਕੜੀ ਵਾਲੀ । ਕੱਕੜੇ ਕੰਡਰੇ ਤੂਲ ਨਿਹਾਲੀ ।ਡਿਲ੍ਹ ਸਿਲ੍ਹ ਪੱਥਰ ਵਹਾਣੇ ਅੱਸਾਡੇ । ਪੀਂਘ ਪਿੱਪਲ ਮਲਕਾਣੇ ਭੁੱਲ ਗਏ ।ਗਾਨੇ ਗਹਿਣੇ ਸਿਹਰੇ ਫੁਲ ਗਏ । ਘਰ ਦਰ ਜਾਹ ਟਿਕਾਣੇ ਰੁਲ ਗਏ ।ਪਿੜ ਪਏ ਯਾਰ ਅਯਾਣੇ ਅੱਸਾਡੇ । ਮੁਫ਼ਤ ਫ਼ਰੀਦ ਨਿਦਾਮਤ ਚਾਇਮ ।ਸਮਝ ਸੰਭਲ ਕਰ ਨੇਂਹ ਨ ਲਾਇਮ । ਸਾਰੀ ਪਤ ਪਰਤੀਤ ਵੰਜਾਇਮ ।ਥਿੜ ਗਏ ਅਕਲ ਸਿਆਣੇ ਅੱਸਾਡੇ ।

37. ਬੇਰੰਗ ਰਾਵਲ ਦੇ ਕੀਤੇ

ਬੇਰੰਗ ਰਾਵਲ ਦੇ ਕੀਤੇ ।ਰੋਂਦੀ ਵਤਾਂ ਰੁੜਦੀਂ ਵਤਾ । ਦਿਲ ਸੰਗ ਸਾਂਵਲ ਦੇ ਸਿਵਾ ।ਸੌ ਸੂਲ ਲੱਖ ਸਿਠੜੀਂ ਸਹਾਂ । ਸਿਕ ਸੁਖ ਸਭੋ ਸਹੀ ਸੱਚ ਖ਼ੇਸ ।ਡੁੱਖ ਰੰਜ ਵੇੜ੍ਹੇ ਵਿੱਚ ਵੱਸੇ । ਦੁਸ਼ਮਨ ਸੱਜਨ ਹਰ ਹਿਕ ਹਸੇ ।ਟੋਕਾਂ ਕਰਮ ਸਾਰਾ ਜਹਾਨ । ਕੀਤੋ ਪੁਨਲ ਵਾਹ ਵੈਰ ਵੇ ।ਵੰਜ ਕੇਚ ਲਾਇਓ ਦੇਰ ਵੇ । ਡੁੱਖੜੇ ਡਿੱਤੋਨੀ ਢੇਰ ਵੇ ।ਸੁੰਜ ਬਰ ਫਿਰਾਂ ਸਿਰ ਭਰ ਡਹਾਂ । ਦਿਲੜੀ ਗ਼ਮਾਂ ਦੀ ਭੈਣ ਹੈ ।ਸੂਲਾਂ ਡੁੱਖਾਂ ਦਾ ਵੈਣ ਹੈ । ਪਰਭਤ ਜਬਲ ਚਟ ਡੈਣ ਹੈ ।ਚਾੜ੍ਹਿਆ ਚੜ੍ਹਾਂ ਲਾਹਿਆ ਲਹਾਂ । ਸਬ ਆਸ ਹੋ ਗਈ ਯਾਸ ਹੈ ।ਹਰਦਮ ਉਦਾਸ ਹਰਾਸ ਹੈ । ਮੂਨਸ ਨਹੀਂ ਕੋਈ ਪਾਸ ਹੈ ।ਹੈ ਦਿਲ ਕਹਾਂ ਦਿਲਬਰ ਕਹਾਂ । ਆਰਦ ਫ਼ਰੀਦ ਈਂ ਇਲਤਜਾ ।ਰਹਿਮੇ ਬਹਾਲ ਬੇ ਨਵਾ । ਦਾਰਦ ਗਦਾ ਉਮੀਦਹਾ ।ਸਦ ਗੂਨਾ ਜ਼ ਅਲਤਾਫ ਸ਼ਹਾਂ ।

38. ਬੇਸ਼ਕ ਜਾਣਾਂ, ਬੇਸ਼ਕ ਜਾਣਾਂ

ਬੇਸ਼ਕ ਜਾਣਾਂ, ਬੇਸ਼ਕ ਜਾਣਾਂ ।ਸੋਹਨੜਿਆਂ ਕੂੰ ਹੈ ਸਖਤ ਗ਼ਰੂਰ । ਮੂੰਹ ਸਰ ਖਾਕ ਸ਼ਿੰਗਾਰ ਅਸਾਡੇ ।ਹੰਜੜੂ ਹਾਰਿਨ ਹਾਰ ਅਸਾਡੇ । ਹੋਤ ਹੈ ਕੇਚ, ਤੇ ਕੇਚ ਹੈ ਦੂਰ । ਯਾਰ ਨਵੀਂ ਨਿਤ ਯਾਰੀ ਲਾਵੇ ।ਕਿਵੇਂ ਸਾੜ ਸੂਲ ਸਹਾਵੇ । ਦਿਲੜੀ ਨਾਜ਼ਕ ਨਰਮ ਕਰੂਰ । ਡੇਂਹ ਤਤੀਂ ਹਡ ਮਾਸ ਕੂੰ ਚਰਦੀ ।ਰਾਤ ਨਜਰ ਦੀ ਆਹੀਂ ਕਰਦੀ । ਸੜ ਸੜ ਮਰਦੀ ਸੁਬਹ ਸਹੂਰ । ਪੜ ਬਿਸਮਿਲਾ ਡੁਖ ਚੀਸਾਂ ।ਖੁਸ਼ੀਆਂ ਕਰ ਕਰ ਝੋਲੀ ਪੈਸਾਂ । ਜੇ ਵਤ ਤੈਕੂੰ ਹੈ ਮਨਜੂਰ । ਦੂਰ ਵਸੇ ਮਨਜੂਰ ਦਿਲੇਂ ਦਾ ।ਆਵੇ ਮੌਤ ਨ ਮੇਲਾ ਥੀਂਦਾ । ਫ਼ਜਰੀਂ ਪੇਸ਼ੀ ਕਹਿਰ ਕਲੂਰ । ਉਠਦੀਂ, ਬਹਿੰਦੀਂ ਵੈਣ ਵਲਾਵਾਂ ।ਰੋਵਾਂ ਖਾਵਾਂ ਗਾਵਣ ਗਾਂਵਾਂ । ਹਰ ਹਰ ਰਗ ਹੈ ਤਾਰ ਤੰਬੂਰ । ਜੈਂ ਡੇਂਹ ਦੀਆਂ ਵਲ ਲਗੜੀਆਂ ਤਾਂਘਾਂ ।ਉਜੜੀਆਂ ਸੁਰਖੀਆਂ ਮਹਿੰਦੀਆਂ ਮਾਘਾਂ । ਬੋਲੇ ਬੈਨੇ ਬੇਸਰ ਚੂਰ । ਯਾਰ ਫ਼ਰੀਦ ਨੂੰ ਡਿਤੇੜ ਰੋਧੇ ।ਸਚੁ ਆਖਿਆ ਹਾਂ ਕਮਰ ਵ ਸ਼ੇਦੇ । ਬੇਦਰਦਾਂ ਨਾਲ ਨੇਂਹ ਲਾਵਣ ਕੂੜ ।

39. ਬੇ ਸੂਰਤ ਸੂਰਤ ਓਲ੍ਹੇ

ਬੇ ਸੂਰਤ ਸੂਰਤ ਓਲ੍ਹੇ ।ਕਰ ਨਾਜ਼ ਅਦਾ ਘੁੰਡ ਖੋਲ੍ਹੇ । ਹਰ ਹਰ ਜਾ ਵਿੱਚ ਰਾਂਝਣ ਮਾਹੀ ।ਆਇਆ ਨਾਲ ਸਫ਼ਾਤ ਕਮਾਹੀ । ਹਰ ਸੁਰ ਅਨਹਦ ਮੁਰਲੀ ਵਾਹੀ ।ਰਮਜ਼ ਹਕਾਇਕ ਚੋਲੇ । 'ਵ ਫੀ ਅਨਫਸਿਕਮ' ਭੇਤ ਬਤਾਵੇ ।'ਨਹੁਨ ਅਕਰਬ' ਬੀਨ ਬਜਾਵੇ । 'ਲੋਦ ਲੈਸਮ' ਗੀਤ ਸੁਣਾਵੇ ।ਲਫਜ਼ ਅਨਲਹਕ ਬੋਲੇ । ਜੋ ਕੋਈ ਦਿਲ ਡੂੰ ਧਿਆਨ ਰਖੇਸੀ ।ਸਾਰੇ ਗੁੱਝੜੇ ਰਾਜ਼ ਨੂੰ ਪੇਸੀ । ਅਸਨੀਨੀਤ ਕੁਲ ਉੱਠ ਵੇਸੀ ।ਭੱਜ ਪੌਸਨ ਸਭ ਭੋਲੇ । ਹਿੱਕ ਜਾ ਹਨ ਅਹਿਕਾਮ ਸ਼ਰੀਅਤ ।ਹਿੱਕ ਜਾ ਹਨ ਇਸਰਾਰ ਤਰੀਕਤ । ਥੀਵੇ ਕਿਆ ਦਰਿਆਫ਼ਤ ਹਕੀਕਤ ।ਕੌਨ ਏ ਫੋਲੇ ਫੋਲੇ । ਨਾ ਰੁਲ ਡੁੱਖੜੀ ਰੋਹ ਜਬਲ ਵਿੱਚ ।ਨਾ ਥੀ ਔਖੀ ਮਾਰੂ ਥਲ ਵਿੱਚ । ਪਹਿਲੂ ਦੋਸ਼ ਕਿਨਾਰ ਬਗਲ ਵਿੱਚ ।ਯਾਰ ਪੁੱਨਲ ਹੈ ਕੋਲੇ । ਫ਼ਖਰ ਜਹਾਂ ਹਿੱਕ ਰੀਤ ਸਿਖਾਈ ।ਅਸਲੋਂ ਹਾਜਤ ਰਹੀ ਨ ਕਾਈ । ਦਿਲ ਜੁੜ ਜੁੜ ਧੂਮ ਧਾਮ ਮਚਾਈ ।ਥਏ ਗੁਨ ਗਿਆਨ ਸਮੋਲੇ । ਰੰਗ ਪੁਰ ਦੇ ਹਿਨ ਪੰਥ ਨਿਆਰੇ ।ਹਿੱਕ ਨੂੰ ਬੋੜੇ ਹਿਕ ਨੂੰ ਤਾਰੇ । ਹਿੱਕ ਪਿਆ ਜਿਤੇ ਹਿੱਕ ਪਿਆ ਹਾਰੇ ।ਤੁਲਦੇ ਮਾਸੇ ਤੋਲੇ । ਫ਼ਾਸ਼ ਫ਼ਰੀਦ ਏ ਵਾਅਜ਼ ਸੁਣਾ ਤੂੰ ।ਆਲਮ ਜਾਹਲ ਸ਼ਾਹਗਦਾ ਕੂੰ । ਜੇ ਕੋਈ ਚਾਹੇ ਫ਼ਕਰ ਫ਼ਨਾ ਕੂੰ ।ਅਪਨੇ ਆਪ ਕੂੰ ਗੋਲੇ ।

40. ਭਾਣ ਵਸਾਇਆ ਯਾਰ ਚਹੀਂਦੇ

ਭਾਣ ਵਸਾਇਆ ਯਾਰ ਚਹੀਂਦੇ ।ਬੇਟ ਸੁਹਾਇਆ ਮਾਣ ਮਹੀਂਦੇ । ਅਸਲੋਂ ਮੂਲ ਨ ਵੇਸਾਂ ਰੋਹੀ ।ਕਾਨ ਕਹੇਲੇ ਦਿੱਲੜੀ ਮੋਹੀ । ਰਾਂਝਨ ਦੀਸਰ ਚੀਸਾਂ ਡੋਹੀ ।ਤਨ ਮਨ ਮਿਲਕ ਤਹੀਂਦੇ । ਗ਼ਾਈਂ ਵੇਚ ਤੇ ਮੰਝੀਆਂ ਲੇਸਾਂ ।ਨੈਂ ਚੰਦਨ ਤੇ ਝੋਕ ਬਣੇਸਾਂ । ਬੇਲਾ ਬੇਲੀ ਨਾਲ ਸੁਹੇਸਾਂ ।ਜੇੜਾ ਚਾਕ ਸਡੀਂਦੇ । ਮਾਂਗ ਢਾਲੇ ਪਾਵਾਂ ਫਾਲਾਂ ।ਸਾਰੀ ਉੱਮਰ ਤੈਡੇ ਸੰਗ ਜਾਲਾਂ । ਰੰਗਪੂਰ ਸਾੜਾਂ ਸਾੜ ਪਜਾਲਾਂ ।ਬੱਠ ਖੇੜੇ ਮੋਏ ਜੀਂਦੇ । ਜਾਂ ਜਾਂ ਕਨੜੀ ਰਿੰਗ ਸੁਣੇਦੀ ।ਜਿਦੜੀ ਸਦਕੇ ਘੋਲੇ ਥਏਂਦੀ । ਪਾਹ ਹੰਬਾਹ ਤੇ ਧੂੜ ਮਹੀਂਦੀ ।ਡਿੱਸਦਾ ਨੂਰ ਅੱਖੀਂ ਦੇ । ਹਰ ਦਮ ਯਾਰ ਦੇ ਨਾਮ ਸਡੀਵਾਂ ।ਸ਼ਾਲਾ ਨ ਬੇਵਾਹੀ ਥੀਵਾਂ । ਬਾਝ ਤੈਡੀ ਦੇ ਬਾਝ ਨ ਜੀਵਾਂ ।ਬਿਆ ਕੋਈ ਕੌਨ ਕਹੀਦੇ । ਹੀਰ ਸਲੇਟੀ ਚੂਚਕ ਬੇਟੀ ।ਨਾਜ਼ ਪਨਨੀ ਮੁਸ਼ਕ ਲਪੇਟੀ । ਆ ਤਕਦੀਰੋਂ ਚਾਕ ਚਕੇਟੀ ।ਹੁਣ ਡੇਖੋ ਕਿਆ ਥੀਦੇ । ਚਾਕੀ ਅਲੜੇ ਚਾਕ ਚਕਾਏ ।ਵਿਸਰਿਆ ਮਾ ਪਿਉ ਮਾਪਿਓ ਜਾਏ । ਮਾਮੇ ਚਾਚੇ ਤੇ ਹਮਸਾਏ ।ਆਣ ਸੂਹੀਂ ਨਜਰੀਂਦੇ । ਪਾਰ ਝਨਾਹੋਂ ਰਾਂਝਨ ਆਇਆ ।ਝੰਗ ਸਿਆਲੀਂ ਫੇਰਾ ਪਾਇਆ । ਹੀਰੇ ਨੂੰ ਜੁੜ ਜਾਦੂ ਲਾਇਆ ।ਕਿਵੇਂ ਛੁਪ ਛਪੀਂਦੇ । ਘਟੜੇ ਵਕੜੇ ਟੋਭੇ ਤਾਡੇ ।ਸਭ ਵਸ ਗਏ ਨੇੜੇ ਤਾਡੇ । ਆ ਵਸ ਸਾਵਲ ਕੋਲੇ ਸਾਡੇ ।ਬੱਠ ਘਤ ਦਰੋਹ ਦਿਲੀਂਦੇ । ਮੌਸਮ ਮਸਤ ਡਿਹਾੜੇ ਭਲੜੇ ।ਡਾਗਾਂ ਮਿਲੜੇ ਸਾਵੇ ਤਲੜੇ । ਭਾਗ ਸੁਹਾਗ ਫ਼ਰੀਦ ਸਵੱਲੜੇ ।ਅੱਖੀਆਂ ਨਾਲ ਡਿਸੀਂਦੇ ।

41. ਬਿਨ ਦਿਲਬਰ ਆਹੀਂ ਕਰ ਕਰ

ਬਿਨ ਦਿਲਬਰ ਆਹੀਂ ਕਰ ਕਰ ।ਕਈ ਰਾਤੀਂ ਡਿਤਮ ਸਹਰ ਕਰ । ਰੋਹ ਰੋਹੀ ਰਾਵੇ ਰੁਲਦੀ ।ਨਿਤ ਕਦਮ ਕਦਮ ਤੇ ਭੁਲਦੀ । ਕਡੀ ਥਕ ਬਹਿੰਦੀ ਜੁਲਦੀ ।ਹੁਣ ਸਾਂਵਲ ਯਾਰ ਵਹਰ ਕਰ । ਡੋਖੀ ਡੁਖੜੇ ਸੰਜ ਸਬਾਹੀਂ ।ਡੂੰਘੇ ਡੂੰਗਰ ਕੋਝੀਆਂ ਜਾਹੀਂ । ਜਿਥ ਮੱਮੀਆਂ ਗੌਲ ਬਲਾਈਂ ।ਰਿਛ ਰਾਖ਼ਸ਼ ਭਜਦੇ ਡਰ ਕਰ । ਬਿਨ ਆਸ਼ਕ ਅਹਿਲ ਵਫ਼ਾ ਦੇ ।ਬਿਨ ਸ਼ਾਇਕ ਜੌਕ ਲਕਾ ਦੇ । ਬਿਨ ਸਾਹਿਬ ਸਿਦਕ ਵ ਸਫਾ ਦੇ ।ਇਥ ਆਵੇ ਕੌਨ ਗੁਜ਼ਰ ਕਰ । ਲਡ ਨੀਤੋ ਝੋਕ ਪਰੇਰੇ ।ਦਿਲ ਦਰਦਾਂ ਲਾਇਮ ਦੇਰੇ । ਡਿਸੇ ਰੋਟੀ ਹਾਂ ਦੇ ਬੇਰੇ ।ਪੀਵਾਂ ਪਾਨੀ ਖੂਨ ਜਿਗਰ ਕਰ । ਥੀਏ ਕੰਡੜੇ ਤੂਲ ਨਿਹਾਲੀ ।ਘਰ ਡੇਵਮ ਡੈਨ ਡਿਖ਼ਾਲੀ । ਵਲ ਹੋਤ ਦਲੇਂਦਾ ਵਾਲੀ ।ਆ! ਸੀਨੇ ਸਾਡੇ ਘਰ ਕਰ । ਗਿਓਂ ਵੈਰੀ ਕੇਚ ਸਫ਼ਰ ਕਰ ।ਜੀ ਜਾਲਿਓ ਜ਼ੁਲਮ ਕਹਿਰ ਕਰ । ਜੁਖ ਜੁਖਦੀ ਵੈਸਾਂ ਮਰ ਕਰ ।ਥਲ ਮਾਰੂ ਗੋਰ ਕਬਰ ਕਰ । ਸੋਹਣਾ ਯਾਰ ਫ਼ਰੀਦ ਡੋਂ ਆਵੇ ।ਗਲ ਲਾਵੇ ਸੇਝ ਸਹਾਵੇ । ਆ ! ਉਜੜੀ ਝੋਕ ਵਸਾਵੇ ।ਠੰਡੜੀ ਆਹ ਅਸਰ ਕਰ ।

42. ਬਿੰਦਰਾ ਬਨ ਮੇਂ ਖੇਲੇ ਹੋਰੀ

ਬਿੰਦਰਾ ਬਨ ਮੇਂ ਖੇਲੇ ਹੋਰੀ ।ਸ਼ਾਮ ਦਵਾਰੇ ਮੇਰੋ ਲਾਲ । ਅਧਰ ਮਧਰ ਮੂੰ ਬੰਸੀ ਬਾਜੇ ।ਚੌਰਾਸੀ ਲਖ ਸਾਜ ਆਵਾਜੇ । ਭੂਲੀ ਕਾਇਆ ਮਾਇਆ ਮੂੜੀ ।ਸੁਨ ਕੇ ਗਿਆਨ ਅਨੋਖੇ ਖਿਆਲ । ਤਰਖਟ ਜਮਕਾ ਤਰਫ਼ਟ ਨਾਉਂ ।ਦੁਰਮਤ ਦਵੈਤ ਪਾਪ ਮਿਟਾਊਂ । ਪੀ ਕੇ ਪੈ ਸੰਗ ਪਰੇਮ ਕਟੋਰੀ ।ਨਾਚਤ ਗਾਵਤ ਰੰਗਰਸ ਤਾਲ । ਅਨਹਦ ਘੋਰ ਗਗਨ ਮੂੰ ਗ਼ਾਜੇ ।ਚੰਗ ਮਰਦੰਗ ਲਖੋ ਲਖ ਬਾਜੇ । ਲਾਗੀ ਜੋਰੀ ਸਬਦ ਟਕੋਰੇ ।ਬਰਸਤ ਗੁਰ ਪਰਤੀਤ ਗੁਲਾਲ । ਬ੍ਰਿਜ ਮੂੰ ਧੂਮ ਪਰੀ ਧਨ ਲਾਗੇ ।ਅਭਿਮਾਨ ਟੁਟੇ ਕੁਬੁਧਿਆ ਭਾਗੇ । ਬਾਂਹ ਮਰੋਰੇ ਬੰਗਰੀ ਤੋੜੇ ।ਕਵਰ ਕਨ੍ਹੀ ਚੰਚਲ ਚਾਲ । ਦਾਸ ਫਰੀਦ ਆਕਾਸ ਹਮਾਰਾ ।ਦੇਸ ਏਹੋ ਅਬਨਾਸ ਹਮਾਰਾ । ਆਤਮ ਸੂੰ ਕੀ ਲਾਗੇ ਚੋਰੀ ।ਹੂੰ ਮੈਂ ਸੰਸਾਰ ਹਤ ਪਤਾਲ ।

43. ਬਿਨ ਯਾਰ ਮਿੱਠਲ ਮੈਂ ਵੈਸਾਂ ਮਰ

ਬਿਨ ਯਾਰ ਮਿੱਠਲ ਮੈਂ ਵੈਸਾਂ ਮਰ ।ਜੈ ਬਾਝੋਂ ਹਿਕ ਪਲ ਕੋ ਨੇ ਸਰੇ । ਛੱਡ ਹੋਤ ਇਕੱਲੜੀ ਕੇਚ ਗਿਆ ।ਸੌ ਪੀੜ ਉੱਠੀ ਲੱਖ ਪੂਰ ਪਿਆ । ਪਿਟੀ ਪਿੱਟ ਪਿੱਟ ਹੁੱਟੜੀ ਸ਼ਾਮ ਸਹਰ ।ਪੱਟੀ ਪੀਤ ਦੇ ਡਿੱਸਦੇ ਪੰਧ ਪਰੇ । ਮਿੱਠਾ ਮਾਰੂ ਮੁਹਿਬ ਮਲ੍ਹੇਰ ਵੱਸੇ ।ਰੱਤ ਰੋਵਾਂ ਸਾਰਾ ਲੋਕ ਹੱਸੇ । ਥੀਸਾਂ ਬਰ ਡੋਰਾਹੀ ਸਟ ਘਰਦਰ ।ਤੋੜੇ ਯਾਰ ਕਬੂਲ ਕਰੇ ਨ ਕਰੇ । ਕੁੱਠੀ ਨਾਜ਼ ਨਿਗਾਹ ਅੱਵੈੜੇ ਦੀ ।ਮੁੱਠੀ ਲਜ਼ਤ ਇਸ਼ਕ ਬਖੇੜੇ ਦੀ । ਮੋਈ ਜੀਂਦੀ ਤਾਂ ਦਮੇ ਰੋਜ਼ੇ ਹਸ਼ਰ ।ਅਲਾ ਦਿਲ ਤੋਂ ਮੂਲ ਨਹੀਂ ਵਿੱਸਰੇ । ਵਾਹ ਦਿਲਬਰ ਤੈਂਡਰੀ ਯਾਰੀ ਹੈ ।ਲਗੀ ਫਕੜੀ ਸ਼ਹਿਰ ਖਵਾਰੀ ਹੈ । ਦਿਲ ਸੜਦੀ ਜਲਦੇ ਜਾਨ ਜਿਗਰ ।ਸਰ ਟੋਟੇ ਪੁਰਜ਼ੇ ਸਹੰਸ ਜ਼ਰੇ । ਸ਼ਾਲਾ ਥੀਵਮ ਵਸਲ ਦਾ ਸਾਗ ਕਡੀਂ ।ਮਿਟੇ ਲੁਟੜੀ ਦਿਲ ਦੀ ਤਾਂਗ ਕਡੀਂ । ਟਲੇ ਸਖ਼ਤ ਪਹਿਰ ਕਰੇ ਬਖ਼ਤ ਵਹਰ ।ਸੋਹਣਾ ਸਿਹਨ ਸੁਜੀਦੇ ਪੈਰ ਧਰੇ । ਆ ਆਂਗਨ ਫ਼ਰੀਦ ਦੇ ਯਾਰ ਮਿੱਠਲ ।ਸਾਰੀ ਉੱਮਰ ਗਈ ਜ਼ੂਖ ਜੁਖਦੀ ਢਲ । ਕਰ ਲੁਤਫ਼ ਮਿਹਰ ਬੱਠ ਜ਼ੁਲਮ ਕਹਿਰ ।ਦਿਲ ਡੁੱਖੜੀ ਠੱਡੜੇ ਸਾਹ ਭਰੇ ।

44. ਬਿਨ ਯਾਰ ਸਾਂਵਲ ਬਿਊ ਕੋ ਨਹੀਂ

ਬਿਨ ਯਾਰ ਸਾਂਵਲ ਬਿਊ ਕੋ ਨਹੀਂ ।ਹਜ਼ਾ ਜਨੂਨੁਲ-ਆਸ਼ਕੀਨ । ਬੇ ਓ ਨ ਆਂਸਤ ਵ ਨ ਈਂ ।ਹਜ਼ਾ ਜਨੂਨਲ-ਆਸ਼ਕੀਨ । ਥਲ ਬਰ ਤਤੀ ਰੁਲਦੀ ਹੈ ਕਿਉਂ ।ਸਿਧ ਵਾਟ ਤੂੰ ਭੁਲਦੀ ਹੈ ਕਿਉਂ । ਯਾਰ ਅਸਤ ਹਮਦਮ ਹਮਨਸ਼ੀਨ ।ਹਜ਼ਾ ਜਨੂਨਲ-ਆਸ਼ਕੀਨ । ਕਿਆ ਨਾਰ ਕਿਆ ਗੁਲਜ਼ਾਰ ਵੇ ।ਕਿਆ ਯਾਰ ਕਿਆ ਅਗ਼ਯਾਰ ਵੇ । ਓ ਰਾ ਬਦਾਨ ਓ ਰਾ ਬਬੀਨ ।ਹਜ਼ਾ ਜਨੂਨਲ-ਆਸ਼ਕੀਨ । ਮਜ਼ਹਬ ਵੱਜੂਦੀ ਫ਼ਰਜ਼ ਹੈ ।ਬਿਉਕਲ ਅਜ਼ਾਈ ਗਰਜ਼ ਹੈ । ਦੀਦੇਮ ਬਾ ਚਸ਼ਮੇ ਯਕੀਨ ।ਹਜ਼ਾ ਜਨੂਨਲ-ਆਸ਼ਕੀਨ । ਡੇਂਹ ਹਿਜਰ ਦੇ ਮੋਕਲਾ ਗਏ ।ਵੇਲ੍ਹੇ ਵਸਾਲ ਦੇ ਆ ਗਏ । ਜਾਨਮ ਬਜਾਨਾਂ ਸ਼ੁਦ ਕਰੀਂ ।ਹਜ਼ਾ ਜਨੂਨਲ-ਆਸ਼ਕੀਨ । ਨਹੀਂ ਕਾਲ ਬੇਸ਼ਕ ਹਾਲ ਹੈ ।ਪਲ ਪਲ ਅਸਾਡੇ ਨਾਲ ਹੈ । ਨਾਜ਼ਕ ਮਜ਼ਾਜ ਨਾਜ਼ਨੀਨ ।ਹਜ਼ਾ ਜਨੂਨਲ-ਆਸ਼ਕੀਨ । ਵਾਹ ਇਸ਼ਕ ਡਿੱਤੜੀ ਡਾਤ ਹੈ।ਥੱਈ ਰਾਤ ਸਭ ਪਰਭਾਤ ਹੈ । ਸ਼ੁਦ ਫ਼ਰਸ਼ ਦਿਲ ਅਰਸ਼ ਬਰੀਂ ।ਹਜ਼ਾ ਜਨੂਨਲ-ਆਸ਼ਕੀਨ । ਖ਼ਲਕਤ ਕੂੰ ਜੈਂਦੀ ਗੋਲਾ ਹੈ ।ਹਰਦਮ ਫ਼ਰੀਦ ਦੇ ਕੋਲ ਹੈ । ਸੌਰੀਦ ਪੀਰ ਫ਼ਖਰੁ ਦੀਨ ।ਹਜ਼ਾ ਜਨੂਨਲ-ਆਸ਼ਕੀਨ ।

45. ਬਿਰਹੋਂ ਪਿਉ ਸੇ ਪਖ਼ੜੇ

ਬਿਰਹੋਂ ਪਿਉ ਸੇ ਪਖ਼ੜੇ ।ਬੇਕਲ ਧੰਦੜੇ ਚੁਕੜੇ । ਪੀਤ ਪਰਮ ਦੀ ਚਾਸ਼ਨੀ ਚਖੜੇਮ ।ਵਿਸਰੇ ਡੁੱਖੜੇ ਪੁਖੜੇ । ਇਸ਼ਕ ਦੀ ਬਾਤ ਨ ਸਮਝਨ ਅਸਲੋਂ ।ਏ ਮੁਲਵਾਣੇ ਰੁਖੜੇ । ਅਦਨਬੀ ਰੱਬੀ ਜਬ ਹੋਇਆ ।ਸ਼ਰਾ ਮਸਾਇਲ ਮੁੱਕੜੇ । 'ਹਮਾ ਓਸਤ' ਦਾ ਸਬਕ ਘਿਦੋਸੇ ।ਫ਼ਾਸ਼ ਥਏ ਗੁੱਝ ਲੁੱਕੜੇ । ਹੀਂ ਰਾਹੋਂ ਨ ਫਿਰਸਾਂ ਤੋੜੀਂ ।ਸਰ ਥੀਸਮ ਸੌ ਟੁੱਕੜੇ । ਮਹਜ ਫ਼ਰੀਦ ਨਹੀਂ ਕਈ ਹਾਜਤ ।ਹਿਉਂ ਹਿੱਕ ਨੇਂਹ ਦੇ ਬੁਖੜੇ ।

46. ਬੂਲਾ ਬਨੇਸਰ ਕਿਸ ਨੂੰ ਪਾਵਾਂ

ਬੂਲਾ ਬਨੇਸਰ ਕਿਸ ਨੂੰ ਪਾਵਾਂ ।ਢੋਲਣ ਕੀਤਮ ਨਾ ਮਨਜ਼ੂਰ । ਕਥ ਨੂੰ ਬੇਨਾਂ ਮਾਂਗ ਬਣਾਵਾਂ ।ਕਜਲਾ ਪਾਵਾਂ ਸੁਰਖੀ ਲਾਵਾਂ । ਯਾਰ ਤਤੀ ਦਾ ਵਸਦਾ ਦੂਰ । ਪ੍ਰੀਤ ਪੁਰਾਣੀ ਕਮਲਾ ਕੀਤਾ ।ਇਸ਼ਕ ਅਵਲੜਾ ਲੂੰ ਲੂੰ ਸੀਤਾ । ਪਵਨ ਕੁਲਲੜੇ ਪਲ ਪਲ ਪੂਰ । ਤਰਜ਼ ਨਿਆਜ਼ ਅਸਾਡੀ ਮੋੜੀ ।ਕਿਬਲਾ ਕਦਮੀ ਯਾਰ ਦੀ ਧੂੜੀ । ਹੁਸਨ ਅਜ਼ਲ ਦੀ ਚਾਲ ਗ਼ਰੂਰ । ਸੇਂਗੀਆਂ ਸੁਰਤੀਆਂ ਸੇਂਝ ਵਛਾਵਨ ।ਬਾਂਹ ਚੁੜੇਲੀ ਵਰ ਗਲ ਲਾਵਨ । ਹਿਕ ਮੈਂ ਮੁਫਤ ਰਹੀ ਮਹਜੂਰ । ਵਾਦੀ ਐਮਨ ਥਲ ਦੇ ਚਾਰੇ ।ਜਿਥਾਂ ਬਰੋਚਲ ਕਰ ਹੂੰ ਕਤਾਰੇ । ਕਕੜੇ ਬਨੜੇ ਹੁਣ ਕੋਹ ਤੂਰ । ਮੁਲਾਂ ਮਾਰਨ, ਸਖਤ ਸਤਾਵਨ ।ਗੁਝੜੇ ਰਾਜ਼ ਦਾ ਭੇਤ ਨ ਪਾਵਨ । ਬੇ ਵਸ ਸ਼ੋਦੇ ਹਨ ਮਅਜ਼ੂਰ । ਮਲਵਾਣੇ ਦੇ ਵਾਅਜ਼ ਨ ਭਾਣੇ ।ਬੇਸ਼ਕ ਸਾਡਾ ਦੀਨ ਈਮਾਣੇ । ਇਬਨੁਲਅਰਬੀ ਦੀ ਦਸਤੂਰ । ਆਸ਼ਕ ਮਸਤ ਮਦਾਮ ਮਲਾਮੀ ।ਕਹਿ ਸੁਬਹਾਨੀ ਬਣ ਬਸਤਾਮੀ । ਆਖ ਅਨੱਲਹਕ ਥੀ ਮਨਸੂਰ । ਹੁਸਨ ਪਰਸਤੀ ਐਨ ਇਬਾਦਤ ।ਸ਼ਾਹਦ ਮਸਤੀ ਸਰਫ ਸਆਦਤ । ਗੀਬਤ ਗਫਲਤ ਮਹਜ਼ ਹਜ਼ੂਰ । ਰੀਤ ਫ਼ਰੀਦ ਦੀ ਪੁਠੜੀ ਸਾਰੀ ।ਰਹਿੰਦਾ ਸੌਮ ਵ ਸਲਵਾਤੋਂ ਆਰੀ । ਰਿੰਦੀ ਮਸ਼ਰਬ ਹੈ ਮਸ਼ਹੂਰ ।

47. ਚੂੜਾ ਅਨਾਡੇ ਜੈਸਲਮੇਰ ਦਾ

ਚੂੜਾ ਅਨਾਡੇ ਜੈਸਲਮੇਰ ਦਾ ।ਸੂਹਾ ਰੰਗਾਡੇ ਖ਼ਾਸ ਅਜਮੇਰ ਦਾ । ਹੋਵੇ ਅਸਲੀ ਖ਼ਾਸ ਮੜੀਚਾ ।ਨਾ ਨਕਲੀ ਵਲ ਫੇਰ ਦਾ । ਜਲਦੀ ਆਵੇ ਨਾ ਚਿਰ ਲਾਵੇ ।ਕੰਮ ਨਹੀਂ ਅਥ ਦੇਰ ਦਾ । ਬਿਰਹੋਂ ਦਾ ਚੂੜਾ ਪਰੀਤ ਦਾ ਸੂਹਾ ।ਕਾਕ ਨਦੀ ਦੇ ਘੇਰ ਦਾ । ਬਿਛੂਆ ਬੀਕਾਨੇਰੀ ਘਿਨਸਾਂ ।ਸਜੜੇ ਖਬੜੈ ਪੈਰ ਦਾ । ਸਹਿਜੇ ਪੀਸਾਂ ਪਾ ਠਮਕੀਸਾਂ ।ਥੋਰਾ ਚੀਸਾਂ ਡੇਰ ਦਾ । ਯਾਰ ਫ਼ਰੀਦ ਮਨੇਂਦਮ ਆਖੀਏ ।ਕਿਆ ਗ਼ਮ ਪਏ ਦੇ ਵੈਰ ਦਾ । (ਅਨਾਡੇ=ਮੰਗਵਾ ਦੇ, ਸੂਹਾ=ਲਾਲ,ਵਿਆਹ ਦਾ ਜੋੜਾ, ਮੜੀਚਾ= ਮਾਰਵਾੜੀ, ਵਲ=ਝੂਠਾ,ਫਰੇਬ, ਅਥ=ਇੱਥੇ, ਕਾਕ=ਇਕ ਨਦੀ, ਘੇਰ=ਘੇਰਾ,ਸਾਟ, ਬਿਛੂਆ=ਪੈਰ ਦੀ ਉਂਗਲੀ ਦਾ ਗਹਿਣਾ, ਘਿਨਸਾਂ= ਲਵਾਂਗੀ, ਪੀਸਾਂ=ਪਹਿਨਾਂਗੀ, ਠਮਕੀਸਾਂ=ਠੁਮਕ ਠੁਮਕ ਚਲਾਂਗੀ, ਥੋਰਾ= ਅਹਿਸਾਨ, ਡੇਰ=ਦੇਵਰ, ਮਨੇਂਦਮ=ਮੇਰੀ ਮੰਨਦਾ ਹੈ, ਪਏ=ਦੂਜੇ)

48. ਚੂੜੇ ਬੀੜੇ ਕਿਢੇਂ ਪਾਂਵਾਂ ੜੀ ਪਾਵਾਂ

ਚੂੜੇ ਬੀੜੇ ਕਿਢੇਂ ਪਾਂਵਾਂ ੜੀ ਪਾਵਾਂ ।ਮੈਡਾ ਯਾਰ ਗਿਆ ਮਲ੍ਹੇਰ ਤੇ । ਡੇ ਕਰ ਕੂੜੀਆਂ ਆਸ ਉੱਮੀਦਾਂ ।ਥੋਰੇ ਚਾੜ੍ਹ ਡੁੱਖਾਵਾਂ ੜੀ ਡੁੱਖਾਵਾਂ । ਹੈ ਡੁੱਖੜੇ ਦਿਲ ਦਿਲਗੀਰ ਤੇ । ਗਏ ਬਰਬਾਦ ਲੱਖੋ ਲੱਖ ਵਾਅਦੇ ।ਹੁਣ ਕਿਉਂ ਫਟਕੀ ਖ਼ਾਵਾਂ ੜੀ ਖਾਵਾਂ । ਖੋਟੇ ਤੋਂ ਵੈਰੀ ਬੇ ਪੀਰ ਤੇ । ਰਾਤ ਹਿਜਰ ਦੀ ਰੱਤੜੋਂ ਰੋਵਾਂ ।ਰੱਤੜੀਆਂ ਮਰਚਾਂ ਲਾਵਾਂ ੜੀ ਲਾਵਾਂ । ਤੱਤੀ ਸੌ ਮਨ ਹਿੱਕ ਹਿੱਕ ਚੀਰ ਤੇ । ਸਲਦੇ ਸਕਦੇ ਓਲ੍ਹੇ ਘੋਲ੍ਹੇ ।ਵਾਰੀ ਵਾਰੀ ਜਾਵਾਂ ੜੀ ਜਾਵਾਂ । ਮਿੱਠੀ ਕਾਸਦ ਦੀ ਤਕਰੀਰ ਤੇ । ਯਾਰ ਨ ਆਵੇ ਕੁੱਝ ਨ ਭਾਵੇ ।ਭੈਣੀਂ ਨੂੰ ਨਿੱਤ ਤਾਂਵਾਂ ੜੀ ਤਾਂਵਾਂ । ਥੀਵਾਂ ਕਾਵੜ ਮਾਂ ਪਿਉ ਵੀਰ ਤੇ । ਖੇੜੀਂ ਭੈੜੀਂ ਦੇ ਹੱਥ ਆਈ ।ਜੈਂ ਡੇਂਹ ਲੱਧੀਆਂ ਲਾਂਵਾਂ ੜੀ ਲਾਂਵਾਂ । ਡੋੜੀ ਤਰੇਉੜੀ ਸਖ਼ਤੀ ਹੀਰ ਤੇ । ਔਖੀਂ ਸੌਖੀ ਮੂਲ ਨ ਫਿਰਸਾਂ ।ਕਿਉਂ ਨੇਂਹ ਫ਼ਰੀਦ ਲਜਾਂਵਾਂ ੜੀ ਲਜਾਂਵਾਂ । ਮੁੱਠੀ ਕੁਲ ਕਮ ਰੱਖ ਤਕਦੀਰ ਤੇ ।

49. ਚੋਰੀਓਂ ਜਾਰੀਓਂ ਇਸਤਗ਼ਫਾਰ

(ਅਰਦਾਸ) ਚੋਰੀਓਂ ਜਾਰੀਓਂ ਇਸਤਗ਼ਫਾਰ ।ਬਖਸ਼ਿਮ ਸ਼ਾਲਾ ਰੱਬ ਗੁਫਾਰ । ਗੰਦੜੀ ਆਦਤ ਗੰਦੜੇ ਫੇਅਲੋਂ ।ਤੋਬਾ ! ਤੋਬਾ !! ਲਖ ਲਖ ਵਾਰ । ਕਰ ਕਰ ਸਖਤ ਗੁਨਾਹ ਪਰਤਾਪੁਇਮ ।ਤੂੰ ਹੈਂ ਖਾਵੰਦ ਬਖਸ਼ਣ ਹਾਰ । ਪੀਰ ਪੈਗੰਬਰ ਤੈਡੇ ਬਾਹੀਂ ।ਤੂੰ ਮਾਲਕ ਤੂੰ ਕੁਲ ਮੁਖਤਾਰ । ਮੈਂ ਬਦ ਅਮਲੀ ਤੇ ਕਰ ਰਹਿਮਤ ।ਜੈਂ ਡੇਂਹ ਯਾਰ ਵੀ ਯਾਰ ਨ ਯਾਰ । ਔਗਨ ਹਾਰੀ ਨਾ ਕਿਹੇਂ ਕੰਮ ਦੀ ।ਕੋਝੀ ਕਮਲੀ ਬਦ ਕਿਰਦਾਰ । ਤੈਡਾ ਸ਼ਾਨ ਹੈ ਫਜ਼ਲ ਕਰਮ ਦਾ ।ਮੈਂ ਵਿਚ ਡੋਹ ਤੇ ਐਬ ਹਜ਼ਾਰ । ਆਵਨ ਯਾਦ ਗੁਨਾਹ ਪੁਰਾਣੇ ।ਪਿਟ ਪਿਟ ਰੋਵਾਂ ਜ਼ਾਰੋ ਜ਼ਾਰ । ਰਾਤ ਕਬਰ ਦੀ ਡੇਂਹ ਹਸ਼ਰ ਦਾ ।ਸਿਰ ਤੇ ਕੜਕਮ ਬਾਰੇ ਬਾਰ । ਮੈਂ ਮਸਕੀਨ ਫਰੀਦ ਹਾਂ ਤੈਡਾ ।ਤੌਂ ਬਿਨ ਕੌਣ ਉਤਾਰਿਮ ਪਾਰ ।

50. ਦਮ ਮਸਤ ਕਲੰਦਰ ਮਸਤ ਕਲੰਦਰ

ਦਮ ਮਸਤ ਕਲੰਦਰ ਮਸਤ ਕਲੰਦਰ ।ਮਸਤ ਵ ਮਸਤੀ ਅਲਸਤੀ । ਨਫ਼ਸ ਮੁਕੱਦਸ ਅਹਿਲ ਸ਼ਆਦਤ ।ਇਲਮ ਅਮਲ ਵਿੱਚ ਰਖਨ ਸਆਦਤ । ਛੱਡ ਕਰ ਵਿਰਦ ਤੇ ਜ਼ੁਹਦ ਇਬਾਦਤ ।ਨਿੱਤ ਕਰਦੇ ਵਿਰਦ ਪਰਸਤੀ । ਸਾਫ਼ ਮੱਬਰਾ ਗ਼ੈਰ ਖ਼ਿਆਲੋਂ ।ਪਾਕ ਅਯਾਲੋਂ ਆਲੋਂ ਮਾਲੋਂ । ਰਾਸਖ ਵਜਦੋਂ ਜ਼ੌਕੋ ਹਾਲੋਂ ।ਵਹ ਵਹ ਮਸਤੀਂਦੀ ਮਸਤੀ । ਅਜ਼ਲ ਅਬਦ ਤਕ ਜਾਨੜਨ ਵਾਕਫ਼ ।ਲਾਨਤ ਰਹਿਮਤ ਸਮਝਨ ਆਰਫ਼ । ਬੂਝਨ ਮਕਾਸ਼ਫ ਮਹਿਜ ਮਰਾਦਫ ।ਕਿਆ ਬਾਲਾਈ ਕਿਆ ਪਸਤੀ । ਜੇ ਤੂੰ ਚਾਹੇਂ ਕੁਰਬ ਹਕੀਕੀ ।ਵਿਰਸਾ ਅਲਵੀ ਤੇ ਸਦੀਕੀ । ਰੀਤ ਜੁਨੇਦ ਿਰਸਮ ਸ਼ਕੀਕੀ ।ਭੱਟ ਹਸਤੀ ਵੱਟ ਹਸਤੀ । ਸੱਟ ਸੁਹਬਤ ਰਖ ਖਲਵਤ ਅਜ਼ਲਤ ।ਮੌਤ ਇਰਾਦੀ ਤੂੰ ਪਾ ਨਜ਼ਹਤ । ਜੇ ਸਰ ਡੇਸੀਂ ਹਈ ਬੇ ਸ਼ੁਬਹਤ ।ਅਥ ਸੌਦਾ ਦਸਤ ਬਦਸਤੀ । ਸੋਜ਼ ਪਰੀਤਾ ਹਾਲ ਫ਼ਰੀਦੀ ।ਮਜ਼ਹਬ ਮਿੱਲਤ ਹਿਸ ਤੌਹੀਦੀ । ਮੈਲ ਕੁਚੈਲਾ ਸ਼ਕਲ ਜਰੀਦੀ ।ਖ਼ੁਸ਼ ਵੱਸਦਾ ਪਰਮ ਦੀ ਵਸਤੀ ।

51. ਦਰਦ ਅੰਦਰ ਦੀ ਪੀੜ ਡਾਢਾ ਸਖਤ ਸਤਾਇਆ

ਦਰਦ ਅੰਦਰ ਦੀ ਪੀੜ ਡਾਢਾ ਸਖਤ ਸਤਾਇਆ । ਹਿਜਰ ਫ਼ਿਰਾਕ ਦੇ ਤੀਰ ਦਿਲ ਨੂੰ ਮਾਰ ਮੁੰਝਾਇਆ । ਇਸ਼ਕ ਹੇ ਡੁਖੜੇ ਦਿਲ ਦੀ ਸ਼ਾਦੀ ।ਇਸ਼ਕ ਹੈ ਰਹਬਰ ਮੁਰਸ਼ਦ ਹਾਦੀ । ਇਸ਼ਕ ਹੈ ਸਾਡਾ ਪੀਰ ।ਜੈ ਕੁਲ ਰਾਜ਼ ਸੁਝਾਇਆ । ਏ ਦਿਲ ਮੁਠੜੀ ਗੰਦੜੀ ਮੰਦੜੀ ।ਜਾਮਣ ਲਾਦੀ ਬਿਰਹੋਂ ਦੀ ਬੰਦੜੀ । ਅਜ਼ਲੋਂ ਤਾਂਘ ਦਾ ਤੀਰ ।ਜਾਨੀ ਜੋੜ ਚੁੰਭਾਇਆ । ਨਾਜ਼ ਤਬੱਸਮ ਗੁਝੜੇ ਹਾਸੇ ।ਚਾਲੇ ਪੇਚ ਫਰੇਬ ਦਿਲਾਸੇ । ਹੁਸਨ ਦੇ ਚਾਰ ਅਮੀਰ ।ਜਿਨ੍ਹਾਂ ਚੌ ਗੁਠ ਨਵਾਇਆ । ਵੁਠੜੀ ਪਾਲੀ ਸਦਾ ਮਤਵਾਲੀ ।ਮੀਂਹ ਵਸਰਾਂਦ ਤੇ ਵਾਲੀ ਆਲੀ । ਰੱਹੀ ਰਸ਼ਕ ਮਲੇਰ ।ਵੈਦਾ ਬਖਤ ਵਲਾਇਆ । ਥੀਆਂ ਸਰ ਸਬਜ਼ ਫ਼ਰੀਦ ਦੀਆਂ ਝੋਕਾਂ ।ਸਹਿਜੋਂ ਖ਼ੁਨਕੀ ਚਾਈ ਸੋਕਾਂ । ਨਣਦ ਨਾ ਮਾਓ ਖੀਰ ।ਮੂਲਾ ਮਾੜ ਵਸਾਇਆ ।

52. ਦਰਦ ਪਏ ਵਲ ਪੇਟੇ

ਦਰਦ ਪਏ ਵਲ ਪੇਟੇ ।ਡਿੱਤੜੇ ਯਾਰ ਰੰਝੇਟੇ । ਮੈੰ ਬੈਠੀਂ ਗਈ ਉਮਰ ਨ ਆਏ ।ਲਾਂਵੀਂ ਲਹਨ ਦੇ ਨੇਟੇ । ਹੱਥੜੀਂ ਪੈਰੀਂ ਗ਼ਮ ਦੇ ਗਾਨੇ ।ਸਰ ਸੂਲਾਂ ਦੇ ਰੇਟੇ । ਸੰਗੀ ਸੁਰਤੀਂ ਲਗੜੇ ਝੇੜੇ ।ਸਕੜੀਂ ਸੌਹਰੀਂ ਫੇਟੇ । ਸਾਂਵਲ ਆਵੇ ਆ ਗਲ ਲਾਵੇ ।ਸਹਿਜੋਂ ਸੇਹਜੀਂ ਲੇਟੇ । ਦਿੱਲੜੇ ਸੌ ਸੌ ਜ਼ਖਮ ਕਲੱਲੜੇ ।ਸੀਨੇ ਸਖ਼ਤ ਚਪੇਟੇ । ਯਾਰ ਫ਼ਰੀਦ ਸੰਭਾਲਮ ਜੈਂਦੀਂ ।ਰੱਬ ਡੁੱਖ ਡੁੱਖੜੇ ਮੇਟੇ ।

53. ਦਰਸਨ ਬਿਨ ਅੱਖੀਆਂ ਤਰਸ ਰਹੀਆਂ

ਦਰਸਨ ਬਿਨ ਅੱਖੀਆਂ ਤਰਸ ਰਹੀਆਂ । ਸੈ ਸੂਲ ਸਹਾਂ ਸਿਕ ਸਾਂਗ ਸਿਵਾ ।ਸੁਖ ਸੜ ਗਏ ਖੁਸ਼ੀਆਂ ਰਾਖ ਥੀਆ । ਜੀ ਜਲਦਾ ਸੀਨੇ ਅੱਗ ਲਗੀ ।ਦਿਲ ਬੇਕਬ ਹਜੜੂੰ ਢਲਕ ਪਈਆਂ । ਬਠ ਸੇਝ ਸੜੀ ਬਠ ਤੂਲ ਤੱਤੀ ।ਗਈਆ ਸੇਂਗੀਆਂ ਸੁਰਤੀਆਂ ਵਿਸਰੀਆਂ । ਗਲ ਕੋਝੇ ਕਾਂਟੇ ਖ਼ਾਰ ਚੁਭਨ ।ਥਈ ਚੋਲੀ ਸਾਲੂ ਸਹੰਸ ਧਈਆਂ । ਕਈ ਲਹਰ ਲੁੜ੍ਹੇ ਕਈ ਰੋਹ ਰੁਲੇ ।ਕਈ ਫਿਰਦੇ ਬੂਟੇ ਬੇਟੇ ਲਈਆਂ । ਦਿਨ ਬੀਤ ਗਏ ਸੁਧ ਬਿਸਰ ਗਈ ।ਸਾਜਨ ਨੇ ਬੁਰਾਈਆਂ ਜੋੜਕੀਆਂ । ਹੈ ਨਾਜ਼ ਨਹੀਂ ਐਰਾਜ ਮੰਢੂ ।ਰੱਖ ਆਸ ਨ ਥੀ ਗ਼ਮ ਵਾਸ ਮੀਆਂ । ਬਿਨ ਯਾਰ ਫ਼ਰੀਦ ਨ ਈਦ ਡਿੱਠਮ ।ਖਿਲ ਖੇਡਾਂ ਸਾਰੀਆਂ ਵਿਸਰ ਗਈਆਂ ।

54. ਦਸਤੋਂ ਪੀਰ ਮੁਗਾਂ ਦੇ

ਦਸਤੋਂ ਪੀਰ ਮੁਗਾਂ ਦੇ ।ਪੀਤਮ ਇਸ਼ਕ ਦਾ ਜਾਮ । ਵਹਦਤ ਕੀਤਾ ਗਲਬਾ ।ਭੁਲ ਗਿਆ ਕੁਫਰ ਇਸਲਾਮ । ਗੁਜ਼ਰੇ ਫਰਜ਼ ਫਰੀਜੇ ।ਸੁਨਤ ਕੋ ਭੀ ਸਲਾਮ । ਕਸ਼ਫ ਹਕੀਕੀ ਆਏ ।ਗਏ ਅਜਗਾਸ ਅਹਿਲਾਮ । ਵਹਦਤ ਜਾਤੀ ਸਭ ਦਾ ।ਹੈ ਆਗਾਜ ਇੰਜਾਮ । ਤਿਖੜੀ ਤੇਗ਼ ਨਫੀ ਦੀ ।ਗੈਰ ਕੀਤਾ ਕਤਲਾਮ । ਬਾਝੋਂ ਸ਼ੁਗਲ ਹਕੀਕੀ ।ਬਿਲ ਕੁਲ ਕੂੜ ਕਮਾਮ । ਕਰ ਤੋਬਾ ਅਗਿਆਰੋਂ ।ਪਠੜੇ ਬਿਰਹੋਂ ਪਿਆਮ । ਤੁਰਤ ਫ਼ਰੀਦ ਫ਼ਰੀਦੋਂ ।ਥੀ ਆਜ਼ਾਦ ਤਮਾਮ ।

55. ਡੇਹਾਂ ਰਾਤੀ ਸੰਝ ਸਥਾਹੀਂ

ਡੇਹਾਂ ਰਾਤੀ ਸੰਝ ਸਥਾਹੀਂ ।ਕਨੜੀਂ ਕਾਣ੍ਹ ਬਜਾਵਮ ਬੀਂਨ । ਕੁਦਸੀ ਬੰਸੀ ਅਨਹਦ ਅਜ਼ੋਲ ।ਰਾਂਝਨ ਫੂਕ ਸੁਣਾਵਮ ਫ਼ਜਲੋਂ । ਰੱਖ ਰੱਖ ਵਹਦਤ ਦੀ ਆਈਨ । ਅਸਨੀਨੀਅਤ ਦੀ ਗਈ ਇੱਲਤ ।ਔਜ ਥਈ ਸਭ ਹਨਫੀ ਮਿੱਲਤ । ਸੀਨ ਬਲਾਲ ਦਾ ਬੇਸ਼ਕ ਸ਼ੀਨ । ਜੋ ਹੈ ਮਰਦ ਮੁਹੱਕਕ ਮੋਕਨ ।ਉਸ ਦਾ ਥੀਆ ਸ਼ੈਤਾਨ ਭੀ ਮੋਮਨ । ਮਿਲਲ ਨਹਲ ਕੁਲ ਕੱਯਮ ਦੀਨ । ਦਿੱਲੜੀ ਗੈਰੈਂ ਵੈਰੋਂ ਖਾਲੀ ।ਸਦਰ ਸਦੂਰ ਵਲਾਇਤ ਵਾਲੀ । ਰਾਸਖ ਮਾਲਕ ਮੁਲਕ ਯਕੀਨ । ਮੀਸਾਕਂੋ ਤਾ ਰੋਜ਼ ਹਸ਼ਰ ਦੇ ।ਜੂਦੋ ਜੂਦ ਨਸਾਰ ਫ਼ੱਕਰ ਦੇ । ਦੌਲਤ ਸੁਹਬਤ ਫ਼ਖਰੁਦੀਨ । ਜ਼ੁਲਮ ਜਹਾਲਤ ਥੀਵਮ ਪਰੇਰੇ ।ਕੀਤੇ ਅਦਲ ਅਦਾਲਤ ਦੇਰੇ । ਆਈ ਤਮਕੀਨ ਤੇ ਗਈ ਤਲਵੀਨ । ਭੱਠ ਘਤ ਏ ਤਲਬੀਸ ਇਬਲੀਸੀ ।ਏ ਦਿਲ ਸਿਖ ਤਦਰੀਸ ਇਦਰੀਸੀ । ਥੀ ਵਾਰਸ ਫਾਰਾਨ ਤੇ ਸੀਨ । ਸੌ ਸੌ ਹਮਦ ਤੇ ਲੱਖ ਸ਼ੁਕਰਾਨੇ ।ਯਾਰ ਫ਼ਰੀਦ ਲਧੋਸੇ ਖ਼ਾਨੇ । ਗਈ ਤਸ਼ਵੀਸ਼ ਤੇ ਆਈ ਤਸਕੀਨ ।

56. ਡੇਂਹ ਰਾਤ ਡੁੱਖ਼ਾਂ ਵਿੱਚ ਜਾਲਾਂ

ਡੇਂਹ ਰਾਤ ਡੁੱਖ਼ਾਂ ਵਿੱਚ ਜਾਲਾਂ ।ਵੰਜੀਆਂ ਖੂਸ਼ੀਆਂ ਗ਼ਮ ਬੈਠੀ ਪਾਲਾਂ । ਯਾਰ ਪੁਨਲ ਗਿਆ ਸ਼ਹਿਰ ਡੂੰ ।ਥੀ ਰਾਹੀ ਰੋਹੀ ਥਲ ਬਰ ਡੂੰ । ਬੇਵਾਹੀ ਕਿਉਂ ਆਕਰ ਆਕਰ ਘਰ ਡੂੰ ।ਜੁਖ ਜੁਖ ਉਮਰਾਂ ਗਾਲਾਂ । ਡੇਵਨ ਡੋਡੇ ਸੂਲ ਸਹੇਲੀਆਂ ।ਬਦ ਤੀਨਤ ਪੁੱਠੜੀਆਂ ਤੇ ਦਿਲ ਮੈਲੀਆਂ । ਸੁੰਜਬਰ ਸਾਰੇ ਸੇਹਨ ਹਵੇਲੀਆਂ ।ਸਿਰ ਸਾੜਾਂ ਜੀ ਜਾਲਾਂ । ਪੀਤ ਪਰੀਂਦੀ ਰੋਜ਼ ਸਵਾਈ ।ਵਿਸਰੇ ਖਵੇਸ਼ ਕਬੀਲੇ ਭਾਈ । ਸਟ ਕਰ ਵੀਰਣ ਭੈਣੀ ਮਾਈ ।ਸਾਂਵਲ ਤੈਨੂੰ ਭਾਲਾਂ । ਯਾਰ ਨ ਪਾਂਵਾਂ ਪਈ ਕੁਰਲਾਵਾਂ ।ਸੁਹੇ ਸੇਝ ਨੂੰ ਭਾ ਭੜਕਾਵਾਂ । ਪਿੱਟ ਪਿੱਟ ਰੋ ਰੋ ਬਾਰ ਉਠਾਵਾਂ ।ਵੈਣ ਕਰਾਂ ਰੋਹ ਡਾਲਾਂ । ਲਗੜੀ ਜੁੜ ਕਰ ਚੋਟ ਅੰਦਰ ਵਿੱਚ ।ਆਇਮ ਡੋੜੇ ਜ਼ੁਲਮ ਕਹਿਰ ਵਿੱਚ । ਛਡ ਕਰ ਕਲ੍ਹੜੀ ਰੋਹ ਡੂੰਗਰ ਵਿਚ ।ਹੋਤ ਨ ਲਹਮ ਸੰਭਾਲਾਂ । ਯਾਰ ਫ਼ਰੀਦ ਨ ਲਹਿੰਦਾ ਸਾਰਾ ।ਸਹਿੰਦੀ ਸਾੜੇ ਸੂਲ ਹਜ਼ਾਰਾਂ । ਰੱਤ ਰੋ ਰੋ ਕਰ ਰਾਤ ਗੁਜ਼ਾਰਾਂ ।ਡੁੱਖ਼ ਡੁਖਦੀਂ ਡੇਂਹ ਢਾਲਾਂ ।

57. ਡੇਂਹ ਰਾਤੀਂ ਇਸ਼ਕ ਸਤਾਵੇ

ਡੇਂਹ ਰਾਤੀਂ ਇਸ਼ਕ ਸਤਾਵੇ ।ਜ਼ਰ ਘਰ ਵਰ ਰੋਗ ਵਧਾਵੇ । ਥਲ ਰੇਖਾਂ ਝਰ ਬਰ ਦੇਰੇ ।ਹਰ ਭਿਟ ਭਿਟ ਨਾਲ ਬਸੇਰੇ । ਸਰ ਸੂਲਾ ਛਕਦੇ ਸਿਹਰੇ ।ਗਲ ਹਿਜਰ ਦਾ ਹਾਰ ਸਹਾਵੇ । ਦਿਲ ਲੁਟ ਗਿਆ ਜੋਗੀ ਰਾਵਲ ।ਸੈ ਪੂਰ ਡੁਖਾਂ ਦੇ ਪਲ ਪਲ । ਹਰ ਵਕਤ ਕਹਾਂ ਹੱਥ ਮਲ ਮਲ ।ਮੁੱਠਾਂ ਨੇੜਾ ਕੋਈ ਨ ਲਾਵੇ । ਰੋਹ ਕੋਝੇ ਕਾਲੀਆਂ ਧਾਰਾਂ ।ਪੌਂ ਚੁਭਨ ਬਬੂਲ ਹਜ਼ਾਰਾਂ । ਸਰ ਕਹਿਰ ਕਲੂਰ ਦੀਆਂ ਮਾਰਾਂ ।ਡੁੱਖ ਹਰ ਵੇਲ੍ਹੇ ਤਨ ਤਾਵੇ । ਦਿਲ ਦੂਦ ਗ਼ਮਾਂ ਦੇ ਦੁੱਖ ਦੇ ।ਜੀ ਹਰ ਵੇਲ੍ਹੇ ਪਿਆ ਜੁਖਦੇ । ਗਏ ਗੁਜ਼ਰ ਡਿਹਾੜੇ ਸੁਖ ਦੇ ।ਮੋਈ ਜਿੰਦੜੀ ਸੋਜ਼ ਨਿਭਾਵੇ । ਹੈ ਦਰਦ ਅਵੱਲੜਾ ਪੁੱਠੜਾ ।ਕਿਉਂ ਪੇਸ਼ ਪਿਉਮ ਏ ਕੁੱਠੜਾ । ਕੁਝ ਘਟੇ ਨ ਗਾਟੇ ਤਰੁੱਟੜਾ ।ਹੱਥੋਂ ਮਰਹਮ ਜ਼ਖ਼ਮ ਫਟਾਵੇ । ਜਿਨ ਰਾਖਸ ਸੁੰਜੜੀਆਂ ਜਾਹੀਂ ।ਰਿੱਛ ਬਾਂਦਰ ਬੂਜ਼ ਬਲਾਈਂ । ਥਏ ਸਾਥੀ ਸੰਜ ਸਬਾਹੀਂ ।ਮੁੱਠੀ ਔਖੀ ਉੱਮਰ ਵਿਹਾਵੇ । ਆਏ ਪੇਸ਼ ਫ਼ਰੀਦ ਗਪਾਟੇ ।ਅੰਗ ਤਰੁਟਨ ਤੇ ਸਰ ਫਾਟੇ । ਲੱਖ ਰੋੜਾਂ ਸਹੰਸ ਚਕਾਟੇ ।ਤੱਤੀ ਬੇਵਸ ਥੀ ਕੁਰਲਾਵੇ ।

58. ਡੇਸ ਸੁਹਾ ਸਾਂਵਲ ਅਜ ਕਲ

ਡੇਸ ਸੁਹਾ ਸਾਂਵਲ ਅਜ ਕਲ ।ਨਾ ਤਾਵੇਸਾਈਂ ਮਰ ਜਲ ਗਲ । ਵਹਟ ਮੇਂ ਵਸਦਾ ਮੈਂਧੜਾ ।ਸ਼ਹਿਰ ਲੋਦਰਵੇ ਮੋਮਲ । ਕਨੜੀਂ ਖਾਵਨ ਸੇਂਗੀਆਂ ।ਕਰ ਕਰ ਕੂੜੀ ਕਲ ਕਲ । ਤੌਂ ਬਿਨ ਨਜ਼ਰਮ ਓਪਰੀਆਂ ।ਤੋੜੀਂ ਸਾਧਾਂ ਸੋਮਲ । ਸੜ ਗਈ ਸੇਝ ਸੁਹਾਗੜੀ ।ਫਾਟੇ ਫਾਟੇ ਡੋੜੇ ਮਲ ਮਲ । ਸੁਰਖੀ ਲਹਿ ਗਈ ਵਹਿ ਗਏ ।ਰੋ ਰੋ ਸੁਰਮੇ ਕਾਜਲ । ਸਿਕ ਸਿਰ ਮਾਰਮ ਸਾਂਗਰਾਂ ।ਤਾਘਾਂ ਤਾਨੁਮ ਵਲ ਵਲ । ਸੂਲ ਅੰਦੋਹ ਅੰਦੇਸੜੇ ।ਮਲ ਮਲ ਆਵਨ ਪਲ ਪਲ । ਭੈਣੀਂ, ਦਾਈਆਂ ਡਰਾਨੜੀਆਂ ।ਅਮੜੀ, ਵੀਰਨ, ਬਾਬਲ । ਕੌਨ ਹੈ ਦਰਦ ਫਰੀਦ ਦਾ ।ਤੌਂ ਬਿਨ ਦਾਰੂ ਦਰਮਲ ।

59. ਢੋਲਣ ਤੈਡੀ ਸਿਕ ਢੇਰ ਹਮ

ਢੋਲਣ ਤੈਡੀ ਸਿਕ ਢੇਰ ਹਮ ।ਤਾਘਾਂ ਘਣੀਆਂ ਚਾਹੀਂ ਬਹੂੰ । ਖਪ ਖਪ ਕਰਾਂ ਆਹੀਂ ਬਹੂੰ ।ਤਪ ਤਪ ਉੱਠਨ ਭਾਈਂ ਬਹੂੰ । ਖਸੀ ਦਿਲ ਮਹੀਂ ਦੇ ਚਾਕ ਹੈ ।ਜੀਅੜਾ ਸਦਾ ਗ਼ਮਨਾਕ ਹੈ । ਤਨ ਚੂਰ ਸੀਨਾ ਚਾਕ ਹੈ ।ਸਰ ਧੂੜ ਮੂੰਹ ਪਾਹੀਂ ਬਹੂੰ । ਲਗਾ ਸਖਤ ਡੁੱਖੜਾ ਰੋਗ ਹੈ ।ਬੇ ਪੀਰ ਦਿਲ ਨੂੰ ਜੋਗ ਹੈ । ਤੱਤੀ ਪਈ ਭੋਗੇਂਦੀ ਭੋਗ ਹੈ ।ਰੋ ਰੋ ਕਰੇ ਧਾਈਂ ਬਹੂੰ । ਮਾਹੀ ਪੁਨਲ ਦਿੱਲੜੀ ਲੁੱਟੀ ।ਦਿਲ ਲੁੱਟ ਕੇ ਥੀਆ ਰਾਹੀ ਪੁੱਠੀ । ਰੁਲ ਰੁਲ ਥੱਕੀ ਫਿਰ ਫਿਰ ਹੁੱਟੀ ।ਬੂਟੇ ਲਈਆਂ ਕਾਹੀਂ ਬਹੂੰ । ਜਡਾਂ ਦਿਲ ਨੂੰ ਤੈਡੀ ਚਾਹ ਥਈ ।ਸੱਟ ਸੇਝ ਥਲ ਦੇ ਰਾਹ ਥਈ । ਸੁੰਜਬਰ ਕਲ੍ਹੀ ਬੇ ਵਾਹ ਥਈ ।ਛੱਡ ਆਸਰੈ ਵਾਹੀਂ ਬਹੂੰ । ਗੁਜਰੀ ਫ਼ਰੀਦ ਆਖ਼ਰ ਉਮਰ ।ਆਈ ਨ ਦਿਲਬਰ ਦੀ ਖ਼ਬਰ । ਢੂੰਢਾਂ ਜੰਗਲ ਝਰ ਬਰ ਬਹਰ ।ਤਕ ਤਕ ਰਹਾਂ ਰਾਹੀਂ ਬਹੂੰ ।

60. ਦਿਲ ਦਮ ਦਮ ਦਰਦੋਂ ਮਾਂਦੀ ਹੈ

ਦਿਲ ਦਮ ਦਮ ਦਰਦੋਂ ਮਾਂਦੀ ਹੈ ।ਸਿਕ ਡਿੱਠੜੀਂ ਬਾਝ ਨ ਲਹਿੰਦੀ ਹੈ । ਹਿਜਰ ਦੀਆਂ ਗੁਜ਼ਰੀਆਂ ਡੁੱਖੀਆਂ ਰਾਤੀਂ ।ਮਾ ਪਿਉ ਖਵੇਸ਼ ਨ ਪੁੱਛਦੀਂ ਬਾਤੀਂ । ਸੇਂਗੀਆਂ ਸੁਰਤੀਆਂ ਲਹਿਨ ਨ ਤਾਤੀਂ ।ਮੁੱਠੜੀ ਪਈ ਤੜਫਾਂਦੀ ਹੈ । ਚਾਕ ਮਹੀਂਦਾ ਮਨ ਨੂੰ ਭਾਨੜਾਂ ।ਭੁਲ ਗਿਆ ਸਾਰਾ ਰਾਜ਼ ਬਬਾਂਨੜਾਂ । ਘੋਲਾਂ ਸੇਜ ਤੇ ਤੋਲ ਵਹਾਨੜਾਂ ।ਬੇਟ ਦੀ ਰੀਤ ਸੁਹਾਂਦੀ ਹੈ । ਰਾਂਝਨ ਜੋਗੀ ਮੇਰਾ ਮੀਤਾ ।ਦਿਲ ਨੂੰ ਜਿਸਨੇ ਜਾਦ ਕੀਤਾ । ਇਸ਼ਕ ਤਹੀਂਦਾ ਲੂੰ ਲੂੰ ਸੀਤਾ ।ਰਗ ਰਗ ਮੂਲ ਨ ਵਾਂਦੀ ਹੈ । ਭਾਣਾ ਯਾਰ ਦਾ ਮਨ ਮਾਨੜਾਂ ।ਸਾੜਾਂ ਝੰਗ ਤੇ ਸ਼ਹਿਰ ਮਘਿਆਨੜਾਂ । ਪਾ ਮਸਕੀਨੀ ਸੱਟਸਾਂ ਮਾਨੜਾਂ ।ਜਿੰਦੜੀ ਝੋਕ ਗ਼ਮਾਂ ਦੀ ਹੈ । ਗੁਜ਼ਰਿਆ ਵੇਲ੍ਹਾ ਹੱਸਣ ਖਿਲਣ ਦਾ ।ਆਇਆ ਵਕਤ ਫ਼ਰੀਦ ਚਲਣ ਦਾ । ਔਖਾ ਪੈਂਡਾ ਦੋਸਤ ਮਿਲਣ ਦਾ ।ਜਾਨ ਲਬਾਂ ਤੇ ਆਂਦੀ ਹੈ ।

61. ਦਿਲ ਦਰਦੋਂ ਹੁਣ ਹਾਰੀ ਵੋ ਯਾਰ

ਦਿਲ ਦਰਦੋਂ ਹੁਣ ਹਾਰੀ ਵੋ ਯਾਰ ।ਵਲ ਕਰੀਂ ਹਾ ਕਾਰੀ ਵੋ ਯਾਰ। ਜ਼ੁਲਫ ਸਿਆਹ ਥੀ ਨਾਗ ਵਿਰਾਧੇ ।ਡੰਗ ਮਰੇਂਦੇ ਕਾਰੀ ਵੋ ਯਾਰ । ਲੂੰ ਲੂੰ ਸੀੜ੍ਹਾਂ ਜਾਰੀ ਵੋ ਯਾਰ । ਸਾਂਵਲ ਆਵੀਂ ਨਾ ਤਰਸਾਵੀਂ ।ਮੌਸਮ ਚੇਤਰ ਬਹਾਰੀ ਵੋ ਯਾਰ । ਘਰ ਘਰ ਥਈ ਗੁਲਜ਼ਾਰੀ ਵੋ ਯਾਰ । ਯਾਰੀ ਲਾ ਕਰ ਯਾਦ ਨ ਕੀਤੋ ।ਜਿੰਦੜੀ ਮੁਫਤ ਅਜ਼ਾਰੀ ਵੋ ਯਾਰ । ਡਿਠੜੀ ਤੈਡੜੀ ਯਾਰੀ ਵੋ ਯਾਰ । ਸਟ ਕਰ ਕਲ੍ਹੜੀ ਤੇ ਬੇ ਵਾਹੀ ।ਕੀਤੋ ਕੇਚ ਤਿਆਰੀ ਵੋ ਯਾਰ । ਹੈ ਹੈ ਬੇ ਨਰਵਾਰੀ ਵੋ ਯਾਰ । ਸ਼ਾਹ ਬਿਰਹੋਂ ਦੇ ਡਿਤਰਮ ਔਹਦਾ ।ਗਾਲ੍ਹੀਂ ਦੀ ਸਰਦਾਰੀ ਵੋ ਯਾਰ । ਖਲਅਤ ਸ਼ਹਿਰ ਖਵਾਰੀ ਵੋ ਯਾਰ । ਸਿਕ ਮਹੀਂਵਾਲ ਦੀ ਲੋੜ ਲੁੜਾਇਮ ।ਮੈਂ ਮੁਠੜੀ ਮਨਤਾਰੀ ਵੋ ਯਾਰ । ਕੋਝੀ ਰਾਤ ਅੰਧਾਰੀ ਵੋ ਯਾਰ । ਡੇ ਕਰ ਦਲਬੇ ਕੂੜ ਦਿਲਾਸੇ ।ਲੁਟ ਨੀਤੋ ਦਿਲ ਸਾਰੀ ਵੋ ਯਾਰ । ਮੈਂ ਵਾਰੀ ਲਖ ਵਾਰੀ ਵੋ ਯਾਰ । ਥਲ ਬਰ ਰੋਹੀ ਰੋਹੀਂ ਰਾਵੀਂ ।ਰੁਲਦੀ ਡੁਖੜੀ ਮਾਰੀ ਵੋ ਯਾਰ । ਬਾਰ ਬਿਰਹੋਂ ਸਿਰ ਬਾਰੀ ਵੋ ਯਾਰ । ਯਾਰ ਫ਼ਰੀਦ ਨ ਆਇਮ ਵੇੜ੍ਹੇ ।ਹਰ ਦਮ ਮੂੰਝ ਮੂੰਝਾਰੀ ਵੋ ਯਾਰ । ਰੋਂਦੀਂ ਉਮਰ ਗੁਜ਼ਾਰੀ ਵੋ ਯਾਰ ।

62. ਦਿਲੇ ਦਾਰਮ ਬਸੇ ਆਵਾਰਾ ਤਬੇ ਵਹਸ਼ਤ ਆਰਾਏ

ਦਿਲੇ ਦਾਰਮ ਬਸੇ ਆਵਾਰਾ ਤਬੇ ਵਹਸ਼ਤ ਆਰਾਏ । ਬਿਰਹੋਂ ਬਾਰੇ ਬਰੋਚਲ ਦੇ ਬੀਆਬਾਂ ਦਸ਼ਤ ਰੁਲਵਾਏ । ਕੇਹਾਂ ਗਮ ਦੀਆਂ ਬਾਤੀਂ ਡੁੱਖੀ ਹੈ ਦਿਲ ਡੇਹਾਂ ਰਾਤੀਂ । ਖ਼ੁਦਾ ਰਾ ਹਾਲੇ ਜ਼ਾਰਮ ਬੀਂ ਕਿ ਦਸਤੇਮ ਵ ਬੇ ਪਾਏ । ਬਮਾ ਤਾਲਿਆ ਸ਼ੁਦਾ ਪੁਰ ਕੀ ਨਜ਼ਾਰਮ ਬੇ ਦਿਲੋ ਗ਼ਮਗੀਂ । ਨ ਪੈਂਦਾ ਯਾਰ ਹੈ ਝਾਤੀ ਅਜਣ ਡੁੱਖੜੇ ਨ ਪਾਦਾਏ । ਸਜਨ ਵਸ ਰਸ ਡਖਾਂਇਮ ਚਸ ਸੁਰੀਝੀਂ ਪੇਕੜੀਂ ਬਸ ਬਸ । ਦਿਲ ਦੀਵਾਨਾ ਬਾਹਰ ਕਸ ਨ ਦਾਰਦ ਹੇਚ ਪਰਵਾਏ । ਹਮੇਸ਼ਾ ਮੂੰਝ ਵਾਧੀ ਹੈ ਸੁੰਜੀ ਸਖ਼ਤੀ ਜ਼ਿਆਦੀ ਹੈ । ਸਦਾ ਸੂਲਾਂ ਦੀ ਸ਼ਾਦੀ ਹੈ ਮੈਂ ਅਪਨੇ ਬਖ਼ਤ ਅਜ਼ਮਾਏ । ਡੇਹਾਂ ਡੋੜੀ ਖਰਾਬੀ ਹੈ ਕਲਕ ਹੈ ਇਜ਼ਤਰਾਬੀ ਹੈ । ਨਮਾਸਾਂ ਜੀ ਅਜ਼ਾਬੀ ਹੈ ਨ ਆਪ ਆਏ ਨ ਬੁਲਵਾਏ । ਜ਼ੇ ਇਸ਼ਕ ਆਰਜ਼ ਰੰਗੀਂ ਚੂ ਲਾਲਾ ਦਾਗ਼ਹਾ ਦੇਰੀਨ । ਕੀਤੀਆਂ ਹਨ ਦਿਲ ਅੰਦਰ ਜਾਹੀਂ ਕਡੀਂ ਰੱਬ ਯਾਰ ਮਲਵਾਏ । ਬਗ਼ੈਰ ਅਜ਼ ਮਨ ਕਿਰਾ ਸ਼ਾਇਦ ਫ਼ਰੀਦ ਈਂ ਮਰਮਰਾ ਬਾਇਦ । ਡੁਖੇ ਪੈਂਦੇ ਤੇ ਡੁੱਖ਼ ਬੇਹਦ ਮਮੀਂ ਰਾਖਸ ਤੇ ਰਿੱਛ ਸਾਏ ।

63. ਦਿਲੀਆਂ ਤੇ ਦੀਦਾਂ ਸੋਹਣਾ ਤੈਡੜੇ ਦੇਰੇ

ਦਿਲੀਆਂ ਤੇ ਦੀਦਾਂ ਸੋਹਣਾ ਤੈਡੜੇ ਦੇਰੇ ।ਹਰਦਮ ਵੱਸੀਂ ਪੀਆਂ ਤੂੰ ਸਾਡੜੇ ਨੇੜੇ । ਸੰਗੀਆਂ ਸੁਰਤੀਆਂ ਹਕ ਹਮਸਾਏ ।ਗਿਲੜੇ ਕਰਨ ਵੇਖ ਵੇ । ਮਾਂ ਪਿਉ ਵੀਰਨ ਭੈਣ ਭਣੀਜੀਆਂ ।ਜੁੜ ਜੁੜ ਲਾਂਵਿਨ ਝੇੜੇ । ਜਗਤਾਂ ਮਾਰਨ ਪੇਕੇ ਪਤਣੇ ।ਹਾਸੇ ਕਰਨ ਸੋਰੀਜੇ । ਉੱਠਦੀਂ ਬਹਿੰਦੀਂ ਟੁਰਦੀਂ ਫਿਰਦੀਂ ।ਸੱਸ ਨਨਾਣ ਕਹੇੜੇ । ਚੂਚਕ ਚਾਕ ਤੈਡਾ ਤੂੰ ਮਾਲਕ ।ਸਰ ਸਰ ਵਾਹ ਦਾ ਵਾਰਸ । ਮੰਝੀਆਂ ਤੈਡੀਆਂ ਝੋਕਾਂ ਤੈਡੀਆਂ ।ਕੂੜੇ ਛੋੜ ਬਖੇੜੇ । ਕੌਨ ਹੈ ਕਾਜ਼ੀ ਰਿਸ਼ਵਤ ਰਾਜੀ ।ਕੌਨ ਸਿਆਲ ਦੇ ਖੇੜੇ । ਬਾਝ ਖ਼ੁਦਾ ਦੇ ਝਗੜੇ ਝੇੜੇ ।ਸਾਡੇ ਕੌਨ ਨਬੇੜੇ । ਡੂੰ ਡਹੇਂਦੇ ਨਾਹਕ ਦਾਵੇ ।ਓੜਕ ਨਾਹਕ ਥੀਂਦੇ । ਰਾਂਝਨ ਤੇ ਮੈਂ ਹੱਸ ਰੱਸ ਵੱਸੂੰ ।ਸੜ ਸੜ ਮਰਸਨ ਖੇੜੇ । ਜੋ ਜੋ ਲੇਖ ਮੱਥੇ ਦੇ ਆਹੇ ।ਆਖ਼ਰ ਵਹਾ ਮਿਲਾਏ ਸੇ । ਜਿੰਦੜੀ ਛੁੱਟਣ ਫ਼ਰੀਦ ਹੈ ਮੁਸ਼ਕਲ ।ਵੇੜਿਆਂ ਇਸ਼ਕ ਅਵੈੜੇ ।

64. ਦਿਲ ਇਸ਼ਕ ਮਚਾਈ ਅੱਗ ਸਾਈਂ

ਦਿਲ ਇਸ਼ਕ ਮਚਾਈ ਅੱਗ ਸਾਈਂ ।ਡੁੱਖ਼ ਸੋਜ਼ ਰਚਿਆ ਰਗ ਰਗ ਸਾਈਂ । ਘਰ ਘਰ ਮਿਲ ਗਏ ਹੋਕੇ ।ਕਿਬਲਾ ਯਾਰ ਦੀ ਝੋਕੇ । ਈ ਜਗ ਤੇ ਊਂ ਜਗ ਸਾਈਂ । ਦਿਲਬਰ ਦੂਰ ਸਿਧਾਨੜਾਂ ।ਸਾੜਾਂ ਤੂਲ ਵਿਹਾਨੜਾਂ । ਜੀਵਾਂ ਕੈਂਦੇ ਲਗ ਸਾਈਂ । ਹੋਰ ਨਹੀਂ ਕਈ ਬਾਕੀ ।ਏਹਾ ਜ਼ਾਤ ਸਿਫ਼ਾਤੀ । ਹਾਂ ਦਿਲਦਾਰ ਦਾ ਸਗ ਸਾਈਂ । ਮਨ ਮੁੰਝਾ ਤੱਨ ਟੁੰਡੇ ।ਲਿੰਗ ਮੈਲੇ ਸਿਰ ਭੋਂਡੇ । ਸੂਲ ਆਵਣ ਕਰ ਵੱਗ ਸਾਈਂ । ਬਿਰਹੋਂ ਰੂਹ ਹਯਾਤੀ ।ਗ਼ਮ ਹੈ ਬੇਲੀ ਸਾਥੀ । ਦਰਦਾਂ ਦੀ ਹਮ ਤੱਗ ਸਾਈਂ । ਹਾਲ ਫ਼ਰੀਦ ਖਵਾਰੇ ।ਦਿਲੜੀ ਜ਼ਾਰ ਨਜ਼ਾਰੇ । ਕੀਤਮ ਹਿਜਰ ਅਲੱਗ਼ ਸਾਈਂ ।

65. ਦਿਲ ਮਸਤ ਮਹਵ ਖਿਆਲ ਹੈ

ਦਿਲ ਮਸਤ ਮਹਵ ਖਿਆਲ ਹੈ ।ਸਰੇ ਮੁ ਤਫ਼ਾਵਤ ਨ ਸਹੂੰ । ਏ ਖ਼ਿਆਲ ਐਨ ਵਸਾਲ ਹੈ ।ਤੇ ਕਮਾਲ ਹੈ ਨ ਕਿ ਹੈ ਜਨੂੰ । ਅਸਲ ਅਲ-ਅਸੂਲ ਸ਼ਿਹਦਤੁਨ ।ਹਮਾ ਸੂ ਬਸੂ ਹਮਾ ਕੂ ਬਕੂ । ਚਿਹ ਸ਼ਹੂਦ ਐ ਬਐਨਹੀ ।ਨਹੀਂ ਫੁਰਸਤ ਇਤਨੀ ਕਿ ਦਮ ਭਰੂੰ । ਜੋ ਮਕਾਨ ਥਾ ਬਨ ਗਿਆ ਲਾ ਮਕਾਨ ।ਜੋ ਨਿਸ਼ਾਨ ਥਾ ਹੋ ਗਿਆ ਬੇਨਿਸ਼ਾਨ । ਸਦਾ ਇਸਮ ਵ ਰਸਮ ਜ਼ਮਨ ਦਵਾਂ ।ਅੱਲਾ ਅਪਨੇ ਆਪ ਕੋ ਕਿਆ ਕਹੂੰ । ਨ ਅਯਾਨ ਹੈ ਨ ਨਿਹਾਂ ਹੈ ।ਨ ਬਿਆਨ ਹੈ ਨ ਧਿਆਨ ਹੈ । ਨ ਰਹਾ ਇਹ ਜਿਸਮ ਨ ਜਾਨ ਹੈ ।ਕੇਹਾਂ ਡੋਸ ਹੋਸ਼ ਹਵਾਸ ਕੂੰ । ਸ਼ੁਦ ਅਕਸ ਦਰ ਅਕਸ ਈਂ ਬਨਾ ।ਕਿ ਫ਼ਨਾ ਬੱਕਾ ਹੈ ਬੱਕਾ ਫ਼ਨਾ । ਬਾਕੀ ਨਮਾਨਦ ਬਜੁਜ਼ ਅਨਾ ।ਕੱਥ ਓਤੇ ਤੂੰ ਕੱਥ ਹਾਂ ਤੇ ਹੂੰ । ਕਡੀਂ ਸ਼ੋਰ ਦੇ ਸਤਵਾਤ ਹਨ ।ਕਡੀਂ ਜ਼ੋਰ ਦੇ ਸ਼ਤਹਾਤ ਹਨ । ਕਈ ਕਿਸਮ ਦੇ ਬਕਵਾਤ ਹਨ ।ਸਤੂਨ ਦੇ ਬਤੂਨ ਬਤੂਨ ਦੇ ਸਤੂਨ । ਉੱਠ ਗਈ ਫ਼ਰੀਦ ਹਵਸ ਮੁੰਢੋ ।ਨ ਰਹਾ ਹਈ ਵਸ ਹਿਕ ਖ਼ਸ਼ ਮੁੰਢੋ । ਕਸੇ ਕਸ ਹੋ ਕਸ ਨਾਕਸ ਮੁਢੋ ।ਚੁੱਪ ਚਾਪ ਫੇਲ ਫ਼ਸਾਦ ਤੋਂ ।

66. ਦਿਲ ਨੂੰ ਮਾਰ ਮੁੰਝਾਇਮ

ਦਿਲ ਨੂੰ ਮਾਰ ਮੁੰਝਾਇਮ ।ਨਿੱਤ ਦੇ ਦਰਦ ਅੰਦੇਸ਼ੇ । ਵਸ ਨੇੜੇ ਚਾਕ ਮਹੀਂਦਾ ।ਤੌਂ ਬਾਝ ਏ ਹਾਲ ਸੁੰਜੀਦਾ । ਜ਼ਖਮੀ ਸੀਨੇ ਚਿਕਦੇ ਰੇਸ਼ੇ । ਡੁਖ ਡੁਹੇਲੀਆਂ ਡੋੜ ਡੁੜਾਪੇ ।ਸੈ ਸਾੜੇ ਲੱਖ ਸੂਲ ਸੜਾਪੇ । ਵੈਣ ਸਿਆਪੇ ਸਾਡੇ ਪੇਸ਼ੇ । ਏ ਗਮਜ਼ੇ ਨਾਜ਼ ਨਿਹੋਰੇ ।ਏ ਇਸ਼ਵੇ ਜ਼ੋਰੇਂ ਤੇਰੇ । ਸਰ ਸਾਂਗਾਂ ਤਨ ਮਨ ਤੇਸ਼ੇ । ਬੱਠ ਬਿਰਹੋਂ ਬਰਾਬਰ ਵੈਰੀ ।ਚਾ ਕੀਤੁਸ ਕੋਲੇ ਕੀਰੀ । ਜ਼ੁਲਮੀਂ ਮਜ਼ਹਬ ਕਾਖ਼ ਕੇਸ਼ੇ । ਕਿਆ ਧਾਂ ਫ਼ਰੀਦ ਸੁਨਾਵਾਂ ।ਕਿਆ ਰੋ ਰੋ ਜਗਤ ਰੋਆਵਾਂ । ਮਸਤਕ ਲਿੱਖੜੀ ਆਈ ਪੇਸ਼ੇ ।

67. ਦਿੱਲੜੀ ਦਰਦੋਂ ਟੋਟੇ ਟੋਟੇ

ਦਿੱਲੜੀ ਦਰਦੋਂ ਟੋਟੇ ਟੋਟੇ ।ਪੁਰਜ਼ੇ ਪੁਰਜ਼ੇ ਜ਼ੱਰੇ ਵੋ ਜ਼ੱਰੇ । ਇਸ਼ਰੇ ਗ਼ਮਜ਼ੇ ਨਾਜ਼ ਨਹੋਰੇ ।ਨਖਰੇ ਟੱਖਰੇ ਜ਼ੋਰੇ ਤੋਰੇ । ਖ਼ੂਨ ਕਰੇਂਦੇ ਜ਼ਰੇ ਵੋ ਜ਼ਰੇ । ਆਪੇ ਅਪਣਾਂ ਸੋਹਾਂ ਕੀਤੋ ।ਆਪੇ ਅਪਨੀ ਜਾਤੇ ਨੀਤੋ । ਹੁਣ ਕਿਉਂ ਥੀਂਬੀਂ ਪਰੇ ਵੋ ਪਰੇ । ਗੂੜ੍ਹੇ ਨੈਨ ਤੇ ਜ਼ੁਲਫਾਂ ਕਾਲੀਆਂ ।ਸੋਹਣੀਆਂ ਰਮਜ਼ਾਂ ਮੋਹਣੀਆਂ ਚਾਲੀਆਂ । ਜੈਂ ਬਿਨ ਮੂਲ ਨ ਸਰੇ ਵੋ ਸਰੇ । ਪਲਪਲ ਤੀਰ ਨਿਗਾਹ ਦੇ ਫੱਲੜੇ ।ਵਲਵਲ ਪੇਚ ਜ਼ੁਲਫ ਦੇ ਵੱਲੜੇ । ਬੇ ਵੱਸ ਕੇਂਵੀਂ ਕਰੇ ਵੋ ਕਰੇ । ਮੂੰਝ ਮੁੰਝਾਰੀ ਦਰਦ ਅੰਦੇਸ਼ੇ ।ਡੇਹਾਂ ਰਾਤ ਫ਼ਰੀਦ ਦੇ ਪੇਸ਼ੇ । ਹਿਜਰੋਂ ਜਿੰਦੜੀ ਡਰੇ ਵੋ ਡਰੇ ।

68. ਦਿੱਲੜੀ ਨਮਾਣੀ ਕੂੰ ਰੋਜ਼ ਮੁੰਝਾਰੀ

ਦਿੱਲੜੀ ਨਮਾਣੀ ਕੂੰ ਰੋਜ਼ ਮੁੰਝਾਰੀ ।ਛੱਡ ਗਿਆ ਢੋਲਾ ਯਾਰ ਆਜ਼ਾਰੀ । ਇਸ਼ਕ ਨਹੀਂ ਕਈ ਭਾਹ ਗ਼ਜ਼ਬ ਦੀ ।ਸੜਦੀ ਜਲਦੀ ਜਾਨ ਵਿਚਾਰੀ । ਆਸ਼ਕ ਫਿਰਦੇ ਮਸਤ ਮਵਾਲੀ ।ਸਰ ਕੁਰਬਾਨ ਕਰਨ ਲਖ ਵਾਰੀ । ਦਰਦ ਅੰਦੋਹ ਤੇ ਸੂਲ ਹਜ਼ਾਰਾਂ ।ਲਾ ਕਰ ਯਾਰੀ ਯਾਰ ਵਿਸਾਰੀ । ਸੈਦ ਕਰੇਂਦੇ ਮੁਰਗ ਦਿਲੇਂਦੇ ।ਨਾਜ਼ੋ ਅਦਾ ਹਿਨ ਬਾਜ਼ ਸ਼ਿਕਾਰੀ । ਚਸ਼ਮਾਂ ਸ਼ੋਖ ਬਹਾਦਰ ਜੰਗੀ ।ਪਲਕਾਂ ਧਰਦੀਆਂ ਦਸਤ ਕਟਾਰੀ । ਜਿੰਦ ਫ਼ਰੀਦ ਬਚੇ ਹੁਣ ਕੇਂਵੇਂ ।ਨੈਨਾਂ ਖ਼ਦੰਗ ਚਲਾਈ ਕਾਰੀ ।

69. ਦਿਨ ਰੈਨ ਦਿਲ ਹੈਰਾਨ ਹੈ

ਦਿਨ ਰੈਨ ਦਿਲ ਹੈਰਾਨ ਹੈ ।ਆਸਾਇਸ਼ ਨ ਪਾਇਮ ਹਿੱਕ ਘੜੀ । ਸਰ ਟੁੱਕੜੇ ਟੁੱਕੜੇ ਹੋ ਗਿਆ ।ਤਨ ਮਨ ਜਲਿਆ ਲੂੰ ਲੂੰ ਸੜੀ । ਦਰਿਆ ਬਿਰਹੋਂ ਦਾ ਤਾਰ ਹੈ ।ਹਰ ਮੌਜ ਆਦਮ ਖਵਾਰ ਹੈ । ਨ ਪਾਰ ਨ ਉਰਵਾਰ ਹੈ ।ਔਖੀ ਅੜਾਹੀਂ ਆ ਅੜੀ । ਏਹਾ ਹੈ ਹਕੀਕਤ ਹਾਲ ਦੀ ।ਸਾਰੀ ਉੱਮਰ ਰਹੀ ਭਾਲਦੀ । ਕਈ ਕਲ ਨ ਪਈ ਮਹੀਂਵਾਲ ਦੀ ।ਬੇਵੱਸ ਤੱਤੀ ਲਹਿਰੀਂ ਲੁੜ੍ਹੀ । ਸਾਥੀ ਪੁੱਨਲ ਛੱਡ ਗਿਉਂ ਪਰੇ ।ਜੈਂ ਬਾਝ ਹਿਕ ਪਲ ਨ ਸਰੇ । ਫਿਰ ਫਿਰ ਡੂੰਗਰ ਘਾਟੀਆਂ ਦੱਰੇ ।ਸਿਕ ਸਾਥ ਵੰਜ ਭੋਇ ਵਿੱਚ ਵੜੀ । ਹੁਣ ਇਸ਼ਕ ਆਦਲ ਮੂੰ ਪਿਆ ।ਹੋਸ਼ੋ ਹੁਨਰ ਜ਼ਾਇਆ ਥਿਆ । ਸਬ ਮਹਵ ਮਨਸੀ ਹੋ ਗਿਆ ।ਜੋ ਕੁੱਝ ਸਿਖੀ ਜੋ ਕੁਝ ਪੜ੍ਹੀ । ਥਈ ਦਿਲ ਫ਼ਰੀਦ ਆਗਾਹ ਹੈ ।ਹਰ ਜਾ ਜਲੂਸੇ ਸ਼ਾਹ ਹੈ । ਬਾਦਲ ਮੂੰ ਜ਼ਾਹਰ ਮਾਹ ਹੈ ।ਜਬ ਝੱੜ ਗਈ ਮਨ ਕੀ ਝੜੀ ।

70. ਡਿੱਠਾ ਇਸ਼ਕ ਅਯਾਂ ਤਾ ਬਾਜ਼ਾਰ ਗਲੀ

ਡਿੱਠਾ ਇਸ਼ਕ ਅਯਾਂ ਤਾ ਬਾਜ਼ਾਰ ਗਲੀ ।ਸਭੋ ਰਮਜ਼ ਖ਼ਫੀ ਹੁਣ ਥੀਵਮ ਜੱਲੀ । ਸਭ ਜਲਵਾ ਨੂਰ ਜ਼ਹੂਰ ਡਿੱਸੇ ।ਯਾ ਐਮਨ ਤੇ ਯਾ ਤੂਰ ਡਿੱਸੇ । ਗਈ ਗ਼ਬਿਤ ਐਨ ਹਜੂਰ ਡਿੱਸੇ ।ਦਿਲ ਵੰਜ ਦਿਲਬਰ ਦੇ ਸਾਥ ਰਲੀ । ਹੈ ਕਸ਼ਫ਼ ਕਮਾਲ ਦੀ ਬਾਤ ਅਜਬ ।ਹੈ ਵਜਦ ਤੇ ਹਾਲ ਦੀ ਘਾਤ ਅਜਬ । ਹੈ ਵਸਲ ਵਸਾਲ ਦੀ ਰਾਤ ਅਜਬ ।ਮੁੱਠੀ ਗੈਰ ਦੀ ਜ਼ਾਤ ਸਿਫ਼ਾਤ ਜਲੀ । ਕਡੀਂ ਤੈਰ ਅਰੂਜ਼ ਦਾ ਹਾਲ ਬਣੇ ।ਕਡੀਂ ਸੈਰ ਨਜ਼ੂਲ ਦੀ ਚਾਲ ਬਣੇ । ਜੋ ਹਿਜਰ ਹੈ ਆਨ ਵਸਾਲ ਬਣੇ ।ਸਾਰੇ ਸੂਲ ਸੜੇ ਸਾਰੀ ਮੂੰਝ ਟਲੀ । ਜਲ ਖ਼ਾਕ ਤੇ ਖੋਟ-ਖਪੋਟ ਗ਼ੁਮਾਂ ।ਗੁਮ ਹੋ ਗਿਆ ਗ਼ੈਰ ਦਾ ਨਾਮ ਨਿਸ਼ਾਨ । ਥਿਆ ਨੂਰ ਵਜੂਦ ਸਹੂਦ ਅਯਾਂ ।ਘਰ ਬਾਰ ਗਲੀ ਬਾਜ਼ਾਰ ਮਿਲੀ । ਜਥਾਂ ਭਾਲ ਡੱੇਖ਼ਾਂ ਤਥੇ ਰਾਜ਼ ਡਿੱਸੇ ।ਸਭ ਹੁਸਨ ਦੇ ਨਾਜ਼ ਨਵਾਜ਼ ਡਿੱਸੇ । ਸਭ ਸੋਜ਼ ਫ਼ਰੀਦ ਨੂੰ ਸਾਜ਼ ਡਿੱਸੇ ।ਹਮਾ ਓਸਤ ਸੁਝਾਈ ਰੀਤ ਭਲੀ ।

71. ਡਿੱਠੜੀ ਯਾਰ ਭਲਾਈ

ਡਿੱਠੜੀ ਯਾਰ ਭਲਾਈ ।ਹਿੱਕ ਤਿਲ ਤਰਸ ਨ ਆਇਓ । ਪਾ ਗਲਵਾੜੀ ਸੁਤੜੋਂ ।ਵੈਦੀਂ ਨਾ ਮੁਕਲਾਇਓ । ਸਹਿਜੋ ਕੋਲ ਬੁਲ੍ਹਾ ਕੇ ।ਕਿਉਂ ਜਾਨੀ ਦਿਲ ਚਾਇਓ । ਹੈ ਹੈ ਯਾਰ ਬਰੋਚਲ ।ਕੈਂ ਮੈ ਤੂੰ ਭਰਮਾਇਓ । ਜੇ ਹਾਵੀ ਇਹ ਨੀਅਤ ।ਕਿਉਂ ਵਤ ਯਾਰੀ ਲਾਇਓ । ਜਾਨ ਫ਼ਰੀਦ ਨਿਕੱਮੜੀ ।ਮੁਫ਼ਤ ਡੁੱਖਾਂ ਵਿੱਚ ਪਾਇਓ ।

72. ਡੁਖਾਂ ਸੂਲਾ ਕੀਤਮ ਕੱਕੇ ਸਾਈਂ

ਡੁਖਾਂ ਸੂਲਾ ਕੀਤਮ ਕੱਕੇ ਸਾਈਂ ।ਹੁਣ ਮੌਤ ਭਲੀ ਬੇ ਸ਼ੱਕ ਸਾਈਂ । ਪੁਨਲ ਕੇਚ ਸਿਧਾਇਮ ।ਵਲਦੀ ਖ਼ਬਰ ਨ ਆਇਮ । ਰਹੀਆਂ ਰਾਹੀ ਤੱਕ ਸਾਈਂ । ਘੋਲਾ ਭੈੜੀ ਘਿਲ ਕੂੰ ।ਪੌਵਨ ਤੱਤੀ ਦੇ ਦਿਲ ਕੂੰ । ਸੌ ਸੌ ਪੂਰ ਤੇ ਜਕ ਸਾਈਂ । ਆਏ ਸਖ਼ਤ ਕਰੂਪ ਕਸ਼ਾਲੇ ।ਕੌਨ ਬੰਦੀ ਦੇ ਟਾਲੇ । ਜੋ ਲਿਖਿਆ ਮਸਤਕ ਸਾਈਂ । ਡੁਖੜੇ ਦਰਦ ਡੁਖੇਂਦੇ ।ਜਾਨ ਜਿਗਰ ਵਿੱਚ ਪੈਂਦੇ । ਸੌ ਚੂੰਢੀ ਲੱਖ ਚੱਕ ਸਾਈਂ । ਭਾਗ ਸੁਹਾਗ ਗਿਓ ਸੇ ।ਯਾਰ ਦਿਲੋਂ ਵਿਸਰਿਓ ਸੇ । ਪੱਕ ਸਾਈਂ ਹਿਮ ਪੱਕ ਸਾਈਂ । ਹਿਜਰ ਫ਼ਰੀਦ ਉਜਾੜੇਮ ।ਸੋਜ਼ ਅੰਦਰ ਦੇ ਸਾੜੇਮ । ਦਿਲੜੀ ਹਮ ਚੱਕਮੱਕ ਸਾਈਂ ।

73. ਡੁਖ ਢੇਰ ਸੁਖ ਦਾ ਵੈਰ ਹੈ

ਡੁਖ ਢੇਰ ਸੁਖ ਦਾ ਵੈਰ ਹੈ ।ਰੀੜਾਂ ਘਣੀਆਂ ਪੀੜਾਂ ਬਹੂੰ । ਰਤ ਰੋ ਹੰਜੂ ਨੀਰਾਂ ਵਹਿਨ ।ਨੱਕ-ਸੀੜ੍ਹ ਤੇ ਸੀੜ੍ਹਾ ਬਹੂੰ । ਜੁਖ ਜੁਖ ਕਰਾ ਧਾਈਂ ਬਹੂੰ ।ਡੁਖ ਡੁਖ ਕੱਢਾਂ ਆਹੀਂ ਬਹੂੰ । ਦੁੱਖ ਦੁੱਖ ਉਠਨ ਭਾਈਂ ਬਹੂੰ ।ਉਕ ਚੁੱਕ ਪਈਆਂ ਧੀਰਾ ਬਹੂੰ । ਸਰ ਭੋਂਡਾ ਚੜਿਆ ਖ਼ਾਕ ਹੈ ।ਮੂੰਹ ਧੂੜ ਸੀਨਾ ਚਾਕ ਹੈ । ਚੂਚਕ ਥੀਆ ਹੁਣ ਚਾਕ ਹੈ ।ਮੁੱਠੀ ਝੋਕ ਦਿਲ ਵੀਰਾਨ ਬਹੂੰ । ਸਭ ਲੋਕ ਕਰਦਾ ਟੋਕ ਹਿਮ ।ਲਗੀ ਦਿਲ ਨਿਆਰੜੀ ਨੋਕ ਹਿਮ । ਡਿੱਤੀ ਬਿਰਹੋਂ ਡਾਢੀ ਚੋਕ ਹਿਮ ।ਚੁੱਟੀ ਦਰਦ ਦੇ ਤੀਰਾਂ ਬਹੂੰ । ਬੇ ਪੀਰ ਦਿਲ ਦੀਆਂ ਚਾਲੀਆਂ ।ਸਭ ਹਨ ਉਪੱਠੀਆਂ ਗਾਲ੍ਹੀਆਂ । ਪੀਤਮ ਨ ਪੀਤਾਂ ਪਾਲੀਆਂ ।ਰੋ ਰੋ ਕਰੇ ਰੀੜਾਂ ਬਹੂੰ । ਕਲ੍ਹੀ ਮੈਂ ਨਮਹੀਂ ਏਹੀਂ ਜੋਲਦੀ ।ਫਿਰੇ ਲੱਖ ਫ਼ਰੀਦ ਏਹੀਂ ਤੋਲਦੀ । ਦਿਲ ਬੋੜਦੀ ਦਿਲ ਰੋਲਦੀ ।ਸੋਹਣੀਆਂ ਸੱਸੀਆਂ ਹੀਰਾਂ ਬਹੂੰ ।

74. ਡੁਖੇ ਡੇਂਹ ਫੁਰਕਤ ਦੇ ਨਿਭਨ

ਡੁਖੇ ਡੇਂਹ ਫੁਰਕਤ ਦੇ ਨਿਭਨ ।ਮੁੱਠੇ ਨੈਨ ਰੋ ਰੋ ਰੱਤ ਥੀਵਨ । ਸਾਥੀ ਪੁਨਲ ਗਿਆ ਦੂਰ ਹੈ ।ਸਰ ਦਰਦ ਕਹਿਰ ਕਲੂਰ ਹੈ । ਤਨ ਚੂਰ ਮਨ ਰੰਜੂਰ ਹੈ ।ਸ਼ਾਲਾ ਸਜਨ ਕੋਲੇ ਵਸਨ । ਮਾਹੀ ਮਿੱਠਲ ਗਿਉਂ ਰੋਲ ਵੇ ।ਵਾਹ ਢੋਲ ਤੈਂਡੜੇ ਬੋਲ ਵੇ । ਡੇਖਾਂ ਹੈ ਕੈਂਦੇ ਕੋਲ ਵੇ ।ਦਿਲ ਢਾਂਢ ਦਰਦਾਂ ਦੇ ਬਲਨ । ਦਿੱਲੜੀ ਤਪੇ ਸੀਨਾ ਜਲੇ ।ਜੀਅੜਾ ਡੁਖੇ ਜਿੰਦੜੀ ਗਲੇ । ਹੱਡ ਚੱਮ ਸੜੇ ਲੂੰ ਲੂੰ ਤਲੇ ।ਅੱਖੀਆਂ ਡੁਖਨ ਦੀਦਾਂ ਸਿਕਨ । ਮੂਨਸ ਤੇ ਨਾ ਗਮਖਵਾਰ ਹੈ ।ਚੌਗੁੱਠ ਸਖ਼ਤ ਉਜਾੜ ਹੈ । ਪਲਪਲ ਗਮਾਂ ਦੀ ਧਾੜ ਹੈ ।ਮੁਸ਼ਕਲ ਨਿਭਾਵਾਂ ਰਾਤ ਦਿਨ । ਡਿੱਠੜੇ ਸਵਾ ਕਿਕਰ ਰਹੂੰ ।ਸੁੰਜ ਬਰ ਫ਼ਿਰੂੰ ਡੁਖ਼ੜੇ ਸਹੂੰ । ਜਥ ਰਿੱਛ ਘਣੇ ਰਾਖਸ ਬਹੂੰ ।ਬਾਂਦਰ ਬਲਾਈਂ ਭੂਤ ਜਿਨ । ਸੱਯਦ ਫ਼ਰੀਦ ਸਹਸੀ ਸਭੇ ।ਮਾਹੀ ਪਿੱਛੇ ਰਾਹੀ ਥੀਏ । ਯਾ ਵੰਜ ਮਿਲੇ ਯਾ ਰੁਲ ਮੋਏ ।ਗਏ ਹਿਨ ਡੁੱਖਾਂ ਨੂੰ ਸਾਥ ਘਿਨ ।

75. ਡੁੱਖੇ ਇਸ਼ਕ ਦੇ ਡੁੱਖੜੇ ਘਾਟੇ ਨੈਂ

ਡੁੱਖੇ ਇਸ਼ਕ ਦੇ ਡੁੱਖੜੇ ਘਾਟੇ ਨੈਂ ।ਸਰ ਫੱਟੜਾ ਤਰੁਟੜੇ ਗਾਟੇ ਨੈਂ । ਮੈਂ ਜਾਤ ਸੋਹਣਾ ਯਾਰ ਪੁਨਲ ।ਰਹਿਸੀ ਕੋਲ ਨ ਵੈਸੀ ਕੇਚ ਡੂੰ ਵਲ । ਹੁਣ ਵਲਵਲ ਪੂਰ ਪੌਵਨ ਪਲਪਲ ।ਅੱਖੀਂ ਨੀਰ ਹੰਜੂ ਫਰਵਾਟੇ ਨੈਂ । ਸੁੰਜ ਸੇਝ ਅਤੇ ਗੁਲ ਖ਼ਾਰ ਥੀਏ ।ਧਈਆਂ ਹਾਰ ਹਮੇਲਾਂ ਮਾਰ ਥੀਏ । ਜਿੰਦ ਜੋਖੋਂ ਤਾਰ ਵ ਤਾਰ ਥੀਏ ।ਮੁੱਠੀ ਦਿੱਲੜੀ ਕਿਰਮ ਗਘਾਟੇ ਨੈਂ । ਬੁਰਾ ਬਿਰਹੋਂ ਬੁਰੀ ਬੀਮਾਰੀ ਹੈ ।ਡੁੱਖ ਪੈਰ ਤੇ ਨਾਲਾ ਜਾਰੀ ਹੈ । ਢੋਲੇ ਬਾਝ ਨ ਹਰਗਿਜ਼ ਕਾਰੀ ਹੈ ।ਕੂੜੇ ਸਰਬਤ ਘੋਟੇ ਚਾਟੇ ਨੈਂ । ਬਦੂੰ ਬਾਂਦਰ ਬੂਜ਼ ਅਦਾਈਂ ਹਨ ।ਗਡ ਗੈਂਡੇ ਗੁਰਗ ਬਲਾਈਂ ਹਨ । ਥਲ ਮਾਰੂ ਔਖੀਆਂ ਜਾਹੀਂ ਹਨ ।ਸਰੜਾਟੇ ਸਖ਼ਤ ਚਕਾਟੇ ਨੈਂ । ਬਠ ਵਾਲੀ ਵਾਲੀਆਂ ਬੂਲ ਤਤੇ ।ਆਏ ਪੇਸ਼ ਤੱਤੀ ਦੇ ਸੂਲ ਤੱਤੇ । ਪੈਰੀ ਚੁਭਨ ਹਜ਼ਾਰ ਬਬੂਲ ਤੱਤੇ ।ਹਿਕ ਰੀਤ ਤੱਤੀ ਥਿਆਭਾਟੇ ਨੈਂ । ਆਈ ਰੋਹਾਂ ਜਬਲਾਂ ਜਾਲ ਮੇਰੀ ।ਮੱਮੀਂ ਡੈਣੀਂ ਲਹਨ ਸੰਭਾਲ ਮੇਰੀ । ਰਿੱਛ ਰਾਖਸ ਰੱਖਦੇ ਭਾਲ ਮੇਰੀ ।ਡੇਂਹ ਗਤ ਫ਼ਰੀਦ ਗਪਾਟੈ ਨੈਂ ।

76. ਡੁਖੀ ਦਿੱਲੜੀ ਦਰਦੀਂ ਮਾਰੀ

ਡੁਖੀ ਦਿੱਲੜੀ ਦਰਦੀਂ ਮਾਰੀ ।ਹਰ ਵੇਲ੍ਹੇ ਆਜ਼ਾਰੀ । ਸੋਜ਼ ਅੰਦਰ ਵਿੱਚ ਸੂਲ ਜਿਗਰ ਵਿੱਚ ।ਆਇਮ ਬਰੋਚ ਰੋਹ ਡੂੰਗਰ ਵਿੱਚ । ਸਖ਼ਤ ਸਫ਼ਰ ਵਿੱਚ ਜੁਲਮ ਕਹਿਰ ਵਿੱਚ ।ਹੋਤ ਨ ਕੀਤਮ ਕਾਰੀ । ਦਾਰ ਮਦਾਰਾਂ ਸੁੰਜੜੀਆਂ ਬਾਰਾਂ ।ਪੱਰਬਤ ਧਾਰਾਂ ਗ਼ਮ ਦੀਆਂ ਮਾਰਾਂ । ਪਰਮ ਪੁਕਾਰਾਂ ਜਿੰਦੜੀ ਵਾਰਾਂ ।ਯਾਰ ਵਿਸਾਰੀ ਯਾਰੀ । ਸ਼ਾਨ ਸ਼ਰਮ ਗਿਆ ਭੀਮ ਭਰਮ ਗਿਆ ।ਦੀਨ ਜਰਮ ਗਿਆ ਦੈਰ ਧਰਮ ਗਿਆ । ਲੁਤਫ਼ ਕਰਮ ਗਿਆ ਨੇਕ ਰਹਿਮ ਗਿਆ ।ਲਗੜੀ ਸ਼ਹਿਰ ਖਵਾਰੀ । ਔਖੀਆਂ ਘਾਟੀਆਂ ਲੱਖ ਲੱਖ ਘਾਟੇ ।ਖੁੜਬਣ ਭਾਟੇ ਸਹੰਸ ਗਪਾਟੇ । ਤੱਤੜੀ ਵਾਲੀ ਡੁੱਖੜੇ ਘਾਟੇ ।ਕਰ ਕਰ ਪੀਤ ਪਿਆਰੀ । ਨੇਂਹ ਨਿਭਾਇਆ ਰੋਜ਼ ਸਿਵਾਇਆ ।ਪੋਰ ਪਰਾਇਆ ਮੁਫ਼ਤ ਅਜ਼ਾਇਆ । ਦੀਦ ਮੁਸਾਇਆ ਜ਼ੁਲਫ ਅੜਾਇਆ ।ਘੱਤ ਘੱਤ ਪੇਚ ਦੀ ਗਾਰੀ । ਸਾੜਿਨ ਛਾਤੀ ਮਾਰਨ ਕਾਤੀ ।ਸੋਜ਼ ਹੈ ਸਾਥੀ ਰੋਗ ਹੈ ਭਾਤੀ । ਹਿਜਰ ਦੀ ਝਾਤੀ ਖਿਸਮ ਹਯਾਤੀ ।ਪਲ ਪਲ ਮੌਤ ਤਿਆਰੀ । ਦਰਦ ਫ਼ਰੀਦ ਜਦੀਦ ਜਦੀਦੇ ।ਈਦ ਬਈਦੇ ਬਖ਼ਤ ਅਨੀਦੇ । ਸ਼ੌਕ ਸ਼ਦੀਦੇ ਮੂੰਝ ਮਜ਼ੀਦੇ ।ਬਾਰ ਬਿਰਹੋਂ ਸਰ ਬਾਰੀ ।

77. ਡੁਖੜੇ ਪੁਖੜੇ ਆਇਮ

ਡੁਖੜੇ ਪੁਖੜੇ ਆਇਮ ।ਖੁਸ਼ੀਆਂ ਭਾਵਨੜੂੰ ਰਹੀਆਂ । ਚਾਂਦੜੀਆਂ ਰਾਤੀਂ ਬਿਰਹੋ ਬਰਾਤੀਂ ।ਸਈਆਂ ਖੇਡਣ ਗਈਆਂ । ਰੁਤ ਸਾਵਨ ਦੀ ਮੀਂਹ ਬਰਸਾਤੀਂ ।ਰਲ ਮਿਲ ਧਾਵਨ ਪਈਆਂ । ਸਦਕੇ ਕੀਤਾ ਨਾਲ ਨ ਨੀਤਾ ।ਪਕੜ ਨ ਖੇੜਾ ਬਈਆਂ । ਰੋਜ਼ ਅਜ਼ਲ ਦਾ ਵਾਰਸ ਸਾਡਾ ।ਤੂੰ ਹੈ ਰਾਂਝਨ ਸਾਈਆਂ । ਵਿਸਰਿਅਮ ਸਾਰਾ ਰਾਜ ਬਬਾਣਾ ।ਵਿਸਰੀਆਂ ਸੇਗੀਆਂ ਸਈਆਂ । ਸਕੜੇ ਸੌਹਰੇ ਖਵੇਸ਼ ਕਬੀਲੇ ।ਸਟ ਕਰ ਤੈਂਡੜੀ ਥਈਆਂ । ਸੇਗੀਆਂ ਸਰਤੀਆਂ ਸ਼ਹਿਰ ਸੁਹਾਵਨ ।ਮੈਂ ਵੱਤ ਬੂਟੇ ਲਈਆਂ । ਇਸ਼ਕ ਫ਼ਰੀਦ ਕੂੰ ਖਲਅਤ ਡਿੱਤੜੀ ।ਮੂੰਹ ਸਿਰ ਭੁੱਸੜ ਛਈਆਂ ।

78. ਡੁਖੜੀਂ ਕਾਰਣ ਜਾਈ ਹਮ

ਡੁਖੜੀਂ ਕਾਰਣ ਜਾਈ ਹਮ ।ਸੂਲੀਂ ਸਾਂਗ ਸਮਾਈ ਹਮ । ਦਰਦ ਅੰਦੇਸ਼ੇ ਸਕੜੇ ਸੌਰੇ ।ਬਿਆ ਨਾ ਭੈਣ ਤੇ ਭਾਈ ਹਮ । ਗਹਲੀ ਕਮਲੀ ਸੂੰਜੜੀ ਧੁਰ ਦੀ ।ਹਿਕ ਗ਼ਮ ਦੀ ਸਧਰਾਈ ਹਮ । ਜਾਵਣ ਲਾਦੀ ਪੰਡ ਬਲਾ ਦੀ ।ਚੁਮ ਸਿਰ ਅੱਖੀਆਂ ਚਾਈ ਹਮ । ਰਾਹਤ ਵੇਂਦੀਂ ਵਿਦਾ ਨਾ ਕੀਤਮ ।ਮਈ ਹਮ ਪਰ ਮਤਰਾਈ ਹਮ । ਪੀੜ ਪੁਰਾਣੀ ਅਮੜੀ ਸਕੜੀ ।ਮੂੰਝ ਮੰਝਾਰੀ ਦਾਈ ਹਮ । ਸਖ਼ਤੀ ਤੇ ਬਦ ਬਖ਼ਤੀ ਤੱਤੜੀ ।ਹਾਲ ਵੰਡਾਓ ਹਮਸਾਈ ਹਮ । ਬੇ ਠਾਈ ਦੀ ਚੋਲੀ ਚੁਨੜੀ ।ਪਾਈ ਹਮ ਪਾ ਠਮਕਾਈ ਹਮ । ਸਿਰ ਤੇ ਛਤੜੇ ਚੋਟੀਆਂ ਮੱਥੜੇ ।ਤੈਂ ਸੰਗ ਦਿੱਲੜੀ ਲਾਈ ਹਮ । ਹੂ ਹੂ ਫਕੜੀ ਸ਼ਹਿਰ ਖਵਾਰੀ ।ਚਾਤੀ ਫ਼ਖਰ ਵਡਾਈ ਹਮ । ਕਿਵੇਂ ਯਾਰ ਫ਼ਰੀਦ ਵਸਾਰਾਂ ।ਜੈ ਕੀਤੇ ਇਥ ਆਈ ਹਮ ।

79. ਡੁੱਖ ਸੀਨੇ ਤੇ ਮੂੰਗ ਡਾਲੇ

ਡੁੱਖ ਸੀਨੇ ਤੇ ਮੂੰਗ ਡਾਲੇ ।ਸਿੱਕ ਤੱਡੀ ਤੱਡੀ ਤੇਲ ਡਖਾਲੇ । ਗ਼ਮ ਦਰਦ ਅਲਮ ਬਦ ਨੀਤੇ ।ਪਏ ਸਾੜਨ ਸੋਜ਼ ਪਲੀਤੇ । ਥਏ ਮੈਂ ਮੁੱਠੜੀ ਦੇ ਕੀਤੇ ।ਸਬ ਰਾਣੀ ਖਾਂ ਦੇ ਸਾਲੇ । ਕਈ ਡੇਂਹ ਨਾ ਰਲ ਗੁਜ਼ਰਿਉ ਨੇ ।ਸਾਰੀ ਆਸ ਉਮੀਦ ਵੰਜਿਉਂ ਨੇ । ਹੈ ਖ਼ਬਰ ਨਹੀਂ ਕਿਆ ਥਿਉ ਨੇ ।ਥਏ ਪੇਚੀ ਕੇਚ ਉਬਾਹਲੇ । ਹਮ ਸੰਗਤੀ ਸਾਰੇ ਖੋਟੇ ।ਖਚ ਬਾਜ਼ ਉਪੱਠੜੇ ਡੋਟੇ । ਰਲ ਮਿਲ ਬੇ ਦਰਦ ਕਲ੍ਹੋਟੇ ।ਪਏ ਕਰਨ ਖ਼ਿਲਾਂ ਹਾਂ ਕਾਲੇ । ਤੱਤੀ ਸੋਜ਼ ਅੰਦੋਹ ਵਚਾਲੇ ।ਸੈ ਵਾਕੇ ਫ਼ਾਕੇ ਘਾਲੇ । ਨਿੱਤ ਰੋਹ ਪੱਥਰ ਪੜਤਾਲੇ ।ਹੱਥੀ ਲਫਾਂ ਪੇਰੀਂ ਛਾਲੇ । ਕਰ ਸਬਰ ਫ਼ਰੀਦ ਨਿਭੇਸਾਂ ।ਪਈ ਸੂਲੀ ਸਾਂਗ ਜਲੇਸਾਂ । ਦਮ ਜੈਂਦੀਂ ਤਈ ਪੁਕਰੇਸਾਂ ।ਮਤਾਂ ਕਾਦਰ ਸਖ਼ਤੀ ਟਾਲੇ ।

80. ਡੁਖ ਥੀਏ ਬਾਂਹ ਬੇਲੀ ਵੋ ਯਾਰ

ਡੁਖ ਥੀਏ ਬਾਂਹ ਬੇਲੀ ਵੋ ਯਾਰ ।ਹਥੀ ਅਇਮ ਅਕੇਲੀ ਵੋ ਯਾਰ । ਤੌਂ ਬਿਨ ਡੇਵਮ ਕੌਨ ਦਿਲਾਸੇ ।ਥੀ ਨਾ ਸਾਂਵਲ ਆਸੇ ਪਾਸੇ । ਮਾਣੀਂ ਅੰਗਨ ਹਵੇਲੀ ਵੋ ਯਾਰ । ਆਲੀ ਅਦਨੀ ਜੋ ਜਗ ਜੀਵੇ ।ਮੈਂ ਵਾਂਗਨ ਪਈ ਕਈ ਨ ਥੀਵੇ । ਡੁਖੜੀ ! ਵਾਢੀ !! ਵ੍ਹੇਲੀ!!! ਵੋ ਯਾਰ । ਨਾ ਮਾਹੀ ਨਾ ਮੰਝੀਆਂ ਡਿਸਦੀਆਂ ।ਅੱਖੀਆਂ ਵਿਸਦੀਆਂ ਦਿਲੜੀਆਂ ਫਸਦੀਆਂ । ਜਿੰਦੜੀ ਥੀ ਭਾਂ ਬੇਲੀ ਵੋ ਯਾਰ । ਸੌਂ ਹੈ ਨਾਜ਼ ਨਿਗਾਹ ਦੀ ਮੈਕੂੰ ।ਜੇ ਤੈਂ ਵਲ ਨ ਡੇਖਾਂ ਤੈਕੂੰ । ਰਹਿਸਾਂ ਮੈਲ ਕੁਚੈਲੀ ਵੋ ਯਾਰ । ਕਿਥ ਓ ਆਸਾਂ ਕਿਥ ਓ ਮਾਣੇ ।ਨਾ ਮਾਹੀ ਨਾ ਰਾਜ ਬਬਾਣੇ । ਜੈਸਾਂ ਡੁਖ ਡੁਹੇਲੀ ਵੋ ਯਾਰ । ਭਾਗ ਸੁਹਾਗ ਸੁੰਜੀ ਤੂੰ ਰੁਠੜੇ ।ਹਾਰ, ਹਮੇਲਾਂ ਗਾਨੇ ਤਰੁਟੜੇ । ਟੋਟੇ ਬਾਂਹ ਚੁੜੇਲੀ ਵੋ ਯਾਰ । ਹਿਕ ਮੈਂ ਦਰਦ ਅੰਦੋਹ ਵਿਚਾਲੇ ।ਪਈ ਸਭ ਨਾਜ਼ ਨਵਾਜ਼ੀਂ ਜਾਲੇ । ਤਰੈ ਸੌ ਸੱਠ ਸਹੇਲੀ ਵੋ ਯਾਰ । ਬਾਝੋਂ ਯਾਰ ਫ਼ਰੀਦ ਦਾ ਹੀਲਾ ।ਕਜੜਾ, ਕੋਝਾ, ਤੇ ਰੰਗ ਪੀਲਾ । ਸੇਂਧ ਧੜੀ ਥਈ ਮੈਲੀ ਵੋ ਯਾਰ ।

81. ਏ ਇਸ਼ਕ ਨਹੀਂ ਸਰ ਰੋਹ ਹੈ

ਏ ਇਸ਼ਕ ਨਹੀਂ ਸਰ ਰੋਹ ਹੈ ।ਡੁੱਖੀਂ ਸੂਲੀਂ ਦਾ ਅੰਬੋਹ ਹੈ । ਨ ਤੂਲ੍ਹ ਟਾਂਗ ਸੰਦਾਰੀ ।ਮੈਂ ਮਨ ਤਾਰੀ ਤੇ ਨੈਂ ਬਾਰੀ । ਮੀਂਹ ਬੂਰੀ ਰਾਤ ਅੰਧਾਰੀ ।ਬਿਆ ਖਾਸ ਮਹੀਨਾ ਪੋ ਹੈ । ਥੀ ਯਾਰ ਰਖੇ ਹਮ ਰਾਜ਼ੀ ।ਹੈ ਕੂੜੀ ਹੀਲਾ ਸਾਜ਼ੀ । ਹੈ ਪੇਚ ਅਤੇ ਠੱਗ ਬਾਜ਼ੀ ।ਏ ਲੁਤਫ਼ ਨਹੀਂ ਕੋਈ ਦਰੋ ਹੈ । ਪਈਆਂ ਖੋਜ਼ ਪੁੱਨਲ ਦੀਆਂ ਖ਼ਬਰਾਂ ।ਗਈਆਂ ਰੋਗ ਅੰਦਰ ਦੀਆਂ ਡਮਰਾਂ । ਜੱਡਾਂ ਆਸ਼ਕਾਂ ਬੱਧੀਆਂ ਕਮਰਾਂ ।ਥਈ ਦਿਲੀ ਢਾਈ ਕੋ ਹੈ । ਰੋ ਰਿੰਗ ਰਿੰਗ ਕਹਿਮ ਕਰੇਹਲ ।ਬੱਠ ਡੁੱਖ ਸੁਖ਼ ਰੱਜ ਬੁਖ ਦੀ ਗ਼ਲ । ਦਮ ਜੈਂਦੀ ਤੋੜੀ ਗੇਹਲ ।ਜਥ ਜੋਹ ਜਤਨ ਦੀ ਤਹੋ ਹੈ । ਨਾ ਯਾਰ ਫ਼ਰੀਦ ਮਿਲਿਉ ਸੇ ।ਨਾ ਦਰਦੀਂ ਵਾਂਦ ਡਿੱਤੋ ਸੇ । ਪੰਧ ਕਰ ਕਰ ਹੁੱਟ ਪਿਉ ਸੇ ।ਸੰਧ ਸੰਧ ਦੀ ਨਿਖਤੀ ਮੋਹੈ ।

82. ਏ ਰੀਤ ਸਿਖੀ ਹਈ ਕੈਂ ਕਨੋਂ

ਏ ਰੀਤ ਸਿਖੀ ਹਈ ਕੈਂ ਕਨੋਂ ।ਢੋਲਾ ਲੁਕ ਛੁੱਪ ਬਹਿੰਦੀਂ ਮੈਂ ਕਨੋਂ । ਜੁੜ ਤੇਗ਼ ਬਿਰਹੋਂ ਦੀ ਮਾਰ ਗਿਉਂ ।ਖਸ ਸਬਰ ਆਰਾਮ ਕਰਾਰ ਗਿਉਂ । ਕਿਉਂ ਝੋਕ ਲਡਾ ਲੰਘ ਪਾਰ ਗਿਉਂ ।ਕੋਈ ਪੁਛਨ ਵਾਲਾ ਹਮ ਤੈਂ ਕਨੋਂ । ਡੇਹਾਂ ਡੋੜੇ ਡੁੱਖੜੇ ਪੌਂਦੀਆਂ ।ਰੱਤੈ ਰੋ ਰੋ ਰਾਤ ਨਿਭਾਉਂਦੀਆਂ । ਕਰ ਵੈਣ ਡੋਹਾਗ ਸੁਹਾਉਂਦੀਆਂ ।ਵੰਜ ਹਾਲ ਘਿਨੋ ਹਮਸਾਈਂ ਕਨੋਂ । ਜੈਂਦੇ ਨਾਲ ਮੁਹੱਬਤ ਜਕੜੀ ਹੈ ।ਲਗੀ ਸ਼ਹਿਰ ਮਲਾਮਤ ਫਕੜੀ ਹੈ । ਦਿਲ ਮਿਨਹੜੋਂ ਸਿਠੜੋਂ ਤਕੜੀ ਹੈ ।ਨਿਸੇ ਡਰਦੇ ਮਿਹਨੀਂ ਕਨੋਂ । ਐ ਰੋਹੀ ਯਾਰ ਮਲਾਵੜੀ ਵੇ ।ਸ਼ਾਲਾ ਹੋਵੇ ਹਰਦਮ ਸਾਵੜੀ ਵੇ । ਵੰਜ ਪੀਸੂੰ ਲਸੜੀ ਗਾਉੜੀ ਵੇ ।ਘਿਨ ਅਪਨੇ ਸੋਹਣੇ ਸੈਂ ਕਨੋਂ । ਗ਼ਮ ਦਰਦ ਫ਼ਰਾਕ ਦੀ ਰੋਲੜੀਆਂ ।ਗਈਆਂ ਨਾਜ਼ ਨਵਾਜ਼ ਦੀਆਂ ਟੋਲੜੀਆਂ । ਥਈ ਗਹਲੀ ਕਮਲੀ ਭੋਲੜੀਆਂ ।ਧਕ ਮਾਰ ਝੱਲਾਂ ਜੈਂ ਤੈਂ ਕਨੋਂ । ਦਿਲ ਝਰ ਜੰਗਲ ਦੀ ਬਾਂਦੀ ਹੈ ।ਜਥਾਂ ਝੋਕ ਮੈਂਡੇ ਮਿੱਤਰਾਂ ਦੀ ਹੈ । ਬੂ ਸਿਦਕ ਵਫਾ ਦੀ ਆਂਦੀ ਹੈ ।ਇਨਹੀਂ ਸਾਵੀਂ ਸਨੇਹੜੀਂ ਲੈਂ ਕਨੋਂ । ਕੁਝ ਯਾਦ ਨਿਹਾਲੀ ਤੂਲ ਨਹੀਂ ।ਕੋਈ ਸੰਗਤੀ ਬਾਝੋਂ ਸੂਲ ਨਹੀਂ । ਤੁੜ ਪਾਰ ਵੰਜਣ ਦਾ ਮੂਲ ਨਹੀਂ ।ਹੈਂ ਨੈਨਾਂ ਦੀ ਬਾਰੀ ਨੈਨ ਕਨੋਂ । ਬਿਨ ਯਾਰ ਫ਼ਰੀਦ ਨ ਜੀਵਾਂ ਮੈਂ ।ਕਿਉਂ ਏਝੀਂ ਔਖੀ ਥੀਵਾਂ ਮੈਂ । ਨੂਰ ਹਰ ਪਿਆਲਾ ਪੀਵਾਂ ਮੈਂ ।ਛੁਪ ਪੌਸਾਂ ਸੂਲੀਂ ਸੈਂ ਕਨੋਂ ।

83. ਗ਼ਮਜ਼ੇ ਕਰਦੇ ਜੰਗ

ਗ਼ਮਜ਼ੇ ਕਰਦੇ ਜੰਗ ।ਲੜਦੇ ਮੂਲ ਨ ਅੜਦੇ । ਨੇਜ਼ੇ ਤੀਰ ਤਫੰਗ ।ਕਹਿਰੀ ਨਾਜ਼ ਨਜ਼ਰ ਦੇ । ਜ਼ੁਲਫ ਹੈ ਬਸ਼ੀਰ ਅਬਰੂ ਬਿਛੂਏ ।ਮਾਰਨ ਡੰਗ ਨਸੰਗ । ਚਿਕਦੇ ਜ਼ਖਮ ਜਿਗਰ ਦੇ । ਸਾਂਵਲ ਦੀ ਹੈ ਤਰਜ਼ ਅਨੋਖੀ ।ਤਨ ਨਾਜ਼ਕ ਦਿਲ ਸੰਗ । ਜ਼ਰਾ ਮਿਹਰ ਨ ਕਰਦੇ । ਬਿਰਹੋ ਅਸਾਂ ਵਲ ਖ਼ਲਅਤ ਭੇਜੀ ।ਸਾਵਾ ਪੀਲਾ ਰੰਗ । ਸੌ ਸੌ ਸੂਲ ਅੰਦਰ ਦੇ । ਇਸ਼ਕ ਵੰਜਾਇਮ ਸਰਮ ਭਰਮ ਕੂੰ ।ਗਿਆ ਨਾਮੂਸ ਤੇ ਨੰਗ । ਗੁਜ਼ਰੇ ਵਕਤ ਸਬਰ ਦੇ । ਹਾਲ ਫ਼ਰੀਦ ਦਾ ਡੁੱਖ਼ ਡੁਹੇਲਾ ।ਦਿੱਲੜੀ ਕੀਤੁਸ ਤੰਗ । ਨਾ ਜੀਂਦੇ ਨਾ ਮਰਦੇ ।

84. ਘਾਟੇ ਇਸ਼ਕ ਦੇ ਘਾਟੇ ਜਾਤੇ ਮੈਂ

ਘਾਟੇ ਇਸ਼ਕ ਦੇ ਘਾਟੇ ਜਾਤੇ ਮੈਂ ।ਤਾ ਭੀ ਚੁੱਮ ਸਰ ਅੱਖੀਆਂ ਚਾਤੇ ਮੈਂ । ਖੋਟਾ ਨੇਂਹ ਅਨੋਖ਼ਾ ਵੈਰੀ ਹੈ ।ਮੂੰਹ ਧੂੜ ਮਿੱਟੀ ਸਿਰ ਕੇਰੀ ਹੈ । ਡੁੱਖਾਂ ਸੂਲਾਂ ਦਿਲੜੀ ਘੇਰੀ ਹੈ ।ਪਲੂ ਸੂਲ ਕੁਪੱਤੜੇ ਪਾਤੇ ਮੈਂ । ਸਜੀ ਰਾਤ ਸੁੰਜੀ ਤੜਫਾਂਦੀ ਹੈ ।ਤੱਤੀ ਤੂਲ ਸੋਤੀਂ ਅੱਗ ਲਾਂਦੀ ਹੈ । ਡੂਖੀ ਡੁਸਕ ਡੁਸਕ ਕੁਰਲਾਂਦੀ ਹੈ ।ਬੁਰੇ ਬਿਰਹੋਂ ਦੇ ਸਾਹ ਸੁੰਜਾਤੇ ਮੈਂ । ਬੇਵਾਹੀ ਵਾਹ! ਵਾਹ!! ਵਾਹ!!! ਮੇਰੀ ।ਹੈ ਹੂ! ਹੂ!! ਇਜ਼ਤ ਜਾਹ ਮੇਰੀ । ਸੁੰਜਵਾਹ ਹੈ ਤਕੀਆ ਗਾਹ ਮੇਰੀ ।ਪਾਤੀ ਪੀਤ ਤੋਂ ਇਹਾ ਬਰਾਤੇ ਮੈਂ । ਲਗੀ ਤਾਂਗ ਪੁਨਲ ਦੀ ਸਾਂਗ ਜੁਡਾਂ ।ਭੱਨਾ ਚੂੜਾ ਉੱਜੜੀ ਮਾਂਘ ਤੁਡਾਂ । ਅੱਲਾ ਥਸਿਮ ਵਸਲ ਦਾ ਸਾਂਗ ਕਡਾਂ ।ਸਿਹਰੇ ਸਾੜ ਸਟੇ ਗਹਿਣੇ ਲਾਥੇ ਮੈਂ । ਨਾ ਬਾਝ ਹੈ ਬਾਝ ਖ਼ਵਾਰੀ ਦੇ ।ਇਹ ਹਾਲ ਤੁਸਾਡੜੀ ਯਾਰੀ ਦੇ । ਡੁਖੇ ਗੁਜ਼ਰਨ ਡੇਂਹ ਅਜ਼ਾਰੀ ਦੇ ।ਮੁੱਠੇ ਨੈਨ ਕੁਲਲੜੇ ਲਾਤੇ ਮੈਂ । ਗਲ ਜ਼ੁਲਫ ਦਾ ਪੇਚ ਪਿਉਮ ।ਹੱਥ ਹੋਤ ਦੇ ਦਿੱਲੜੀ ਵੇਚ ਡਿਤਮ । ਸਟ ਸੇਝ ਫ਼ਰੀਦ ਬਈਦ ਥਿਉਮ ।ਵੈਸਾਂ ਕੇਚ ਨ ਰਰਿਸਾਂ ਜਾਤੇ ਮੈਂ ।

85. ਗੂੜ੍ਹੀਆਂ ਅੱਖੀਆਂ ਸਦਾ ਮਤਵਾਲੀਆਂ

ਗੂੜ੍ਹੀਆਂ ਅੱਖੀਆਂ ਸਦਾ ਮਤਵਾਲੀਆਂ ।ਰੱਤ ਪੀਵਣ ਕਾਣ ਉਭਾਲੀਆਂ । ਤਨ ਮਨ ਬੰਨ੍ਹ ਬੰਨ੍ਹ ਕੈਦ ਕਰੇਂਦੀਆਂ ।ਰਗ ਰਗ ਵਗ ਵਗ ਪੇਚ ਅੜੇਂਦੀਆਂ । ਇਹ ਜ਼ੁਲਫਾਂ ਦਿੱਲੜੀ ਕਾਲੀਆਂ । ਜਾਨ ਜਿਗਰ ਵਿੱਚ ਪਾਵਿਨ ਦਾਮਾਂ ।ਇਸਵੇ ਗ਼ਮਜ਼ੇ ਨਾਜ਼ ਖ਼ਰਾਮਾ । ਵਾਹ ਨਾਜ਼ਕ ਰੇਡਾਂ ਚਾਲੀਆਂ । ਕਰਨ ਨ ਟਾਲੇ ਮੋਹਨ ਮਾਲੇ ।ਬੇਂਸਰ ਬੋਲ ਅਤੇ ਕਟਮਾਲੇ । ਕਿਆ ਫੁਲਵਾਲੇ ਕਿਆ ਵਾਲੀਆਂ । ਸਾੜਿਮ ਦਿਲੜੀ ਡੁੱਖੜੀਂ ਕੁੱਠੜੀ ।ਜਿੰਦੜੀ ਲੁੱਟੜੀ ਸੁੱਖੜੀਂ ਖੁਟਰੀ । ਬਿਆਂ ਅੱਖੀਆਂ ਦਰਦੋਂ ਆਲੀਆਂ । ਘੋਲੇ ਕੂਚੇ ਸ਼ਹਿਰ ਬਜ਼ਾਰਾਂ ।ਸੋਹਿਨ ਫ਼ਰੀਦ ਨੂੰ ਉੱਜੜੀਆਂ ਬਾਰਾਂ । ਡਿੱਤੀਆਂ ਬਿਰਹੋਂ ਮੁਲਕ ਨਕਾਲੀਆਂ ।

86. ਗੁਜ਼ਰ ਗਈ ਗੁਜ਼ਰਾਨ ਗ਼ਮ ਦੇ ਸਾਂਗ ਰਲਿਓਸੇ

ਗੁਜ਼ਰ ਗਈ ਗੁਜ਼ਰਾਨ ਗ਼ਮ ਦੇ ਸਾਂਗ ਰਲਿਓਸੇ । ਡਿੱਠੜਾ ਜਮਲ ਜਹਾਂ ਨ ਕੁੱਝ ਪਲੜੇ ਪਿਉ ਸੇ । ਵੈਂਦੀ ਯਾਰ ਨ ਖੜ ਮੁਕਲਾਇਆ ।ਕੇਚੋਂ ਕੋਈ ਪੈਗ਼ਾਮ ਨ ਆਇਆ । ਜਿੰਦੜੀ ਦਾ ਜਜਮਾਨ ।ਗਲ ਦਾ ਗੇੜ ਥਿਓ ਸੇ । ਨਾ ਮਾਹੀ ਨ ਰਿੰਗ ਮਹੀਂਦੀ ।ਝੋਕ ਉਜਾੜ ਡਿੱਸਮ ਤੇਂਹ ਡੇਂਹ ਦੀ । ਬੇਲਾ ਥਿਆ ਵੀਰਾਨ ।ਥੀ ਬੇ ਆਸ ਰੁਲਿਓਸੇ । ਲਾਂਵੀ ਲੇਂਹਦੀ ਪਿਉਮ ਵਿਛੋੜਾ ।ਖਾਰੇ ਚੜ੍ਹਦੀ ਆਇਉਮ ਧੋੜਾ । ਮਹਿੰਦੀ ਸੁਰਖੀ ਬਾਨ ।ਨੀਲਾ ਰੰਗ ਵਟਿਓ ਸੇ । ਵੈਣ ਸਿਆਪੇ ਮਾਤਮ ਗਾਹਣੇ ।ਡੁੱਖ ਡੁਹਾਗ ਦੇ ਭੋਲ ਵਿਹਾਣੇ । ਸੂਲਾਂ ਦਾ ਸਾਮਾਨ ।ਅਜ਼ਲੋਂ ਡਾਜ ਢਇਓਸੇ । ਛੋਟੀ ਉੱਮਰ ਰੰਡੇਪਾ ਆਇਮ ।ਖੋਟੀ ਕਿਸਮਤ ਖੋਟ ਕਮਾਇਮ । ਡੁੱਜਾ ਏ ਇਰਮਾਨ ।ਵੇਂਦੀਂ ਨ ਮੁਕਲਿਓਸੇ । ਜੈਂਦੀ ਤਈਂ ਏ ਦਰਦ ਨਿਭੇਸਾਂ ।ਮਰਦੀਂ ਦਾਗ਼ ਕਬਰ ਵਿੱਚ ਨੇਸਾ । ਪਿੱਟ ਪਿੱਟ ਥਿਆ ਖ਼ਫ਼ਕਾਨ ।ਰੋ ਰੋ ਖ਼ਲਕ ਰੌਵਿਓ ਸੇ । ਜੈਂ ਬਿਨ ਹਿੱਕ ਪਲ ਮੂਲ ਨ ਵਿਸੇ ।ਬਾਕੀ ਕਰਨੇ ਆਏ ਕਿਸੇ । ਵਹ ਤਕਦੀਰ ਦਾ ਸ਼ਾਨ ।ਕਿਆ ਹਾ ਕਿਆ ਥੀ ਗਿਓਸੇ । ਕਰ ਕਰ ਯਾਦ ਫ਼ਰੀਦ ਸੱਜਣ ਕੂੰ ।ਲਾ ਗਲ ਰੋਵਾਂ ਹਿੱਕ ਹਿੱਕ ਵਣ ਕੂੰ । ਜਾਨ ਜਿਗਰ ਵਿੱਚ ਕਾਨ ।ਜਾਨੀ ਜੋੜ ਮਰਿਓ ਸੇ ।

87. ਗੁਜ਼ਰਿਆ ਵਕਤ ਗੁੰਧਾਵਣ ਧੜੀਆਂ

ਗੁਜ਼ਰਿਆ ਵਕਤ ਗੁੰਧਾਵਣ ਧੜੀਆਂ ।ਵਿਸਰਿਆ ਹਾਰ ਸਿੰਗਾਰ ਅਸਾਹਾਂ । ਰੋਗ ਕਰੂਪ ਕਸ਼ਾਲੇ ਹਰ ਦਮ ।ਦਰਦੋਂ ਨਾਲਾ ਜ਼ਾਰ ਅਸਾਹਾਂ । ਸੁਰਮਾ ਪਾਵਣ ਸੁਰਖ਼ੀ ਲਾਵਣ ।ਬੇਂਸਰ ਬੋਲ ਤੇ ਮਾਂਘ ਬਣਾਵਣ । ਸਹਿਜੋਂ ਫੁਲੋਂ ਸਿਹਰੇ ਪਾਵਣ ।ਸਭ ਕੁਝ ਥਇਆ ਬੇਕਾਰ ਅਸਾਹਾਂ । ਤਨ ਮਨ ਚੁੱਭੜੀ ਸਾਗ ਗ਼ਮਾਂ ਦੀ ।ਜਾਨ ਜਿਗਰ ਵਿੱਚ ਚੂਕ ਡੁੱਖਾ ਦੀ । ਦਿੱਲੜੀ ਸੂਲੀ ਕੀਤੀ ਮਾਂਦੀ ।ਸੀਨੇ ਸੌ ਸੌ ਖ਼ਾਰ ਅਸਾਹਾਂ । ਹੱਸਣ ਖਿਲਣ ਕੁਝ ਯਾਦ ਨ ਆਵੇ ।ਰੋਂਦੀ ਖਪਦੀ ਉੱਮਰ ਨਭਾਵੇ । ਜਿੰਦ ਜੁਖ ਜੁਖ ਲੱਖ ਰੰਜ ਉਠਾਵੇ ।ਡੁੱਖੜੇ ਤਾਰੋ ਤਾਰ ਅਸਾਹਾਂ । ਪੀਤ ਪੁਨਲ ਦੀ ਰਗ ਰਗ ਘੇਰਿਮ ।ਯਾਰ ਅਗ਼ਯਾਰ ਕਨੂੰ ਮੂੰਹ ਫੇਰਿਮ । ਝੂਰ ਝੁਗਟੇ ਜੁੜ ਜੁੜ ਵੇੜਿਮ ।ਛੁੱਟ ਗਿਆ ਕੁਲ ਕੰਮ ਕਾਰ ਅਸਾਹਾਂ । ਯਾਰ ਫ਼ਰੀਦ ਨ ਆਇਮ ਵੇੜੇ ।ਟੋਕਾਂ ਕਰਦੇ ਖੇੜੇ ਭੇੜੇ । ਸੋਹਣੇ ਕੀਤੇ ਸਖ਼ਤ ਨਖੇੜੇ ।ਤੂਲ ਤੱਤੀ ਦਾਰ ਅਸਾਹਾਂ ।

88. ਗਿਆ ਰੋਲ ਰਾਵਲ ਵਿੱਚ ਰੋਹ ਰਾਵੇ

ਗਿਆ ਰੋਲ ਰਾਵਲ ਵਿੱਚ ਰੋਹ ਰਾਵੇ ।ਨਾ ਯਾਰ ਮਿਲਦਾ ਨਾ ਮੌਤ ਆਵੇ । ਆਤਣ ਕਤੇਂਦੀ ਸੰਗੀਆਂ ਸਤਾਵਨ ।ਜੁਗਤਾਂ ਮਰੇਂਦੀਆਂ ਬੋਲੀਆਂ ਸੁਣਾਵਨ । ਕਈ ਕੇਸ ਕਰਦੀਆਂ ਕਈ ਨੋਕ ਲਾਵਨ ।ਜੀਅੜਾ ਹਮੇਸ਼ਾ ਸਦਮੇ ਉਠਾਵੇ । ਭੈਣੀ ਨ ਭਾਵਾਂ ਅੱਮੜੀ ਅਲਾਵੇ ।ਪੇਕੇ ਸੋਰ੍ਹੇ ਜੇ ਹਰ ਕੋਈ ਡਖਾਵੇ । ਜਾਨੀ ਅਵੈੜਾ ਫੇਰਾ ਨ ਪਾਵੇ ।ਹਿੱਕ ਸੇਝ ਸਾੜਨੇ ਬਿਆਂ ਤੋਲ ਤਾਵੇ । ਡੁਖੜੇ ਸੱਸੀ ਨੂੰ ਡੇਹੋਂ ਡੇਂਹ ਸਵਾਏ ।ਜੈਂ ਡੇਂਹ ਬਰੋਚਲ ਘਰ ਡੁ ਸਿਧਾਏ । ਮੁੰਝੀ ਮੁੰਝਾਏ ਸੂਲੀਂ ਸਤਾਏ ।ਕਾਦਰ ਕਡਾਹੀਂ ਵਿਛੜੇ ਮਲਾਵੇ । ਮੁੱਠੜੀ ਅਕੇਲੀ ਸਾਂਵਲ ਨ ਬੇਲੀ ।ਅਲਭਲ ਨ ਕਰਦੀ ਸਰ ਤੇ ਸਹੇਲੀ । ਨਜ਼ਰੇ ਹਵੇਲੀ ਸੁੰਜੜੀ ਡੁਹੇਲੀ ।ਮਾਰੂ ਥਲਾਂ ਦੀ ਵਾਲੀ ਸਹਾਵੇ । ਕਿਸਮਤ ਫ਼ਰੀਦਾ ਡਿੱਤੜੀ ਨ ਵਾਰੀ ।ਅਸਲੋਂ ਪੁੱਨਲ ਕੀਤਮ ਨ ਕਾਰੀ । ਕੇਡੇ ਵੰਜੇ ਦਰਦਾਂ ਦੀ ਮਾਰੀ ।ਰੋ ਰੋ ਨਿਭਾਈ ਜਗ ਨੂੰ ਰੋਵਾਵੇ ।

89. ਹੈ ਅਰਬ ਸ਼ਰੀਫ ਸਧਾਈ

ਹੈ ਅਰਬ ਸ਼ਰੀਫ ਸਧਾਈ ।ਬੂ ਸਿੰਧ ਪੰਜਾਬ ਦੀ ਆਈ । ਬਿਨ ਅਰਬ ਇਹ ਅੱਖੀਆਂ ਰੋਵਨ ।ਰੋ ਹਾਰ ਹੰਜੂੰ ਦੇ ਪੋਵਨ । ਕਰ ਨੀਰੇ ਮੁੱਖੜਾ ਧੋਵਨ ।ਦਿਲ ਦਰਦੀਂ ਚੋਟ ਚਖਾਈ । ਏ ਪਹਿਲੀ ਮੰਜ਼ਿਲ ਹੱਦੇ ।ਥਈ ਸ਼ਹਿਰ ਮੁਬਾਰਕ ਜੱਦੇ । ਕੁਲ੍ਹਾ ਬਹਿਰ ਦੀ ਸ਼ੱਦੇ ਮੱਦੇ ।ਅੱਜ ਅਨਦ ਵੈਦੀ ਮੁਕਲਾਈ । ਕਰ ਸਈ ਤਵਾਫ ਜ਼ਿਆਰਤ ।ਲਹਿ ਲੁਤਫ਼ੋ ਅਫ਼ੂ ਇਸ਼ਾਰਤ । ਘਿਨ ਇਸ਼ਕੋਂ ਜ਼ੌਕ ਬਸ਼ਾਰਤ ।ਵੱਲ ਵਤਨੇ ਵਾਗ ਵਲਾਈ । ਕਿਉਂ ਗਾਨੇ ਗਹਿਣੇ ਪਾਵਾਂ ।ਕਿਉਂ ਸੁਰਖ਼ੀਆਂ ਮੈਂਦੀਆਂ ਲਾਵਾਂ । ਕਿਉਂ ਕੱਜਲਾ ਧਾਰ ਬਣਾਵਾਂ ।ਹੈ ਥੀਵਸ ਨਸੀਬ ਜੁਦਾਈ । ਕੁਲ ਸਿਹਰੇ ਹਾਰ ਕਮਾਣੇ ।ਕੁਲ ਨਾਜ਼ ਨਵਾਜ਼ ਵਿਹਾਣੇ । ਗਏ ਜੋਸ਼ ਜਵਾਨੀ ਮਾਣੇ ।ਗਿਆ ਧਜ ਵਿੱਚ ਫ਼ਖਰ ਵਡਾਈ । ਤੋਂ ਬਾਝੋਂ ਸਾਂਵਲ ਘਰ ਵਿੱਚ ।ਹਾਂ ਬੇਸ਼ਕ ਸਖ਼ਤ ਸਫ਼ਰ ਵਿੱਚ । ਥਲ ਮਾਰੂ ਸੁੰਜੜੇ ਬਰ ਵਿੱਚ ।ਹਿਮ ਸਖ਼ਤੀ ਰੋਜ਼ ਸਵਾਈ । ਗਈ ਆਸ ਫ਼ਰੀਦ ਨ ਪੁਨੜੀ ।ਜੀ ਜਲਿਆ ਦਿਲੜੀ ਭੁੱਨੜੀ । ਸਰ ਸੋਜ਼ ਫ਼ਰਾਕ ਦੀ ਚੁਨੜੀ ।ਗਲ ਦਰਦੋਂ ਚੋਲੀ ਪਾਈ ।

90. ਹੈ! ਹੈ!! ਯਾਰ ਬਰੋਚਲ

ਹੈ! ਹੈ!! ਯਾਰ ਬਰੋਚਲ ।ਹਿਕ ਤਿਲ ਤਰਸ ਨ ਕੀਤਾ । ਕਰਕੇ ਸਖਤ ਨਿਮਾਣੀ । ਅਪਨੇ ਨਾਲ ਨ ਨੀਤਾ । ਹਿਜਰ ਪਿਆਲਾ ਅਜ਼ਲੋਂ ।ਮੈਂ ਮੁਠੜੀ ਲੋਪੀਤਾ । ਜੈਂ ਡਿਂਹ ਸਜਨ ਸਿਧਾਏ ।ਡੁਖੇ ਆਇਆ ਸੁਖ ਬੀਤਾ । ਸੂਲ ਕੁਲੱਲੜਾ ਕੋਝਾ ।ਲੂੰ ਲੂੰ ਰਗ ਰਗ ਸੀਤਾ । ਅਸਲੋਂ ਮਹਜ ਵਿਸਾਰਿਉਸ ।ਲਾ ਕਰ ਪਰਮ ਪਲੀਤਾ । ਰੋਹ ਫ਼ਰੀਦ ਲਤਾੜਾਂ ।ਸ਼ਾਲਾ ਖਾਵਿਮ ਚੀਤਾ ।

91. ਹੈ ਇਸ਼ਕ ਦਾ ਜਲਵਾ ਹਰ ਹਰ ਜਾ

ਹੈ ਇਸ਼ਕ ਦਾ ਜਲਵਾ ਹਰ ਹਰ ਜਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਖ਼ੁਦ ਆਸ਼ਕ ਖ਼ੁਦ ਮਾਸ਼ੂਕ ਬਣਿਆ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਖ਼ੁਦ ਬੁਲਬੁਲ ਤੇ ਪਰਵਾਨਾ ਹੈ ।ਗੁਲ ਸ਼ਮਾ ਉਤੇ ਦੀਵਾਨਾ ਹੈ । ਥੀ ਚਾਂਦ ਚਕੋਰ ਨੂੰ ਮੋਹ ਲਿਆ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਕਡੀਂ ਮੂਸਾ ਥੀ ਮੀਕਾਤ ਚੜ੍ਹੇ ।ਵਲ ਵਾਅਜ਼ ਕਰੇ ਤੌਰੇਤ ਪੜ੍ਹੇ । ਕਡੀਂ ਈਸਾ ਯਾਹਾ ਜ਼ਿਕਰੀਆ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਕਥੇ ਸ਼ਾਦ ਕਥੇ ਦਿਲ ਤੰਗ ਡਿੱਸੇ ।ਕਥੇ ਸੁਲ੍ਹਾ ਡਿਸੇ ਕਥੇ ਜੰਗ ਡਿੱਸੇ । ਥੀਆ ਸ਼ਾਨ ਜਲਾਲ ਜਮਾਲ ਅਦਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਕਿਥੇ ਰਾਜ਼ ਅਨਲ ਹੱਕ ਫਾਸ਼ ਥੀਆ ।ਕਥੇ ਸੁਬਹਾਨੀ ਦਾ ਵਰਦ ਪੜ੍ਹਿਆ । ਕਿਥੇ ਇਨੀ ਅਬਦ ਰਸੂਲ ਕਿਹਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਹਿਨ ਹਸਤੀ ਦੇ ਨੈਰੰਗ ਅਜਬ ।ਹਿਨ ਹੁਸਨ ਅਜ਼ਲ ਦੇ ਢੰਗ ਅਜਬ । ਬੇ ਰੰਗ ਬਹਰ ਹਰ ਰੰਗ ਅਜਬ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਹੈ ਮਹਿਜ ਮੁਕਾਮ ਤਹੌਯਰ ਦਾ ।ਬੱਠ ਹੀਲਾ ਦਰ ਕੇਵਤ ਫ਼ਕਰ ਦਾ । ਹੈਨ ਡੂੰਘੜੇ ਡੋਂਹ ਡੂੰ ਹੱਥ ਨ ਪਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਤਕਦੀਸ ਕਥਾਂ ਤਨਜ਼ੀਹ ਕਥਾਂ ।ਤਕਲੀਦ ਅਤੇ ਤਸ਼ਬੀਹ ਕਥਾਂ । ਹੈ ਹੈਰਤ ਸਿਖ਼ ਤਸਲੀਮ ਵ ਰਜ਼ਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਥਈ aੁੱਮਰ ਤਲਫ਼ ਬਰਬਾਦ ਸਭੋ ।ਹਯਾਤ ਸਭੋ ਫਰਿਆਦ ਸਭੋ । ਮਰ ਮਰ ਦੇ ਤਈਂ ਨ ਪਿਉਮ ਸਮਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! । ਹੈ ਪੀਤ ਫ਼ਰੀਦ ਦੀ ਰੀਤ ਅਜਬ ।ਹੈ ਦਰਦ ਤੇ ਸੋਜ਼ ਦੀ ਗੀਤ ਅਜਬ । ਸੁਣ ਸਮਝੋ ਸਾਰੇ ਅਹਿਲੇ ਸਫਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।

92. ਹੈ ਸਦਕੇ ਘੋਲੇ ਯਾਰ ਤੋਂ

ਹੈ ਸਦਕੇ ਘੋਲੇ ਯਾਰ ਤੋਂ ।ਇਹੋ ਜੇੜਾ ਨੇਹ ਨਿੱਪਨਾਂ । ਸ਼ਾਲਾ ਹੁਸਨ ਜਵਾਨੀ ਮਾਣੇ ।ਮੁੱਠੜੀ ਦਿਲ ਦਾ ਵੱਨਾਂ । ਥਲ ਤੈਡੇ ਚਤਰਾਗ ਵੀ ਤੈਡੇ ।ਮੁਲਕ ਮਲੇਰ ਦਾ ਬੱਨਾਂ । ਡੁਖ ਦਾ ਹਾਲ ਨਾ ਥੀਵਮ ਪੂਰਾ ।ਚਿੱਤਰਾਂ ਸੌ ਸੌ ਪੱਨਾਂ । ਜੀ ਤੂੰ ਆਵੇਂ ਤਨ ਮਨ ਡੇਸਾਂ ।ਪੀਰਾ ਪਰਮ ਦਾ ਛੱਨਾ । ਬੈਅਤ ਕਰਕੇ ਇਸ਼ਕ ਕਢਾਇਮ ।ਇਲਮੋ ਅਮਲ ਤੋਂ ਬੱਨਾਂ । ਸੋਹਣੇ ਦੇ ਵਿੱਚ ਵਸਫ਼ ਵਫ਼ਾ ਦੀ ।ਇਹ ਗਾਲ੍ਹ ਨ ਮੰਨਾਂ । ਬਿਰਹੋਂ ਫ਼ਰੀਦ ਥੀਵਸੇ ਸਾਥੀ ।ਸਬ ਸ਼ੈ ਤੋਂ ਜੀ ਭੱਨਾਂ ।

93. ਹਰ ਦਿਲ ਜੋ ਦਿਲਦਾਰ ! ਯਾਰ ਮਹੰਜੁ

ਹਰ ਦਿਲ ਜੋ ਦਿਲਦਾਰ ! ਯਾਰ ਮਹੰਜੁ ।ਸੋਹਣੀਆਂ ਜੋ ਸਰਦਾਰ ! ਯਾਰ ਮਹੰਜੁ । ਕਥ ਮੁਲਾ ਕਥ ਆਮਿਰ ਨਾਹੀਂ ।ਕਥ ਮਨਸੂਰ ਦੇ ਦਾਰ ! ਯਾਰ ਮਹੰਜੁ । ਆਪ ਛੁਪਾਏ ਰਾਜ ਹਕੀਕੀ ।ਆਪ ਕਰੇ ਇਜ਼ਹਾਰ ! ਯਾਰ ਮਹੰਜੁ । ਕਿਥ ਬੁਲਬੁਲ ਕਿਥ ਗੁਲ ਜੀ ਸੂਰਤ ।ਬਰਗ ਕਿਥਾਂ ਕਿੱਥ ਖਾਰ ! ਯਾਰ ਮਹੰਜੁ । ਕਿਥ ਸੁਰਖੀ ਕਿਥ ਨਾਜ਼ ਨਜਾਕਤ ।ਕਿਥ ਕੱਜਲਾ ਕਿਥ ਧਾਰ ! ਯਾਰ ਮਹੰਜੁ । ਕਥ ਢੋਲਕ ਤੇ ਕਥ ਤਾਨ ਤੁਗਨਾ ।ਕਿਥ ਸੂਫ਼ੀ ਕਥ ਸਰਸ਼ਾਰ ! ਯਾਰ ਮਹੰਜੁ । ਕਿਥ ਆਬਦ ਤੇ ਕਿਥ ਨਫਲ ਦੋਗਾਨਾ ।ਕਿਥ ਕੈਫੀ ਮੈ ਖਵਾਰ ! ਯਾਰ ਮਹੰਜੁ । ਕਥ ਆਸ਼ਕ ਕਥ ਦਰਦ ਕਸ਼ਾਲੇ ।ਕਥ ਦਿਲਬਰ ਗ਼ਮਖਵਾਰ ! ਯਾਰ ਮਹੰਜੁ । ਯਾਰ ਫ਼ਰੀਦ ਨਹੀਂ ਵਿੱਚ ਪਰਦੇ ।ਖ਼ੁਦ ਪਰਦਾ ਹੈ ਯਾਰ ! ਯਾਰ ਮਹੰਜੁ ।

94. ਹਰ ਜਾ ਜ਼ਾਤ ਪੁੱਨਲ ਹੈ

ਹਰ ਜਾ ਜ਼ਾਤ ਪੁੱਨਲ ਹੈ ।ਸੂਫ਼ੀ ਸਮਝ ਸੰਜਾਣ । ਲੈਸਾ ਕਮਿਸਲਾ ਸ਼ੈ ਉਨ ।ਸਬ ਸ਼ੈ ਉਸ ਨੂੰ ਜਾਣ । ਯਬੱਕਾ ਵਜਾਹੂ ਰਬੱਕਾ ।ਬਾਕੀ ਕੁਲ ਸ਼ੈ ਫਾਨ । ਲਾ ਯਹਤਾਜ ਸਿਵ ਅੱਲਾ ।ਹੈ ਫ਼ਕਰ ਦਾ ਸ਼ਾਨ । ਲਾ ਮੌਜੂਦ ਸਿਵ ਅੱਲਾ ।ਸਾਡਾ ਦੀਨ ਈਮਾਨ । ਹੱਕ ਬਾਝੋਂ ਬਿਉ ਬਾਤਲ ।ਧਿਆਨ ਰਖੀਂ ਹਰ ਆਨ । ਇਲਮ ਫ਼ਰੀਦ ਹੈ ਹਾਜਬ ।ਬੇ ਸ਼ਕ ਬੇ ਇਰਫ਼ਾਨ ।

95. ਹਰ ਜਾ ਜ਼ਾਤ ਪੁੱਨਲ ਜੀ

ਹਰ ਜਾ ਜ਼ਾਤ ਪੁੱਨਲ ਜੀ ।ਆਸ਼ਕ ਜਾਣ ਯਕੀਨ । ਹਰ ਸੂਰਤ ਵਿੱਚ ਯਾਰ ਦਾ ਜਲਵਾ ।ਕਿਆ ਅਸਮਾਨ ਜ਼ਮੀਨ । ਅਹਿਦ ਆਹਾ ਬਣ ਅਹਿਮਦ ਆਇਆ ।ਮੋਹੇਸ ਚੀਨ ਮਚੀਨ । ਹਾਕਮ ਹੋ ਕਰ ਹੁਕਮ ਚਲਾਵੇ ।ਆਪ ਬਣੇ ਮਸਕੀਨ । ਆਪ ਕਰੇ ਬਹਿ ਵਾਅਜ਼ ਨਸੀਹਤ ।ਆਪ ਬਜਾਏ ਬੀਨ । ਜੇ ਚਾਹੇਂ ਤੂੰ ਯਾਰ ਦਾ ਮੇਲਾ ।ਸੱਟ ਕਾਵਿੜ ਬਠ ਕੀਨ । ਜ਼ਾਹਦ ਕੂੰ ਜਾ ਖਬਰ ਸੁਣਾਉ ।ਇਸ਼ਕ ਅਸਾਡਾ ਦੀਨ । ਪੀਰ ਮਗ਼ਾ ਹਿੱਕ ਰਮਜ਼ ਸੁਝਾਈ ।ਸਾਜਨ ਸਮਝ ਕਰੀਨ । ਗ਼ਾਫ਼ਲ ਨ ਥੀ ਯਾਰ ਥੋ ਹਿਕਦਮ ।ਹਰ ਜਾ ਸਹਿ ਹਰ ਹੀਨ । ਦਿਲ ਫ਼ਰੀਦ ਦੇ ਲੁਟਨ ਕੀਤੇ ।ਬਨਿਆ ਫ਼ਖ਼ਰੁਦੀਨ ।

96. ਹਰ ਸੂਰਤ ਵਿਚ ਆਵੇ ਯਾਰ

ਹਰ ਸੂਰਤ ਵਿਚ ਆਵੇ ਯਾਰ ।ਕਰ ਕੇ ਨਾਜ਼ ਅਦਾ ਲਖ ਵਾਰ । ਹੁਸਨ ਮਲਾਹਤ ਬਿਰਹੋ ਬਛਾਏ ।ਰਮਜ਼ ਨਜ਼ਾਕਤ ਭਾ ਭੜਕਾਏ । ਇਸ਼ਵਾ ਗ਼ਮਜ਼ਾ ਤੀਰ ਚਲਾਏ ।ਬੇਬਿਲ ਫਿਰਦੇ ਜ਼ਾਰ ਨਜ਼ਾਰ । ਸੋਹਣੀਆਂ ਤਰਜ਼ਾਂ ਮੋਹਣੀਆਂ ਗਾਲ੍ਹੀ ।ਦਿਲੜੀ ਖੂਬ ਉਜਾੜਿਨ ਚਾਂਲੀਂ । ਹੋਸ਼ ਕਰਾਰ ਭੁਲਾਵਨ ਭਾਲੀਂ ।ਪਲਕਾਂ ਕਰਦੀਆਂ ਖੂਨ ਹਜ਼ਾਰ । ਹਿਕ ਜਾ ਰੂਪ ਸਿੰਗਾਰ ਡਿਖਾਵੇ ।ਹਿਕ ਜਾ ਆਸ਼ਕ ਬਣ ਬਣ ਆਵੇ । ਹਰ ਮਜ਼ਹਰ ਵਿਚ ਆਪ ਸਮਾਵੇ ।ਆਪਣਾ ਆਪ ਕਰੇ ਦੀਦਾਰ । ਕਡੀਂ ਸ਼ਹਾਨਾ ਹੁਕਮ ਚਲਾਵੇ ।ਕਡੀਂ ਗਦਾ ਮਸਕੀਨ ਸਡਾਵੇ । ਉਸਦਾ ਭੇਤ ਕੋਈ ਨ ਪਾਵੇ ।ਸਬ ਬਦ ਮਸਤ ਫਿਰਨ ਸਰਸ਼ਾਰ । ਫ਼ਖਰ ਜਹਾਨ ਕਬੂਲ ਕਿਤੋਸੇ ।ਵਾਕਫ ਕੁਲ ਇਸਰਾਰ ਥਿਉਸੇ । ਹਰ ਜਾ ਨੂਰ ਜਮਾਲ ਡਿਠੋਸੇ ।ਮਖਫੀ ਰਾਜ਼ ਥੀਏ ਇਜ਼ਹਾਰ । ਯਾਰ ਫਰੀਦ ਅਯਾਂ ਬਿਆਨੇ ।ਨਹੁਨ ਅਕਰਬ ਵਿਚ ਫੁਰਕਾਨੇ । ਏਹੋ ਅਕੀਦਾ ਦੀਨ ਈਮਾਨੇ ।ਤੋੜੇ ਪਕੜ ਚੜ੍ਹਾਵਨ ਦਾਰ ।

97. ਹਰ ਸੂਰਤ ਵਿੱਚ ਦੀਦਾਰ ਡਿੱਠਮ

ਹਰ ਸੂਰਤ ਵਿੱਚ ਦੀਦਾਰ ਡਿੱਠਮ ।ਕੁਲ ਯਾਰ ਅਗ਼ਿਯਾਰ ਨੂੰ ਯਾਰ ਡਿੱਠਮ । ਕਿੱਥ ਜੌਹਰ ਤੇ ਕਿੱਥ ਅਰਜ ਡਿੱਠਮ ।ਕੱਥ ਸੁਨਤ ਨਫ਼ਲ ਤੇ ਫ਼ਰਜ਼ ਡਿੱਠਮ । ਕਿੱਥ ਸਿਹਤ ਡਿੱਠਮ ਕੱਥ ਮਰਜ਼ ਡਿੱਠਮ ।ਕੱਥ ਚੁਸਤ ਅਤੇ ਬੀਮਾਰ ਡਿੱਠਮ । ਕਿੱਥ ਬਤਨ ਜ਼ਹੂਰ ਡਿੱਠਮ ।ਕਿੱਥ ਜ਼ਾਹਦ ਤੇ ਮਖਮੂਰ ਡਿੱਠਮ । ਕਿੱਥ ਮੁਲਾਂ ਤੇ ਮਨਸੂਰ ਡਿੱਠਮ ।ਕੱਥ ਚੋਬ ਰਸਨ ਤੇ ਦਾਰ ਡਿੱਠਮ । ਐ ਮਜ਼ਹਬ ਪਾਕ ਨਬੀਆਂ ਦਾ ।ਐ ਮਸ਼ਰਬ ਸਾਫ਼ ਸਫੀਆਂ ਦਾ । ਐ ਰਸ਼ਦ ਇਰਸ਼ਾਦ ਵਲੀਆਂ ਦਾ ।ਆਯਾਤ ਡਿੱਠਮ ਅੱਖਬਾਰ ਡਿੱਠਮ । ਕਿੱਥ ਫੁਲ ਗੁਲ ਬਾਗ਼ ਬਹਾਰ ਡਿੱਠਮ ।ਕਿੱਥ ਬੁਲਬੁਲ ਜ਼ਾਰ ਨਜ਼ਾਰ ਡਿੱਠਮ । ਕਿੱਥ ਖ਼ਸ ਖਾਸ਼ਾਕ ਤੇ ਖ਼ਾਰ ਡਿੱਠਮ ।ਹਿੱਕ ਨੂਰ ਦੇ ਸਭ ਇਤਵਾਰ ਡਿੱਠਮ । ਕਿੱਥ ਬਰਮ ਨਰਾਇਨ ਨਰੰਜਨ ਹੈ ।ਕੱਥ ਰਾਮ ਕਨੀਆ ਲਛਮਨ ਹੈ । ਕਿੱਥ ਬੇਦ ਬਿਆਸ ਬ੍ਰਹਮਨ ਹੈ ।ਕੱਥ ਰਾਜਸ ਤੇ ਔਤਾਰ ਡਿੱਠਮ । ਇਰਵਾਹ ਨਫੁਸ ਅਕੂਲ ਡਿੱਠਮ ।ਇਨਸਾਨ ਜ਼ਲੂਮ ਜਹੂਮ ਡਿੱਠਮ । ਮਾਕੂਲ ਡਿੱਠਮ ਮਨਕੂਲ ਡਿੱਠਮ ।ਇਕਰਾਰ ਡਿੱਠਮ ਇਨਕਾਰ ਡਿੱਠਮ । ਕੱਥ ਮੰਤਕ ਨਹਵ ਤੇ ਸਰਫ ਡਿੱਠਮ ।ਕੱਥ ਇਸਮ ਤੇ ਫੇਅਲ ਤੇ ਹਰਫ਼ ਡਿੱਠਮ । ਹਿੱਕ ਮਾਨੇ ਹਰ ਹਰ ਤਰਫ਼ ਡਿੱਠਮ ।ਚੌਗੁੱਠ ਡਿੱਠਮ ਚੌਧਾਰ ਡਿੱਠਮ । ਸਬ ਆਲਾ ਆਲਾ ਸ਼ਾਨ ਡਿੱਠਮ ।ਹਸਨੈਨ ਤੇ ਸ਼ਾਹ ਮਰਦਾ ਡਿੱਠਮ । ਬੂ ਬਕਰ ਉਮਰ ਉਸਮਾਨ ਡਿੱਠਮ ।ਵੁਹ ਪਾਕ ਨਬੀ ਮੁਖ਼ਤਾਰ ਡਿੱਠਮ । ਕੱਥ ਸ਼ਾਹ ਨਜ਼ਾਮੁਦੀਨ ਡਿੱਠਮ ।ਕੱਥ ਫ਼ਰਦ ਫਰੀਦੁਦੀਨ ਡਿੱਠਮ । ਕੱਥ ਕੁਤਬ ਮਈਨੁਦੀਨ ਡਿੱਠਮ ।ਕੱਥ ਫ਼ਖਰ ਜਹਾਂ ਦਿਲਦਾਰ ਡਿੱਠਮ ।

98. ਹਸਨ ਕਬਾਹ ਸਬ ਮੁਜ਼ਹਰ ਜ਼ਾਤੀ

ਹਸਨ ਕਬਾਹ ਸਬ ਮੁਜ਼ਹਰ ਜ਼ਾਤੀ ।ਹਰ ਰੰਗ ਮੇ ਬੇਰੰਗ ਪਿਆਰਾ । ਨਾਹਨੁ ਅਕਰਬੁ ਰਾਜ਼ ਅਨੋਖਾ ।ਹੈ 'ਵਾਹੁ ਮਅਕਮੁ' ਮਿਲਿਆ ਹੋਕਾ । ਸਮਝ ਸੁਜਾਣੋ ਆਲਮ ਲੋਗਾ ।ਹੈ ਹਰ ਰੂਪ ਮੇ ਐਨ ਨਜ਼ਾਰਾ । 'ਵਫੀ ਅਨਫਸਿਕੁਮ' ਸੱਰੇਇਲਾਹੀ ।'ਲੋ ਦੁਲੀਤੱਸ' ਫ਼ਾਸ਼ ਗਵਾਹੀ । ਹਰ ਸੂਰਤ ਵਿਚ ਰਾਂਝਣ ਮਾਹੀ ।ਕੀਤਾ ਨਾਜ਼ ਦਾ ਢੰਗ ਨਿਆਰਾ । ਹੁਸਨ ਅਜ਼ਲ ਦੀ ਚਾਲ ਅਜੀਬੇ ।ਤਰ੍ਹਾਂ ਲਤੀਫੇ ਤਰਜ਼ ਗ਼ਰੀਬੇ । ਆਪ ਹੀ ਆਸ਼ਕ ਆਪ ਰਕੀਬੇ ।ਥੀ ਦਿਲਬਰ ਜਗ ਮੋਹਿਸ ਸਾਰਾ । ਕਥ ਮਤਰਥ ਕਥ ਤਾਨ ਤਰਾਨੇ ।ਕਥ ਆਬਦ ਕਥ ਨਫ਼ਲ ਦੋਗਾਨੇ । ਕਥ ਸੂਫ਼ੀ ਸਰਮਸਤ ਯਗਾਨੇ ।ਕਥ ਰਿੰਦਾਂ ਮੇ ਕਰੇ ਅਵਤਾਰਾ । ਕਿਆ ਅਫ਼ਲਾਕ ਅਕੂਲ ਅਨਾਸਰ ।ਕਿਆ ਮੁਤੱਕਲਮ ਗ਼ਾਇਬ ਹਾਜ਼ਰ । ਸਬ ਜਾ ਨੂਰ ਹਕੀਕੀ ਜ਼ਾਹਰ ।ਕੌਣ ਫ਼ਰੀਦ ਗਰੀਬ ਵਿਚਾਰਾ ।

99. ਹਿੱਕ ਦਮ ਹਿਜਰ ਨ ਸਹਿੰਦੀ ਹੈ

ਹਿੱਕ ਦਮ ਹਿਜਰ ਨ ਸਹਿੰਦੀ ਹੈ ।ਦਿਲ ਦਿਲਬਰ ਕਾਰਣ ਮਾਂਦੀ ਹੈ । ਸੋਜ਼ ਗੁਦਾਜ਼ ਤੂਲ ਵਿਛਾਵਾਂ ।ਡੁੱਖ ਡੁਹਾਗ ਦੀ ਸੇਝ ਸੁਹਾਵਾਂ । ਹਾਰ ਗ਼ਮਾਂ ਦਾ ਗਲ ਵਿੱਚ ਪਾਵਾਂ ।ਦਰਦ ਦੀ ਬਾਂਹ ਸਿਰਾਂਦੀ ਹੈ । ਮਾਹੀ ਬੇ ਪਰਵਾਹ ਮਿਲਿਉਸੇ ।ਪੱਲੜੇ ਸੋਜ਼ ਫ਼ਰਾਕ ਪਿਉ ਸੇ । ਹਾਲ ਕਨੂੰ ਬੇ ਹਾਲ ਥਿਉਸੇ ।ਜਿੰਦੜੀ ਝੋਕ ਗ਼ਮਾਂ ਦੀ ਹੈ । ਡੇਹ ਨਿਭਾਵਾਂ ਸੜਦੀਂ ਜਲਦੀਂ ।ਰਾਤ ਵੰਜਾਵਾਂ ਜਲਦੀ ਗਲਦੀ । ਸਾਰੀ ਉਮਰ ਗਈ ਹੱਥ ਮਲਦੀਂ ।ਹੈ ਹੈ ਮੌਤ ਨ ਆਂਦੀ ਹੈ । ਸੋਹਣੇ ਕੀਤੀ ਕੇਚ ਤਿਆਰੀ ।ਆਇਆ ਬਾਰ ਬਿਰਹੋਂ ਸਰ ਬਾਰੀ । ਸੰਗੀਆਂ ਸੁਰਤੀਆਂ ਕਰਨ ਨ ਕਾਰੀ ।ਬੇ ਵੱਸ ਪਈ ਕੁਰਲਾਂਦੀ ਹੈ । ਯਾਦ ਕਰੇਸਾਂ ਯਾਰ ਦੀਆਂ ਗਾਲੀ ।ਸੋਹਣੀਆਂ ਰਮਜ਼ਾਂ ਮੋਹਣੀਆਂ ਚਾਲੀ । ਤੂਣੀ ਮੇਹਣੀਂ ਡੇਵਮ ਸਿਆਲੀਂ ।ਤਾਂਗ ਫ਼ਰੀਦ ਨ ਜਾਂਦੀ ਹੈ ।

100. ਹਿੱਕ ਹੈ ਹਿੱਕ ਹਿੱਕ ਹੈ

ਹਿੱਕ ਹੈ ਹਿੱਕ ਹਿੱਕ ਹੈ ।ਹਿੱਕ ਦੀ ਦਮ ਦਮ ਸਿੱਕ ਹੈ । ਹਿੱਕ ਦੇ ਹਰ ਹਰ ਜਾ ਵਿੱਚ ਦੇਰੇ ।ਕਿਆ ਉੱਚ ਹੈ ਕਿਆ ਝਿੱਕ ਹੈ । ਹਿੱਕ ਹੈ ਜ਼ਾਹਰ ਹਿੱਕ ਹੈ ਬਾਤਨ ।ਬਿਆ ਸਬ ਕੁਝ ਹਾਲਿਕ ਹੈ । ਮਿਕਨਾਤੀਸ ਤੇ ਲੋਹੇ ਵਾਗਣ ।ਹੂੰ ਡੋ ਦਿਲ ਦੀ ਛਿੱਕ ਹੈ । ਜਿਹੜਾ ਹਿੱਕ ਕੂੰ ਡੂੰ ਕਰ ਜਾਣੇ ।ਓ ਕਾਫ਼ਰ ਮੁਸ਼ਰਕ ਹੈ । ਮਤਲਬ ਡਾਢਾ ਸਖ਼ਤ ਨਜ਼ੀਕੀ ।ਪਰ ਰਾਹ ਤੇ ਚਿਲ ਚਿੱਕ ਹੈ । ਸਾਡੇ ਸਰ ਸਰ ਵਾਹ ਦਾ ਸਾਰਾ ।ਫਖਰ ਪੀਆ ਮਾਲਿਕ ਹੈ । ਦਰਦ ਦਾ ਬਾਰ ਉਠਾ ਨਾ ਸਗਦੀ ।ਦਿਲ ਸ਼ੋਦੀ ਨਿਕ ਤਰਿਕ ਹੈ । ਰੋਜ਼ ਅਜ਼ਲ ਦੀ ਦਿੱਲੜੀ ਮੈਂਡੀ ।ਰਾਹ ਹੱਕ ਦੀ ਸਾਲਿਕ ਹੈ । ਜਿੰਦ ਦੇ ਨਾਲ ਖ਼ਿਆਲ ਖ਼ੁਦਾਈ ।ਕਿਆ ਪੂਰਾ ਗਿਆ ਬਿਕ ਹੈ । ਯਾਰ ਫ਼ਰੀਦ ਸੰਜਾਨਣ ਕੀਤੇ ।ਏ ਨੁਸਖਾ ਹਿੱਕ ਟਿੱਕ ਹੈ ।

101. ਹਿਕੋ ਅਲਫ਼ ਮੈਨੂੰ ਬਰਮਾਵਮ ੜੀ

ਹਿਕੋ ਅਲਫ਼ ਮੈਨੂੰ ਬਰਮਾਵਮ ੜੀ ।ਤੱਤੀ ਬੇ ਤੇ ਮੂਲ ਨ ਭਾਵਮ ੜੀ । ਸੋਹਣੀ ਵਹਦਤ ਪਰਮ ਪਰੀਤਾਂ ਨੈਂ ।ਜ਼ੌਕੀ ਘਾਤਾਂ ਇਸ਼ਕੀ ਗੀਤਾਂ ਨੈਂ । ਕੋਝੀ ਕਸਰਤ ਕੋਝਾਂ ਰੀਤਾਂ ਨੈਂ ।ਦਿਲ ਗੈਰੋਂ ਗ਼ੈਰਤ ਖਾਵਿਮ ੜੀ । ਹਰ ਚਾਲੋਂ ਨਾਜ਼ ਨਵਾਜ਼ ਡਿੱਸੇ ।ਸਬ ਹੁਸਨ ਅਜ਼ਲ ਦਾ ਰਾਜ਼ ਡਿੱਸੇ । ਕੁਲ ਆਲਮ ਆਲਮ ਸਾਜ਼ ਡਿੱਸੇ ।ਹਿੱਕੋ ਨੂਰ ਨਜ਼ਰ ਵਿੱਚ ਆਵਿਮ ੜੀ । ਗੈਰੀਅਤ ਮਹਜ਼ ਮੁਹਾਲ ਡਿੱਸੇ ।ਚੌ ਤਰਫ਼ੋ ਹੁਸਨ ਜਮਾਲ ਡਿੱਸੇ । ਹਰ ਵੇਲੇ ਵਸਲ ਵਸਾਲ ਡਿੱਸੇ ।ਡੇਂਹ ਰਾਤ ਪੁੱਨਲ ਗੱਲ ਲਾਵਿਮ ੜੀ । ਕਿਉਂ ਕਰਦੀ ਹਾਰ ਸਿੰਗਾਰ ਮੁੱਠੀ ।ਕਿਉਂ ਸੁਰਖ਼ੀ ਕੱਜਲਾ ਧਾਰ ਮੁੱਠੀ । ਜੇ ਜਾਣਾ ਸਾਂਵਲ ਯਾਰ ਮੁੱਠੀ ।ਵਲ ਮੁਲਕ ਮਲ੍ਹੇਰ ਸਿਧਾਵਿਮ ੜੀ । ਤੱਤਾਂ ਦਰਦ ਜਦੀਦ ਸ਼ਦੀਦ ਥੀਆ ।ਹਰ ਰੋਜ਼ ਏ ਸੋਜ਼ ਮਜ਼ੀਦ ਥੀਆ । ਹਿੱਕੇ ਦੀਦ ਖ਼ਰੀਦ ਥੀਆ ।ਬਿਨ ਢੋਲਣ ਘਰ ਵਰਤਾਂਵਿਮ ੜੀ ।

102. ਹਿੱਕੋ ਡਿੱਠਮ ਹਰ ਗਾਲ ਕਨੂੰ

ਹਿੱਕੋ ਡਿੱਠਮ ਹਰ ਗਾਲ ਕਨੂੰ ।ਹਿੱਕਾ ਰਮਜ਼ ਲੱਧਮ ਹਰ ਚਾਲ ਕਨੂੰ । ਹਰ ਸੂਰਤ ਮਨ ਨੂੰ ਮੋਂਹਦੀ ਹੈ ।ਹਰ ਮੂਰਤ ਦਿਲ ਨੂੰ ਕੋਂਹਦੀ ਹੈ । ਸਬ ਨਿਸਬਤ ਯਾਰ ਨੂੰ ਸੋਂਹਦੀ ਹੈ ।ਹਰ ਹਾਲ ਕਨੂੰ ਹਰ ਕਾਲ ਕਨੂੰ । ਕਥੇ ਦਿਲਬਰ ਥੀ ਮਨ ਮੋਂਹਦਾ ਹੈ ।ਕਥੇ ਆਸ਼ਕ ਹੋ ਕਰ ਰੋਂਦਾ ਹੈ । ਕਥੇ ਰੱਬ ਤੋਂ ਫਾਰਗ ਹੋਂਦਾ ਹੈ ।ਗ਼ਮ ਨਾਜ਼ ਦੀ ਕੈਦ ਵਬਾਲ ਕਨੂੰ । ਬਦਨਾਮੀ ਮੈਡਾ ਨਾਮ ਹੋਇਆ ।ਗ਼ਮ ਖਾਵਣ ਸ਼ਰਬ ਮਦਾਮ ਹੋਇਆ । ਰਤ ਪੀਵਣ ਕਾਮ ਦਵਾਮ ਹੋਇਆ ।ਛੁਟ ਪੈਵਸੇ ਸ਼ਰਮ ਦੀ ਜਾਲ ਕਨੂੰ । ਡੇਖੋ ਹੁਸਨ ਹਕੀਕੀ ਜ਼ਾਹਰ ਹੈ ।ਕਿਆ ਅੰਦਰ ਹੈ ਕਿਆ ਬਾਹਰ ਹੈ । ਕਿਥੇ ਨਾਸੀ ਹੈ ਕੱਥੇ ਮਾਹਰ ਹੈ ।ਸੋਹਣਾ ਆਪਨੇ ਵਸਲ ਵਸਾਲ ਕਨੂੰ । ਜਡਾਂ ਇਸ਼ਕ ਫ਼ਰੀਦ ਉਸਤਾਦ ਥੀਆ ।ਸਬ ਇਲਮੋ ਅਮਲ ਬਰਬਾਦ ਥੀਆ । ਪਰ ਹਜ਼ਰਤੇ ਦਿਲ ਆਬਾਦ ਥੀਆ ।ਸੋ ਵਜਦ ਕਨੂੰ ਲੱਖ ਹਾਲ ਕਨੂੰ ।

103. ਹੁਣ ਦਿਲ ਬਦਲਾਇਮ ਸੁਰ ਸਾਈਂ

ਹੁਣ ਦਿਲ ਬਦਲਾਇਮ ਸੁਰ ਸਾਈਂ ।ਗਿਆ ਦਰਦੋਂ ਜੀਅੱੜਾ ਝੁਰ ਸਾਈਂ । ਦਰਦ ਦੇ ਕੰਡਰੇ ਸੀਨੇ ।ਲਗੜੇ ਹਿਨ ਦੇਰੀਨੇ । ਪਏ ਨਿਕਲਨ ਭੁਰ ਭੁਰ ਸਾਈਂ । ਡੁੱਖੜੇ ਰੋਜ਼ ਸਵਾਏ ।ਜੈਂ ਡੇਂਹ ਸੱਜਨ ਸਿੱਧਾਏ । ਸ਼ਹਿਰ ਭੰਭੋਰੋਂ ਟੁਰ ਸਾਈਂ । ਡੇਹਾਂ ਰਾਤੀਂ ਮਾਤਮ ।ਡੁੱਖ ਆਇਆ ਸੁਖ ਵਾਟਮ । ਖੁਸ਼ੀਆਂ ਦੇ ਥਏ ਪੁੜ ਸਾਈਂ । ਯਾਰ ਨ ਆਵੇ ਅੱਖੀਆਂ ।ਰੋ ਰੋ ਹੁੱਟੀਆਂ ਥੱਕੀਆਂ । ਡੇਂਹ ਰਾਤੀ ਦੀ ਫੁਰ ਫੁਰ ਸਾਈਂ । ਚਮੜਾ, ਮਾਸ, ਲਵੀਰਾਂ ।ਕੱਪੜੇ ਲੀਰ ਕਤੀਰਾਂ । ਬਿਰਹੋਂ ਡਿੱਤੋ ਸੇ ਪੁਰ ਸਾਈਂ । ਸਬਰ ਫ਼ਰੀਦ ਨ ਆਵੇ ।ਘਰ ਖਾਵੇ ਤੇ ਝੜ ਤਾਵੇ । ਦਿੱਲੜੀ ਕੀਤਮ ਲੁਰ ਸਾਈਂ ।

104. ਹੁਣ ਇਸ਼ਕ ਵੰਜਾਇਮ ਚੱਸ ਸਾਈਂ

ਹੁਣ ਇਸ਼ਕ ਵੰਜਾਇਮ ਚੱਸ ਸਾਈਂ ।ਲੱਖ ਵਾਰ ਅਸਾਡੀ ਬੱਸ ਸਾਈਂ । ਰਾਤ ਡੇਂਹਾਂ ਤੜਫਾਵਾਂ ।ਅਤੇ ਰੋ ਰੋ ਹਾਲ ਵੰਜਾਵਾਂ । ਰਹਿਮ ਨ ਕੀਤੋ ਖੱਸ ਸਾਈਂ । ਕਲ੍ਹੜੀ ਪਈ ਕੁਰਲਾਵਾਂ ।ਖਪਦੀ ਉੱਮਰ ਨਿਭਾਵਾਂ । ਧਾਂ ਕਰਾਂ ਬੇ ਵੱਸ ਸਾਈਂ । ਚਾਕ ਮਹੀਂ ਮਨ ਭਾਣੇ ।ਮੇਹਣੀਂ ਡੇਵਮ ਨਨਾਣੇ । ਤਾਅਨੇ ਮਾਰਮ ਸੱਸ ਸਾਈਂ । ਨਿੰਦਰ ਸਭੋ ਡੁੱਖ ਲਾਇਮ ।ਸੁੱਤੜੀਂ ਸਾਥ ਲਡਾਇਮ । ਨਾ ਕਈ ਖ਼ਬਰ ਨ ਡੱਸ ਸਾਈਂ । ਇਸ਼ਕੋਂ ਸੂਦ ਨ ਪਾਇਮ ।ਸਾਰਾ ਭਰਮ ਵੰਜਾਇਮ । ਜੋ ਲਗੜੀ ਸੋ ਕਸ ਸਾਈਂ । ਡੁਖੇ ਪੈਂਡੇ ਥਲ ਦੇ ।ਪੂਰ ਪੌਵਿਨ ਪਲ ਪਲ ਦੇ । ਦਰਦੀਂ ਦੀ ਹੱਥ ਰੱਸ ਸਾਈਂ । ਦਰਦ ਅੰਦੋਹ ਘਨੇਰੇ ।ਕਰਦੇ ਸੂਲ ਵਹੀਰੇ । ਨੱਸ ਗਿਉਂ ਦਿਲ ਖੱਸ ਸਾਈਂ । ਗ਼ਮ ਫ਼ਰੀਦ ਸਤਾਇਮ ।ਡੂੱਖ਼ੜਾ ਨੇਹੜਾ ਲਾਇਮ । ਮੂਹ ਸਰ ਪਾਇਮ ਭੱਸ ਸਾਈਂ ।

105. ਹੁਣ ਕੀਤਮ ਬਿਰਹੋਂ ਤੰਗ ਸਾਈਂ

ਹੁਣ ਕੀਤਮ ਬਿਰਹੋਂ ਤੰਗ ਸਾਈਂ ।ਦਿਲ ਨਾਲ ਅਸਾਡੀ ਜੰਗ ਸਾਈਂ । ਗ਼ਮਜੇ ਸਖਤ ਅਵੈੜੇ ।ਝੇੜੇ ਕਰਨ ਬਖ਼ੇੜੇ । ਨਾ ਕੁਝ ਤਰਸ ਨਾ ਸੰਗ ਸਾਈਂ । ਇਸ਼ਕ ਮਰੀਲੇ ਲੁਟੀਆਂ ।ਹੁੱਟੀਆਂ ਮੁੱਠੀਆਂ ਕੁਠੀਆਂ । ਤਨ ਮਨ ਚੂਰ ਚੌਰੰਗ ਸਾਈਂ । ਗੁਜ਼ਰੇ ਵੇਲੇ ਸੁਖ਼ ਦੇ ।ਜੀ ਜੁਖ਼ਦੇ ਪਿਆ ਡੁੱਖਦੇ । ਰਗ ਰਗ ਤੇ ਅੰਗ ਅਮਗ ਸਾਈਂ । ਦਰਦ ਅੰਦੋਹ ਪੁਰਾਣੇ ।ਝੁਰਦੀ ਝੋਰ ਝਗਾਣੇ । ਯਾਰ ਮਿਲਮ ਦਿਲ ਸੰਗ ਸਾਈਂ । ਇਸ਼ਕ ਅਲਾਮਤ ਜ਼ਾਹਰ ।ਸੂਲ ਘਣੇ ਤੇ ਲਾਗ਼ਰ । ਸਾਵਾ ਪੀਲਾ ਰੰਗ ਸਾਈਂ । ਨੇਂਹ ਨਗਲੀ ਛਾਤੇ ।ਮਿਲੀ ਫ਼ਰੀਦ ਬਚਾਤੇ । ਗਿਆ ਨਾਮੂਸ ਤੇ ਨੰਗ ਸਾਈਂ ।

106. ਹੁਣ ਮੈਂ ਰਾਂਝਣ ਹੋਈ

ਹੁਣ ਮੈਂ ਰਾਂਝਣ ਹੋਈ ।ਰਿਹਾ ਫ਼ਰਕ ਨ ਕੋਈ । ਜੈ ਸੰਗ ਦਿੱਲੜੀ ਪੀਤ ਲਗਾਈ ।ਆਖ਼ਰ ਬਣ ਗਈ ਸੋਈ । ਹੀਰ ਸਲੇਟੀ ਚੂਚਕ ਬੇਟੀ ।ਵੰਜ ਕਿਸ ਜਾ ਖੜੋਈ । ਹੀਰੋਂ ਹੀਰਾ ਥੀਸੀ ਜੇਕਰ ।ਸਰ ਹੀਂ ਰਾਹ ਡਿਤੋਈ । ਪਹਿਲੇ ਖਾ ਕਰ ਦਰਦ ਕਸ਼ਾਲੇ ।ਓੜਕ ਥਈ ਦਿਲ ਜੋਈ । ਸ਼ਾਬਸ ਅਸਲੋਂ ਮਹਜਨ ਹਾਰਿਓਂ ।ਜਿਤਨਾ ਬਾਰ ਚਤੋਈ । ਜੋ ਕੋਈ ਸਿਲਕ ਮੁਹਬਤ ਦੇ ਵਿੱਚ ।ਮਰਣ ਦੇ ਅੱਗੇ ਮੋਈ । ਸੇਝ ਸੁਹਾਗ ਸੁਹਾਇਸ ਥੀ ਖੁਸ਼ ।ਸ਼ਾਮ ਸੁੰਦਰ ਸੰਗ ਸੋਈ । ਨਾਲ ਖਿਆਲ ਅਨਾ ਦੇ ਜੈ ਨੇ ।ਮੈਲ ਦੂਈ ਦੀ ਧੋਈ । ਸਾਰੇ ਜਗ ਵਿੱਚ ਹਿੱਕ ਮੈਂ ਰਹਿ ਗਈ ।ਨਾ ਤੂਈ ਨਾ ਊਈ । ਥਇਆ ਮਨਸੂਰ ਫ਼ਰੀਦ ਹਮੇਸ਼ਾ ।ਜੈ ਏ ਰਾਜ਼ ਲਧੋਈ ।

107. ਹੁਣ ਵਤਨ ਬਿਗਾਨੇ ਦਿਲ ਨਹੀਂ ਆਵਨੜਾਂ

ਹੁਣ ਵਤਨ ਬਿਗਾਨੇ ਦਿਲ ਨਹੀਂ ਆਵਨੜਾਂ ।ਯਾਦ ਕੀਤਮ ਦਿਲਦਾਰ ਨੀਂ । ਕੋਲੇ ਰਹਿਸਾਂ ਮੂਲ ਨ ਸਹਿਸਾਂ ।ਹਿਜਰ ਦਾ ਬਾਰੀ ਬਾਰ ਨੀਂ । ਵਿੱਸਰਿਆ ਸਾਰਾ ਰਾਜ ਬਬਾਨੜਾਂ ।ਵਿਸਰ ਗਿਆ ਘਰ ਬਾਰ ਨੀਂ । ਭਾਂੜ ਮਨੜੇਸਾਂ ਮਾਂੜ ਨਭੇਸਾਂ ।ਘੋਲੇ ਆਰ ਵ ਯਾਰ ਨੀਂ । ਸੁਰਖੀ ਕੱਜਲ ਮਸਾਗ ਕਿਉਂ ਸੇ ।ਬੱਠ ਪਿਆ ਹਾਰ ਸਿੰਗਾਰ ਨੀਂ । ਪਾਰੋਂ ਡਿਸਦੀ ਝੋਕ ਸੱਜਨ ਦੀ ।ਕਿਉਂ ਰਹਿਸਾਂ ਉਰਵਾਰ ਨੀਂ । ਮੈਂ ਮਨਤਾਰੀ ਤੇ ਨੈ ਬਾਰੀ ।ਕਾਦਰ ਨੇਸਮ ਪਾਰ ਨੀਂ । ਬੱਠ ਪਈ ਸਿੰਧੜੀ ਕੀਤਮ ਮੂਲਾ ।ਮੁਲਕ ਮਲ੍ਹੇਰ ਮਲ੍ਹਾਰ ਨੀਂ । ਦੇਸ ਅਰਬ ਦਾ ਮੁਲਕ ਤਰਬਦਾ ।ਸਾਰਾ ਬਾਗ਼ ਬਹਾਰ ਨੀਂ । ਰੋਹੀ ਰਾਵੀਂ ਰੋਹੀ ਰੁਲਸੀ ।ਨੱਸ ਗਿਆ ਕਰਹੋਂ ਕਤਾਰ ਨੀਂ । ਡੇਂਹ ਡੁੱਖਾਂ ਦਾ ਡੂੰਗਰ ਡਿੱਸਦਾ ।ਰਾਤ ਗ਼ਮਾਂ ਦੀ ਮਾਰ ਨੀਂ । ਸਾਂਵਲ ਆਇਆ ਰੋਹੀ ਵੱਠੜੀ ।ਬਾਰ ਥਈ ਗੁਲਜ਼ਾਰ ਨੀਂ । ਦਾਰ ਮਦਾਰ ਫ਼ਰੀਦ ਹੈ ਦਿਲ ਨੂੰ ।ਡੁੱਖੜੇ ਤਾਰੋ ਤਾਰ ਨੀਂ ।

108. ਹੁਸਨ ਅਜ਼ਲ ਦਾ ਥੀਆ ਇਜ਼ਹਾਰ

ਹੁਸਨ ਅਜ਼ਲ ਦਾ ਥੀਆ ਇਜ਼ਹਾਰ ।ਅਹਿਦੋਂ ਵੇਸ ਵਟਾ ਥੀ ਅਹਿਮਦ । ਸਲਬ ਸਬੂਤ ਜਥਾਂ ਮਸਲੂਬੇ ।ਉਥ ਨ ਤਾਲਬ ਨ ਮਤਲੂਬੇ । ਹੈ ਲਾਇਦ ਰਿਕਾ ਅਲਅਬ ਸਾਰ ।ਬੇਹਦ ਮੁਤਲਕ, ਮੁਤਲਕ ਬੇਹਦ । ਗੈਬਲਗੈਬ ਦੇ ਦੇਸੋਂ ਆਇਆ ।ਸ਼ਹਿਰ ਸ਼ਹਾਦਤ ਦੇਰ ਅਲਾਇਆ । ਅਹਿਦੀਅਤ ਦਾ ਘੁੰਡ ਉਤਾਰਾ ।ਥੀਆ ਇਤਲਾਕੋਂ ਮਹਜ ਮੱਕੀਅਦ । ਹਕ ਬਾਤਲ ਹਕ ਹੈ ਹਕ ਹੈ ।ਪਰਾਏ ਰਾਜ਼ ਬਹੂੰ ਮੁਗ਼ਲਕ ਹੈ । ਯਾਰ ਹੈ ਯਾਰ ਹੈ ਯਾਰ ਹੈ ਯਾਰ ।ਸੋਹਣਾ ਕੋਝਾ ਨੇਕ ਅਤੇ ਬਦ । ਓ ਦਿਲਬਰ ਬੇ ਚੂੰ ਵ ਚਗੂਨਾ ।ਨਾਹੀਂ ਜੇਹਦਾ ਮਿਸਲ ਨਮੂਨਾ । ਤਿਸਦਾ ਹੈ ਬੇ ਸ਼ਕ ਤਕਰਾਰ ।ਦੁਨੀਆਂ ਅਕਬਾ ਮਜੋਲਾ ਮਸ਼ਹਦ । ਗਈ ਤਕਲੀਦ ਆਈ ਤਹਕੀਕੇ ।ਥੀਏ ਵਾਜ਼ਿਆ ਮਕਸ਼ੂਫ ਦਕੀਕੇ । ਫ਼ਾਸ਼ ਮਬੀਅਨ ਕਲ ਇਸਰਾਰ ।ਬਰਜੁਖ ਜ਼ੋਰ ਜ਼ਬਰ ਸ਼ਦਮਦ । ਕੀਤਾ ਅਜ਼ਲੀ ਲੁਤਫ ਜਹੂਰਾ ।ਸੌ ਸੌ ਸ਼ੁਕਰ ਮਿਲਿਆ ਗੁਰ ਪੂਰਾ । ਥੀਆ ਦਿਲ ਕੂੰ ਤਸਕੀਂ ਕਰਾਰ ।ਹੋਏ ਖਤਰਾਤ ਸ਼ਕੂਕ ਸਭੇ ਰਦ । ਪੀਰੇ ਮਗਾਂ ਮਸਜੂਦੁ ਜਤੌ ਸੇ ।ਫ਼ਰਜ ਫ਼ਰੀਦ ਨਮਾਜ ਨਤੋਸੇ । ਕੀਤਾ ਮਨ ਕਰ ਮੱਨ ਇਕਰਾਰ ।ਹੈ ਖ਼ੁਦ ਅਸਲ ਹਕੀਕੀ ਮਕਸਦ ।

109. ਇਹ ਨਾਜ਼ ਅਦਾ ਸਾਂਵਲੜੇ ਦੇ

ਇਹ ਨਾਜ਼ ਅਦਾ ਸਾਂਵਲੜੇ ਦੇ ।ਹਿਨ ਬਾਇਸ ਇਸ਼ਕ ਅਵੱਲੜੇ ਦੇ । ਗਏ ਵੇਲੇ ਭਾਗ ਸਵਲੜੇ ਦੇ ।ਆਏ ਦਰਦ ਕਲੱਲੜੇ ਦੇ । ਡਿੱਤੇ ਪੇਸ਼ ਫ਼ਰਾਕ ਪੁੱਨਲੜੇ ਦੇ ।ਡੁੱਖੇ ਪੈਂਡੇ ਮਾਰੂ ਥੱਲੜੇ ਦੇ । ਗਏ ਗੁਜ਼ਰ ਡਿਹਾੜੇ ਰਲੜੇ ਦੇ ।ਤਰਸਲੜੇ ਅੇਸ ਸੁਖਲੜੇ ਦੇ । ਹੁਣ ਪਰਭਤ ਰੋਹ ਜ਼ਬਲੜੇ ਦੇ ।ਸੁਖਪਾਲ ਥਏ ਦਿਲ ਜੱਲੜੇ ਦੇ । ਜੁੜ ਕੀਤੀ ਬਿਰਹੇਂ ਛੋਲ ਮੁਠੀ ।ਗਿਆ ਹਾਰ ਸ਼ਿੰਗਾਰ ਦਾ ਤੋਲ ਉਠੀ । ਲਗੀ ਫਕੜੀ ਹੂ ਹੂ ਦੋਲ ਰੁੱਠੀ ।ਵਾਹ ਭਲੜੇ ਭਾਗ਼ਾ ਭੱਲੜੇ ਦੇ । ਸਬ ਮਿਸ਼ਰੀ ਖੰਡ ਨਬਾਤ ਭੁਲੇਮ ।ਐਜ਼ਾਜ ਮਸੀਹ ਦੀ ਬਾਤ ਭੁਲੇਮ । ਮੈ ਕੰਸਰ ਆਬ ਹਯਾਤ ਭੁਲੇਮ ।ਸੁਣ ਸ਼ੋਖ ਸੁਖਨ ਗੱਵਲੜੇ ਦੇ । ਲਗਾ ਨੇਂਹ ਨਿਆਰੜੀ ਪੀੜ ਅਸਾਂ ।ਦਿਲ ਚੁਭੜੇ ਬਰਛੇ ਤੀਰ ਅਸਾਂ । ਸੌ ਸੌ ਨਸਤਰ ਲੱਖ਼ ਲੱਖ ਸੀੜ ਅਸਾਂ ।ਨਿਭ ਵਕਤ ਚਕੇ ਦਰਮਲੜੇ ਦੇ । ਲਗੀ ਨੋਕ ਨਜ਼ਰ ਗਿਆ ਹੋਸ਼ ਹੁਨਰ ।ਰਹੋ ਦਰਦ ਅੰਦਰ ਸਦਾ ਸੂਲ ਜਿਗਰ । ਡੋੜੇ ਜ਼ੁਲਮ ਕਹਿਰ ਢਾਂ ਮੂੰਹ ਦੇ ਭਰ ।ਡੁੱਖੇ ਰੋਹ ਡੂੰਗਰ ਰਾਹ ਵੱਲੜੇ ਦੇ । ਸੱਟ ਨਹਮਲ ਮਲਮਲ ਰੰਗ ਮਹਲ ।ਗਏ ਸਾਂਗ ਬਦਲ ਕੋਈ ਲਹਿਮ ਨ ਕਲ । ਰਿੱਛ ਰਾਖਸ ਘਲ ਮਮੀਂ ਡੈਣੀ ਦਲ ।ਆਏ ਪੇਸ਼ ਸੰਭਲ ਸਰ ਕਲੜੇ ਦੇ । ਵਲ ਵਲ ਪਿਆ ਜ਼ੁਲਫ ਪੁੱਨਲ ਦਾ ਗਲ ।ਪਏ ਸ਼ੋਜ਼ ਓਛਲ ਪਏ ਰੋਗ ਓਟਲ । ਗਏ ਸੁਖੜੇ ਢਲ ਗਈਆਂ ਖੁਸ਼ੀਆਂ ਜਲ ।ਦਿਲ ਚਲੜੇ ਨੇਸ਼ ਅੱਜਲੜੇ ਦੇ । ਕੁਲ ਕਾਰੈਂ ਇਸ਼ਕ ਫ਼ਰੀਦ ਕੀਤਾ ।ਘਰ ਬਾਰੋ ਬਿਰਹੇਂ ਬਈਦ ਕੀਤਾ । ਹਰ ਪਲ ਪਲ ਸ਼ੌਂਕ ਜਦੀਦ ਕੀਤਾ ।ਮੂੰਹ ਨੂਰ ਭਰੇ ਨਿਰਮੱਲੜੇ ਦੇ ।

110. ਇਸ਼ਕ ਅਨੋਖੜੀ ਪੀੜ

ਇਸ਼ਕ ਅਨੋਖੜੀ ਪੀੜ ।ਸੌ ਸੌ ਸੂਲ ਅੰਦਰ ਦੇ । ਨੈਣ ਵਹਾਇਮ ਨੀਰ ।ਅੱਲੜੇ ਜ਼ਖਮ ਜਿਗਰ ਦੇ । ਬਿਰਹੋਂ ਬਖੇੜਾ ਸਖ਼ਤ ਆਵੈੜਾ ।ਖਵੇਸ਼ ਕਬੀਲਾ ਲਾਵਿਮ ਝੇੜਾ । ਮਾਰਗ ਮਾ ਪਿਉ ਵੀਰ ।ਦੁਸਮਨ ਲੋਕ ਸ਼ਹਿਰ ਦੇ । ਤਾਂਗ ਅਵੱਲੜੀ ਸਾਂਗ ਕਲੱਲੜੀ ।ਜਿੰਦੜੀ ਜਲੜੀ ਦਿੱਲੜੀ ਗਲੜੀ । ਤਨ ਮਨ ਦੇ ਵਿੱਚ ਤੀਰ ।ਮਾਰੇ ਯਾਰ ਹੁਨਰ ਦੇ । ਗ਼ਮਜੇ ਸਿਹਰੀ ਰਮਜ਼ਾਂ ਵੈਰੀ ।ਅੱਖੀਆਂ ਜਾਦੂ ਦੀਦ ਲੁਟੇਰੀ । ਜੁਲਮੀਂ ਜ਼ੁਲਫ਼ ਜ਼ੰਜੀਰ ।ਪੇਚੀ ਪੇਚ ਕਹਿਰ ਦੇ । ਪੀਤ ਪੁੱਨਲ ਦੀ ਸਿਕ ਪਲ ਪਲ ਦੀ ।ਮਾਰੂਥਲ ਦੀ ਰੀਤ ਅਜ਼ਲ ਦੀ । ਡੁੱਖ ਲਾਵਿਨ ਤੜਭੇੜ ।ਜੋ ਸਰਦੇ ਸੋ ਕਰਦੇ । ਤੁਲ ਨਿਹਾਲੀ ਡੇਣ ਡਿਖਾਲੀ ।ਸਬਰ ਆਰਾਮ ਦੀ ਵਿਸਰਿਅਮ ਚਾਲੀ । ਲੂੰ ਲੂੰ ਲੱਖ ਲੱਖ ਚੀਰ ।ਕਾਰੀ ਤੇਗ਼ ਤਬਰ ਦੇ । ਯਾਰ ਫ਼ਰੀਦ ਨ ਪਾਇਮ ਫੇਰਾ ।ਲਾਇਆ ਦਰਦਾਂ ਦਿਲ ਵਿੱਚ ਦੇਰਾ । ਸਰ ਗਿਉਮ ਸੀਸ ਸਰੀਰ ।ਨੈਸਾਂ ਦਾਗ਼ ਕਬਰ ਦੇ ।

111. ਇਸ਼ਕ ਅਸਾਂਝੀ ਜਾ ਆਹੇ ਇਨਸਾਫ

ਇਸ਼ਕ ਅਸਾਂਝੀ ਜਾ ਆਹੇ ਇਨਸਾਫ । ਜ਼ੁਲਮ ਨਭਾਏਂ ਦਸ ਤਾਂਭੀ ਤਹੰਜਾ ਥੋਗ ਗਾਏਂਦਸ । ਸਿਜਦਾ ਜਾਨਬ ਤਹੰਜੀ, ਤਹੰਜੇ ਗਿਰਦ ਤਵਾਫ ।ਕਦਮ ਕਦਮ ਤੇ ਸੀਸ ਨਵਾਏਂਦਸ । ਤੁਹੰਜੀ ਸੀਰਤ, ਸੂਰਤ ਸੋਹਣੀ ਕਿਵੇਂ ਕਿਆਂ ਔਸਾਰ । ਜਿੰਦੜੀ ਤੋਂ ਤੂੰ ਘੋਲ ਘੁਮਾਏਂਦਸ । ਤਨ ਮਨ ਸੋਹਣਾਂ ਮੁਲਕ ਹੈ ਤੁਹੰਝਾ ਸਚ ਆਹੇ ਨਾ ਹੈ ਲਾਫ । ਕਸਮ ਅਵਾਂਝੇ ਸਰ ਜੀ ਖਾਏਂਦਸ । ਜ਼ਿਕਰ ਊਂ ਫਿਕਰ ਹੈ ਤਹੰਜਾ, ਦਮ ਦਮ ਚੁਏਂਦਸ ਸਾਫ ਜਾ ਸਾਫ । ਅਬਦ ਮਅਬੂਦ ਮੈਂ ਤੋਖੇ ਯਾਏਂਦਸ । ਬਾਂਦੀ ਗੋਲੀ ਯਾਰ ਦੀ ਆਹੀਆਂ ਨਾ ਹੈ ਫਰੀਦ ਖਲਾਫ । ਉਨ੍ਹੇ ਭੈ ਭਾਏਦਸ ਖੂਹ ਨ ਭਾਏਂਦਸ ।

112. ਇਸ਼ਕ ਅਵੱਲੜੀ ਚਾਲ ਭਲਾ ਯਾਰ ਵੇ

ਇਸ਼ਕ ਅਵੱਲੜੀ ਚਾਲ ਭਲਾ ਯਾਰ ਵੇ ।ਯਾਰੀਆਂ ਲਾਵਣ ਸਰ ਮੰਗਦੀਆਂ । ਜ਼ੁਲਫ਼ਾ ਦਿਲ ਨੂੰ ਪਾਵਿਨ ਜਾਲੀ ।ਅੱਖੀਆਂ ਕਰਦੀਆਂ ਮਸਤ ਮਵਾਲੀ । ਨਾਜ਼ ਨਿਗਾਹਾਂ ਦੇ ਨਾਲ ਭਲਾ ਯਾਰ ਵੇ ।ਬਿਰਹੋਂ ਬਛੇਂਦੀਆਂ ਨਹੀਂ ਸੰਗਦੀਆਂ । ਚਸ਼ਮਾਂ ਕਹਿਰੀ ਰਮਜ਼ਾਂ ਵੈਰੀ ।ਅੱਖ਼ੀਆਂ ਜ਼ਾਲਮ ਦੀਦ ਲੁਟੇਰੀ । ਡੇਵਨ ਜਿੰਦੜੀ ਗਾਲ ਭਲਾ ਯਾਰ ਵੇ ।ਸਿਰਹੋ ਬਹਾਦੁਰ ਹੁਨ ਜੰਗਦੀਆਂ । ਨਾਜ਼ਕ ਚਾਲੀਂ ਯਾਰ ਸੱਜਨ ਦੀਆਂ ।ਮੋਹਣੀਆਂ ਗਾਲ੍ਹੀ ਮਨ ਮੋਹਨ ਦੀਆਂ । ਕਰਨ ਦਿਲੀਂ ਪਾਮਾਲ ਭਲਾ ਯਾਰ ਵੇ ।ਹਰ ਹਰ ਆਨ ਖੜੀਆਂ ਤੰਗਦੀਆਂ । ਚਿਹਰੀ ਤਰਜ਼ ਡਿਖਾਵਨ ਅੱਖੀਆਂ ।ਜ਼ੁਲਫਾਂ ਤੇਲ ਫੁਲੇਲ ਦੀਆਂ ਮੱਖੀਆਂ । ਘਤਦੀਆਂ ਜੀ ਜੰਜਾਲ ਭਲਾ ਯਾਰ ਵੇ ।ਜ਼ੋਰੇ ਰਗ ਰਗ ਨੂੰ ਡੰਗਦੀਆਂ । ਇਸ਼ਕ ਫ਼ਰੀਦ ਕਸ਼ਾਲੇ ਘੱਲੇ ।ਆਸ ਉਮੀਦ ਤੱਸਲੇ ਭੱਲੇ । ਕੂੜਾ ਵਹਿਮ ਖ਼ਿਆਲ ਭਲਾ ਯਾਰ ਵੇ ।ਡਿੱਠੜੀਆਂ ਪੀਤਾਂ ਦਿਲ ਸੰਗਦੀਆਂ ।

113. ਇਸ਼ਕ ਅਵਲੜੀ ਪੀੜ ਵੋ

ਇਸ਼ਕ ਅਵਲੜੀ ਪੀੜ ਵੋ ।ਲੋਕਾਂ ਖ਼ਬਰ ਨ ਕਾਈ । ਜ਼ੁਲਫ਼ ਡੰਗੇਦੀਂ ਮੂਲ ਨ ਸੰਗੀ ।ਚਸ਼ਮਾਂ ਸਰਹੋਂ ਬਹਾਦਰ ਜੰਗੀ । ਨਾਜ਼ ਨਿਗਾਹ ਦੇ ਤੀਰ ਵੋ ।ਨਿੱਤ ਕਰਨ ਲੜਾਈ । ਸ਼ਾਲਾ ਨੇੜਾ ਕੋਈ ਨ ਲਾਵੇ ।ਦਰਦ ਅੰਦੇਸ਼ੇ ਸੋਜ਼ ਸਵਾਏ । ਦਮ ਦਮ ਦਿਲਗਰ ਵੋ ।ਸਰ ਤੇ ਸਖ਼ਤੀ ਆਈ । ਹਿੱਕ ਬੇਵਾਹੀ ਬਿਆ ਫਟ ਜਾਹੀ ।ਮੂੰਝ ਮੁੰਝਾਰੀ ਗਲ ਦੀ ਫਾਈ । ਤੱਕ ਤੱਕ ਰਾਹ ਮਲ੍ਹੇਰ ਵੋ ।ਰੋਦੀਂ ਮੋਇਮ ਅਜਾਈਂ । ਸੁੰਜ ਬਰ ਚੜੜੇ ਸ਼ੀਹ ਮਰੇਲੇ ।ਬਸ਼ੀਰ ਬਦ ਬਘਿਆਰ ਬਘੇਲੇ । ਡੁੱਖ ਡੁੱਖੜੇ ਥਏ ਵੀਰ ਵੋ ।ਗ਼ਮ ਸਕੜੇ ਭਾਈ । ਸੈਣੀਂ ਭੈਣੀਂ ਵੈਣ ਅਲਾਵਮ ।ਵੀਰਣ ਵੈਰੀ ਸਖ਼ਤ ਸੁਭਾਵਮ । ਮਾਰਮ ਬੇ ਤਕਸੀਰ ਵੋ ।ਏ ਬੇਦਰਦ ਕਸਾਈ । ਸੂਲਮ ਮੂਲ ਨ ਡਿੱਤੜਮ ਸਾਹੀ ।ਕਾਦਰ ਏਂਵੇਂ ਕਲਮ ਵਹਾਈ । ਕੀਤਮ ਤੇ ਤਕਦੀਰ ਵੋ ।ਸੋਹਣੇ ਨਾਲ ਜੁਦਾਈ । ਜਿੰਦੜੀ ਜੁੱਖਦੀ ਜੀਅੜਾ ਦੁਖਦਾ ।ਵੇਲ੍ਹਾ ਵਕਤ ਨਿਭਾਇਆ ਸੁਖਦਾ । ਰੰਜੋ ਆਲਮ ਦੀ ਭੀੜ ਵੋ ।ਆਫ਼ਤ ਪਿਉਸ ਸਮਾਈ । ਮਿਜ਼ੇਗੀਂ ਨਸ਼ਤਰ ਹਾਦੀ ਮਾਰੀ ।ਪਲਕੀ ਲਾਈ ਕੈਬਰ ਕਾਰੀ । ਜ਼ਖਮ ਕਲੱਲੜੇ ਚੀਰ ਵੋ ।ਵੈਂਦੀਂ ਚੋਟ ਚਲਾਈ । ਲੂੰ ਲੂੰ ਸੜਦੀ ਹੱਡ ਚੰਮ ਗਲਦਾ ।ਦਿੱਲੜੀ ਜਲਦੀ ਸੀਨਾ ਬਲਦਾ । ਰਗ ਰਗ ਛੁਟੜੀ ਸੀੜ੍ਹ ਵੋ ।ਤੈਡੇ ਬਿਰਹੋਂ ਛੁਡਾਈ । ਸਬਰ ਕਰਾਰ ਆਰਾਮ ਗਿਉਸੇ ਬਾਰ ਮਲਾਮਤ ਮੁਫ਼ਤ ਚਤੋਸੇ । ਕਾਨੀ ਬੇ ਤਦਬੀਰ ਵੋ ।ਜਾਨੀ ਲਾ ਡਿਖਲਾਈ । ਯਾਰ ਫ਼ਰੀਦ ਨ ਖੜ ਮੁਕਲਾਇਆ ।ਕੇਚ ਗਿਆ ਵੱਲ ਘਰ ਨ ਆਇਆ । ਡਿੱਤੜਮ ਜੁੜ ਤਾਅਜ਼ੀਰ ਵੋ ।ਕੀਤੋਸ ਖ਼ੂਬ ਭਲਾਈ ।

114. ਇਸ਼ਕ ਭੁਲਾਇਆ ਤਾਆਤਾਂ

ਇਸ਼ਕ ਭੁਲਾਇਆ ਤਾਆਤਾਂ । ਏ ਘਰ ਮੇਰਾ ਘਰ ਸੁਖ ਮੰਦਰ ।ਮਅਮੂਰ ਖ਼ਫ਼ੀ ਦੇ ਅੰਦਰ । ਜਿਥ ਬਹਿਰ ਮਹੀਤ ਦਾ ਮੰਦਰ ।ਉਥ ਹਰ ਜਿਨਸੋਂ ਮਿਲਨ ਸੌਗਾਤਾਂ । ਆਈ ਹਾਲ ਮਕਾਮ ਦੀ ਵਾਰੀ ।ਥੱਈ ਰਫ਼ਾ ਹਜਬ ਯਕ ਬਾਰੀ । ਗਈ ਜ਼ਹਦ ਇਬਾਦਤ ਸਾਰੀ ।ਹੱਜ ਜ਼ਕਵਾਤਾਂ ਸੌਮ ਸਲਵਾਤਾਂ । ਥਈ ਨਸਰਤ ਫ਼ਤਹ ਫ਼ਤੂਹੀ ।ਸਬ ਸਰੀ ਕਲਬੀ ਰੂਹੀ । ਗਈ ਜ਼ੁਲਮਤ ਨੂਰ ਸਬੂਹੀ ।ਕੀਤੀਆਂ ਜਿਸਮ ਅਜਬ ਪਰਭਾਤਾਂ । ਸੱਰ ਅਨਹਦ ਤਬਲ ਸ਼ਹਾਨਾ ।ਖੁਸ਼ ਮਤਰਬ ਤਾਨ ਤਰਾਨਾ । ਗਿਆ ਨਫ਼ਲ ਨਮਾਜ਼ ਦੋਗਾਨਾ ।ਵਿੱਸਰੀਆਂ ਡੋਂ ਤਿਰੇ ਚਾਰ ਰਕਅਤਾਂ । ਗੁਰ ਬਾਤ ਬਤਾਈ ਪੂਰੀ ।ਤੀਫੂਰੀ ਤੇ ਮਨਸੂਰੀ । ਥਈ ਫਾਸ਼ ਤੱਜਲੀ ਤੂਰੀ ।ਹਰ ਜਾ ਐਮਨ ਤੇ ਮੀਕਾਤਾਂ । ਏ ਵਜਦਾਨੀ ਸ਼ਤਹਾਤਾਂ ।ਹਨ ਵਹਦਤ ਦੀਆਂ ਆਯਾਤਾਂ । ਕਰ ਤਮਸ ਦਿਲੀਂ ਸਤਵਾਤਾਂ ।ਕਰਦਾ ਜ਼ਾਹਰ ਏ ਕਲਮਾਤਾਂ । ਕੁਲ ਉਠ ਗਏ ਫ਼ਗਨ ਜ਼ਲਾਜ਼ਲ ।ਭੱਜ ਪਏ ਅਗਲਾਲ ਸਲਾਸਲ । ਦਿਲ ਹਿਕ ਪਾਸੇ ਸ਼ਾਗਲ ।ਬੱਠ ਦਰਕਾਤਾਂ ਤੇ ਦਰਜਾਤਾਂ । ਥਏ ਭਾਗ ਫ਼ਰੀਦ ਭਲੇਰੇ ।ਦਿਲ ਦਿਲਬਰ ਲਾਏ ਦੇਰੇ । ਆ ਕਾਨ੍ਹ ਦਵਾਰੇ ਮੇਰੇ ।ਬੰਸੀ ਜੋੜ ਸੁਣਾਈਆਂ ਘਾਤਾਂ ।

115. ਇਸ਼ਕ ਚਲਾਏ ਤੀਰ

ਇਸ਼ਕ ਚਲਾਏ ਤੀਰ ।ਡਾਢੇ ਜ਼ੁਲਮ ਕਹਿਰ ਦੇ । ਯਾਰ ਮਿਲਿਆ ਬੇ ਪੀਰ ।ਲੂੰ ਲੂੰ ਵਿੱਚ ਸੌ ਦਰਦੇ । ਇਸ਼ਕ ਉਜਾੜੀ ਝੋਕ ਅਮਨ ਦੀ ।ਨਜ਼ਰ ਨ ਆਵਮ ਜੋਹ ਜਤਨ ਦੀ । ਸੋਜ਼ ਡਿਤੋਸ ਜਾਗੀਰ ।ਜੀਅੜਾ ਸੂਲਾਂ ਸੜਦੇ । ਤੂਲ ਡੁੱਖਾਂ ਦੀ ਸੇਝ ਨ ਭਾਂਦੀ ।ਸੂਲ ਸਰ੍ਹਾਂਦੀ ਦਰਦ ਪਵਾਂਦੀ । ਰਗ ਰਗ ਵਿੱਚ ਹੈ ਪੀੜ ।ਡਿੱਸਦਾ ਰੋਗ ਅੰਦਰ ਦੇ । ਰਹਿਣ ਨ ਡੇਂਦੀ ਪੀੜ ਪਰਾਈ ।ਸਿੱਕ ਮਹੀਂਵਾਲ ਦੀ ਰੋਜ਼ ਸਵਾਈ । ਕੀਜੋ ਲੋੜ੍ਹੇਮ ਸੀੜ੍ਹ ।ਬੋੜਿਮ ਕਨ ਕੱਪਰ ਦੇ । ਸੁਖ ਸੋਮਣ ਦਾ ਵਕਤ ਵਿਹਾਇਆ ।ਬਾਰ ਬਿਰਹੋਂ ਦਾ ਸਰ ਤੇ ਆਇਆ । ਗੁਜ਼ਰ ਗਈ ਤਦਬੀਰ ।ਨਿਭ ਗਏ ਵਕਤ ਹੁਨਰ ਦੇ । ਨਿਭਨ ਫ਼ਰੀਦ ਏ ਡੁੱਖ ਡੁਹਲੇ ।ਸ਼ਾਲਾ ਨਾਲ ਵਸਾਲ ਸੁਹੀਲੇ । ਹੋਵਾਂ ਸ਼ਕਰ ਸ਼ੀਰ ।ਗੁਜ਼ਰਨ ਡੇਂਹ ਸਫ਼ਰ ਦੇ ।

116. ਇਸ਼ਕ ਲਗਾ ਘਰ ਵਿਸਰਿਆ

ਇਸ਼ਕ ਲਗਾ ਘਰ ਵਿਸਰਿਆ ।ਜ਼ਰ ਵਿਸਰੀ ਵਰ ਵਿਸਰਿਆ । ਗੁਜ਼ਰੇ ਨਾਜ਼ ਹੁਸਨ ਦੇ ਮਾਨੜੇ ।ਜ਼ੇਵਰ ਤਰੇਵਰ ਵਿਸਰਿਆ । ਵਿਸਰੇ ਕਜਲੇ ਸੁਰਖੀ ਮੇਦੀਆਂ ।ਬੱਲਾ ਬੈਂਸਰ ਵਿਸਰਿਆ । ਦਰਦ ਅੰਦੇਸ਼ੇ ਦਿਲ ਦੀ ਮੂੜੀ ।ਬਿਆਕੁਲ ਜੋਹਰ ਵਿਸਰਿਆ । ਦੈਰ ਕਨਿਸ਼ਤ ਦਵਾਰਾ ਮੰਦਰ ।ਮਸਜਦ ਮੰਬਰ ਵਿਸਰਿਆ । ਹਕ ਦੇ ਸ਼ਾਂਗੇ ਹਕਦੀ ਸੌਂਹ ਹੈ ।ਖੈਰ ਭਲੀ ਸ਼ਰ ਵਿਸਰਿਆ । ਹਰ ਵੇਲ਼ੇ ਹਰ ਯਾਦ ਅਸਾਨੂੰ ।ਹੋਰ ਅਮਾਨ ਹਰ ਵਿਸਰਿਆ । ਵੈਸਾਂ ਕੀਚ ਫਰੀਦ ਨ ਮੁੜਸਾਂ ।ਸੁੰਜ ਬਰਦਾ ਡਰ ਵਿਸਰਿਆ ।

117. ਇਥਾਂ ਮੈਂ ਮੁਠੜੀ ਜਿੰਦ ਜਾਨ ਬਲਬ

ਇਥਾਂ ਮੈਂ ਮੁਠੜੀ ਜਿੰਦ ਜਾਨ ਬਲਬ ।ਓਤਾਂ ਖ਼ੁਸ਼ ਵਸਦਾ ਮੁਲਕ ਅਰੱਬ । ਹਰ ਵੇਲੇ ਯਾਰ ਦੀ ਤਾਂਘ ਲਗੀ ।ਸੁੰਜੇ ਸੀਨੇ ਸਿਕ ਦੀ ਸਾਂਗ ਲਗੀ । ਡੁਖੀ ਦਿਲੜੀ ਦੇ ਹੱਥ ਟਾਂਘ ਲਗੀ ।ਥੈ ਮਿਲ ਮਿਲ ਸੂਲ ਸਮੋਲੇ ਸਬ । ਤਤੀ ਥੀ ਜੋਗਣ ਚੌਧਾਰ ਫਿਰਾਂ ।ਹਿੰਦ ਸਿੰਧ ਪੰਜਾਬ ਤੇ ਮਾੜ ਫਿਰਾਂ । ਸੁੰਜ ਬਾਰ ਤੇ ਸ਼ਹਿਰ ਬਾਜ਼ਾਰ ਫਿਰਾਂ ।ਮਤਾਂ ਯਾਰ ਮਿਲਮ ਕਹੀ ਸਾਂਗ ਸਬਬ । ਜੈਂ ਡੇਂਹ ਦਾ ਨੇਂਹ ਦੇ ਸ਼ੀਹ ਫੱਟਿਆ ।ਲਗੀ ਨੇਸ਼ ਡੁਖਾਦੀ ਐਸ਼ ਘਟਿਆ । ਸਬ ਜੋਬਨ ਜੋਸ਼ ਖਰੋਸ਼ ਹੱਟਿਆ ।ਸੁਖ ਸੜ ਗਏ ਮਰ ਗਈ ਤਰ੍ਹਾ ਤਰਬ । ਤੋੜ ਧਕੜੇ ਧੋੜੇ ਖਾਂਦੜੀ ਹਾਂ ।ਤੈਂਡੇ ਨਾਮ ਤੋਂ ਮੁਫ਼ਤ ਵਕਾਂਦੜੀ ਹਾਂ । ਤੈਂਡੀ ਬਾਂਦੀਆਂ ਦੀ ਮੈਂ ਬਾਂਦੜੀ ਹਾਂ ।ਹੈ ਦਰ ਦਿਆਂ ਕੁਤਿਆਂ ਨਾਲ ਅਦਬ । ਵਾਹ! ਸੋਹਣਾ ਢੋਲਨ ਯਾਰ ਸਜਨ ।ਵਾਹ ਸਾਂਵਲ ਹੋਤ ਹਜਾਜ਼ ਵਤਨ । ਆ ਡੇਖ ਫਰੀਦ ਦਾ ਬੈਤ ਹਜ਼ਨ ।ਹਿਮ ਰੋਜ਼ ਅਜ਼ਲ ਦੀ ਤਾਂਘ ਤਲਬ ।

118. ਜਗ ਵਹਿਮ ਖ਼ਿਆਲ ਤੇ ਖ਼ਵਾਬੇ

ਜਗ ਵਹਿਮ ਖ਼ਿਆਲ ਤੇ ਖ਼ਵਾਬੇ ।ਸਬ ਸੂਰਤ ਨਕਸ਼ ਬਰ ਆਬੇ । ਜੇ ਪੁਛਦੀਂ ਹਾਲ ਹਕੀਕਤ ।ਸੁਣ ਸਮਝ ਅਤੇ ਰੱਖ ਇਬਰਤ । ਜਿਵੇਂ ਬਹਿਰ ਮਹੀਤ ਹੈ ਵੱਹਦਤ ।ਕੁਲ ਕਸਰਤ ਸ਼ਕਲ ਹਬਾਬੇ । ਨਹੀਂ ਅਸਲੋਂ ਅਸਲ ਦੂਈ ਦਾ ।ਖ਼ੁਦ ਜਾਣ ਹੈ ਨਸਲ ਦੂਈ ਦਾ । ਗਿਆ ਫੋਕਾ ਨਿਕਲ ਦੂਈ ਦਾ ।ਵਲ ਓਹੀ ਆਬ ਦਾ ਆਬੇ। ਨ ਕਾਫ਼ੀ ਜਾਣ ਕਫਾਇਆ ।ਨ ਹਾਦੀ ਸਮਝ ਹਦਾਇਆ । ਕਰ ਪੁਰਜ਼ੇ ਜਲਦ ਵਕਾਇਆ ।ਏਹਾ ਦਿਲ ਕੁਰਾਨ ਕਤਾਬੇ । ਹੈ ਪਰਮ ਗਿਆਨ ਵੀ ਦਿੱਲੜੀ ।ਹੈ ਬੇਦ ਪੁਰਾਨ ਵੀ ਦਿੱਲੜੀ । ਹੈ ਜਾਨ ਜਹਾਨ ਵੀ ਦਿੱਲੜੀ ।ਦਿਲ ਬਤਨ ਬਤੂਨ ਦਾ ਬਾਬੇ । ਦਿਲ ਲੁਬ ਹੈ ਕੋਨ ਮਕਾਂ ਦਾ ।ਦਿਲ ਗਾਇਤ ਅਸਲ ਜਹਾਂ ਦਾ । ਦਿਲ ਮਰਕਜ਼ ਜ਼ਮੀਂ ਜ਼ਮਾਂ ਦਾ ।ਬਿਆ ਕੂੜ ਪਲਾਲ ਹਜਾਬੇ । ਵਿੱਚ ਸੂਰਤ ਦੇ ਨਾਸੂਤੀ ।ਵਿੱਚ ਮਾਨੇ ਦੇ ਮਲਕੂਤੀ । ਜਬਰੂਤ ਅਤੇ ਲਾਹੂਤੀ ।ਦਿਲ ਅੰਦਰ ਸਬ ਅਸਬਾਬੇ । ਰੱਖ ਅਮਤਰ ਧਿਆਨ ਫ਼ਰੀਦੀ ।ਸੱਟ ਸੁਖੜੀ ਪੀਰ ਮੁਰੀਦੀ । ਹੈ ਦੂਰੀ ਸਖ਼ਤ ਬਈਦੀ ।ਜੀ ਸੁਖੜੀਂ ਕਾਣ ਅਜ਼ਾਬੇ ।

119. ਜੈਂ ਰਮਜ਼ ਗਵਲ ਜੀ ਬੁੱਝੀ

ਜੈਂ ਰਮਜ਼ ਗਵਲ ਜੀ ਬੁੱਝੀ ।ਤਿਨ ਖੇ ਮੁਸ਼ਾਹਦਾ ਰਾਤ ਦਿਨ । ਨਹੀਂ ਜਾ ਅਥਾਂ ਅਫੀਯੂਨ ਦੀ ।ਨਾ ਭੰਗ ਨਾ ਮਾਜੂਨ ਦੀ । ਜਿਨ੍ਹਾਂ ਸੁਧ ਲਖੀ ਬੇਚੂਨ ਦੀ ।ਨਿੱਤ ਮਸਤ ਰੇ ਪੈਤੀਂ ਵਤਨ । ਰਲ ਵੱਸਦੇ ਲੋਕਾਂ ਨਾਲ ਹਨ ।ਪਰ ਅਸਲ ਫ਼ਾਰਗਬਾਲ ਹਨ । ਹਰ ਆਨ ਗ਼ਰਕ ਖਿਆਲ ਹਨ ।ਸ਼ਾਗਲ ਸੁਮ੍ਹਨ ਸ਼ਾਗਲ ਉਠਨ । ਖ਼ੁਦ ਤੋਂ ਖ਼ੁਦੀ ਤੋਂ ਦੂਰ ਹਨ ।ਸਰ ਮਸਤ ਜਾਮ ਤਹੂਰ ਹਨ । ਹੱਕ ਦੇ ਹਮੇਸ਼ ਹਜੂਰ ਹਨ ।ਅਵਲੀਂ ਵਿਚੋਂ ਭੋਲੋ ਭਨਨ । ਨਹੀਂ ਮਿਲਕ ਮੁਲਕ ਤੇ ਮਾਲ ਦੇ ।ਨਹੀਂ ਜ਼ਾਲ ਦੇ ਨਹੀਂ ਬਾਲਦੇ । ਹਨ ਜੌਕ ਵਜਦ ਤੇ ਹਾਲ ਦੇ ।ਗੁਮ ਕਰ ਗੁਮਾਨ ਯਕਰੂਰ ਹਨ । ਸਿਰ ਡੇ ਲਹਨ ਸਿਰਵਾ ਲਕਾ ।ਗਏ ਮਹਜ਼ ਮਰਨੋਂ ਸਿਰ ਲੁਕਾ । ਹੋਕਰ ਫਨਾ ਪਾਵਨ ਬਕਾ ।ਸੌ ਸੂਦ ਨੁਕਸਾਨੋ ਕਰਨ । ਵੰਜ ਵੁੱਠੜੇ ਦੇਸ ਸੁਹਾਗ ਦੇ ।ਸੁਖ ਰੂਪ ਮਾਨੜਨ ਭਾਗ ਦੇ । ਬਾਰਾ ਮਹੀਨੇ ਫਾਗ ਦੇ ।ਪਾ ਚੈਨ ਚੜ੍ਹ ਸੇਜੀਂ ਬਹਿਨ । ਜੈਂ ਮਾਨ ਮੰਦਰ ਪਾਇਆ ਪੀਆ ।ਡੁੱਖ ਪਾਪ ਸਾਰਾ ਮਿਟ ਗਿਆ । ਥੀ ਮਹਵ ਅਸਬਾਤੀ ਥੀਆ ।ਰਹਿੰਦਾ ਫ਼ਰੀਦ ਫ਼ਰੀਦ ਬਨ ।

120. ਜੜਾਂ ਜਾਇਮ ਪਾਕਰ ਝੋਲੀ

ਜੜਾਂ ਜਾਇਮ ਪਾਕਰ ਝੋਲੀ ।ਕਰ ਵੈਣ ਡਿੱਤੀ ਮਾ ਲੋਲੀ । ਪਹਿਲੋਂ ਪੀਤ ਨ ਪਈ ਪਿਉ ਮਾ ਦੀ ।ਵਤ ਹੋਤ ਬਲੋਚ ਨ ਰਾਧੀ । ਮੈਂ ਮੁੱਠੜੀ ਜਾਵਣ ਲਾ ਦੀ ।ਹਮ ਬਖ਼ਤ ਸੜੀ ਡੁੱਖ ਰੋਲੀ । ਘਰ ਫ਼ਖ਼ਰ ਪਿਆ ਪੂੰ ਪਾਵੇ ।ਆ ਉਜੜੀ ਝੋਕ ਵਸਾਵੇ । ਰਲ ਚੇਤਰ ਬਹਾਰ ਸੁਹਾਵੇ ।ਵੱਸ ਹੱਸ ਰੱਸ ਖੇਡੂੰ ਹੋਲੀ । ਤੋੜੇ ਦਰਸ਼ਨ ਮੂਲ ਨ ਪੇਸਾਂ ।ਤਾਂ ਵੀ ਨਾਜ਼ਕ ਨੇਂਹ ਨਿਭੇਸਾਂ । ਵਿੱਚ ਕੋਟ ਸ਼ਹਿਰ ਮਰ ਵੈਸਾਂ ।ਥੀ ਦਰ ਦਿਲਬਰ ਦੀ ਗੋਲੀ । ਸਾਰਾ ਬੋਛਨ ਘਾਘੇ ।ਗਏ ਜ਼ੇਵਰ ਤਰੇਵਰ ਲਾਂਘੇ । ਸਰ ਮਾਂਗ ਮਰੇਂਦੀ ਸਾਂਗੇ ।ਥਈ ਸੁਰਖ਼ੀ ਜ਼ਹਿਰ ਦੀ ਗੋਲੀ । ਬਿਨ ਯਾਰ ਨ ਸੇਜ ਸੁਹੇਸਾਂ ।ਫ਼ੁਲ ਸਿਹਰੇ ਤਰੋੜ ਸਟੇਸਾਂ । ਭਨ ਬੇਂਸਰ ਬੋਲ ਸੜੇਸਾਂ ।ਬੱਠ ਚੰਦਨ ਹਾਰ ਬਨੋਲੀ । ਸਈਆਂ ਰਲ ਮਿਲ ਮੇਹਣੇ ਡੇਂਦੀਆਂ ।ਖਲ ਹਾਸੇ ਕੀਸ ਕਰੇਂਦੀਆਂ । ਮਾ ਭੈਣੀਂ ਵੈਣ ਅਲੇਂਦੀਆਂ ।ਸੱਸ ਮਾਰਿਮ ਸੌ ਸੌ ਬੋਲੀ । ਜਿਦ ਜਲੜੀ ਜਿੰਦੜੀ ਝੂਲੀ ।ਜਥ ਕਰੜ ਕੰਡਾ ਸਬ ਸੂਲੀ । ਡਿੱਸੇ ਕਕਰੇ ਰਤੇਰੜ ਕੂਲੀ ।ਦਿਲ ਦਰਦ ਚਲਾਈ ਗੋਲੀ । ਹਰ ਪਲ ਪਲ ਪੀਤ ਪੁੱਨਲ ਦੀ ।ਸਿੱਕ ਸਾਂਵਲ ਬਾਰੋਚਲ ਦੀ । ਹੈ ਤੈਡੀ ਰੋਜ਼ ਅਜ਼ਲ ਦੀ ।ਏਹਾ ਕੋਝੀ ਕਮਲੀ ਭੋਲੀ । ਦਿਲ ਯਾਰ ਫ਼ਰੀਦ ਨ ਆਇਆ ।ਸਰ ਸੂਲੀਂ ਸਾਂਗ ਰਸਾਇਆ । ਸਬ ਹਾਰ ਸਿੰਗਾਰ ਵਿਹਾਇਆ ।ਗਈ ਨਾਜ਼ ਨਵਾਜ਼ ਦੀ ਟੋਲੀ ।

121. ਜੀਵਣ ਡੇਂਹ ਅਢਾਹੀਂ ਵੋ ਯਾਰ

ਜੀਵਣ ਡੇਂਹ ਅਢਾਹੀਂ ਵੋ ਯਾਰ ।ਸਟ ਘਤ ਫਖਰ ਵਡਾਈ ਵੋ ਯਾਰ । ਕਿਥ ਓ ਪੀਂਘ ਪਿਪਲ ਮਲਕਾਣੇ ।ਨਾਜ਼ ਹੁਸਨ ਕਥ ਰਾਜ ਬਬਾਣੇ । ਕਥ ਮਾ ਭੈਣੀਂ ਭਾਈ ਵੋ ਯਾਰ । ਕਿਥ ਰਾਂਝਨ ਕਿਥ ਖੇੜੇ ਭੈੜੇ ।ਕਿਥ ਰਹਿ ਗਏ ਓਹ ਝਗੜੇ ਝੇੜੇ । ਕਿਥ ਚੂਚਕ ਦੀ ਜਾਈ ਵੋ ਯਾਰ । ਕਿਥ ਓ ਮਕਰ ਫ਼ਰੇਬ ਦਾ ਚਾਲਾ ।ਕਿਥ ਵਤ ਜੋਗੀ ਮੁਦਰਾਂ ਵਾਲਾ । ਪਰਮ ਜੜੀ ਜੈਂ ਲਾਈ ਵੋ ਯਾਰ । ਮਾਹੀ, ਮੰਝੀਆਂ, ਹੀਰ ਸਲੇਟੀ ।ਅਤਰੋਂ ਭਿਨੜੀ ਮੁਸ਼ਕ ਲਪੇਟੀ । ਗਏ ਸਬ ਝੋਕ ਲਡਾਈ ਵੋ ਯਾਰ । ਜੋਬਨ ਸਾਥੀ ਚਾਰ ਡਿਹਾਂ ਦਾ ।ਝਟ ਪਟ ਜ਼ੁਅਫ਼ ਬਢੇਪਾ ਆਂਦਾ । ਕੂੜੀ ਆਸ ਪਰਾਈ ਵੋ ਯਾਰ । ਹੈ ਹੈ ਡਿੱਠੜੀ ਕਹੀਂ ਨ ਵੈਂਦੀ ।ਕਜਲ ਮਸਾਗ ਤੇ ਸੁਰਖੀ ਮਹਿੰਦੀ । ਸੁਰਮਾ ਸੇਂਧ ਸਲਾਈ ਵੋ ਯਾਰ । ਮੌਸਮ ਰੁਲ ਫਿਰ ਵਲ ਘਰ ਆਈ ।ਵੰਜਣ ਨ ਵਕਤ ਨਿਰਾਸ ਅਜਾਈ । ਆਵਣ ਦੀ ਕਰ ਕਾਈ ਵੋ ਯਾਰ । ਕੂੜੀ ਸੁਹਬਤ ਕੂੜੀ ਸੰਗਤ ।ਕੂੜੇ ਨਖਰੇ ਕੂੜੀ ਰੰਗਤ । ਲੱਪ ਧੂੜੀ ਬੁਕ ਛਾਈ ਵੋ ਯਾਰ । ਮਛਲੀਂ ਪੀਗੀਂ ਲਾਸੂ ਤਾਰੀਂ ।ਚਣਕੀ ਘੰਡੜੀ ਹੋਰਾਂ ਤਵਾਰੀ । ਸਹਿਜੋਂ ਰਾਂਦ ਰਸਾਈ ਵੋ ਯਾਰ । ਥੀਆਂ ਸਰਸਬਜ਼ ਫ਼ਰੀਦ ਦੀਆਂ ਝੋਕਾਂ ।ਮਿਹਰੋਂ ਸਬਜ਼ ਥੀਆਂ ਵਲ ਸੋਕਾਂ । ਬਖਤੀਂ ਵਾਗ ਵਲਾਈ ਵੋ ਯਾਰ ।

122. ਝੋਪੜ ਜੋੜੂੰ ਚਿਕ ਖਿਪ ਥਡ ਤੇ

ਝੋਪੜ ਜੋੜੂੰ ਚਿਕ ਖਿਪ ਥਡ ਤੇ ।ਏਝਾਂ ਨ ਹੋਵੇ ਸਾਰੇ ਮਡ ਤੇ । ਨ ਵਕੜੇ ਨ ਬੰਦ ਤੇ ਬਹਿਸਾਂ ।ਨ ਗਠ ਪਾੜ ਦੀ ਖੱਡ ਤੇ । ਸਾਂਵਣ ਆਨ ਸੁਹੇਸਾਂ ਰੋਹੀ ।ਸਿੰਧੜੋਂ ਸਘਰੀ ਲੱਡ ਤੇ । ਜੇ ਪਾਣੀ ਖੁਟ ਵੈਸੀ ਬਹਿਸੂੰ ।ਢਾਏ ਤੇ ਕਲ ਅੱਡ ਤੇ । ਸ਼ਹਿਰ ਭੰਭੋਰ ਵੀ ਖਾਵਣ ਓਸਮ ।ਹੋਤ ਨਾ ਜਾਵੀਂ ਛੱਡ ਕੇ । ਤੇਗ਼ ਫ਼ਰੀਦ ਬਿਰਹੋਂ ਦੀ ਵੈਹ ਗਈ ।ਚਮ ਚਮ ਤੇ ਹੱਡ ਹੱਡ ਤੇ ।

123. ਜਿੰਦੜੀ ਉਚਾਕੇ ਜੀੜਾ ਉਦਾਸੇ

ਜਿੰਦੜੀ ਉਚਾਕੇ ਜੀੜਾ ਉਦਾਸੇ ।ਜਾਪੇ ਤੱਤੀ ਕੂੰ ਕੇਂਦੀ ਪਿਆਸੇ । ਪੇਕੀਂ ਸੁਰੀਝੀਂ ਗਿੱਲੜੇ ਵੇਖੋ ਹੈ ।ਡੇਂਦੀ ਮੁੱਠੀ ਨੂੰ ਮਾ ਭੈਣ ਡੋਹੇ । ਕਿਸਮਤ ਦੀਆਂ ਗਾਲ੍ਹੀਂ ਦਿਲਬਰ ਵੀ ਦਰੋਹੇ ।ਏਡੋਂ ਗਿਉ ਸੇ ਓਡੋਂ ਗਿਆਸੇ । ਥਈ ਆਸ ਪਾਸੇ ਆਈ ਯਾਸ ਪਾਸੇ ।ਜ਼ਰਬਫ਼ਰਤ ਡੋਰੇ ਮਲਮਲ ਤੇ ਖ਼ਾਸੇ । ਖੰਡੜੀਆਂ ਨਬਾਤਾਂ ਮਿਸਰੀਆਂ ਪਤਾਸੇ ।ਕਚੜੇ ਉਡਾਹੇ ਕੂੜੇ ਦਲਾਸੇ । ਲਿਖੜੀ ਮਥੇ ਦੀ ਪਲੜੇ ਪਿਆਸੇ ।ਵਹ ਵਾਹ ਖ਼ੁਦਾ ਦੇ ਕੰਮ ਬੇ ਕਿਆਸੇ । ਜੇੜ੍ਹੀਂ ਕੂੰ ਮੁੰਹ ਵੀ ਲੇਂਦੇ ਨ ਹਾਸੇ ।ਮਿਲ ਮਿਲ ਕਰੇਂਦੀਆਂ ਖਲ ਟੋਕ ਹਾਸੇ । ਮੂੰਹ ਵੇੜ੍ਹ ਠਡੜੇ ਪਈ ਸਾਹ ਭਰਦੀ ।ਵੈਂਦੀ ਨਿਧਾਈ ਡੇਂਹ ਵ ਡੇਂਹ ਨ ਜ਼ਰਦੀ । ਚਸ ਰਸ ਨ ਮਾਨੜਿਮ ਘਰ ਦੀ ਨ ਵਰਦੀ ।ਹਿੱਕ ਪਲ ਨ ਡਿੱਤੜਮ ਸਿਖ ਸੇਜ ਪਾਸੇ । ਬਿਰਹੋਂ ਬਛੇਂਦਾ ਲੱਖ ਲੱਖ ਬਲਾਈਂ ।ਥੀ ਥੀ ਡਖਾਰੀ ਮੰਗਦੀ ਦੁਆਈਂ । ਸ਼ਾਲਾ ਕਹਿਦੀਆਂ ਯਾ ਰਬ ਕਡਾਹੀਂ ।ਦੀਦਾਂ ਨ ਅਟਕਨ ਦਿੱਲੜੀ ਨ ਫਾਸੇ । ਸਾਂਵਲ ਸਲੋਣਾ ਮਾਰੂ ਮਰੇਲਾ ।ਨਿਖੜਿਆ ਨ ਡਿੱਠੜਮ ਕੋਈ ਵਕਤ ਵੇਲ੍ਹਾ । ਸ਼ੁਰਖ਼ੀ ਡੁਹਾਗਿਣ ਕੱਜਲਾ ਡੋਹੇਲਾ ।ਗਲ ਗਿਆ ਫ਼ਰੀਦਾ ਜੋਬਨ ਨਰਾਸੇ ।

124. ਜਿੰਦ ਸੂਲਾਂ ਦੇ ਵਾਤ ਨੇ

ਜਿੰਦ ਸੂਲਾਂ ਦੇ ਵਾਤ ਨੇ ।ਡਿੱਤਰੀ ਬਿਰਹੋਂ ਬਰਾਤ ਨੇ । ਕਡੀਂ ਡੇਂਹ ਡੁੱਖਾਂ ਦਾ ਸਿਰ ਤੇ ।ਕਡੀਂ ਗ਼ਮਾਂ ਦੀ ਰਾਤ ਨੇ । ਤੂਲ ਤਲੇਂਦੀ ਸੇਝ ਸੜੇਂਦੀ ।ਜਲਦੀ ਥਈ ਪਰਭਾਤ ਨੇ । ਰੋਂਦੀ ਉਮਰ ਵਿਹਾਣੀ ਸਾਰੀ ।ਯਾਰ ਨ ਪਾਇਮ ਝਾਤ ਨੇ । ਪੁਨਲ ਹੈ ਮਸਜੂਦ ਦਿਲੀਂ ਦਾ ।ਦੀਨ ਈਮਾਨ ਦੀ ਬਾਤ ਨੇ । ਅਹਿਦ ਤੇ ਅਹਿਮਦ ਫ਼ਰਕ ਨ ਕੋਈ ।ਵਾਹਦ ਜ਼ਾਤ ਸਿਫ਼ਾਤ ਨੇ । ਹੁਸਨ ਪਰਸਤੀ ਤੇ ਮੈਖਵਾਰੀ ।ਸਾਡੀ ਸੂਮ ਸਲੂਤ ਨੇ । ਫ਼ਕਰ ਫਨਾ ਦਾ ਰਾਹ ਅੜਾਗਾ ।ਤਿੱਨ ਲੱਖ ਲੱਖ ਆਫ਼ਾਤ ਨੇ । ਠਡੜੇ ਸਾਹ ਤੇ ਹਾਰ ਹੰਝੂ ਦੇ ।ਮੁਤੜੀ ਇਸ਼ਕ ਸੁਗਾਤ ਨੇ । ਸਾੜੇ ਸੂਲ ਫ਼ਰੀਦ ਦੀ ਸੰਗਤ ।ਦਰਦ ਕਸ਼ਾਲੇ ਸਾਤ ਨੇ ।

125. ਜਿਥ ਥਲੜਾ, ਜਿਥ ਦਰਬੂੰ ਹੈ ਯਾਰ

ਜਿਥ ਥਲੜਾ, ਜਿਥ ਦਰਬੂੰ ਹੈ ਯਾਰ ।ਉਥ ਹਰ ਵੇਲੇ ਲਦਬੂੰ ਹੈ ਯਾਰ । ਤਡੜੇ ਚੀਕਨ ਗੀਰੇ ਘੂਕਿਨ ।ਜਰਖਾਂ ਤਰਖਾਂ ਲੂੰਬੜ ਕੂਕਿਨ । ਗੇਂਹੀ ਸ਼ੂਕਿਨ, ਸਾਨੂੰ ਫੂਕਿਨ ।ਨਾਂਗੀ ਦੀ ਸ਼ੂੰ ਸ਼ੂੰ ਹੈ ਯਾਰ । ਸੋਹਣੀਆਂ ਠੇੜੀਆਂ ਟਿਬੜੇ ਭਿਟੜੇ ।ਨਾਜੋ ਵਾਲੇ ਕਕੜੇ ਵਟੜੇ । ਪਾਂਹੀ, ਥੋਭੇ, ਪਾੜੇ, ਘਟੜੇ ।ਡਿਠੜੀਂ ਡੁਖੜਾ ਵੂੰ ਹੈ ਯਾਰ । ਕੰਡਰੀ ਕਾਠੀਂ ਨਸ਼ਤਰ ਮਾਰੀ ।ਸਮਝੂੰ ਯਾਰੀ ਤੇ ਗ਼ਮਖਵਾਰੀ । ਅਲੜੀ ਫਟੜੀ ਤੋਂ ਰਤ ਜਾਰੀ ।ਖਾਸ ਸੁਹਾਗ ਦੀ ਪੌ ਹੈ ਯਾਰ । ਹਿਨ ਖਿਲੇ ਹਾਸੇ ਸਾਡੇ ਪੇਸ਼ੇ ।ਸੂਲ ਸੜਾਪੇ ਦਰਦ ਅੰਦੇਸ਼ੇ । ਜ਼ੀਰੇ ਜ਼ਖਮ ਤੇ ਜ਼ਖਮੀ ਰੇਸ਼ੇ ।ਸਬ ਡੁਖ ਡਿਤੜਾ ਤੂੰ ਹੈ ਯਾਰ । ਰੋਹੀ ਮਹਿਜ਼ ਬਸ਼ਾਰਤ ਦਰਸੋਂ ।ਮਰਸੂੰ, ਭੁਰਸੂੰ, ਮੂਲ ਨ ਡਰਸੂੰ । ਬੇਦਰਦਾਂ ਦੀ ਦਿਲੜੀ ਤਰਸੂੰ ।ਡੇਂਹ ਰਾਤੀਂ ਘੌਂ, ਮੌਂ ਹੈ ਯਾਰ । ਜੈ ਡੇਂਹ ਹੋਤ ਨੀਤੇ ਪਟ ਦੇਰੇ ।ਸ਼ਹਿਰ ਭੰਭੋਰੋਂ ਸਖਤ ਪਰੇਰੇ । ਦਿਲ ਦੀਆਂ ਬੋਟੀਆਂ ਹਾਂ ਦੇ ਬੇਰੇ ।ਸਾਨੀ ਦੀ ਮੂੰ ਮੂੰ ਹੈ ਯਾਰ । ਤੌਂ ਬਿਨ ਯਾਰ ਫ਼ਰੀਦ ਦਾ ਜੀਵਣ ।ਜੀਦੀਂ ਜਗ ਵਿਚ ਡੁਖੜਾ ਥੀਵਣ । ਜ਼ਹਿਰ ਡਸਿਓ ਏ ਖਾਵਣ ਪੀਵਣ ।ਤੈਡੇ ਸਿਰ ਦੀ ਸੌਂ ਹੈ ਯਾਰ ।

126. ਜੋਸੀ ਤੂੰ ਪੋਥੀ ਫੋਲ ਵੇ

ਜੋਸੀ ਤੂੰ ਪੋਥੀ ਫੋਲ ਵੇ ।ਵਸਸੀ ਕਡਾਂ ਸੋਹਣਾਂ ਕੋਲ ਵੇ । ਰੋ ਰੋ ਥੱਕੀ ਪਿੱਟ ਪਿੱਟ ਹੁੱਟੀ ।ਕੇ ਡੇ ਵੇਸਾਂ ਡੁੱਖੜੀਂ ਕੁੱਠੀਂ । ਸੂਲਾਂ ਲੁੱਟੀ ਦਰਦਾਂ ਮੁੱਠੀ ।ਮਾਹੀ ਪੁੱਨਲ ਗਿਉਮ ਰੋਲ ਵੇ । ਪਾਂਧੀਂ ਪੁੱਛਾਂ ਵਾਟੀਂ ਤਕਾਂ ।ਸੜ ਸੜ ਭੁੱਜਾਂ ਭੁੱਜ ਭੁੱਜ ਪਕਾਂ । ਟੁਰ ਟੁਰ ਭੁੱਜਾਂ ਭਜ ਭਜ ਥੱਕਾਂ ।ਸੁੰਜ ਬਰ ਰੁਲਾਇਮ ਢੋਲ ਵੇ । ਜੀੜਾਂ ਗ਼ਮਾਂ ਵਿੱਚ ਵੜ ਗਿਆ ।ਡੁੱਖ ਉੜ ਗਿਆ ਸੁਖ ਲੁੜ ਗਿਆ । ਦਰਿਆ ਗਜਬ ਦਾ ਚੜ੍ਹ ਗਿਆ ।ਸੌ ਝੋਲ ਲੱਖ ਲੱਖ ਛੋਲ ਵੇ । ਸਿਕ ਸਾਥ ਸਾਵਲ ਦੀ ਸਦਾ ।ਦਰਦੋਂ ਨਾ ਥੀਉਮ ਦਿਲ ਜੁਦਾ । ਸ਼ਾਲਾ ਪੁੱਨਲ ਮੇਲਮ ਖ਼ੁਦਾ ।ਜਿੰਦੜੀ ਘੱਤਾਂ ਮੈਂ ਘੋਲ ਵੇ । ਜ਼ਾਹਦ ਵੱਟਾ ਹੁਣ ਜੋਲ ਵੇ ।ਬਿਰਹੋਂ ਚਬੋਲਾਂ ਬੋਲ ਵੇ । ਪਤਰੀ ਪਰਮ ਦੀ ਖੋਲ ਵੇ ।ਦਿੱਲੜੀ ਅਸਾਜੜੀ ਚੋਲ ਵੇ । ਡਖਾਂ ਨੇਂਹ ਅਨੋਖਾ ਰਾਜ਼ ਵੇ ।ਤੱਤਾ ਸੋਜ਼ ਦੇ ਹੱਥ ਸਾਜ਼ ਵੇ । ਮੁੱਠੀ ਧਾਂ ਫ਼ਰੀਦ ਆਵਾਜ਼ ਵੇ ।ਹੂ ਹੂ ਮਲਾਮਤ ਦੋਲ ਵੇ ।

127. ਕਹਾਂ ਪਾਊਂ ਕਹਾਂ ਪਾਊਂ ਯਾਰ

ਕਹਾਂ ਪਾਊਂ ਕਹਾਂ ਪਾਊਂ ਯਾਰ । ਜਿਨ ਇਨਸਾਨ ਮਲਾਇਕ ਸਾਰੇ ।ਕਿਆ ਸਗਲਾ ਸੰਸਾਰ । ਹੈਰਤ ਦੇ ਕੁਲਜ਼ਮ ਵਿਚ ਕੁਲਥੀਏ ।ਮੁਸਤਗਰਕ ਸਰਸ਼ਾਰ । ਸੂਫੀ ਸ਼ਾਗਲ ਗਿਆਨੀ ਧਿਆਨੀ ।ਗਏ ਓੜਕ ਸਭ ਹਾਰ । ਅਰਸ਼ੀ ਅਤੇ ਬਸਤਾਮੀ ਗਲ ਲਗ ।ਰੋਵਨ ਜ਼ਾਰੋ ਜ਼ਾਰ । ਬਤਲੀਮੂਸ ਤੇ ਰੀਸਾ ਗੌਰਸ ।ਕਰ ਕਰ ਸੋਚ ਬਚਾਰ । ਖੋਜ ਸੁਰਾਗ ਨ ਪਾਇਆ ਪਤਾ ।ਥਕ ਬੈਠੇ ਤਨ ਮਾਰ । ਬੁਧ ਮਜੂਸ ਯਹੂਦ ਨਸਾਰਾ ।ਹਿੰਦੂ ਤੇ ਦੀਨਦਾਰ । ਆਖਨ ਪਾਕ ਮਨਜ਼ਹ ਹੈ ।ਬੇ ਅੰਤ ਅਲਖ ਅਪਾਰ । ਪੀਰ ਪੈਗੰਬਰ ਗੌਸ ਕੁਤਬ ।ਕਿਆ ਮੁਰਸਲ ਕਿਆ ਔਤਾਰ । ਕਰਨ ਮਨਾਦੀ ਰੋ ਰੋ ਕੇ ।ਲਾ ਯਦ ਕਕ੍ਹਅਲ ਅਬਸਾਰ । ਆਲਮ ਫਾਜਲ ਆਰਫ ਕਾਮਲ ।ਇਜਜ਼ ਕੀਤਾ ਇਕਰਾਰ । ਆਖ ਫ਼ਰੀਦ ਨਮਾਣਾ ਭੋਲਾ ।ਤੂੰ ਵਿਚ ਕੌਨ ਕਤਾਰ ।

128. ਕਹੀਂ ਡੁੱਖੜੀ ਲਾਇਮ ਯਾਰੀ

ਕਹੀਂ ਡੁੱਖੜੀ ਲਾਇਮ ਯਾਰੀ ।ਰੋਂਦੀ ਉਮਰ ਗੁਜ਼ਾਰਿਮ ਸਾਰੀ । ਸੋਹਣੇ ਹੋਤ ਬਲੋਚ ਅਵੈੜੇ ।ਡਾਢੇ ਕੀਤੇ ਸਖ਼ਤ ਨਖੇੜੇ । ਨ ਸੁਧ ਸਲਾਮ ਸਨੇਹੜੇ ।ਕੇਡੇ ਵੈਸਾਂ ਸੂਲਾਂ ਮਾਰੀ । ਏਹੋ ਰਾਵਲ ਰਾਂਝਣ ਮਾਹੀ ।ਖੱਸ ਦਿੱਲੜੀ ਥੀਦਾਂ ਰਾਹੀ । ਵਲ ਕਰਦਾ ਬੇ ਪਰਵਾਹੀ ।ਵਾਹ ਜੁਲਮ ਤੇ ਬੇ ਨਰ ਵਾਰੀ । ਮਹੀਂਵਾਲ ਨਿਹਾਲ ਨ ਕੀਤਮ ।ਛੱਡ ਕਲੜ੍ਹੀ ਨਾਲ ਨ ਨੀਤਮ । ਭਰ ਜਾਮ ਡੁਖਾਂਦਾ ਪੀਤਮ ।ਪੇਸ਼ ਆਈ ਸ਼ਹਿਰ ਖਵਾਰੀ । ਸਰ ਆਇਆ ਬਿਰਹੋਂ ਬਖੇੜਾ ।ਡੇਂਹ ਰਾਤ ਹਮੇਸ਼ਾ ਝੇੜਾ । ਪਿਆ ਖਾਵਣ ਆਵਿਮ ਵੇਹੜਾ ।ਢੋਲੇ ਅਸਲੋਂ ਮਹਜ਼ ਵਸਾਰੀ । ਜੀ ਜਾਨੀ ਕਾਰਣ ਲੋਹਦਾ ।ਗ਼ਮ ਦਰਦ ਅਲਮ ਨਿੱਤ ਕੋਂਹਦਾ । ਗਲ ਹਾਰ ਗ਼ਮਾਂ ਦਾ ਸੋਂਹਦਾ ।ਸਰ ਸਿਹਰੇ ਮੂੰਝ ਮੁੰਝਾਰੀ । ਮਾਹੀ ਆਨ ਵਸਾਵੇ ਝੋਕਾਂ ।ਕਿਉਂ ਕਰਨ ਸਿਆਲੀ ਟੋਕਾਂ । ਮੈਡੀਆਂ ਸਬਜ਼ ਥੀਵਨ ਵਲ ਸੋਕਾਂ ।ਵੰਜਾਂ ਵਾਰੀ ਲੱਖ ਲੱਖ ਵਾਰੀ । ਸੈ ਰੋਗ ਹਜ਼ਾਰ ਕਸ਼ਾਲੇ ।ਤੈਡੇ ਕਾਰਣ ਜਿੰਦੜੀ ਜਾਲੇ । ਥਲ ਮਾਰੂ ਪੱਰਬਤ ਕਾਲੇ ।ਲਾਚਾਰ ਤੱਤੀ ਹੁਣ ਹਾਰੀ । ਜੈਂ ਦਿਲਬਰ ਦੀ ਦਿਲ ਬਰ ਦੀ ।ਤੈਂਹ ਬਾਝ ਫ਼ਰੀਦ ਨ ਸਰਦੀ । ਜੁੜ ਲਾਇਸ ਚੋਟ ਅੰਦਰ ਦੀ ।ਵਾਹ ਜ਼ਖਮ ਕੁਲੱਲੜਾ ਕਾਰੀ ।

129. ਕੈਂ ਪਾਇਆ ਬਾਝ ਫ਼ਕੀਰਾਂ

ਕੈਂ ਪਾਇਆ ਬਾਝ ਫ਼ਕੀਰਾਂ ।ਜਜ਼ਬਾ-ਏ-ਇਸ਼ਕ ਕੀ ਲੱਜ਼ਤ ਕੋ । ਕੁਲ ਸ਼ੈ ਵਿੱਚ ਕੁਲ ਸ਼ੈ ਡਿਠੋਸੇ ।ਹਮਾ ਓਸਤ ਦਾ ਦਰਸ ਕਿਤੋਸੇ । ਬਰਕਤ ਸੁਹਬਤ ਪੀਰਾਂ ।ਪੀ ਕਰ ਬਾਦਾ ਵੱਹਦਤ ਕੋ । ਜਬ ਮਦਹੋਸ਼ੀ ਨਾਜ਼ ਡਿਖਾਇਆ ।ਉਰਬਾਨੀ ਨੇ ਰੰਗ ਜਮਾਇਆ । ਖਿਰਕਾ ਪਾੜ ਲਵੀਰਾਂ ।ਪਹਿਨਿਯਮ ਰਿੰਦੀ ਖ਼ਲਕਤ ਕੋ । ਦਰਦ ਮੰਦਾਂ ਕੂੰ ਦਰਦ ਸਲਾਮਤ ।ਬਾਰ ਮੁਹੱਬਤ ਪੰਡ ਮਲਾਮਤ । ਦੁਖ ਦੁਖ਼ ਉਠਦੀਆਂ ਪੀੜਾਂ ।ਘੋਲ ਘਤਾਂ ਸਬ ਰਾਹਤ ਕੋ । ਹੁਸਨ ਫ਼ਰੀਦ ਕਈ ਘਰ ਲੂਟੇ ।ਰੁਲਦਿਆਂ ਫ਼ਿਰਦਿਆਂ ਜੰਗਲ ਬੂਟੇ । ਸੈ ਸੱਸੀਆਂ ਲੱਖ ਹੀਰਾਂ ।ਡੇਖੋ ਇਸ਼ਕ ਦੀ ਸ਼ਿਦਤ ਕੋ ।

130. ਕਲ੍ਹੜੀ ਰੋਲ ਮਲ੍ਹੇਰ ਗਿਉਂ

ਕਲ੍ਹੜੀ ਰੋਲ ਮਲ੍ਹੇਰ ਗਿਉਂ ।ਯਾਰ ਵਲਾ ਹੁਣੇ ਹੁਣੇ ਵਾਗਾਂ । ਰੋਹ ਜਬਲੜੇ ਔਖੜੇ ।ਡੁੱਖੜੇ ਥੱਲੜੇ ਝਾਗਾਂ । ਕਦਮ ਕਦਮ ਤੇ ਢੈ ਪੌਵਾਂ ।ਦਿੱਲੜੀ ਲਗੜੀਆਂ ਲਾਗਾਂ । ਰੋਹੀ ਵੁੱਠੜੀ ਘਾ ਥਏ ।ਮੱਟੜੀਂ ਲਗੜੀਆਂ ਜਾਗਾਂ । ਗਾਂਈਂ ਸਹੰਸ ਸਵਾਈਆਂ ।ਸੈ ਸੈ ਚਰਨ ਕੁਰਾਗਾਂ । ਸਿੰਧੜੀ ਡੁੱਖੜੇ ਘਾਟੜੇ ।ਰੋਹੀ ਮਲੜੇ ਭਾਗਾਂ । ਲਾਣੇ ਫੋਗ ਫੁਲਾਰੀਏ ।ਰਲ ਮਿਲ ਚਾਰੋਂ ਡਾਗਾਂ । ਡੈਹਾਂ ਡੋੜੇ ਡੋੜਾਪੜੇ ।ਰਾਤੀ ਰੋਂਦੀ ਜਾਗਾਂ । ਸੰਗੀਆਂ ਸੂਰਤੀਆਂ ਮਿਲ ਮਿਲਾ ।ਸੁਰਖ਼ੀਆਂ ਕੱਜਲ ਮਸਾਗਾਂ । ਮੈਲੇ ਵੇਸ ਸੁਹਾਉਂਦੇ ।ਫੇਰੀ ਕੰਡ੍ਹ ਸੁਹਾਗਾਂ । ਦਰਦ ਫ਼ਰੀਦ ਉਜਾੜਿਆ ।ਡੁੱਖੜੇ ਡਿਤਮ ਡੁਹਾਗਾਂ ।

131. ਕਾਂ ਕੋ ਕੋ ਕਰਲਾਊਂਦਾ ਹੈ

ਕਾਂ ਕੋ ਕੋ ਕਰਲਾਊਂਦਾ ਹੈ ।ਕੋਈ ਕਾਸਦ ਯਾਰ ਦਾ ਆਉਂਦਾ ਹੈ । ਰੁੱਤ ਸਾਵਣ ਦੀ ਡੇਹ ਮਲ੍ਹਾਰੀ ।ਬਾਦ ਸਮਾਲੀ ਕਿਣ ਮਿਣ ਜਾਰੀ । ਬੁਈ ਲਾਣੀ ਖਿਪ ਖ਼ੂਬ ਫੁਲਾਰੀ ।ਕਰੜ ਕੰਡਾ ਸਬ ਭਾਉਂਦਾ ਹੈ । ਆਸ ਆਈ ਤੇ ਯਾਸ ਸਿੱਧਾਈ ।ਝੁੜ ਬਾਦਲ ਆ ਝੁੜਮੁਰ ਲਾਈ । ਉਜੜੀਆਂ ਝੋਕਾਂ ਖ਼ੁਨਕੀ ਚਾਈ ।ਗ਼ਮ ਡਰ ਡਰ ਲੁਕ ਪੌਂਦਾ ਹੈ । ਮੀਂਹ ਬਰਸਾਤ ਖ਼ੁਸ਼ੀ ਦੇ ਵੇਲ੍ਹੇ ।ਛੇੜਨ ਛੇੜ ਵ ਛਾਂਗ ਸਵੇਲੇ । ਆਪੇ ਦਿਲਬਰ ਕੀਤੇ ਮੇਲੇ ।ਜੈਂ ਬਿਨ ਜੀ ਤੜਫਾਉਂਦਾ ਹੈ । ਟਿੱਬੇ ਰੇਖਾਂ ਥਲ ਤੇ ਡਹਰ ।ਕੁਲ ਗਲ ਡਿਸਦੇ ਅਹਿਮਰ ਅਸਫ਼ਰ । ਡੁੱਖ ਕਸ਼ਾਲੇ ਗੁਜ਼ਰੇ ਯਕਸਰ ।ਸੁੱਖ ਰਗ ਰਗ ਵਿੱਚ ਧੌਂਦਾ ਹੈ । ਡੁਖ ਡੁਹਾਗ ਦਾ ਵਕਤ ਵਿਹਾਇਆ ।ਭਾਗ ਸੁਹਾਗ ਦਾ ਵੇਲ੍ਹਾ ਆਇਆ । ਯਾਰ ਫ਼ਰੀਦ ਅੰਗਨ ਪੋਂਪਾਇਆ ।ਹਾਰ ਸਿੰਗਾਰ ਸਹਾਉਂਦਾ ਹੈ ।

132. ਕਰਨ ਨਜ਼ਾਰੇ ਤੇਜ਼ ਨਜ਼ਰ ਸ਼ਾਲਾ ਜੀਵੇਂ

ਕਰਨ ਨਜ਼ਾਰੇ ਤੇਜ਼ ਨਜ਼ਰ ਸ਼ਾਲਾ ਜੀਵੇਂ ।ਨੂਰ ਵਜੂਦ ਅਯਾਨੇ । ਸੱਰੇ ਸੁਬਹਾਨੀ ਰਾਜ਼ ਅਨਲਹਕ ।ਰਿੰਦੀ ਵਿਰਦ ਲਿਸਾਨੇ । ਵਿਰਦ ਮਬਾਨੀ ਕਸ਼ਫ ਮੁਆਨੀ ।ਅਹਿਲ ਦੇਲੋਂਦਾ ਸ਼ਾਨੇ । ਸਮਝ ਸੁੰਜਾਣੀ ਗੈਰ ਨ ਜਾਣੀ ।ਸਬ ਸੂਰਤ ਸੁਬਹਾਨੇ । ਅੱਵਲ ਆਖਰ ਜ਼ਾਹਰ ਬਾਤਨ ।ਯਾਰ ਅਯਾਨ ਬਿਆਨੇ । ਕੱਥ ਮਨਸੂਰੀ ਤੇ ਤੀਫੂਰੀ ।ਕੱਥ ਸਰਮਦ ਸਨਆਨੇ । ਹੁਸਨ ਪਰਸਤੀ ਸ਼ਾਹਦ ਮਸਤੀ ।ਸਾਡਾ ਦੀਨ ਈਮਾਨੇ । ਰਾਹ ਤੌਹੀਦੀ ਰੀਤ ਫ਼ਰੀਦੀ ।ਅਪਨੇ ਆਪ ਦਾ ਧਿਆਨੇ ।

133. ਕਰ ਯਾਰ ਅਸਾਂ ਵਲ ਆਵੰਨਡੀ

ਕਰ ਯਾਰ ਅਸਾਂ ਵਲ ਆਵੰਨਡੀ ।ਅੱਜ ਸਹਿਜ ਕਨੂੰ ਅਖ ਫੁਰਕੇ ਵੋ । ਗੁਜਰੀ ਡੁੱਖ ਡੁਹਾਗ਼ ਦੀ ਵਾਰੀ ।ਰੋਹੀ ਗੁਲ ਫੁਲ ਨਾਲ ਸਿੰਗਾਰੀ । ਮੁਦ ਮਸਤਾਨੀ ਡੇਂਹ ਮਲਾਰੀ ।ਬਾਦ ਸ਼ਮਾਲੀ ਲੁਰਕੇ ਵੋ । ਕੀਤੀ ਭਾਗ ਸੁਹਾਗ ਉਤਾਵਲ ।ਰੁਤ ਆਈ ਕਰ ਤੁਰਤ ਉਬਾਹਲ । ਕਿਣ ਮਿਣ ਕਣੀਆਂ ਰਿੱਮ ਝਿੱਮ ਬਾਦਲ ।ਬਾਰਸ਼ ਬੁਰਕੇ ਬੁਰਕੇ ਵੋ । ਸਿਧੜੀ ਥਈ ਵਲ ਕਿਸਮਤ ਪੁੱਠੜੀ ।ਆਪੇਂ ਮਨੜੀ ਰਾਹਤ ਰੁੱਠੜੀ । ਸੋਹਣੀ ਮੌਸਮ ਰੋਹੀ ਵੁੱਠੜੀ ।ਵਹਸ਼ਤ ਡੂੰ ਦਿਲ ਸੁਰਕੇ ਵੋ । ਠਡਰੀਆਂ ਹੀਲਾਂ ਪੂਰਬ ਵਾਲੀਆਂ ।ਕੱਜਲੇ ਬਾਦਲ ਲੱਸੜੀਆਂ ਕਾਲੀਆਂ । ਸੰਗੀਆਂ ਸੁਰਤੀਆਂ ਨੂੰ ਖੁਸ਼ਹਾਲੀਆਂ ।ਹਿੱਕ ਵੈਰਨ ਪਈ ਕੁਰਕੇ ਵੋ । ਆਪੇ ਯਾਰ ਫ਼ਰੀਦ ਸੰਭਾਲਿਅਮ ।ਸੋਹਣੇ ਸਾਂਵਲ ਪ੍ਰੀਤਾਂ ਪਾਲਿਅਮ । ਬਖਤੀ ਸੁੰਜਰੀ ਟਾਲਿਅਮ ।ਜੀ ਮੁਸਕੇ ਦਿਲ ਮੁਰਕੇ ਵੋ ।

134. ਕੌਨ ਕਿਰਮ ਨਿਰਵਾਰ ਤੇਗ ਬਿਰਹੋਂ ਦੀ ਕੁੱਠੀਆਂ ਕੁੱਠੀਆਂ

ਕੌਨ ਕਿਰਮ ਨਿਰਵਾਰ ਤੇਗ ਬਿਰਹੋਂ ਦੀ ਕੁੱਠੀਆਂ ਕੁੱਠੀਆਂ । ਅਨਹਦ ਬੀਨ ਬਜਾ ਮਨ ਮੋਹਿਸ ।ਗਵਲ ਜੋਗੀ ਲੁੱਟੀਆਂ ਲੁੱਟੀਆਂ । ਗਜ਼ ਹਕੀਕੀ ਫਾਸ਼ ਡਿੱਠੋਸੇ ।ਇਲਮੋ ਅਮਲ ਤੋਂ ਛੁੱਟੀਆਂ ਛੁੱਟੀਆਂ । ਇਸ਼ਕ ਨਹੀਂ ਹੈ ਆਗ ਗਜ਼ਬ ਦੀ ।ਧਾਂ ਕਰੇਂਦੀ ਹੁੱਟੀਆਂ ਹੁੱਟੀਆਂ । ਕਲ੍ਹੜੀ ਛੱਡ ਕੇ ਕੇਚ ਸਿਧਾਇਉਂ ।ਅੱਖੀਂ ਮਲੇਂਦੀਂ ਉੱਠੀਆਂ ਉੱਠੀਆਂ । ਜਾਮ ਜ਼ਹਿਰ ਦੇ ਜ਼ੁਲਮ ਕਹਿਰ ਦੇ ।ਦਰਦ ਪਲੇਂਦਾ ਘੁੱਟੀਆਂ ਘੁੱਟੀਆਂ । ਇਸ਼ਕ ਫ਼ਰੀਦ ਨਹੀਂ ਅੱਜ ਕਲ ਦਾ ।ਰੋਜ਼ ਅਜ਼ਲ ਦੇ ਦੀ ਮੁੱਠੀਆਂ ਮੁੱਠੀਆਂ ।

135. ਕੇਚ ਗਿਉਂ ਯਾਰ ਬਰੋਚਲ

ਕੇਚ ਗਿਉਂ ਯਾਰ ਬਰੋਚਲ ।ਕਲ ਨਾ ਲਧੜੋ ਸਾਵਲ ਵਲ । ਮਿਸਰੀ ਖੰਜ ਨਬਾਤੜੀ ।ਡਿਸਦੀਆਂ ਜ਼ਹਿਰ ਹਲਾਹਲ । ਘੋਲੇ ਜ਼ੇਵਰ ਭਾ ਲਗੇ ।ਬਠ ਪਏ ਡੋਰੇ ਮਲਮਲ । ਜੋਭਨ ਜੋਸ਼ ਜਵਾਨੜੀ ।ਨਾਜ਼ ਨਹੋਰੇ ਗਏ ਗਲ । ਕਪੜੇ ਲੀਰ ਕਤੀਰੜੇ ।ਲਿੰਗੜੀ ਜਾਈ ਮਿਲਜਲ । ਅੱਖੀਆਂ ਕਜਲੋਂ ਕਾਲੀਆਂ ।ਪੇਚੀ ਜ਼ੁਲਫ ਵਲੋ ਵਲ । ਓ ਦਿਲ ਚੋਟ ਚਲਾਂਦੀਆਂ ।ਏ ਥੀ ਫਾਈ ਪਏ ਗਲ । ਡਿਠਮ ਮਲਕ ਮਲ੍ਹੇਰ ਡੂੰ ।ਕਾਲੇ ਕਾਲੇ ਬਾਦਲ । ਸਿੰਧੜੇ ਰਹਿਨ ਨ ਡੇਂਦੀਆਂ ।ਲਗੜੀਆਂ ਤਾਘਾ ਪਲਪਲ । ਰੋਹੀ ਮੇਂਘ ਮਲ੍ਹਰੜਾ ।ਖਮਦੀਆਂ ਖਮਨੀਆਂ ਅਜਕਲ । ਦਿਲੜੀ ਸਿਦਕੀ ਦੇਸ ਡੂੰ ।ਅਖੜੀਂ ਹੰਝਣੂੰ ਬਲਬਲ । ਡੇਖਾਂ ਬਾਗ ਬਗੋਚੜੇ ।ਜੀਅੜਾ ਜਾਨਵਿਮ ਜਲਬਲ । ਲਾਣੇ ਫੋਗ ਫ਼ਰੀਦ ਦੇ ।ਦਰਦ ਦਲੇਂਦੇ ਦਰਮਲ ।

136. ਕਿਸ ਧਰਤੀ ਸੇ ਆਏ ਹੋ ਤੁਮ

ਕਿਸ ਧਰਤੀ ਸੇ ਆਏ ਹੋ ਤੁਮ ।ਕਿਸ ਨਗਰੀ ਕੇ ਬਾਸੀ ਰੇ । ਪਰਮ ਨਗਰ ਹੈ ਦੇਸ ਤੁਮ੍ਹਾਰਾ ।ਫਿਰਤੇ ਕਹਾਂ ਉਦਾਸੀ ਰੇ । ਕਿਉਂ ਹੋਤੇ ਹੋ ਜੋਗੀ ਭੋਗੀ ।ਰੋਗੀ ਤਰਹ ਬਰਾਗੀ ਰੇ । ਅੰਗ ਭੱਭੂਤ ਰਮਾ ਕੇ ਕਿਉਂ ਕਰ ।ਰਖਤੇ ਬਦਨ ਸਨਿਆਸੀ ਰੇ । ਅਪਨਾ ਆਪ ਸੰਭਾਲ ਕੇ ਦੇਖੋ ।ਕਰਕੇ ਨਜ਼ਰ ਹਕੀਕਤ ਕੀ । ਫ਼ਿਕਰ ਨ ਕੀਜੋ ਯਾਰੋ ਹਰਗਿਜ਼ ।ਆਸੀ ਯਾ ਨ ਆਸੀ ਰੇ । ਤੁਮ ਹੋ ਸਾਗੀ ਤੁਮ ਹੋ ਸਾਗੀ ।ਵਾਗੀ ਜ਼ਰਾ ਨ ਵਾਗੀ ਰੇ । ਅਪਨੀ ਜ਼ਾਤ ਸਿਫ਼ਾਤ ਕੋ ਸਮਝੋ ।ਅਪਨੀ ਕਰੋ ਸ਼ਨਾਸੀ ਰੇ । ਬਾਤ ਫ਼ਰੀਦੀ ਸੋਚ ਕੇ ਸੁਣਿਉ ।ਲਾਕਰ ਦਿਲ ਕੇ ਕਾਨੋਂ ਕੋ । ਦੋਨੋ ਜਗ ਕੇ ਮਾਲਕ ਤੁਮ ਹੋ ।ਭੁਲੇ ਅੱਲਾ-ਰਾਸੀ ਰੇ ।

137. ਕਿਵੇਂ ਤੂੰ ਫਰਦ ਤੇ ਜੁਜਵ ਸਡਾਵੇਂ ਤੂੰ ਕੁੱਲ ਤੂੰ

ਕਿਵੇਂ ਤੂੰ ਫਰਦ ਤੇ ਜੁਜਵ ਸਡਾਵੇਂ ਤੂੰ ਕੁੱਲ ਤੂੰ । ਬਾਗ ਬਹਿਸ਼ਤ ਦਾ ਤੂੰ ਹੈਂ ਮਾਲਕ ।ਖੁਦ ਬੁਲਬੁਲ ਖੁਦ ਗੁਲ । ਅਰਸ਼ ਵੀ ਤੈਡਾ ਫਰਸ਼ ਵੀ ਤੈਡਾ ।ਤੂੰ ਆਲੀ ਅਣਮੁਲ । ਚੜ੍ਹ ਦਾਰੀ ਮਨਸ਼ਰ ਦੇ ਭਾਈ ।ਕਰਨ ਅਜਬ ਗੁਲਗੁਲ । ਰੂਹ ਮਿਸਾਲ ਸ਼ਹਾਦਤ ਤੂੰ ਹੈਂ ।ਸਮਝ ਸੰਜਾਣ ਨਾ ਭੁਲ । ਦੁਨੀਆ ਉਕਬਾ ਬਰਜੁਖ ਅੰਦਰ ।ਨਾਹੀਂ ਤੈਡਰਾ ਤੁਲ । ਯਾਰ ਫ਼ਰੀਦਾ ਕੋਲ ਹੈ ਤੈਡੇ ।ਨਾ ਬੇਹੂਦਾ ਰੁਲ ।

138. ਕੋਈ ਮਾਹਣੂੰ ਆਏ ਮੈਂ ਯਾਰ ਦਾ

ਕੋਈ ਮਾਹਣੂੰ ਆਏ ਮੈਂ ਯਾਰ ਦਾ ।ਸਾਥੀ ਖੜਾ ਸਨੇਹੜਾ ਡੇਂਦਾ । ਇਸ਼ਕ ਨਹੀਂ ਹੈ ਤੀਰ ਬਲਾ ਦਾ ।ਜ਼ੁਲਮੀਂ ਚੋਟ ਚਲੇਂਦਾ । ਨਾਜ਼ ਅਦਾ ਕੁਝ ਕਰੇ ਨ ਟਾਲਾ ।ਹੁਕਮੀ ਬਿਰਹੋਂ ਬਛੇਂਦਾ । ਰਮਜ਼ ਰਮੂਜ਼ ਤੇ ਗੁਝੜੇ ਹਾਸੇ ।ਸਭ ਕੁਝ ਦਰਦ ਸਝੇਂਦਾ । ਸੋਜ਼ ਫਰਾਕ ਤੇ ਦਰਦ ਅੰਦੇਸ਼ੇ ।ਤਨ ਮਨ ਫੂਕ ਜਲੇਂਦਾ । ਹਰਗਿਜ਼ ਸੂਲ ਨ ਸਹਿੰਦੀ ਦਿਲੜੀ ।ਯਾਰ ਐ ਬਾਰ ਸਹੇਂਦਾ । ਹਿਜ਼ਰ ਫਰੀਦ ਕੀਤੀ ਦਿਲ ਜ਼ਖਮੀ ।ਦੋਸਤ ਨ ਮਰਹਮ ਲੈਂਦਾ ।

139. ਕੁਲ ਗ਼ੈਰ ਕਨੂੰ ਜੀ ਵਾਂਦੇ

ਕੁਲ ਗ਼ੈਰ ਕਨੂੰ ਜੀ ਵਾਂਦੇ ।ਮੁੱਠੀ ਰੀਤ ਅਨੋਖੀ ਰਾਂਦੇ । ਸੱਟ ਕਰ ਖਵੇਸ਼ ਕਬੀਲਾ ਥਿਓਸੇ ।ਬਰਦੇ ਤੈਡੜੇ ਨਾਂ ਦੇ । ਸਬ ਸੂਰਤ ਵਿੱਚ ਢੋਲ ਸੰਜਾਣੋ ।ਥਿਓ ਵ ਨਾ ਦਰਮਾਂਦੇ । ਸੀਨੇ ਝੋਕਾਂ ਦੀਦੀਂ ਦੇਰੇ ।ਸੋਹਣੇ ਦੋਸਤ ਦਿਲਾਂ ਦੇ । ਹਰ ਪਲ ਪਲ ਵਿੱਚ ਕੋਲ ਬਗਲ ਵਿੱਚ ।ਯਾਰ ਮਿੱਠੇ ਮਨ ਭਾਂਦੇ । ਅੱਖੀਆਂ ਦੇ ਵਿੱਚ ਕਤਰ ਨ ਮਾਵੇ ।ਸਾਰੇ ਸੱਜਨ ਸਮਾਂਦੇ । ਸ਼ਾਲਾ ਵੰਜ ਕਰ ਹਜ਼ਰਤ ਰੋਹੀ ।ਡੇਖੂੰ ਘਰ ਮਿੱਤਰਾਂ ਦੇ । ਸੱਟ ਕਰ ਵਿਰਦ ਫ਼ਰੀਦ ਹਮੇਸ਼ਾਂ ।ਗੀਤ ਪਰਮ ਦੇ ਗਾਂਦੇ ।

140. ਕਿਆ ਡੁੱਖ਼ੜਾ ਨੇਂਹ ਲਿਉਸੇ

ਕਿਆ ਡੁੱਖ਼ੜਾ ਨੇਂਹ ਲਿਉਸੇ ।ਡੁੱਖ ਬਾਝ ਪੱਲੇ ਨ ਪਿਉ ਸੇ । ਇਸ਼ਕ ਨਹੀਂ ਹੈ ਨਾਰ ਗ਼ਜ਼ਬ ਦੀ ।ਤਨ ਮਨ ਕੀਤੁਸ ਕੋਲੇ । ਸੂਲਾਂ ਸੜਦੀਂ ਆਹੀ ਭਰਦੀਂ ।ਸਾਰੀ ਉੱਮਰ ਨਿਭਿਉਸੇ । ਨਾ ਗਮਖ਼ਾਰ ਨਾ ਕੋਈ ਸਾਥੀ ।ਨਾ ਕੋਈ ਹਾਲ ਵੰਡਾਵੇ । ਇਸ਼ਕ ਜੇਹਾਂ ਡੁੱਖ ਹੋਰ ਨ ਕੋਈ ।ਮਾ ਪਿਉ ਵੈਰੀ ਥਿaੁਸੇ । ਖ਼ਵੇਸ਼ ਕਬੀਲਾ ਹਰ ਕੋਈ ਜਾਣੇ ।ਮੰਜ਼ਿਲ ਯਾਰ ਦੀਆਂ ਝੋਕਾਂ । ਸੇਂਗੀਆਂ ਸੁਰਤੀਆਂ ਕਰਦੀਆਂ ਟੋਕਾਂ ।ਸਾਰਾ ਭਰਮ ਲੁੜ੍ਹਿaੁਸੇ । ਗਲੀਆਂ ਕੂਚੇ ਸ਼ਹਿਰ ਬਜ਼ਾਰਾਂ ।ਲੋਗ ਮਰੇਂਦਾ ਕਾਨੇ । ਨੰਢੜੇ ਵਡੜੇ ਡੇਵਨ ਤਾਨੇ ।ਸ਼ਰਮ ਸ਼ਉਰ ਵੰਜਿਉਸੇ । ਗਾਲ੍ਹ ਨਹੀਂ ਅੱਜ ਕਲ ਦੀ ਸੁੰਜੜੀ ।ਰੋਜ਼ ਅਜ਼ਲ ਦੀ ਮੁੱਠੜੀ । ਬੇ ਨਿਸ਼ਾਨ ਸੱਜਣ ਦੇ ਕੀਤੇ ।ਨਾਸ ਨਿਸ਼ਾਨ ਗੰਵਿਉਸੇ । ਹਾਰ ਹੰਜੂੰ ਦਾ ਗਲ ਵਿੱਚ ਪਾਵਾਂ ।ਬੈਠੀ ਰੋ ਰੋ ਹਾਲ ਵੰਜਾਵਾਂ । ਪੀਤ ਸੁਵਾ ਬਈ ਰੀਤ ਨ ਕਾਈ ।ਡੇ ਸਿਰ ਮੁਫ਼ਤ ਰਾਧਿਉਸੇ । ਮੂੰਝ ਮੁੰਝਾਰੀ ਦਰਦ ਵਿਛੋੜਾ ।ਲਿਖਿਆ ਬਾਬ ਤੱਤੀ ਦੇ ਡੋੜਾ । ਯਾਰ ਫ਼ਰੀਦ ਖ਼ਰੀਦ ਨ ਕੀਤਾ ।ਰੋ ਰੋ ਖ਼ਲਕ ਰੁਵਿਉਸੇ ।

141. ਕਿਆ ਹਾਲ ਸੁਣਾਵਾਂ ਦਿਲ ਦਾ

ਕਿਆ ਹਾਲ ਸੁਣਾਵਾਂ ਦਿਲ ਦਾ ।ਕੋਈ ਮਹਰਮ ਰਾਜ਼ ਨ ਮਿਲਦਾ । ਮੁੰਹ ਧੂੜ ਮਿਟੀ ਸਿਰ ਪਾਇਮ ।ਸਾਰਾ ਨੰਗ ਨਮੂਜ਼ ਵੰਜਾਇਮ । ਕੋਈ ਪੁਛਣ ਨ ਵੇਹੜੇ ਆਇਮ ।ਹਥੋ ਉਲਟਾ ਆਲਮ ਖਿਲਦਾ । ਆਇਆ ਬਾਰ ਬਿਰਹੋ ਸਿਰ ਬਾਰੀ ।ਲਗੀ ਹੂੰ ਹੂੰ ਸ਼ਹਿਰ ਖਵਾਰੀ । ਰੋਂਦੀ ਉਮਰ ਗੁਜ਼ਰੇਮ ਸਾਰੀ ।ਨਾ ਪਾਇਮ ਡਸ ਮਨਜ਼ਲ ਦਾ । ਦਿਲ ਯਾਰ ਕੀਤੇ ਕੁਰਲਾਵੇ ।ਤੜਫ਼ਾਵੇ ਤੇ ਗਮ ਖਾਵੇ । ਡੁਖ ਪਾਵੇ ਸੂਲ ਨਿਭਾਵੇ ।ਏਹੋ ਤੌਰ ਤੈਂਡੇ ਬੇਦਿਲਦਾ । ਕਈ ਸਹੰਸ ਤਬੀਬ ਕਮਾਵਨ ।ਸੈ ਪੁੜੀਆਂ ਝੋਲ ਪਲਾਵਨ । ਮੈਡੇ ਦਿਲ ਦਾ ਭੇਦ ਨ ਪਾਵਨ ।ਪਵੇ ਫਰਕ ਨਹੀਂ ਇਕ ਤਿਲਦਾ । ਪੁਨੂੰ ਹੋਤੇ ਨ ਖੜ ਮੁਕਲਾਇਆ ।ਛਡ ਕਲ੍ਹੜੀ ਕੀਚ ਸਿਧਾਇਆ । ਸੋਹਣੇ ਜਾਣ ਪਛਾਣ ਰੋਲਾਇਆ ।ਕੂੜਾ ਉਜਰ ਨਭਾਇਮ ਘਿਲਦਾ । ਸੁਣ ਲੇਲਾ ਧਾਂਹ ਪੁਕਾਰੇ ।ਤੈਂਡਾ ਮਜਨੂੰ ਜ਼ਾਰ ਨਜ਼ਾਰੇ । ਸੋਹਣਾ ਯਾਰ ਤੂਣੇ ਹਿਕਵਾਰੇ ।ਕਡੀ ਚਾ ਪਰਦਾ ਮੁਹਮਲ ਦਾ । ਦਿਲ ਪ੍ਰੇਮ ਨਗਰ ਡੂੰ ਤਾਂਘੇ ।ਜਥਾਂ ਪੈਂਡੇ ਸਖਤ ਅੜਾਂਗੇ । ਨਾਰਾਹ ਫ਼ਰੀਦਨ ਲਾਂਘੇ ।ਪੰਧ ਬਹੂੰ ਮੁਸ਼ਕਲ ਦਾ ।

142. ਕਿਆ ਇਸ਼ਕ ਅੜਾਹ ਮਚਾਇਆ ਹੈ

ਕਿਆ ਇਸ਼ਕ ਅੜਾਹ ਮਚਾਇਆ ਹੈ ।ਹਰ ਰੋਜ਼ ਇਹ ਸੋਜ਼ ਸਵਾਇਆ ਹੈ । ਸਰ ਤਨ ਮਨ ਫੂਕ ਜਲਾਇਆ ਹੈ ।ਮੁੱਠਾ ਜੋਬਨ ਮੁਫ਼ਤ ਗੰਵਾਇਆ ਹੈ । ਭੈੜੀ ਦਿੱਲੜੀ ਮਾਰ ਮੁੰਝਾਇਆ ਹੈ ।ਦਮ ਦਮ ਵਿੱਚ ਦਰਦ ਸਵਾਇਆ ਹੈ । ਸੱਟ ਸੇਝ ਇਕੇਲੀ ਹੋਤ ਨੱਸੇ ।ਗ਼ਮ ਪਾ ਕਰ ਝੋਲੀ ਐਸ਼ ਖ਼ੱਸੇ । ਗਲ ਹਾਰ ਫੁਲਾਂ ਦਾ ਨਾਂਗ ਡਿੱਸੇ ।ਡੁੱਖੀ ਕਿਸਮਤ ਸਬ ਡੁੱਖ ਲਾਇਆ ਹੈ । ਸੋਹਣਾ ਸਾਂਗ ਹਿਜਰ ਦੀ ਮਾਰ ਗਿਆ ।ਯਕਬਾਰੀ ਯਾਰ ਵਸਾਰ ਗਿਆ । ਕਰ ਜ਼ਾਰ ਨਜ਼ਾਰ ਖਵਾਰ ਗਿਆ ।ਤੱਤੀ ਬੇ ਵੱਸ ਬਾਰ ਸਹਾਇਆ ਹੈ । ਏਹਾ ਦਿੱਲੜੀ ਇਸ਼ਕ ਦੀ ਕੁੱਠੜੀ ਹੈ ।ਜੈਂ ਸਬਰ ਆਰਾਮ ਵੰਜਾਇਆ ਹੈ । ਮਾ ਡਿੱਤੜੀ ਸ਼ੌਕ ਦੀ ਗੁੱਠੜੀ ਹੈ ।ਜੈਂ ਸਬਰ ਆਰਾਮ ਵੰਜਾਇਆ ਹੈ । ਦਿਲ ਲਾਵਣ ਹਾਲ ਵੰਜਾਵਣ ਹੈ ।ਸੁਖ ਡੇਵਣ ਤੇ ਡੁੱਖ ਪਾਵਣ ਹੈ । ਗ਼ਮ ਖਾਵਣ ਦਰਦ ਨਿਭਾਵਣ ਹੈ ।ਨੇੜਾ ਬੇਸ਼ਕ ਕੂੜਾ ਜਾਇਆ ਹੈ । ਸੋਹਣੇ ਬਾਝ ਫ਼ਰੀਦ ਕਰਾਰ ਗਿਆ ।ਕੰਮ ਕਾਰ ਸਭੋ ਘਰ ਬਾਰ ਗਿਆ । ਸਬ ਨਾਜ਼ ਨਵਾਜ਼ ਸੰਗਾਰ ਗਿਆ ।ਸਰ ਬਾਰ ਡੁਹਾਗ ਸਹਾਇਆ ਹੈ ।

143. ਕਿਆ ਰੀਤ ਪਰੀਤ ਸਿਖਾਈ ਹੈ

ਕਿਆ ਰੀਤ ਪਰੀਤ ਸਿਖਾਈ ਹੈ ।ਸਬ ਡਿੱਸਦਾ ਹੁਸਨ ਖ਼ੁਦਾਈ ਹੈ । ਡਿੱਸਦੀ ਯਾਰ ਮਿੱਠਲ ਦੀ ਸੂਰਤ ।ਕੁਲ ਤਸਵੀਰ ਅਤੇ ਕੁਲ ਮੂਰਤ । ਹਰ ਵੇਲੇ ਹੈ ਸ਼ਗਨ ਮਹੂਰਤ ।ਗ਼ੈਰ ਦੀ ਖ਼ਬਰ ਨ ਕਾਈ ਹੈ । ਨਾਜ਼ ਨਿਹੋਰੇ ਯਾਰ ਸੱਜਣ ਦੇ ।ਇਸ਼ਵੇ ਗ਼ਮਜ਼ੇ ਮਨ ਮੋਹਨ ਦੇ । ਹਰ ਹਰ ਆਨ ਅਨੋਖੜੇ ਵੰਦੇ ।ਵਾਹ ਜ਼ੀਨਤ ਜ਼ੇਬਾਈ ਹੈ । ਨਖ਼ਰੇ ਨਖ਼ਰੇ ਨੋਕਾਂ ਟੋਕਾਂ ।ਦਿੱਲੜੀ ਜੋੜ ਚੁਭੇਂਦੀਆਂ ਚੋਂਕਾਂ । ਸੋਕਾਂ ਸਬਜ਼ ਥੀਆਂ ਵੱਲ ਝੋਕਾਂ ।ਖ਼ੂਬੀ ਖ਼ੁਨਕੀ ਚਾਈ ਹੈ । ਨਾਜ਼ਕ ਚਾਲੀਂ ਨੂਰ ਨੋਲ ਦੀ ।ਰਮਜ਼ਾਂ ਬਾਕੀ ਤਰਜ਼ ਜਦਲ ਦੀ । ਧਾੜ ਕੱਜਲ ਦੀ ਧਾੜਾ ਜਲਦੀ ।ਸੁਰਖ਼ੀ ਭਾ ਭੜਕਾਈ ਹੈ । ਡੁੱਖ ਡੁਹਾਗ ਤੇ ਦਰਦ ਜੁਦਾਈ ।ਰਲ ਮਿਲ ਵੈਂਦੇ ਸਾਥ ਲਡਾਈ । ਇਸ਼ਕ ਫ਼ਰੀਦ ਥਿਉਸੇ ਭਾਈ ।ਇਸ਼ਰਤ ਰੋਜ਼ ਸਵਾਈ ਹੈ ।

144. ਕਿਆ ਥਿਆ ਜੋ ਤੈਡੀ ਨ ਬਣੀ

ਕਿਆ ਥਿਆ ਜੋ ਤੈਡੀ ਨ ਬਣੀ ।ਥੀਸੀ ਓਹਾ ਜੋ ਰੱਬ ਗਿਣੀ । ਦੌਲਤ ਕੂੰ ਚੂਚੀ ਲਾ ਅੜਾ ।ਠਗ ਬਾਜ਼ ਦਾ ਡਟਕੋ ਨ ਖਾ । ਆਜ਼ਾਦ ਥੀ ਸਫਨ ਸਫ਼ਾ ।ਚੁਣ ਘਿਨ ਸੁੰਜਾਏਂਦੀ ਅਣੀ । ਦੁਨੀਆਂ ਦਾ ਨ ਥੀ ਆਸ਼ਨਾ ।ਹੈ ਏ ਮਕਾਰਾ ਬੇ ਵਫ਼ਾ । ਖਾਵੀਂ ਨ ਮੁਜ਼ਿਣ ਦਾ ਦਗ਼ਾ ।ਹੈ ਪੰਜ ਕਣੀ ਤੈਕੂੰ ਘਣੀ । ਧੱਜ ਵੱਜ ਦੀ ਝੱਗ ਮੱਗ ਤਰੋੜ ਵੇ ।ਡੋਰੇ ਭੇ ਮਲਮਲ ਛੋੜ ਵੇ । ਹੈ ਡਿਲ੍ਹ ਪੱਥਰ ਦੀ ਭੋਰ ਵੇ ।ਤੈਂ ਕਾਣ ਹੀਰੇ ਦੀ ਕਣੀ । ਮੁਲਾਂ ਨਹੀਂ ਕਹੀਂ ਕਾਰ ਦੇ ।ਸ਼ੇਵੇ ਨ ਜਾਣਿਨ ਯਾਰ ਦੇ । ਸਮਝਣ ਨ ਭੇਤ ਇਸਰਾਰ ਦੇ ।ਵੰਜ ਕੰਡ ਦੇ ਭਰਨੇ ਥਏ ਦਣੀ । ਈਂ ਰਾਹ ਡੋ ਆਂਵੀ ਨਾ ਹਾ ।ਜੇ ਆਈਂ ਕਦਮ ਡੇਹੋਂ ਡੇਂਹ ਵਧਾ । ਪਿਛੋਂ ਤੇ ਨਾ ਡੇਖੀਂ ਮੂੰਹ ਵਲਾ ।ਹੀਲਾ ਕਰੀਂ ਸਰ ਤਈਂ ਤਣੀ । ਨਿਞ੍ਹੀ ਤਰਸ ਬਾਰੋਚਲ ਰਤੀ ।ਰੋਹੀਂ ਪਹਾੜੀ ਵਿਚ ਤੱਤੀ । ਸ਼ੋਦੀ ਸੱਸੀ ਰੁਲਦੀ ਵੱਤੀ ।ਨੇਹੀਂ ਅਲ੍ਹੜੀ ਹਿੱਕ ਜਣੀ । ਹੈ ਵਲ ਕਹਿਰ ਦੀ ਮੁਬਤਲਾ ।ਹੈ ਓ ਗਜ਼ਬ ਦਾ ਬੇ ਵਫ਼ਾ । ਮਨ ਛੱਡ ਅਤੇ ਮਨ ਡੇ ਵੀਆ ।ਆਪਤ ਦੇ ਵਿੱਚ ਖੜਬੜ ਬਣੀ । ਸੁਣ ਬੇਵਫਾ ਦੀ ਗਾਲ੍ਹ ਵੇ ।ਪੁਛਦੇ ਨ ਹਰਗਿਜ਼ ਮਾਲ ਵੇ । ਅਸਲੋਂ ਨ ਲਹਮ ਸੰਭਾਲ ਵੇ ।ਡੇਵੇ ਨ ਚੋਲੀ ਦੀ ਤਣੀ । ਥੀ ਖ਼ੁਸ਼ ਫ਼ਰੀਦ ਤੇ ਸ਼ਾਦਵਲ ।ਡੁਖ਼ੜੀਂ ਕੂੰ ਨ ਕਰ ਯਾਦ ਵਲ । ਅਝੂ ਥੀਵਮ ਝੋਕ ਆਬਾਦ ਵਲ ।ਏਹਾ ਨੈਂ ਨ ਵੈਹਸੀ ਹਿਕ ਮਣੀ ।

145. ਕਿਉਂ ਲੋੜ, ਕਲ੍ਹੜੀ ਵਿੱਚ ਕੁਨ ਕਪਰਦੇ

ਕਿਉਂ ਲੋੜ, ਕਲ੍ਹੜੀ ਵਿੱਚ ਕੁਨ ਕਪਰਦੇ ।ਰੋਧੇ ਡਿਤੋ ਨੀ ਪਿਛਲੀ ਉੱਮਰ ਦੇ । ਤੈਂ ਬਾਝ ਜੀਵੇਂ ਅਸਲੋਂ ਨ ਜੀਵਾਂ ।ਤੈਡੇ ਅੱਖ਼ੀਂ ਦੇ ਸਾਹਮੇ ਪੁਰੀਵਾਂ । ਮਾਰੂ, ਮਰੀਲਾ, ਭੌਂ ਬਿਨ ਨਾ ਥੀਵਾਂ ।ਬੱਠ ਡੇਂਹ ਹਿਜਰ ਦੇ ਔਖੇ ਗੁਜ਼ਰਦੇ । ਮਾਰਾਂ ਮਰੋੜਾ ਧੱਕੜੇ ਤੇ ਧੋੜੇ ।ਭੇਜੀਆਂ ਸੌਗਾਤਾਂ ਤੈਡੇ ਵਿਛੋੜੇ । ਡੁੱਖੜੇ ਡੇਂਹੋਂ ਡੇਂਹ ਡੇਢੇ ਤੇ ਡੋੜੇ ।ਹੈ ਹੈ ਨ ਜੀਂਦੇ ਜੀਅੜਾ ਨ ਮਰਦੇ । ਗਏ ਵਕਤ ਵੇਲ੍ਹੇ ਯਾਰੋ ਭਲੇੜੇ ।ਡੁੱਖੜੇ ਡੁੱਖੀ ਤੇ ਕੀਤੇ ਵਹੀਰੇ । ਸ਼ਾਲਾ ਡਿਹਾੜੇ ਥੀਵਮ ਥੁਲੇਰੇ ।ਪਾੜੇ ਗੁਜ਼ਾਰੂੰ ਸਜਣੀਂ ਦੇ ਘਰ ਦੇ । ਘੋਲੀ ਤੁਸੈਡੀ ਗੋਲੀ ਤੁਸੈਡੀ ।ਡੇ ਕਨ ਤੇ ਸੁਣੀਂ ਪੀੜ ਮੈਡੀ । ਪਾਣੀ ਅਸਾਡਾ ਥਈ ਰੱਤ ਅਸੇਡੀ ।ਰੋਟੀ ਹੈ ਟੁੱਕੜੇ ਹਾਂ ਦੇ ਜਿਗਰ ਦੇ । ਮੁੰਢ ਲਾਦੀ ਜਿੰਦੜੀ ਡੁਖੜੇਂਦੀ ਡੋਹੜੀ ।ਦਰਦੇਂਦੀਂ ਬੱਧੜੀ ਸੋਜ਼ੇਂਦੀ ਰੋਹੜੀ । ਹਿੱਕ ਤੂੰ ਤੱਤੀ ਦੀ ਵੱਲ ਕਲ ਨ ਲਧੜੀ ।ਪਏ ਸੂਲ ਸਦਮੇ ਚੌਥੇ ਪਹਿਰ ਦੇ । ਰਹਿ ਗਿਉਮ ਖੁਸ਼ੀਆਂ ਵਿਸਰੇ ਨਨਢੇਪੇ ।ਧਾਂ ਧਾਂ ਕਰਦੇ ਆਏ ਬੁਢੇਪੇ । ਥਏ ਬੇਨਵਾਈ ਡਿੱਤੜੇ ਰੰਡੇਪੇ ।ਆਏ ਬਾਰ ਸਿਰ ਤੇ ਬਾਰੀ ਕਹਿਰ ਦੇ । ਜੋਗੀ ਬਰਾਗੀ ਥੀਕਰ ਢੂੰਡੇਸਾਂ ।ਕਫ਼ਨੀ ਡੁੱਖਾਂ ਦੀ ਪਾਗਲ ਸੁਹੇਸਾਂ । ਏਵੇਂ ਫ਼ਰੀਦਾਂ ਉਮਰਾਂ ਨਭੇਸਾਂ ।ਜੇ ਤਈਂ ਨਾ ਥੀਸਾਂ ਦਾਖਲ ਕਬਰਦੇ ।

146. ਲੱਜ ਲੋਈ ਕੀਂ ਉਤਾਰੇਂਦਸ

ਲੱਜ ਲੋਈ ਕੀਂ ਉਤਾਰੇਂਦਸ ।ਤੁਹੰਜਾ ਨਹਮਲ ਭਾ ਮੈਂ ਬਾਰੇਂਦਸ । ਤੁਹੰਜਾ ਜ਼ੋਰ ਜ਼ਲਲ ਔਂ ਮਕਰ ਵਦਗਾ । ਤੁਹੰਜੇ ਜ਼ੁਲਮ ਜਇਆਂ ਗਾਰ੍ਹੇਉ ਉਮਰਾਦਾ । ਵੰਜੀਂ ਵਿਹੇੜੀਜਨ ਸਾਂ ਗਾਰੇਂਦਸ । ਥਰ ਨਪ੍ਹਵਾਰਨ ਜਾ ਡੇਸ ਵਤਨ । ਥਰ ਆਹੇ ਸੰਹਜ਼ਾ ਮੁਲਕ ਵਤਨ ਖੁਸ਼ ਸੇਂਗੀ ਸਾਂ ਗੁਜਾਰੇਂਦਸ । ਹਿਨ ਕੈਦ ਮੇਂ ਕੇੜ੍ਹੋ ਕਾਮਕਿਆਂ ।ਸਾਲਾ ਮਾਰਨ ਵਾਰੇ ਨਹਨ ਵਯਾਂ । ਜਾ ਥੀ ਵਾਰ ਉਗਾਰ ਬੁਹਾਰੇਦਸ । ਹੁਜੈ ਹਰਦਮ ਡੇਂਹ ਅਬਾਣੇ ਮੇਂਹ ।ਆਹੇ ਸਿਕ ਸਾੜਿਆ ਜੇ ਰਾਤੀਂ ਡੇਂਹ । ਵੈਠੀ ਧਾਂ ਕੰਦਸ ਹੰਜੂੰ ਹਾਰੇਂਦਸ । ਬਠ ਮਾੜਿਓਂ ਔਂ ਮਹਲਾਤ ਜਾ ਘਰ ।ਆਖੇ ਮਰਕ ਫਰੀਦ ਜਾ ਮਾਰੂਥਰ । ਵਹਿਣ ਸਾਂਗੇ ਅੜਨ ਜੇ ਚਾਰੇਂਦਸ ।

147. ਮਾਡੀ ਦਿਲੜੀ ਅੜੀ

ਮਾਡੀ ਦਿਲੜੀ ਅੜੀ ।ਹੋਤ ਪੁਨਲ ਦੀ ਸਾਂਗ । ਸਟ ਕਰ ਖਵੇਸ਼ ਕਬੀਲੜੇ ।ਸਿਕ ਸਾਂਵਲ ਦੀ ਸਾਂਗ । ਰਗ ਰਗ ਜ਼ੁਲਫ ਦੇ ਪੇਚੜੇ ।ਨਾਂਗ ਅਜਲ ਦੇ ਸਾਂਗ । ਵਿਸਰੇ ਇਸ਼ਕ ਮਜਾਜ਼ੜੇ ।ਹੁਸਨ ਅਜ਼ਲ ਦੀ ਸਾਂਗ । ਤਾਂਘ ਫਰੀਦ ਕੂੰ ਰੋਲਦੀ ।ਮਾਰੂ ਥਲ ਦੀ ਸਾਂਗ ।

148. ਮਾਡੀ ਦਿਲੜੀ ਅੜੀ

ਮਾਡੀ ਦਿਲੜੀ ਅੜੀ ।ਯਾਰ ਸਜਨ ਦੇ ਸਾਂਗ । ਜੈਂਦੀ ਮੇਲਾ ਰਬ ਕਰਮ ।ਜੋਹ ਜਤਨ ਦੇ ਸਾਂਗ । ਨਾਜ਼ ਵ ਢੋਲ ਦੇ ਨਾਜ਼ ਵੇ ।ਹਰ ਹਰ ਵਨ ਦੇ ਸਾਂਗ । ਭੁਲੜੇ ਸਕੜੇ ਸੋਹਰੜੇ ।ਮਨ ਮੋਹਨ ਦੇ ਸਾਂਗ । ਲਾਣੀ ਫੋਗ ਫੁਲਾਰੀ ।ਸਬ ਪਨ ਪਨ ਦੇ ਸਾਂਗ । ਵਕਤ ਜ਼ਈਫ ਬੁਢੇਪੜੇ ।ਸਨ ਜੋਭਨ ਦੇ ਸਾਂਗ । ਤਾਂਗ ਫ਼ਰੀਦ ਕੂੰ ਆਖਦੀ ।ਬੈਤ ਹਜ਼ਨ ਦੇ ਸਾਂਗ ।

149. ਮਾਣ ਮਹੀਂ ਦਾ ਚਾਕ

ਮਾਣ ਮਹੀਂ ਦਾ ਚਾਕ ।ਅਸਾਡੇ ਮਨ ਭਾਂਵਦਾ । ਹਰਦਮ ਹੋਵੀਂ ਕੋਲ ਮੈਂਡੇ ।ਕਰ ਰਖਾਂ ਦਿਲ-ਪਾਕ, ਵਤਾਂ ਗਲੱਕੜੀ ਪਾਂਵਦਾ । ਰਾਤੀਂ ਰੋਂਦੀ ਪਿਟਦੀ ਖਪਦੀਂ ।ਫਟ ਗਈ ਹਮ ਬਾਖ, ਕਿਉਂ ਗਲ ਨਹੀਂ ਲਾਂਵਦਾ । ਸਾਂਵਣ ਸਹਿਜੋਂ ਮੇਘ ਮਲ੍ਹਾਰਾਂ ।ਆਈ ਮਿਲਣ ਦੀ ਮਦ ਸਾਖ, ਨੇਹੜਾ ਜੀੜਾ ਤਾਂਵਦਾ । ਦਰਦੋਂ ਠਡਰੀਆਂ ਸਾਹੀਂ ਕੱਢਦੀ ।ਰੋ ਰੋ ਡੇਵਾਂ ਬਾਕ, ਡੁੱਖੜਾ ਅੰਗ ਨ ਮਾਂਵਦਾ । ਨਾਲ ਫ਼ਰੀਦ ਦੇ ਸੱਚ ਨਾ ਕੀਤੋ ।ਆਵਣ ਦੀ ਗਿਓਂ ਆਖ, ਸੋ ਹੁਣ ਵਲ ਨਹੀਂ ਆਂਵਦਾ ।

150. ਮਾਹੀ ਬਾਝ ਕਲੱਲੀਆਂ

ਮਾਹੀ ਬਾਝ ਕਲੱਲੀਆਂ ।ਦਿਲਦਾਰ ਬਗੈਰ ਅਵੱਲੀਆਂ । ਮਾਹੀ ਝੋਕ ਲਡਾਈ ਵੈਂਦਾ ।ਸਾਰਾ ਹਿਜਰ ਦੇ ਰਲੀਆਂ । ਤਰਸ ਨ ਆਵੇ ਹਿਕ ਤਿਲ ਤੈਨੂੰ ।ਸਖ਼ਤ ਗ਼ਮਾਂ ਵਿੱਚ ਗਲੀਆਂ । ਵੇੜਾ ਖਾਵੇ ਅੰਗਨ ਨ ਭਾਵੇ ।ਅੱਗ ਫ਼ਰਾਕ ਦੀ ਜਲੀਆਂ । ਸ਼ਰਮ ਵੰਜਾਇਮ ਭਰਮ ਗੰਵਾਇਮ ।ਰੁਲਦੀ ਕੂਚੇ ਗਲੀਆਂ । ਇਸ਼ਕ ਫ਼ਰੀਦ ਬਹੂੰ ਡੁੱਖ ਡੇਸਮ ।ਅੱਜ ਕਲ ਮੋਈ ਮੋਈ ਭਲੀਆਂ ।

151. ਮੈਕੂੰ ਕਲ੍ਹੜਾ ਛੋੜ ਤੇ

ਮੈਕੂੰ ਕਲ੍ਹੜਾ ਛੋੜ ਤੇ ।ਵੈਂਦੀ ਕੈਂਦੇ ਸਾਂਗ । ਕਤਰਾ ਮਹੇਜ ਕਕੇਸ ਨ ਆਇਓ ।ਲਾਇਓ ਹਿਜਰ ਦੀ ਸਾਂਗ । ਥਲ ਮਾਰੂ ਦਾ ਪੈਂਡਾ ਸਾਰਾ ।ਥੀਸਮ ਹਿਕ ਪਲ੍ਹਾਂਗ । ਜੇ ਤੈਂ ਨਾਸੀ ਦਿਲ ਵਿਚ ਸਾਹਿਮ ।ਰਹਸਮ ਤੈਡੜੀ ਤਾਂਗ । ਜਾਵਣ ਲਾਦੀ ਬਿਰਹੋਂ ਸਣਾਇਮ ।ਕੱਨੀਂ ਡੁਖਾਂਦੀ ਬਾਂਗ । ਸਦਕੇ ਕੀਤੇ ਹੈਂ ਨੇਂਹ ਕੋਲਹੂੰ ।ਖਾਵਮ ਕਾਲੜਾ ਨਾਂਗ । ਛੋਟੇ ਵਕਤ ਕਵਾਰੇ ਵੇਲੇ ।ਲਗਰਮ ਤੈਡੜਾ ਦਾਂਗ । ਮੈਂ ਹਾਂ ਕੇੜ੍ਹੇ ਬਾਗ ਦੀ ਮੂਲੀ ।ਕਈ ਰਲ ਮੋਏ ਮੈਂ ਵਾਂਗ । ਘੁਮਰ ਘੇਰ ਫਰੀਦ ਕਪਰਦੇ ।ਨ ਤਿੜ ਰਿਸਮ ਨ ਟਾਂਗ ।

152. ਮੈਂ ਤਾਂ ਤੈਕੂੰ ਮਿਨਤਾਂ ਕਰਦੀ

ਮੈਂ ਤਾਂ ਤੈਕੂੰ ਮਿਨਤਾਂ ਕਰਦੀ ।ਸਾਂਵਲ ਅਸਾਂ ਵਲ ਭਾਲ । ਵਾਹ ਗਮਜ਼ੇ ਵਾਹ ਨਾਜ਼ ਚਬੋਲੇ ।ਵਾਹ ਨਖਰੇ ਵਾਹ ਤਿਲਕ ਤਿਲੋਲੇ । ਵਾਹ ਜ਼ੁਲਫਾ ਵਾਹ ਖ਼ਾਲ । ਥੀ ਕਰ ਦਾਮ ਦਿਲੀਂ ਨੂੰ ਵੰਗਨ ।ਥੀ ਕਰ ਨਾਂਗ ਜਿਗਰ ਨੂੰ ਡੰਗਨ । ਅਤਰੋਂ ਭਿਨੜੇ ਵਾਲ । ਜੈਂ ਡੇਂਹ ਯਾਰ ਅਸਾਂ ਤੋਂ ਰੁਠੜੇ ।ਬਨ ਪਏ ਡੋਰੇ ਮਲਮਲ ਪੁਠੜੇ । ਜਰ ਜਰ ਜਰ ਬੋਘ ਤੇ ਆਲ । ਭਾਵਿਨ ਮੂਲ ਨ ਬਾਝ ਸਜਨ ਦੇ ।ਕਪੜੇ ਨਾਜ਼ਕ ਵਨੜੋ ਵਨੜ ਦੇ । ਜ਼ੇਵਰ ਆਲੋ ਆਲ । ਦਰਦ ਫਰਾਕ ਦੀ ਚਾਲ ਅਸਾਡੀ ।ਸੁੰਜਰੀ ਬਟੜੀਂ ਜਾਲ ਅਸਾਡੀ । ਬੇ ਵਾਹੀ ਦਾ ਹਾਲ । ਇਤਨਾ ਜ਼ੁਲਮ ਮੁਨਾਸਬ ਨਹੀਂ ।ਰੋ ਰੋ ਪਿੱਟ ਪਿੱਟ ਕਰ ਕਰ ਧਾਈਂ । ਗੁਜ਼ਰ ਗਏ ਸੈ ਸਾਲ । ਯਾਰ ਫਰੀਦ ਨਾ ਰੁਲਾ ਡੇਸਮ ।ਓੜਕ ਸਡ ਕਰ ਕੋਲ ਬਲ੍ਹੇਸਮ । ਹੈ ਸੋਹਣਾ ਲਜਪਾਲ ।

153. ਮਾਰੂ ਮਿਠਲ ਵਲ ਮੁਖੜਾ ਛੁਪਾਇਆ

ਮਾਰੂ ਮਿਠਲ ਵਲ ਮੁਖੜਾ ਛੁਪਾਇਆ ।ਡੁਖੜੀਂ ਡੁਖਾਇਆ ਦਰਦੀ ਮੁੰਝਾਇਆ । ਤਾਂਘੀ ਤਪਾਇਆ ਮੁੰਝੀ ਮੁਸਾਇਆ ।ਸੂਲੀ ਸਤਾਇਆ ਨੇੜ੍ਹੇ ਹਰਾਇਆ । ਆਤਣ ਨ ਭਾਵਾਂ ਸੰਗੀਨ ਰੋਵਾਇਆ ।ਧੋਤੀ ਦਾ ਵੇੜਾ ਢੋਲਣ ਪਰਾਇਆ । ਸੋਜੜੀ ਸੱਸੀ ਨੂੰ ਜਲਬੀ ਰੁਲਾਇਆ ।ਹੈ ਹੈ ਪੁਨਲ ਵਲ ਫੇਰਾ ਨ ਪਾਇਆ । ਪੂਰੀ ਪਰਾਈ ਦਿਲੜੀ ਨੂੰ ਤਾਇਆ ।ਪੀੜੀ ਪੁਰਾਣੀ ਮੁਖੜਾ ਵੰਜਾਇਆ । ਖ਼ੁਸ਼ੀਆਂ ਵਿਹਾਣੀਆਂ ਸਾਂਵਲ ਸਿਧਾਇਆ ।ਗਲ ਗਿਆ ਫਰੀਦਾ ਜੋਬਨ ਅਜਾਇਆ ।

154. ਮਤਾਂ ਮਨ ਮਾਂਦਾ ਥੀਵੇ

ਮਤਾਂ ਮਨ ਮਾਂਦਾ ਥੀਵੇ ।ਪੁਨਲ ਨਾ ਥੀ ਧਾਰ । ਸਾਂਵਣ ਡੇਂਹ ਸੁਹਾਗ ਦੇ ।ਹਰਦਮ ਮੇਂਘ ਮਲ੍ਹਾਰ । ਰਲ ਕਰ ਸਾਥ ਗੁਜ਼ਾਰੂੰ ।ਜੋਭਨ ਦੇ ਦਿਨ ਚਾਰ । ਮੌਤ ਸੁਣੇਂਦੀ ਸਵਲੀ ।ਵੰਜਣਾ ਵਾਰੋ ਵਾਰ । ਚੇਤਰ ਬਹਾਰ ਸੁਹਾਊਂ ।ਕਰ ਕੇ ਹਾਰ ਸਿੰਗਾਰ । ਪਲਹਰ ਪਾਨੀ ਪੀਊਂ ।ਥੀਆ ਥਲ ਬਾਗ ਬਹਾਰ । ਖ਼ੁਸ਼ ਥੀ ਨੇਂਹ ਨਿਭਾਵਨ ।ਰੁਸ ਨਾ ਸਾਂਵਲ ਯਾਰ । ਤੌਂ ਬਿਨ ਜੀਵਣ ਔਖਾ ।ਡੁਖੜੇ ਤਾਰੋ ਤਾਰ । ਯਾਰ ਫ਼ਰੀਦ ਨ ਵਿਸਰੇ ।ਦਿਲ ਕੀਤਮ ਲਾਚਾਰ ।

155. ਮੈਡਾ ਇਸ਼ਕ ਵੀ ਤੂੰ ਮੈਡਾ ਯਾਰ ਵੀ ਤੂੰ

ਮੈਡਾ ਇਸ਼ਕ ਵੀ ਤੂੰ ਮੈਡਾ ਯਾਰ ਵੀ ਤੂੰ ।ਮੈਡਾ ਦੀਨ ਵੀ ਤੂੰ ਈਮਾਨ ਵੀ ਤੂੰ । ਮੈਡਾ ਜਿਸਮ ਵੀ ਤੂੰ ਮੈਡਾ ਰੂਹ ਵੀ ਤੂੰ ।ਮੈਡਾ ਕਲਬ ਵੀ ਤੂੰ ਜਿੰਦ ਜਾਨ ਵੀ ਤੂੰ । ਮੈਡਾ ਕਾਅਬਾ ਕਿਬਲਾ ਮਸਜਦ ਮੰਦਰ ।ਮਸਹਫ ਤੇ ਕੁਰਾਨ ਵੀ ਤੂੰ । ਮੈਡੇ ਫ਼ਰਜ਼ ਫ਼ਰੀਜ਼ੇ ਹੱਜ ਜ਼ਕਵਾਤਾਂ ।ਸੌਮ ਸੁਲਵਾਤ ਇਜਾਨ ਵੀ ਤੂੰ । ਮੈਡੀ ਜੁਹਦ ਇਬਾਦਤ ਤਾਇਤ ਤੱਕਵਾ ।ਇਲਮ ਵੀ ਤੂੰ ਇਰਫ਼ਾਨ ਵੀ ਤੂੰ । ਮੈਡਾ ਜ਼ਿਕਰ ਵੀ ਤੂੰ ਮੈਡਾ ਫ਼ਿਕਰ ਵੀ ਤੂੰ ।ਮੈਡਾ ਜ਼ੌਕ ਵੀ ਤੂੰ ਵਜਦਾਨ ਵੀ ਤੂੰ । ਮੈਡਾ ਸਾਂਵਲ ਮਿੱਠੜਾ ਸ਼ਾਮ ਸਲੋਨਾ ।ਮਨ ਮੋਹਨ ਜਾਨਾਨ ਵੀ ਤੂੰ । ਮੈਡਾ ਮੁਰਸ਼ਦ ਹਾਦੀ ਪੀਰ ਤਰੀਕਤ ।ਸ਼ੇਖ਼ ਹਕਾਇਕਦਾਨ ਵੀ ਤੂੰ । ਮੈਡਾ ਆਸ ਉਮੀਦ ਤੇ ਖੱਟਿਆ ਵਟਿਆ ।ਤੱਕੀਆ ਮਾਣ ਤੇ ਤਰਾਣ ਵੀ ਤੂੰ । ਮੈਡਾ ਧਰਮ ਵੀ ਤੂੰ ਮੈਡਾ ਭਰਮ ਵੀ ਤੂੰ ।ਮੈਡਾ ਸ਼ਰਮ ਵੀ ਤੂੰ ਮੈਡਾ ਸ਼ਾਨ ਵੀ ਤੂੰ । ਮੈਡਾ ਡੁੱਖ ਸੁੱਖ ਰੋਵਣ ਖਿਲਣ ਵੀ ਤੂੰ ।ਮੈਡਾ ਦਰਦ ਵੀ ਤੂੰ ਦਿਰਮਾਨ ਵੀ ਤੂੰ । ਮੈਡਾ ਖ਼ੁਸ਼ੀਆਂ ਦਾ ਅਸਬਾਬ ਵੀ ਤੂੰ ।ਮੈਡੇ ਸੂਲਾ ਦਾ ਸਾਮਾਨ ਵੀ ਤੂੰ । ਮੈਡਾ ਹੁਸਨ ਤੇ ਭਾਗ ਸੁਹਾਗ ਵੀ ਤੂੰ ।ਮੈਡਾ ਬਖ਼ਤ ਤੇ ਨਾਮੋ ਨਿਸ਼ਾਨ ਵੀ ਤੂੰ । ਮੈਡਾ ਦੇਖਣ ਭਾਲਣ ਜਾਚਣ ਜੂਚਣ ।ਸਮਝਨ ਜਾਣ ਸੰਜਾਣ ਵੀ ਤੂੰ । ਮੈਡੇ ਠੰਡੜੇ ਸਾਹ ਤੇ ਮੂੰਝ ਮੁੰਝਾਰੀ ।ਹੰਜਣੂ ਦੇ ਤੂਫ਼ਾਨ ਵੀ ਤੂੰ । ਮੈਡੇ ਤਿਲਕ ਤਲੋਲੇ ਸੇਧਾਂ ਮਾਂਗਾਂ ।ਨਾਜ਼ ਨਿਹੋਰੇ ਤਾਣ ਵੀ ਤੂੰ । ਮੈਡੀ ਮਹਿੰਦੀ ਕੱਜਲ ਮਸਾਗ ਵੀ ਤੂੰ ।ਮੈਡੀ ਸੁਰਖ਼ੀ ਬੀੜਾ ਪਾਨ ਵੀ ਤੂੰ । ਮੈਡਾ ਵਹਸ਼ਤ ਜੋਸ਼ ਜਨੂੰਨ ਵੀ ਤੂੰ ।ਮੈਡਾ ਗਿਰੀਆ ਆਹੋ ਫ਼ਗਾਨ ਵੀ ਤੂੰ । ਮੈਡਾ ਸ਼ਿਆਰ ਅਰੂਜ ਕਵਾਫ਼ੀ ਤੂੰ ।ਮੈਡਾ ਬਹਿਰ ਵੀ ਤੂੰ ਔਜ਼ਾਨ ਵੀ ਤੂੰ । ਮੈਡਾ ਅੱਵਲ ਆਖ਼ਰ ਅੰਦਰ ਬਾਹਰ ।ਜ਼ਾਹਰ ਤੇ ਪਿਨਹਾਨ ਵੀ ਤੂੰ । ਮੈਡਾ ਬਾਦਲ ਬਰਖਾ ਖਿਮਣੀਆਂ ਗਾਜਾਂ ।ਬਾਰਸ਼ ਤੇ ਬਾਰਾਨ ਵੀ ਤੂੰ । ਮੈਡਾ ਮੁਲਕ ਮਲੇਰ ਤੇ ਮਾਰੂ ਥੱਲੜਾ ।ਰੋਹੀ ਚੋਲਸਤਾਨ ਵੀ ਤੂੰ । ਜੇ ਯਾਰ ਫ਼ਰੀਦ ਕਬੂਲ ਕਰੇ ।ਸਰਕਾਰ ਵੀ ਤੂੰ ਸੁਲਤਾਨ ਵੀ ਤੂੰ । ਨਾਤਾਂ ਕਿਹਤਰ ਕਮਤਰ ਅਹਕਰ ਅਦਨਾ ।ਲਾਸ਼ੈ ਲਾ ਇਮਕਾਨ ਵੀ ਤੂੰ ।

156. ਮੈਡਾ ਯਾਰ ਗਿਆ ਪਰਦੇਸ ਡੋਂ ਵੇ ਮੀਆਂ

ਮੈਡਾ ਯਾਰ ਗਿਆ ਪਰਦੇਸ ਡੋਂ ਵੇ ਮੀਆਂ ।ਗਾਨੇ ਗਹਿਣੇ ਕੇਂਵੇਂ ਪਾਵਾਂ ੜੀ ਪਾਵਾਂ । ਸਾੜਾਂ ਸੇਂਧ ਤੇ ਮਾਂਘ ਉਜਾੜਾਂ ।ਬੋਡੀ ਨੂੰ ਅੱਗ ਲਾਵਾਂ ੜੀ ਲਾਵਾਂ । ਬੱਠ ਕਜਲਾ ਬੱਠ ਸੁਰਖੀਆਂ ਮਹਿੰਦੀਆਂ ।ਸੂਲੀਂ ਸਾਂਗ ਨਿਭਾਵਾਂ ੜੀ ਨਿਭਾਵਾਂ । ਸਜੜੀ ਰਾਤ ਕਰਾਂ ਫ਼ਰਿਆਦਾਂ ।ਡੇਹਾਂ ਵੈਣ ਵਲਾਵਾਂ ੜੀ ਵਲਾਵਾਂ । ਕਕੜੇ ਕੰਡਰੇ ਫ਼ਰਸ਼ ਵਿਛਾ ਕਰ ।ਡੁੱਖ ਦੀ ਸੇਝ ਸੁਹਾਵਾਂ ੜੀ ਸੁਹਾਵਾਂ । ਮੁਲਕ ਮਲ੍ਹੇਰ ਨ ਵੁਠੜਮ ਹੈ ਹੈ ।ਰੋ ਰੋ ਸਿੰਧ ਡੋਂ ਆਵਾਂ ੜੀ ਆਵਾਂ । ਭੇਨਣੀਂ ਵੀਰ ਥਏ ਸਭ ਵੈਰੀ ।ਅੱਮੜੀ ਮੂਲ ਨ ਭਾਵਾਂ ੜੀ ਭਾਵਾਂ । ਬਾਝੋਂ ਯਾਰ ਫ਼ਰੀਦ ਹਮੇਸ਼ਾ ।ਰੱਤ ਰੋਵਾਂ ਗ਼ਮ ਖਾਵਾਂ ੜੀ ਖਾਵਾਂ ।

157. ਰਥ ਧੀਮੀਂ ਧੀਮੀਂ ਟੋਰ

ਰਥ ਧੀਮੀਂ ਧੀਮੀਂ ਟੋਰ । ਮੈਂਡਾ ਦਸਤਾ ਨਰਮ ਕਰੂਰ ਦਾ ।ਮਤਾਂ ਵੰਗੀਂ ਲਗਮ ਟਕੋਰ । ਰਥ ਤੇ ਬਹਿੰਦੀ ਵੜਰਾ ਨ ਸਹਿਦੀ ।ਹਿਮ ਤਬਾਅ ਕਮਜ਼ੋਰ । ਰੋਜ਼ ਅਜ਼ਲ ਦੀ ਪਾਇਮ ਗਲ ਵਿਚ ।ਬਿਰਹੋਂ ਤੈਂਡੇ ਦੀ ਡੋਰ । ਸ਼ਾਲਾ ਮੋਲ੍ਹ ਸਲਾਮਤ ਨੇਵਾਂ ।ਰਾਹ ਵਿਚ ਲੜਦਿਨ ਚੋਰ । ਜੇਕਰ ਰਥ ਬੈਠੀਂ ਥਕ ਪੌਸਾਂ ।ਘੋੜਾ ਘਨਸਾਂ ਬੋਰ । ਸੌਖਾ, ਤੇਜ਼, ਲਗਾਮ ਦਾ ਕੂਲਾ ।ਨਾ ਔਖਾ ਸਰ ਜ਼ੋਰ । ਰਾਂਝਨ ਤੇ ਮੈਂ ਜੋੜ ਕੂੰ ਜੋੜੂੰ ।ਜੋੜ ਜੋੜੇਂਦਾ ਜੋੜ । ਸਿਕ ਤੇ ਤਲਬ ਮਿਲਣ ਦੀ ਸੀਨੇ ।ਰੋਜ਼ ਨਵਾਂ ਹਿਮ ਸ਼ੋਰ । ਪੰਧ ਅੜਾਂਗੇ ਦਿਲੜੀ ਤਾਂਘੇ ।ਜਲਦ ਪਚਾਵੀਂ ਤੋੜ । ਮੈਂ ਤੇ ਯਾਰ ਫ਼ਰੀਦ ਮਣੇਸੂੰ ।ਰਲ ਮਿਲ ਸ਼ਹਿਰ ਭੰਭੋਰ

158. ਮੈਂਡਾ ਮਿੱਠੜਾ ਮਾਂਹਣੂ ਕਾਕ ਜਾ

ਮੈਂਡਾ ਮਿੱਠੜਾ ਮਾਂਹਣੂ ਕਾਕ ਜਾ ।ਸ਼ਾਲਾ ਰਾਣਾ ਇੰਦਮ ਰਾਤ । ਤੈਡੀ ਸਿਕ ਦੇ ਕਾਣ ਸੁਤੀਹਮ ।ਸੋਮਲ ਕੂੰ ਘਿਨ ਸਾਂਤ । ਫੇਰ ਸੁਹਾਈ ਜੈਦੀਂ ਮਾੜੀਆਂ ।ਤੋੜੀਂ ਡੇਹੇ ਛੇ ਸਾਤ । ਸੱਚ ਡੱਸ ਜੋ ਕੁਝ ਕੀਤੀ ਏਹਾਂ ।ਮਾੜਦੀ ਹਈ ਮਰਜਾਤ । ਕਾਕ ਕੰਧਨ ਤੇ ਰਲ ਮਿਲ ਮਾਣੂੰ ।ਸਾਵਣ ਦੀ ਬਰਸਾਤ । ਕਹੀਂ ਵਟੜੀ ਵੈਹ ਗਿਉਹਾਂ ।ਤੇ ਵਲ ਨ ਪਾਇਓ ਝਾਤ । ਗ਼ਮ ਦਾ ਹਾਲ ਸੁਣਾਵਾਂ ਕਿਵੇਂ ।ਸੌ ਡੁਖ ਤੇ ਹਿੱਕ ਵਾਤ । ਕਾਂਗਲ ਖੰਡ ਦੀਆਂ ਚੂਰੀਆਂ ਡੇਸਾਂ ।ਕਰ ਕੋਈ ਮਿਲਣ ਦੀ ਬਾਤ । ਪੀਤ ਪੱਠੇ ਨਿਤ ਦਰਦ ਕਸਾਲੇ ।ਵਾਹ ਡਾਤੇ ਦੀ ਡਾਤ । ਡੇਂਹ ਬਣੇ ਰੋ ਰਾਤੀਂ ਕੀਤੁਮ ।ਰਾਤੀਂ ਕਈ ਪ੍ਰਭਾਤ । ਮੁੰਝ ਸਲਾਲ ਫ਼ਰੀਦ ਮਿਲਿਓਸੇ ।ਅਜ਼ਲੋ ਬਿਰਹੋ ਬਰਾਤ ।

159. ਮਿਲ ਮਹੀਂਵਾਲਾ ਮਿਲ ਮਹੀਂਵਾਲਾ

(ਇਹ ਕਾਫ਼ੀ ਮਹੀਂਵਾਲ ਦੀ ਆਸ਼ਕ ਸੋਹਣੀ ਦੀ ਜ਼ਬਾਨੀ ਬਿਆਨੀ ਗਈ ਹੈ) ਮਿਲ ਮਹੀਂਵਾਲਾ ਮਿਲ ਮਹੀਂਵਾਲਾ ।ਹਰ ਦਿਲ ਮੇਂ ਹੈ ਤੈਡੜੀ ਭਾਲ । ਰੋਜ ਅਜਲ ਦੀ ਸਖਤੀ ਮਾਰੀ ਡਿਤੜੀ ਮੂਲ ਨ ਕਿਸਮਤ ਵਾਰੀ । ਮਾ ਪਿਉ ਵੀਰ ਨ ਲਹਮ ਸੰਭਾਲ । ਫਿਕਰ ਫਰਾਕ ਤੇ ਮੂੰਝ ਮੰਝਾਰੀ ।ਯਾਰੀ ਲਾ ਕੇ ਮੁੱਠੜੀ ਹਾਰੀ । ਡਿਸਦਮ ਵਸਲ ਵਸਾਲ ਮੁਹਾਲ । ਰੋਂਦੀ ਰੜਦੀ ਕੂਕਾਂ ਕਰਦੀ ।ਆਹੀਂ ਭਰਦੀ ਜੁਖ ਜੁਖ ਮਰਦੀ । ਇਸ਼ਕ ਅਵਲੜਾ ਜੀ ਜੰਜਾਲ । ਜ਼ੋਰੇ ਤੌਰੇ ਹੁਸਨ ਦੇ ਮਾਣੇ ।ਸਾਰੇ ਸਿੰਗ਼ਾਰ ਵਹਾਣੇ । ਆਈ ਓੜਕ ਸੂਲਾਂ ਜ਼ਾਲ । ਨਾਜ਼ ਨਜ਼ਾਕਤ ਨੋਕ ਨਖਰੇ ।ਸਹਿਜੋਂ ਸੁਖ ਸੁਹਾਗ ਦੇ ਬਖਰੇ । ਸਾਡੇ ਖੋਪੜੇ ਕੋਝੜਾ ਹਾਲ । ਖਵੇਸ਼ ਕਬੀਲਾ ਦੁਸਮਨ ਸਾਰਾ ।ਹਰ ਕੋਈ ਮਾਰਮ ਜਾਣ ਵਚਾਰਾ । ਬਿਰਹੋਂ ਅਵੈੜਾ ਉਲਟੀ ਚਾਲ । ਵੇੜੇ ਯਾਰ ਫਰੀਦ ਨ ਆਇਆ ।ਗਲ ਗਿਆ ਜੋਭਨ ਮੁਫਤ ਅਜਾਇਆ । ਡਿਠੜੇ ਡੰਦ ਤੇ ਚਿਟੜੇ ਵਾਲ ।

160. ਮੁਸਾਗ ਮਲੇਂਦੀ ਦਾ ਗੁਜਰ ਗਿਆ ਡੇਂਹ ਸਾਰਾ

ਮੁਸਾਗ ਮਲੇਂਦੀ ਦਾ ਗੁਜਰ ਗਿਆ ਡੇਂਹ ਸਾਰਾ । ਸ਼ਿੰਗਾਰ ਕਰੇਂਦੀ ਦਾ ਗੁਜਰ ਗਿਆ ਡੇਂਹ ਸਾਰਾ । ਕਜਲਾ ਪਾਇਮ ਸੁਰਖੀ ਲਾਇਮ ।ਕੀਤਮ ਯਾਰ ਵਸਾਰਾ । ਕਾਗ ਉਡੇਂਦੀ ਉਮਰ ਵਿਹਾਣੀ ।ਆਇਆ ਨ ਯਾਰ ਪਿਆਰਾ । ਰੋਹ ਡੂੰਗਰ ਤੇ ਜੰਗਲ ਬੇਲਾ ।ਰੋਲਿਅਮ ਸ਼ੌਕ ਆਵਾਰਾ । ਹਿਕਦਮ ਐਸ਼ ਦੀ ਸੇਜ ਨ ਮਾਨੜਿਮ ।ਬਖ਼ਤ ਨ ਡਿਤੜਮ ਵਾਰਾ । ਪੜ੍ਹ ਬਿਸਮੱਲਾ ਘੋਲਿਅਮ ਸਰਕੂੰ ।ਚਾਤਮ ਇਸ਼ਕ ਅਜਾਰਾ । ਰਾਂਝਨ ਮੈਂਡਾ ਮੈਂ ਰਾਂਝਣ ਦੀ ।ਰੋਜ਼ ਅਜ਼ਲ ਦਾ ਕਾਰਾ । ਹਿਜਰ ਫਰੀਦਾ ਲੰਬੀ ਲਾਈ ।ਜਲ ਗਿਓਮ ਮੁਫ਼ਤ ਵਿਚਾਰਾ ।

161. ਮੁੱਠੜੀ ਦਿੱਲੜੀ ਡੁੱਖੜੀਂ ਕੁੱਠੜੀ

ਮੁੱਠੜੀ ਦਿੱਲੜੀ ਡੁੱਖੜੀਂ ਕੁੱਠੜੀ ।ਹੈ ਨਾਜ਼ ਅਦਾ ਦੀ ਲੁੱਟੜੀ । ਹਨ ਜ਼ਖਮ ਜਿਗਰ ਦੇ ਆਲੇ ।ਦਿਲ ਪੁਰਜ਼ੇ ਅੱਖੀਆਂ ਨਾਲੇ । ਸੈ ਸੀਨੇ ਪੌਨ ਉਬਾਲੇ ।ਜਿੰਦ ਹਾਰ ਹੁਟੀ ਮੈਂ ਮੁੱਠੜੀ । ਤੱਤੇ ਦਰਦ ਅੰਦੋਹ ਅਵੈੜੇ ।ਲਾਈ ਦਿੱਲੜੀ ਝੋਕਾਂ ਦੇਰੇ । ਹੁਣ ਹਜ਼ਰਤ ਇਸ਼ਕ ਨਵੇੜੇ ।ਡਿੱਤੀ ਪੀੜ ਪੁਰਾਣੀ ਪੁੱਠੜੀ । ਸਰ ਛਤੜੇ ਨੇਂਹ ਲਿਉ ਸੇ ।ਸਬ ਸ਼ਰਮ ਸ਼ਉਰ ਗੰਵਿਉ ਸੇ । ਦਿਲ ਢੋਲੇ ਯਾਰ ਲਿਉਸੇ ।ਸੱਸ ਮਾਰਮ ਅੱਮੜੀ ਰੁੱਠੜੀ । ਮਿਲ ਮਾਹੀ ਆਰੋ ਯਾਰੋਂ ।ਥੀ ਫ਼ਾਰਗ਼ ਕੁਲ ਕੰਮ ਕਾਰੋਂ । ਰਲ ਰਾਵਲ ਡਾਕਾਂ ਚਾਰੋਂ ।ਹੈ ਅੱਜ ਕਲ ਰੋਹੀ ਵੁੱਠੜੀ । ਥੀ ਖੀਰੂ ਖ਼ੀਰ ਚਰੇਸਾਂ ।ਅੱਖੀਂ ਨਾਲ ਉਗ੍ਹਾੜ ਬਣੇਸਾਂ । ਪਾਹ ਪਲਕਾਂ ਨਾਲ ਬੁੜ੍ਹੇਸਾਂ ।ਘਰ ਬਾਰੋਂ ਸੰਗਤ ਤਰੁੱਟੜੀ । ਥੀਆਂ ਸੁੰਜ ਬਰ ਸਿਹਨ ਹਵੇਲੀਆਂ ।ਗਈਆਂ ਸੰਗੀਆਂ ਵਿੱਸਰ ਸਹੇਲੀਆਂ । ਅਲਬੇਲੀਆਂ ਬਾਂਹ ਚੁੜੇਲੀਆਂ ।ਮਾ ਭੈਣ ਕਨੂੰ ਦਿਲ ਛੁੱਟੜੀ । ਗਿਆ ਚੇਤਰ ਫ਼ਰੀਦ ਅਜਾਇਆ ।ਘਰ ਸਾਂਵਲ ਯਾਰ ਨ ਆਇਆ । ਸਰ ਸੂਲੀਂ ਸਖ਼ਤ ਸਤਾਇਆ ।ਥਈ ਦੁਸ਼ਮਣ ਕਿਸਮਤ ਖੁੱਟੜੀ ।

162. ਨਾਮ ਅੱਲਾ ਦੇ ਪਾਂਧਿੜਾ

ਨਾਮ ਅੱਲਾ ਦੇ ਪਾਂਧਿੜਾ ।ਮੈਂਡਾ ਲੈ ਸਨੇਹੜਾ ਜਾ । ਆਖੀਂ ਬਠ ਘਤ ਦਰੋਹ ਪ੍ਰੀਤ ਕੂੰ ।ਯਾਰ ਨ ਵਟੜਾ ਲਾ । ਜੀਵੇਂ ਜਿਵੇਂ ਕੰਡ ਡੇ ਗਿਆਹੀਂ ।ਓਵੇਂ ਮੂੰਹ ਡੇ ਆ । ਹੈ ਹੈ ਜ਼ਾਲਮ ਨੀਯੱਤ ਮੁਰਾਦੀ ।ਥੋਲੇ ਖੋਟ ਕਮਾ । ਚਾਲੀਂ ਪੇਚ ਫਰੇਬੀ ਵਾਲੀ ।ਢੋਲਣ ਰੀਤ ਵਟਾ । ਕਰਕੇ ਸੰਗਤ ਸਾਂਗ ਬੇਗਾਨੇ ।ਬੈਠੂੰ ਮਨ ਪਰਚਾ । ਬਿਆ ਹੈ ਕੋਣ ਕਹੇਂਦਾ ਤੂੰ ਹੀ ।ਸਾਡੇ ਬਾਰ ਉਠਾ । ਸੱਸ ਨੈਣਾਨਾਂ ਮਾਰਿਮ ਤਾਅਨੇ ।ਮਿਹਣੇ ਡਿਓਮ ਮਾ । ਆ ਕਰ ਮਾਹੀ ਦੀਦੀਂ ਦੇਰੇ ।ਦਿਲ ਵਿਚ ਝੋਕਾਂ ਲਾ । ਨਾ ਕੱਢ ਗਾਲੀਂ ਨਾ ਦੇ ਮੰਦੜੇ ।ਵਾਤੋਂ ਸਮਝ ਅਲਾ । ਯਾਰੀ ਲਾਇਓ ਲਾ ਨ ਜਾਤੋ ।ਮਹਿਜ਼ ਨ ਆਇਓ ਡਾ । ਝੋਰ ਝੁਰਾਣੇ ਜਿੰਦ ਦਾ ਜੋਖੋਂ ।ਡਿਤੜਸ ਮਾਸ ਸੋਕਾ । ਡਿਠੜੇ ਬਾਝੋਂ ਕਿਉਂ ਜਤਰਾਂ ।ਬਿਰਹੋਂ ਲਗਾ ਹੱਡ ਤਾ । ਸਖੜੀ ਨਾ ਡੇ ਯਾਰ ਉਲਾਂਭੇ ।ਕਰ ਕੁਝ ਕਾਣ ਹਯਾ । ਸੋਹਣੀ ਨਾਲ ਨਿਭਾਵੇ ਹਰ ਕੋਈ ।ਕੋਝੀ ਨਾਲ ਨਿਭਾ । ਜਲਦੀ ਆਵੀਂ ਨਾ ਚਿਰ ਲਾਵੀਂ ।ਸਾਹ ਤੇ ਨਹਮ ਵਿਸਾ । ਡੇ ਕਰ ਸਾਡੀ ਬਾਂਹ ਸਰ੍ਹਾਂਦੀ ।ਸੂਹੇ ਸੇਝ ਸੁਹਾ । ਤੈ ਕਨ ਸਾਂਵਲ ਦਿਲੜੀ ਆਪੇ ।ਆਵੇਸਚਮ ਸਰ ਚਾ । ਬੇ ਠਾਈ ਗੁਜਰਾਨ ਨ ਭਲੀ ।ਬਠ ਪਿਆ ਕੂੜ ਨਿਭਾ । ਚਾੜ੍ਹੀ ਤੋੜ ਨ ਰਾਹ ਵਿਚ ਰੋਲੀਂ ।ਰਖਣਾ ਯਾਦ ਵਫਾ । ਅੰਗਨ ਫ਼ਰੀਦ ਦੇ ਭੂਰਲ ਜਾਨੀ ।ਸਹਿਜੋਂ ਆ ਪੌਂ ਪਾ ।

163. ਨੈਨਾਂ ਨਹੀਂ ਰਹਿੰਦੇ ਹਟਕੇ

ਨੈਨਾਂ ਨਹੀਂ ਰਹਿੰਦੇ ਹਟਕੇ । ਨੈਨ ਨੈਨਾਂ ਸਾਂ ਅੜਦੇ ਲੜਦੇ ।ਲਾਕਰ ਨਾਜ਼ ਦੇ ਲਟਕੇ । ਗਲੜੀਂ ਕੂਚੀਂ ਸ਼ਹਿਰ ਬਜ਼ਾਰਾਂ ।ਲਗੜੇ ਨੇਂਹ ਦੇ ਚਟਕੇ । ਨਾਜ਼ ਨਹੋਰੇ ਨੋਕਾਂ ਨਖ਼ਰੇ ।ਲਾਂਵਨ ਬਿਰਹੋਂ ਦੇ ਕਟਕੇ । ਮੇਹਣੀਂ ਸਿੱਠੜੀਂ ਤਾਨੇ ਤਬਰੇ ।ਘਡੜੇ ਲੋਕਾਂ ਬਟਕੇ । ਸਹਿਸਾਂ ਟੋਕਾਂ ਵੈਸਾਂ ਝੋਕਾਂ ।ਖਵੇਸ਼ ਕਬੀਲੇ ਸਟਕੇ । ਯਾਰ ਬਿਨਾਂ ਫੂਕ ਅੱਗ ਅੜੇਸਾਂ ।ਹਾਰ ਹਮੇਲਾਂ ਪਟਕੇ । ਡੁੱਖੜੇ ਸਹਿੰਦੇ ਨੈਨ ਨ ਰਹਿੰਦੇ ।ਬੇ ਵਸ ਥੀਂਕਰ ਅਟਕੇ । ਨੇੜੇ ਬਾਝ ਫ਼ਰੀਦ ਨ ਭਾਵੇ ।ਭਟ ਘਤ ਕੂੜੇ ਖਟਕੇ ।

164. ਨੈਨ ਨਰਾਲੇ ਨੀਰ

ਨੈਨ ਨਰਾਲੇ ਨੀਰ ।ਨਿੱਖੜੇ ਨੂਰ ਨਜ਼ਰ ਦੇ । ਸਾੜਨ ਸੂਲ ਸਰੀਰ ।ਸਾਗੀ ਸੋਜ਼ ਸਕਰ ਦੇ । ਖੁਤੜੇ ਬਿਰਹੋਂ ਕਟਾਰੀ ਕੁੱਠੜੇ ।ਨਾਜ਼ ਨਹੋਰੇ ਨਖ਼ਰੇ ਮੁੱਠੜੇ । ਚੂਚਕ ਚਕਮਕ ਵੀਰ ।ਵੈਰੀ ਵਲ ਵਲ ਘਰ ਦੇ । ਸੇਝ ਸੁਹਾਗ ਦੀ ਸੜ ਗਈ ਸਾਰੀ ।ਡੋਹੜੇ ਡੁੱਖ ਡੁਹਾਗ ਡਹਾੜੀ । ਤੱਕ ਤੱਕ ਮਾਰਨ ਤੀਰ ।ਜ਼ਹਿਰੀ ਜ਼ੋਰ ਜ਼ਬਰ ਦੇ । ਪੋਰ ਪੁੱਨਲੜੇਦੇ ਪਲ ਪਲ ਦੇ ।ਜਿਦੜੀ ਜੁਖਦੀ ਜੀਅੜਾ ਜਲਦੇ । ਪੀਤ ਪੁਰਾਣੀ ਪੀੜ ।ਵੈਰੀ ਦਰਦ ਅੰਦਰ ਦੇ । ਸੱਟ ਕਰ ਸਜਣ ਸਧਾਇਉਂ ਸੋਹਣਾ ।ਮੁਲਕ ਮਲ੍ਹੇਰ ਮਿਲਿਉ ਮਨ ਮੋਹਣਾ । ਚੁੜ੍ਹ ਚੁੜ੍ਹ ਚਕਦੇ ਚੀਰ ।ਜਾਰੀ ਜਰਹ ਜਿਗਰ ਦੇ । ਸਾਂਗ ਸੁੰਜੀ ਨੂੰ ਸਿਕ ਸਾਂਵਲ ਦੀ ।ਮੰਝ ਮੁੱਠੀ ਨੂੰ ਮੂਹ ਮਿਠਲ ਦੀ । ਹਾਰ ਹੁੱਟੀ ਹੁਣ ਹੀਰ ।ਹੋਸ ਗਏ ਹੋਸ਼ ਹੁਨਰ ਦੇ । ਨੇਂਹ ਨਵਾਂ ਨਿੱਤ ਨਾਲਾ ਜ਼ਾਰੀ ।ਫ਼ਿਕਰ ਫ਼ਰਾਕ ਫ਼ਰੀਦ ਦੀ ਯਾਰੀ । ਰਗ ਰਗ ਰੋਗ ਦੀ ਰੀਰ ।ਰੋਦੀਂ ਰੂਹ ਉਬਰ ਦੇ ।

165. ਨਾ ਕਰ ਬੇ ਪਰਵਾਹੀ ਵੋ ਯਾਰ

ਨਾ ਕਰ ਬੇ ਪਰਵਾਹੀ ਵੋ ਯਾਰ ।ਮਿਲ ਸਾਵਲ ਮਾਹੀ ਵੋ ਯਾਰ । ਬਠ ਪਿਆ ਰੰਗ ਪੁਰ ਦਾ ਪਰਨੀਵਣਾ ।ਤੌਂ ਬਿਨ ਜੀਵਣ ਡੁਖੜਾ ਥੀਵਣ । ਸਮਝਾਂ ਮੌਤ ਵਿਸਾਹੀਂ ਵੋ ਯਾਰ । ਬਾਝੋਂ ਤੈਂਡੇ ਬਾਝ ਅਜਾਈ ।ਅਮੜੀ ਬਾਬਲ ਭੈਣੀਂ ਭਾਈ । ਫਿਰਦੀ ਦਿਲ ਤੋਂ ਲਾਹੀ ਵੋ ਯਾਰ । ਕਿਵੇਂ ਪੇਕੀਂ ਪਤਣੀ ਵਲਦੀ ।ਤੋੜ ਅਸਲ ਦੀ ਰੋਜ਼ ਅਜ਼ਲ ਦੀ । ਹੀਰ ਰਾਂਝਨ ਦੀ ਆਹੀ ਵੋ ਯਾਰ । ਚਾਈ ਜਾਈ ਇਸ਼ਕ ਧਨਵਾਈ ।ਪੀਤ ਸਿਵਾ ਪਈ ਰੀਤ ਨਾ ਕਾਈ । ਬੇ ਵਾਹੀ ਬੇ ਠਾਈ ਵੋ ਯਾਰ । ਵਿਸਰਿਆ ਰੰਗ ਮਹਲ ਚਚਕਾਣਾ ।ਝੰਗ ਸਿਆਲੀਂ ਤੇ ਮਘਿਆਣਾ । ਲਾਇਓ ਕੈਬਰ ਜਾਹੀ ਵੋ ਯਾਰ । ਧੂੜ ਮਹੀਂ ਦੀ ਨੂਰ ਅਖੀਂ ਦਾ ।ਪਾਹ ਹੰਬਾਹ ਹੈ ਮਾਣ ਮਹੀਂ ਦਾ । ਡੇਵਮ ਹਾਲ ਗਵਾਹੀ ਵੋ ਯਾਰ । ਸਹਿਜੋਂ ਸੁਰਖੀ ਮੈਂਦੀ ਲੈਸਾਂ ।ਕਜਲ੍ਹਾ ਪੀਸਾਂ ਮਾਂਗ ਬਣੇਸਾਂ । ਜੋ ਥੀਓਂ ਮੈ ਡੋ ਰਾਹੀ ਵੋ ਯਾਰ । ਆਪੇ ਤਖਤ ਹਜ਼ਾਰੋਂ ਆਇਆ ।ਹੀਰੇ ਕਾਰਣ ਚਾਕ ਸਡਾਇਆ । ਸਟ ਕਰ ਸ਼ੌਕਤ ਸ਼ਾਹੀ ਵੋ ਯਾਰ । ਬਿਰਹੋਂ ਫ਼ਰੀਦ ਥੀ ਉਸੇ ਸਾਥੀ ।ਜੈ ਡੇਂਹ ਰਾਵਲ ਪਾਕਰ ਝਾਤੀ । ਜਾਦੂ ਮੁਰਲੀ ਵਾਹੀ ਵੋ ਯਾਰ ।

166. ਨਾ ਕਰ ਕੇਚ ਵੰਜਣ ਦੀ

ਨਾ ਕਰ ਕੇਚ ਵੰਜਣ ਦੀ ।ਰਹੋ ਬਰੋਚਲ ਯਾਰ । ਇਸ਼ਕ ਲਾਇਓ ਸੈ ਪੁਠੜਾ ।ਭੁਲ ਗਿਆ ਕੁਲ ਕੰਮ ਯਾਰ । ਜਾਨ ਜਿਗਰ ਵਿਚ ਡੁਖੜੇ ।ਸੀਨੇ ਸੂਲ ਹਜ਼ਾਰ । ਬਾਝੋਂ ਮਾਰੂ ਮਿੱਠੜੇ ।ਬਾਰ ਡਿਸੇ ਘਰ ਬਾਰ । ਤੌਂ ਬਿਨ ਹੋਤ ਪਿਆਰ ।ਸੇਝ ਥਈ ਕੁਲ ਖਾਰ । ਰਲ ਮਿਲ ਯਾਰ ਹਮੇਸ਼ਾ ।ਮਾਣੂੰ ਚੇਤਰ ਬਹਾਰ । ਨੇਂਹ ਨਿਭਾਵਣ ਔਖਾ ।ਅਖੀਆਂ ਜ਼ਾਰੋ ਜ਼ਾਰ । ਢੋਲ ਫ਼ਰੀਦ ਦੇ ਕੋਲ੍ਹੋਂ ।ਸਾਰੀ ਉਮਰ ਗੁਜ਼ਾਰ ।

167. ਨਾਸਹ ਨਾਹੀ ਨਾਥੀ ਮਾਨਿਅ

ਨਾਸਹ ਨਾਹੀ ਨਾਥੀ ਮਾਨਿਅ ।ਇਸ਼ਕ ਅਸਾਡਾ ਦੀਨ ਈਮਾਨ । ਕੁਨਤੁ ਕਨਜ਼ਨ ਇਸ਼ਕ ਗਵਾਹੀ ।ਪਹਿਲੋਂ ਹੁਬ ਖ਼ੁਦ ਜ਼ਾਤ ਕੂੰ ਆਹੀ । ਜੈਂ ਸਾਗੇ ਥਇਆ ਜਮਲ ਜਹਾਨ । ਇਸ਼ਕ ਹੈ ਗੱਦੀ ਪਰਮ ਨੱਗਰ ਦਾ ।ਇਸ਼ਕ ਹੈ ਰੱਹਬਰ ਰਾਹ ਫ਼ਕਰ ਦਾ । ਇਸ਼ਕੋਂ ਹਾਸਲ ਹੈ ਇਰਫ਼ਾਨ । ਮਾਲ ਅਯਾਲ ਦੀ ਬੱਠ ਘਤ ਯਾਰੀ ।ਦੁਨੀਆਂ ਅਕਬਾ ਤੋਂ ਥੀ ਆਰੀ । ਬੇ ਸਾਮਾਨੀ ਹੈ ਸਾਮਾਨ । ਮਜ਼ਹਬ ਮਸ਼ਰਬ ਲਾ ਮਜ਼ਹਬ ਦਾ ।ਲੁਬ ਹੈ ਅਰਸ਼ ਅਰਬ ਦਾ । ਸ਼ਾਹਦ ਦਰਸ ਹਦੀਸ ਕੁਰਾਨ । ਸਿਖ ਲਿਖੱਤ ਸੱਟ ਗ਼ੈਰ ਦੀ ਇੱਲਤ ।ਇਬਨਲ ਅਰਬੀ ਦੀ ਰੱਖ ਮਿੱਲਤ । ਆਖਿਓਮ ਸੋਹਣੇ ਫ਼ਖਰ ਜਹਾਨ । ਗ਼ਾਫ਼ਲ ਸ਼ਾਗਲ ਨਾਸੀ ਜ਼ਾਕਰ ।ਸਾਲਿਹ ਤਾਲਿਹ ਮੋਮਨ ਕਾਫ਼ਰ । ਸਬ ਹੈ ਨੂਰ ਕਦੀਮ ਦਾ ਸ਼ਾਨ । ਅਹਦ ਓਹੀ ਹੈ ਅਹਿਮਦ ਓਹ ਹੈ ।ਮੀਮ ਦੇ ਓਲ੍ਹੇ ਦਿੱਲੜੀ ਮੋਹੇ । ਧਿਆਨ ਫ਼ਰੀਦ ਰੱਖੀਂ ਹਰ ਆਨ ।

168. ਨੇਂਹ ਅਵਲੜਾ ਔਖਾ ਲਾਇਮ

ਨੇਂਹ ਅਵਲੜਾ ਔਖਾ ਲਾਇਮ ।ਸਿੱਕ ਪਲ ਪਲ ਦੀ ਮਾਰ ਮੁੰਝਾਇਮ । ਪੁੱਛਦੀ ਮੁਲਾ ਬਹਮਨ ਜੋਸੀ ।ਕੇੜ੍ਹਾ ਵਕਤ ਮਿਲਣ ਦਾ ਹੋਸੀ । ਢੋਲ ਅਸਾਡੇ ਵੇੜ੍ਹੇ ਔਸੀ ।ਰੰਜ ਹਿਜਰ ਦੇ ਸਖ਼ਤ ਸਤਾਇਮ । ਰੋਹੀ ਵੁਠੜੀ ਮੇਂਘ ਮਲ੍ਹਾਰਾਂ ।ਪੋਟੇ ਪੋਟੇ ਥੀਆਂ ਗੁਲਜ਼ਾਰਾਂ । ਸ਼ਾਲਾ ਮੋੜਮ ਦੋਸਤ ਮੁਹਾਰਾਂ ।ਭਾਗ ਸੁਹਾਗ ਦੀ ਮੌਸਮ ਆਇਮ । ਅਖੀਆਂ ਰੋਵਨ ਦਿਲ ਕੂਰਲਾਵੇ ।ਦਿੱਲੜੀ ਜੁਖਦੀ ਤਨ ਤੜਫਾਵੇ । ਰਾਤ ਡੇਹਾਂ ਆਰਾਮ ਨ ਆਵੇ ।ਡੁੱਖ ਡੁਹਾਗ ਦੇ ਬਾਰ ਉਠਾਇਮ । ਇਸ਼ਕ ਅਵੈੜਾ ਪੇਸ਼ ਪਿਉ ਸੇ ।ਦਰਦ ਕਸ਼ਾਲੇ ਸੇਝ ਢਿਉਸੇ । ਮੂੰਝ ਮੁੰਝਾਰੀ ਹਾਰ ਤਪੋਸੇ ।ਸਹਿਜੋਂ ਡੁਖ ਡੁਹਾਗ ਸੁਹਾਇਮ । ਹੁਸਨ ਪਰਸਤੀ ਘਾਤ ਅਸਾਡੀ ।ਗਜ਼ ਹਰਾਇਕ ਬਾਤ ਅਸਾਡੀ । ਰਮਜ਼ ਹਕੀਕੀ ਝਾਤ ਅਸਾਡੀ ।ਫ਼ਖਰ ਜਹਾਂ ਏਹਾ ਰੀਤ ਸਖਾਇਮ । ਮਿਲਸਮ ਯਾਰ ਫ਼ਰੀਦ ਕਡਾਹੀਂ ।ਦੂਦ ਦੁਖਾਵਾਂ ਕੱਢ ਕੱਢ ਆਹੀਂ । ਜਾਨ ਜਿਗਰ ਤਨ ਭੜਕਨ ਭਾਈਂ ।ਸੋਜ਼ ਪੁਨਮ ਦੇ ਸਾਫ਼ ਜਲਾਇਮ ।

169. ਨੇਂਹ ਅਵਲੜੀ ਚੋਟਕ ਲਾਈ

ਨੇਂਹ ਅਵਲੜੀ ਚੋਟਕ ਲਾਈ ।ਤਨ ਮਨ ਕੀਤੁਸ ਚਕਨਾ ਚੂਰ । ਮਾਹੀ ਬਾਝੋਂ ਕਿਵੇਂ ਗੁਜ਼ਾਰਾਂ ।ਸੋਜ਼ ਘਨੇਰੇ ਡੁਖ ਹਜ਼ਾਰਾਂ । ਪੌਵਨ ਤਤੀ ਕੂੰ ਪਲ ਪਲ ਪੂਰ । ਸੇਝ ਸੁਤੀ ਨੈਨਾਂ ਨਿੰਦਰ ਨ ਆਂਦੀ ।ਕੀਕਰ ਗੁਜ਼ਰੇ ਰੈਨ ਡੁਖਾਂ ਦੀ । ਦਿਲ ਦਾ ਢੋਲਾ ਛੱਡ ਗਿਆ ਦੂਰ । ਪਿਟਦਿਆਂ ਖਪਦਿਆਂ ਉਮਰ ਨਿਭਾਵੇ ।ਸੋਹਣੇ ਬਾਝ ਆਰਾਮ ਨ ਆਵੇ । ਦਰਦ ਵਸਾਇਆ ਕਹਿਰ ਕਲੂਰ । ਗੁਮਰਾਹੀ ਸਬ ਜ਼ੁਹਦ ਇਬਾਦਤ ।ਸ਼ਾਹਦ ਮਸਤੀ ਐਨ ਹਦਾਇਤ । ਜਿਸ ਜਾ ਕੀਤਾ ਇਸ਼ਕ ਜ਼ਹੂਰ । ਨੂਰ ਹਕੀਕੀ ਘੁੰਘਟ ਖੋਲੇ ।ਉਠ ਗਏ ਓਲ੍ਹੇ ਭੱਜ ਪਏ ਭੋਲੇ । ਹਰ ਜਾ ਐਮਨ ਹਰ ਜਾ ਤੂਰ । ਫ਼ਖਰ ਜਹਾਂ ਹਿਕ ਰੀਤ ਸੁਝਾਈ ।ਅਰਜ਼ੀ ਥੀਆ ਯਕ ਬਾਰ ਸਮਾਈ । ਜ਼ੁਲਮਤ ਬਣ ਗਈ ਨੂਰ ਨੂਰ । ਨੀਤ ਫਰੀਦ ਨਮਾਜ਼ ਸ਼ਹੂਦੀ ।ਹਰ ਸ਼ੈ ਮੇਂ ਹੈ ਰਮਜ਼ ਵਜੂਦੀ । ਸਟ ਮਲਵਾਣੇ ਜੋ ਮਜ਼ਕੂਰ ।

170. ਨੇਂਹ ਲਾਇਮ ਕਾਰਣ ਸੁਖ਼ ਵੇ ਮੀਆਂ

ਨੇਂਹ ਲਾਇਮ ਕਾਰਣ ਸੁਖ਼ ਵੇ ਮੀਆਂ ।ਪਏ ਪੱਲੜੇ ਡੋੜੇ ਡੁੱਖ ਵੇ ਮੀਆਂ । ਨ ਖਵਾਹਸ਼ ਦੁਨੀਆਂ ਦੋਲਤ ਦੀ ।ਨਾ ਸ਼ਾਹੀ ਸੌਕਤ ਸੌਲਤ ਦੀ । ਹੈ ਹਿਕ ਦੀਦਾਰ ਬੁਖ ਵੇ ਮੀਆਂ । ਨਾ ਕਾਸਦ ਨਾ ਪੈਗ਼ਾਮ ਆਇਆ ।ਨਾ ਖੁਸ਼ਕ ਜਵਾਬ ਸਲਾਮ ਆਇਆ । ਗਈ ਗੁਜ਼ਰ ਉੱਮਰ ਜੁਖ ਜੁਖ ਵੇ ਮੀਆਂ । ਵਿੱਚ ਦਿੱਲੜੀ ਦਰਦ ਅੰਦੋਹ ਭਰੀ ।ਪਈ ਰੂੜੀ ਵਾਰੇ ਚਿਣਗ ਜ਼ਰੀ । ਨਿੱਤ ਸੜਮ ਤੱਤੀ ਦੁੱਖ ਦੁੱਖ ਵੇ ਮੀਆਂ । ਕਹੀਂ ਖਬਰ ਡੱਸਾਂ ਮੈਂ ਢਾਲਾਂ ਦੀ ।ਦਿਲ ਸੁੰਜੜੀ ਮੁੰਬੜੀ ਮੁਢ ਲਾਂਦੀ । ਥੋਲੇ ਗਾਲੋਂ ਵੈਂਦੀ ਡੁੱਖ਼ ਵੇ ਮੀਆਂ । ਹਿਉਂ ਇਸ਼ਕ ਦੇ ਮੁਲਕ ਦੇ ਮੀਰ ਅਸਾਂ ।ਪੁਸ਼ਾਕ ਹੈ ਸੌ ਸਠ ਲੀਰ ਅਸਾਂ । ਹੈ ਬਿਸਤਰ ਖੁਤੜੀ ਨੁਖ ਵੇ ਮੀਆਂ । ਇਹੋ ਖੱਟੀਆ ਇਲਮ ਹੁਨਰ ਦਾ ਹੈ ।ਕਿਉਂ ਵਿਸਰੇ ਨਕਸ਼ ਪੱਥਰ ਦਾ ਹੈ । ਸੋਹਣੇ ਖ਼ਾਨ ਪੁਨਲ ਦਾ ਮੁੱਖ ਵੇ ਮੀਆਂ । ਹੈ ਛੋਟੀ ਲਾਦੀ ਦਿਲ ਕੁਠੜੀ ।ਹੱਥੋਂ ਨਾਜ਼ ਬਰੋਚਲ ਦੀ ਮੁੱਠੜੀ । ਅਜਾਂ ਡਿੱਤੇ ਨ ਹਾਮਿਸ ਸੁਖ ਵੇ ਮੀਆਂ । ਥਲ ਮਾਰੂ ਦੇ ਵਿੱਚ ਰੋਲ ਗਿਆ ।ਆਇਆ ਸਖ਼ਤ ਡੁੱਖਾਂ ਦੇ ਵਾਤ ਜਿਆ । ਤਲੇ ਰੇਤ ਤੱਤੀ ਉਤੋਂ ਲੁਖ ਵੇ ਮੀਆਂ । ਜੈਂ ਡੇਹ ਫ਼ਰੀਦ ਤੂੰ ਯਾਰ ਰੁਠਨ ।ਪਿਟ ਰੋ ਰੋ ਕੱਟ ਕੱਟ ਪੈਰ ਮੁਠਨ । ਮਾਰੀ ਮੁਕ ਸੀਨੇ ਗਕ ਕੁਖ ਵੇ ਮੀਆਂ ।

171. ਨੇਂਹ ਨਿਭਾਇਆ ਸਖ਼ਤ ਬੁਰਾ ਹੈ

ਨੇਂਹ ਨਿਭਾਇਆ ਸਖ਼ਤ ਬੁਰਾ ਹੈ ।ਬਾਰ ਅਜਲ ਸਰ ਬਾਰੀ ਭਲੋ । ਮਾਰੂ ਮੁਹਿਬ ਮਲ੍ਹੇਰ ਸਿਧਾਇਆ ।ਵਲਦਾ ਕੋਈ ਪੈਗ਼ਾਮ ਨ ਆਇਆ । ਫਿਰ ਦੀ ਸ਼ਹਿਰ ਆਵਾਰੀ ਭਲੋ । ਕੇਚ ਗਿਆਂ ਦੀ ਖ਼ਬਰ ਨ ਆਈ ।ਰੋਂਦੀ ਗਲ ਗਈ ਉੱਮਰ ਅਜਾਈਂ । ਯਾਰ ਨ ਕੀਤਮ ਕਾਰੀ ਭਲੋ । ਡੁੱਖੜੇ ਡੁੱਖੜੇ ਆਇਮ ਪੁੱਖੜੇ ।ਤਾਡੇ ਡਿੱਠੜੇ ਟੋਭੇ ਸੁੱਕੜੇ । ਦਿੱਲੜੀ ਦਰਦੀਂ ਮਾਰੀ ਭਲੋ । ਕਕਰੇ ਕੰਡੜੇ ਰਾਹ ਜਬਲ ਦੇ ।ਔਖੇ ਪੈਂਡੇ ਮਾਰੂਥਲ ਦੇ । ਸੂਲੀਂ ਸਾੜੀ ਹਾਰੀ ਭਲੋ । ਰੇਤ ਥਲਾਂ ਦੀ ਪੈਰ ਪਚਾਲੇ ।ਝਲਕਨ ਛਲਕਨ ਲੱਖ ਲੱਖ਼ ਛਾਲੇ । ਪੱਲੜੇ ਪਿਉਮ ਖਵਾਰੀ ਭਲੋ । ਰੋਹ ਡੂੰਗਰ ਦੀਆਂ ਔਖੀਆਂ ਘਟੀਆਂ ।ਮਾਰੂ ਥਲ ਦੀਆਂ ਡੁੱਖੜੀਆਂ ਪੱਟੀਆਂ । ਵਹ ਵਹ ਯਾਰ ਦੀ ਯਾਰੀ ਭਲੋ । ਇਸ਼ਕ ਫ਼ਰੀਦ ਨ ਕੀਤਮ ਭਲਾ ।ਹੈ ਹੈ ਬਖ਼ਤ ਨ ਥੀਵਮ ਸਵੱਲਾ । ਵੈਦਮ ਹੋਤ ਵਸਾਰੀ ਭਲੋ ।

172. ਨੇੜ ਅਲਾਵਣ ਹਾਲ ਵੰਜਾਵਣ

ਨੇੜ ਅਲਾਵਣ ਹਾਲ ਵੰਜਾਵਣ ।ਮੁਫ਼ਤੇ ਪੂਰ ਪਰਾਏ । ਮੇਹਣੀਂ ਖਾਦੀ ਸਿੱਠੜੀਂ ਸਹਿੰਦੀ ।ਦਿੱਲੜੀ ਚਾ ਬਰਮਾਏ । ਕਰਨ ਸ਼ਕਾਇਤ ਸੇਂਗੀਆਂ ਸਈਆਂ ।ਗਿੱਲੜੇ ਹੱਕ ਹਮਸਾਏ । ਆਰ ਵ ਯਾਰ ਪਚਾਰ ਕਰੇਂਦੇ ।ਸਕੜੇ ਮਾਂ ਪਿਉ ਜਾਏ । ਵੀਰ ਨਹੇੜੇ ਅਮੜੀ ਝੇੜੇ ।ਬਾਬਲ ਨਿੱਤ ਦੜਕਾਏ । ਸੱਸ ਨਿਨਾਣਾਂ ਕਰਨ ਬਖੇੜੇ ।ਰੋਜ਼ ਬਰੋਜ਼ ਸਵਾਏ । ਬਾਂਦੀਆਂ ਬਰਦੀਆਂ ਮਹਜ਼ ਨ ਡਰਦੀਆਂ ।ਦਾਈ ਵੈਣ ਅਲਾਏ । ਅਸਲੋਂ ਸਿੱਧੜਾ ਮੂੰਹ ਨ ਡੇਂਦੇ ।ਮਾਮੇ ਚਾਚੇ ਤਾਏ । ਕਾਂਗਾ ਕਾਸਦ ਪਠ ਪਠ ਹੁੱਟੜੀ ।ਯਾਰ ਨ ਵਾਗ ਵਲਾਏ । ਨਾਜ਼ ਨਵਾਜ਼ ਨਿਮਾਣੇ ਸ਼ੋਦੇ ।ਹਾਰ ਸਿੰਗਾਰ ਅਜਾਏ । ਮਾਰੂ ਛੋੜ ਮਲ੍ਹੇਰ ਮਲ੍ਹਾਰਾਂ ।ਆਪੇ ਆ ਬੁਲਵਾਏ । ਰਲ ਮਿਲ ਟੋਭੇ ਤੇ ਤਿਰ ਤਾਡੇ ।ਸਾਡੋ ਨਾਲ ਵਸਾਏ । ਕਿਸਮਤ ਜਾਗੇ ਬਖ਼ਤ ਭੜਾਏ ।ਕਾਦਰ ਦੋਸਤ ਮਲਾਏ । ਸਹਿਜੋਂ ਲੇਟੇ ਤੂਲ ਨਿਹਾਲੀ ।ਸੂਹੀ ਸੇਝ ਸੁਹਾਏ । ਭਾਗਮ ਸਖ਼ਤੀ ਤੇ ਬਦ ਬਖ਼ਤੀ ।ਭਾਗ ਸੁਹਾਗ ਮਲ੍ਹਾਏ । ਸਾਂਵਲ ਬਾਂਹ ਸਿਰਾਂਦ ਿਡੇਕਰ ।ਸਾਰੀ ਰਾਤ ਨਿਭਾਏ । ਛੋੜ ਵੰਜਣ ਦੀ ਦੂਰ ਰਹਿਣ ਦੀ ।ਨਾ ਰੱਖ ਰਾਂਝਣ ਰਾਏ । ਤੌਂ ਬਿਨ ਰਾਵਲ ਜੋਗੀ ਦਿਲ ਦੇ ।ਡੁੱਖੜੇ ਕੌਣ ਮਿਟਾਏ । ਨਾ ਕੋਈ ਸੰਗਤੀ ਨਾ ਕੋਈ ਸਾਥੀ ।ਨਾ ਕੋਈ ਹਾਲ ਵੰਡਾਏ । ਸੱਚ ਹੈ ਕੌਨ ਪਰਾਏ ਡੁੱਖੜੇ ।ਅਪਣੇ ਗਲੜੇ ਪਾਏ । ਜਿਸ ਤਨ ਲਗੜੀ ਸੋਈ ਤਨ ਜਾਣੇ ।ਹੋਰਾਂ ਕਿਆ ਪਰਵਾਏ । ਅਪਣੇ ਬਾਰੇ ਆਪ ਉਠੇਸਾਂ ।ਦਿੱਲੜੀ ਨਿੱਤ ਫਰਮਾਏ । ਕਰ ਬੋਵਾਹੀ ਸੱਟ ਨਿੰਦਰਾਈ ।ਪੇਚੀ ਕੇਚ ਸਿਧਾਏ । ਸੁੰਜੜੇਦੇ ਸੁੰਜੜੇਪੇ ਕਿਆ ਕਿਆ ।ਪੇਸ਼ ਤੱਤੀ ਦੇ ਆਏ । ਸੁਰਖ਼ੀਂ ਮੈਂਦੀਂ ਤਿਲਕ ਤਲੌਲੀਂ ।ਫ਼ਿੱਕੜੇ ਰੰਗ ਡਿਖਾਏ । ਹਿੱਕ ਡੁੱਖ ਸੈ ਸੈ ਸਾਂਗ ਖੁਸ਼ੀ ਦੇ ।ਸਾਰੇ ਸਾਫ਼ ਵੰਜਾਏ । ਚੋਲੀ ਚੁਨੜੀ ਸੋਜ਼ੋਂ ਭੁਨੜੀ ।ਆਸ ਨ ਪੁੱਨੜੀ ਹਾਏ । ਇਸ਼ਕੋਂ ਮੂਲ ਨ ਫਿਰਸਾਂ ।ਤੋੜੀਂ ਮੂੰਹ ਨ ਲਾਏ ।

173. ਪਲ ਪਲ ਸੂਲ ਸਵਾਇਆ ਹੈ

ਪਲ ਪਲ ਸੂਲ ਸਵਾਇਆ ਹੈ ।ਜੀ ਮੁਫਤ ਡੁੱਖਾਂ ਵਿੱਚ ਆਇਆ ਹੈ । ਦੂਰ ਗਿਆ ਮਨਜ਼ੂਰ ਦਿਲੀਂ ਦਾ ।ਤਨ ਮਨ ਧਨ ਹੈ ਮਾਲ ਜਹੀਂ ਦਾ । ਸ਼ਾਲਾ ਢੋਲਣ ਮਿਲਮ ਚਹੀਂਦਾ ।ਦਰਦਾਂ ਸਖ਼ਤ ਸਤਾਇਆ ਹੈ । ਦਸ਼ਤ ਬੀਆਬਾਂ ਜਾਲ ਅਸਾਡੀ ।ਸੋਜ਼ ਅੰਦੋਹ ਦੀ ਚਾਲ ਅਸਾਡੀ । ਮਾਤਮ ਹਾਲ ਤੇ ਕਾਲ ਅਸਾਡੀ ।ਇਸ਼ਕ ਬਹੂੰ ਡੁੱਖ ਲਾਇਆ ਹੈ । ਚਾਕ ਕੀਤੇ ਦਿਲ ਚਾਕ ਮਹੀਦੇ ।ਕੌਨ ਕਲੱਲੜੇ ਜ਼ਖਮ ਕੂੰ ਸੀਂਦੇ । ਮਰਹਮ ਵਸਲ ਵਸਲ ਤਹੀਦੇ ।ਖੇੜਾ ਕੂੜਾ ਜਾਇਆ ਹੈ । ਰਾਂਝਨ ਜੋਗੀ ਮੈਂ ਜੁਗਿਆਨੀ ।ਬੇ ਜ਼ਰ ਉਸ ਦੇ ਰਾਹ ਵਕਾਣੀ । ਮੁੱਠੜੀ ਮਾਰੀ ਫਿਰਾਂ ਨਮਾਣੀ ।ਨਾਨ ਨਸ਼ਾਨ ਗੰਵਾਇਆ ਹੈ । ਬਿਰਹੋਂ ਅਲੰਬੀ ਜੂੜ ਕਰ ਲਾਈ ।ਸੜਦੀ ਬਲਦੀਂ ਫਿਰਾਂ ਲੁਕਾਈ । ਲੋਕ ਕਿਆ ਜਾਣੇ ਪੀੜ ਪਰਾਈ ।ਜੋ ਲਿਖਿਆ ਸੋ ਪਾਇਆ ਹੈ । ਛੱਡ ਗਿਆ ਰਾਂਝਨ ਸਿਰ ਦਾ ਵਾਲੀ ।ਕੀਤਸ ਹਾਲ ਕਨੂੰ ਬੇਹਾਲੀ । ਸਾੜਾਂ ਸੇਝ ਤੇ ਤੋਲ ਨਿਹਾਲੀ ।ਸਭ ਕੁਝ ਹਿਜਰ ਭੁਲਾਇਆ ਹੈ । ਦਿਲ ਨੂੰ ਲੁਟਿਆ ਇਸ਼ਕ ਮਰੇਲੇ ।ਫਿਰਦੀ ਸ਼ਹਿਰ ਤੇ ਜੰਗਲ ਬੇਲੇ । ਮਤਾਂ ਫ਼ਰੀਦ ਕਰੇ ਰੱਬ ਮੇਲੇ ।ਤਾਂਘ ਆਰਾਮ ਵੰਜਾਇਆ ਹੈ ।

174. ਪਰਦੇਸ ਡਿਹੋਂ ਦੀਦਾਂ ਅੜਿਆਂ ਵੇ ਯਾਰ

ਪਰਦੇਸ ਡਿਹੋਂ ਦੀਦਾਂ ਅੜਿਆਂ ਵੇ ਯਾਰ ।ਸਾਡਿਆਂ ਵਤਨ ਕਨੂੰ ਦਿਲੀ ਸੜੀਆਂ ਵੇ ਯਾਰ । ਖਬਰ ਨਹੀਂ ਇਨ੍ਹਾਂ ਕਮਲਿਆਂ ਲੋਕਾਂ ।ਤੇਗ਼ਾਂ ਤੇਜ਼ ਬਿਰਹੋਂ ਦੀਆਂ ਨੋਕਾਂ । ਦਰਦ ਮੰਦਾਂ ਸਿਰ ਖੜੀਆਂ ਵੇ ਯਾਰ । ਜੇ ਤਈਂ ਮੌਤ ਕਰੇਸਮ ਟਾਲਾ ।ਡੇਖਾਂ ਨਾਲ ਅੱਖੀਂ ਦੇ ਸ਼ਾਲਾ । ਸ਼ਹਿਰ ਇਰਮ ਸ਼ਾਹ ਪਰੀਆਂ ਵੇ ਯਾਰ । ਡੇਖ ਕੇ ਚਾਲੀ ਯਾਰ ਸਜਨ ਦੀਆਂ ।ਨਾਜ਼ ਖਰਾਮਾਂ ਮਨਮੋਹਨ ਦੀਆਂ । ਕਬਕਾਂ ਰੋਹੀ ਵੜੀਆਂ ਵੇ ਯਾਰ । ਮੈਂ ਜੇਹੀਆਂ ਤੈਂਡੀਆਂ ਸੌ (ਸਠ) ਸਹੇਲੀਆਂ ।ਨਾਜ਼ ਪਨੁਨੀਆਂ ਰਾਜ ਗੇਹਲੀਆਂ । ਥੀਆਂ ਦੀਵਾਨੀਆਂ ਚਰੀਆਂ ਵੇ ਯਾਰ । ਕਿਸਨੀ ਚਾਇਮ ਨੇਹੜਾ ਲਾਇਮ ।ਜਿੰਦੜੀ ਮੁਫ਼ਤ ਫ਼ਰੀਦ ਗਵਾਇਮ । ਨਿਭ ਗਈਆਂ ਸੁਖ ਦੀਆਂ ਘੜੀਆਂ ਵੇ ਯਾਰ ।

175. ਪਰਦੇਸੀ ਯਾਰਾ ਵਾ ਪੂਰਬ ਦੀ ਘੁਲੇ

ਪਰਦੇਸੀ ਯਾਰਾ ਵਾ ਪੂਰਬ ਦੀ ਘੁਲੇ । ਸਾਵਨ ਮੀਂਹ ਬਰਸਾਤ ਦੀ ਵਾਰੀ ।ਫੋਰਾ ਫੁਲੀ ਖਿਪ ਫੁਲੇ । ਗਾਜਾਂ ਗਜਕਨ ਬਿਜਲੀਆਂ ਲਿਸ਼ਕਨ ।ਜ਼ੌਕੋਂ ਦਿੱਲੜੀ ਚੁਲੇ । ਧਾਮਣ ਕਤਰਣ ਸਣ੍ਹ ਤੇ ਸਹਿਜੋਂ ।ਛਤਰ ਸੁਹਾਗ ਦਾ ਝੁਲੇ । ਜੇ ਤੈਂ ਪਾਣੀ ਪਲ੍ਹੜਨ ਖੁਟਸੀ ।ਕੌਨ ਭਲਾ ਸਿੰਧ ਜੁਲੇ । ਰੋਜ਼ ਬਰੋਜ਼ ਫ਼ਰੀਦ ਹੈ ਲੱਜ਼ਤ ।ਤਬਾ ਡੇਂਹੋਂ ਡੇਂਹ ਖੁਲੇ ।

176. ਪਟੀ ਪੀਤ ਦੇ ਪੰਧ ਪਰੇਰੇ

ਪਟੀ ਪੀਤ ਦੇ ਪੰਧ ਪਰੇਰੇ ।ਬੁਰੇ ਬਿਰਹੋਂ ਦੇ ਬਾਰ ਬਰੇਰੇ । ਜਾਣੇ ਮੂਲ ਨ ਜਾਣੇ ।ਭਾਣੇ ਯਾਰ ਦੇ ਮਨ ਨੂੰ ਭਾਣੇ । ਗਾਨੇ ਗਹਿਣੇ ਮੇਵੇ ਖਾਣੇ ।ਵਿੱਸਰੇ ਤੋਲ ਵਹਾਣੇ । ਰਾਜ ਬਬਾਣੇ ਹੁਸਨ ਦੇ ਮਾਣੇ ।ਗੁਜ਼ਰੇ ਭਾਗ ਭਲੇਰੇ । ਟੋਲ ਖੁਸ਼ੀ ਦੇ ਰੋਲ ਡਿੱਤੇ ।ਵੋਹ ਸੂਲਾਂ ਲਾਈ ਕਾਨੀ । ਢੋਲ ਨ ਨੀਤਮ ਕੋਲ ਮੁੱਠੀ ।ਗਿਆ ਜੋਬਨ ਜੋਸ਼ ਜਵਾਨੀ । ਹਾਰ ਸ਼ਿੰਗਾਰ ਨ ਖੜ ਮੁਕਲਾਇਆ ।ਤਰੁੱਟੜੇ ਫੁਲੋਂ ਸਿਹਰੇ । ਬਾਦਲ ਕਾਲੇ ਪੂਰਬ ਵਾਲੇ ।ਨਾਲੇ ਬਾਦ ਸ਼ਮਾਲੇ । ਬਾਰਸ਼ ਨਾਲੇ ਵਕਤ ਸੁਖਾਲੇ ।ਮੌਸਮ ਰੂਪ ਡਖਾਲੇ । ਸੋਜ਼ ਉਗਾਲੇ ਪੌਨ ਉਬਾਲੇ ।ਯਾਰ ਨਹੀਂ ਹੈ ਵੇੜ੍ਹੇ । ਚੇਤਰ ਬਹਾਰਾਂ ਖੇਤਰ ਹਜ਼ਾਰਾਂ ।ਟੋਭੇ ਤਾਰ ਮਤਾਰਾਂ । ਗੁਲ ਗੁਲਫ਼ਾਰਾਂ ਲੱਖ ਲਲ੍ਹਕਾਰਾਂ ।ਕਨੜੀ ਪਵਨ ਤਵਾਰਾਂ । ਝੌਪੜ ਸਾੜਾਂ ਝੋਕ ਉਜਾੜਾਂ ।ਦੋਸਤ ਨ ਵਸਦਾ ਨੇੜੇ । ਤਾਂਘਾਂ ਯਾਰ ਦੀਆਂ ਸਾਗਾ ।ਕੱਨੜੀਂ ਬਿਰਹੋਂ ਸੁਣਾਈਆਂ ਬਾਂਗਾਂ । ਕੱਜੜੇ ਵਾਲ ਤੇ ਉੱਜੜੀਆਂ ਮਾਘਾਂ ।ਲਿਖਦੀ ਹਿਜਰ ਦੇ ਕਾਂਗਾਂ । ਕਰਦੀ ਚਾਂਗਾਂ ਸੁਝਨ ਨ ਤਾਂਗਾਂ ।ਸੁਖ ਦੇ ਬੁਡ ਗਏ ਬੇੜੇ । ਰਾਹ ਜਬਲ ਦੇ ਮਾਰੂ ਥਲ ਦੇ ।ਸਾਂਗ ਕਸਾਂਗ ਅਜ਼ਲ ਦੇ । ਆਵਨ ਯਾਦ ਪੁੱਨਲ ਦੇ ਰਲੜੇ ।ਪੂਰ ਪਵਨ ਪਲਪਲ ਦੇ । ਡੁੱਖੜੇ ਵਲਵਲ ਪੁੱਖੜੇ ਢਲਦੇ ।ਦਰਦ ਅੰਦੋਹ ਘਨੇੜੇ । ਵੇਸ ਵਟੇਸਾਂ ਦੇਸ ਛੁੜੇਸਾਂ ।ਜੋਗਨ ਥੀ ਗੁਜ਼ਰੇਸਾਂ । ਖ਼ਾਕ ਰਮੇਸਾਂ ਧੂਨੜੀ ਲੇਸਾਂ ।ਨਾਜ਼ਕ ਨੇਂਹ ਨਿਭੇਸਾਂ । ਸ਼ਰਮ ਲੋੜ੍ਹੇਸਾਂ ਭਰਮ ਪੁੜੇਸਾਂ ।ਕੀਜੋ ਖਿਲਸਨ ਖੇੜੇ । ਨੋਕ ਗ਼ਮਾਂ ਦੀ ਚੋਕ ਡੁੱਖਾਂ ਦੀ ।ਦਮ ਦਮ ਦਿਲ ਦਰਮਾਂਦੀ । ਰਾਤ ਡੇਹਾਂ ਤੜਫਾਂਦੀ ।ਕੁੱਠੜੀ ਮਿਹਣੀ ਸਿੱਠੜੀਂ ਖਾਂਦੀ । ਸੇਝ ਨ ਭਾਂਦੀ ਪਈ ਕੁਰਲਾਂਦੀ ।ਮੁੱਠੜੀ ਇਸ਼ਕ ਅਵੈੜੇ । ਦਿੱਲੜੀ ਹਰਮਲ ਅੱਖ਼ੀਆਂ ਪਲਪਲ ।ਪੈਰੀਂ ਛਲ ਛਲ ਛਾਲੇ । ਨਰਮਲ ਦਰਦ ਅੰਦਰ ਦੇ ਦਰਮਲ ।ਡਿੱਤੜੇ ਰੋਗ ਕਸਾਲੇ । ਜਲਬਲ ਤੇ ਹੱਥ ਮਲਮਲ ਕੂਕਾਂ ।ਜ਼ਖਮ ਪਏ ਵਿੱਚ ਜ਼ੇਰੇ । ਲਾਲੀ ਲਿਵੇ ਤੇ ਕਾਂਗਾਂ ਬੋਲੇ ।ਥੀਵਾਂ ਓਲੇ ਘੋਲੇ । ਮੁਰਗ ਮਮੋਲੇ ਕਰਨ ਚਬੋਲੇ ।ਨਾ ਡੇ ਰਾਵਲ ਰੋਲੇ । ਸਾਰੇ ਸੌਣ ਸ਼ਗੂਨ ਸ਼ਮੋਲੇ ।ਦਰ ਵੇੜ੍ਹੇ ਬੱਠ ਝੇੜੇ । ਕਿਆ ਦੂਰੀ ਮਹਜੂਰੀ ਓੜਕ ।ਵੰਜਣਾਂ ਝੋਕ ਜ਼ਰੂਰੀ । ਪੂਰੀ ਨੇਸਾਂ ਸਿੱਕ ਸਾਵਲ ਦੀ ।ਹਮ ਈਮਾਨ ਦੀ ਮੋੜੀ । ਪੂਰੇ ਝੋਰੈ ਖ਼ਾਕ ਪੱਟੀ ਦੀ ।ਕਰਸਮ ਕੇਚ ਕੇਚ ਵਹੇੜੇ । ਅਗ ਲਾਈ ਭੜਕਾਈ ਰੰਗਤ ।ਚਸ਼ਮਾਂ ਚੋਲ ਚਲਾਈ । ਦੀਦਾਂ ਕਰਨ ਲੜਾਈ ।ਰਮਜ਼ਾਂ ਜੜ ਕਰ ਚਾਟ ਚਖਾਈ । ਬੇਵਾਹੀ ਦੇ ਨਾਲ ਅਜਾਂਈ ।ਗ਼ਮਜ਼ੇ ਰਖਨ ਬਖੇੜੇ । ਅੱਲਾ ਰਾਸੀ ਮਾ ਨਾ ਮਾਸੀ ।ਸ਼ਹਿਰ ਭੰਭੋਰ ਦੀ ਵਾਸੀ । ਤਰਹ ਉੱਦਾਸੀ ਸਖ਼ਤ ਪਿਆਸੀ ।ਬਦਨ ਭਭੂਤ ਸਨਾਸੀ । ਖੋਸਾ ਫਾਸੀ ਥੀ ਬੇ ਆਸੀ ।ਪਲਪਲ ਮੌਤ ਕਹੇੜੇ । ਜੰਗਲ ਬੇਲੇ ਸੀਹ ਮਰੇਲੇ ।ਡੋੜੇ ਡੁੱਖ ਡੁਹੇਲੇ । ਕਪੜੇ ਮੈਲ ਕੁਚੇਲੇ ।ਨਿਭ ਗਏ ਹੱਸਣ ਖਿਲਣ ਦੇ ਵੇਲ੍ਹੇ । ਵੇਲ੍ਹੇ ਮੇਲੇ ਕਰ ਅਲਬੇਲੇ ।ਆਵਸ ਹੋਤ ਉਰੇਰੇ । ਪੰਧ ਅੜਾਗੇ ਦਿੱਲੜੀ ਤਾਂਘੇ ।ਔਖੇ ਵਸਲ ਦੇ ਸਾਂਘੇ । ਮਿਲਣ ਮਰਾਂਗੇ ਕੋਝੇ ਲਾਂਘੇ ।ਚੋਲਾ ਬੋਛਨ ਘਾਂਗੇ । ਜੋਹ ਜਤਨ ਦੇ ਡਿੱਸਮ ਨ ਚਾਗੇ ।ਨ ਖਾਰੇ ਨ ਛੇੜੇ । ਤੀਰ ਜਿਗਰ ਵਿੱਚ ਪੀੜ ਅੰਦਰ ਵਿੱਚ ।ਨੀਰਾ ਨੀਰ ਵਹੀਰਾਂ । ਪੀਰ ਮਨਾਵਾਂ ਧੀਰ ਨ ਪਾਵਾਂ ।ਦਿਲ ਦਿਲਗੀਰ ਲਵੀਰਾਂ । ਮਾਰੂ ਛੋੜ ਮਲ੍ਹੇਰ ਸਿਧਾਇਆ ।ਪਏ ਤਕਦੀਰ ਨਖੇੜੇ । ਸਟੀਆਂ ਮਟੀਆਂ ਭਟੀਆਂ ਕੱਟੀਆਂ ।ਵਟੀਆਂ ਪਟੀਆਂ ਪਤੀਆਂ । ਘਟੀਆਂ ਖੁਸ਼ੀਆਂ ਪਾੜੂੰ ਪਟੀਆਂ ।ਹਟੀਆਂ ਸੁਖ ਦੀਆਂ ਰਤੀਆਂ । ਮੁੱਠੀਆਂ ਤੇਗ਼ ਬਿਰਹੋਂ ਦੀਆਂ ਕੁੱਠੀਆਂ ।ਲੋਟੀਆਂ ਨਾਜ਼ ਨਵੇਰਾਂ । ਦਰਦ ਜਦੀਦ ਮਜੀਦ ਹਮੇਸ਼ਾਂ ।ਰੀਤ ਪਰੀਤ ਸਵਾਈ । ਪੀਤ ਪਰਮ ਦੇ ਗੀਤ ਸਿਖਾਇਮ ।ਨੀਤ ਅਸਾਂ ਸਰ ਚਾਈ । ਈਦ ਫ਼ਰੀਦ ਬਈਦ ਸੁਣਿਉਸੇ ।ਗ਼ਮ ਕੀਤੇ ਦਿਲ ਦੇਰੇ ।

177. ਪਏ ਡੁਖ ਗਲ ਵਿਚ ਜਮਦੇ ਯਾਰ

ਪਏ ਡੁਖ ਗਲ ਵਿਚ ਜਮਦੇ ਯਾਰ ।ਨਾ ਰਹਿ ਗਿਓ ਸੈ ਕਹੀਂ ਕੰਮ ਵੇ ਯਾਰ । ਬਾਗ਼ ਬਹਾਰ ਉਜਾੜ ਕੀਤੋ ਸੈ ।ਹਾਰ ਸ਼ਿੰਗਾਰ ਵਸਾਰ ਡਿਤੋਂ ਸੈ । ਦੌਲਤ ਦੁਨੀਆਂ ਦਾਰ ਥੀਓ ਸੈ ।ਨੌਕਰ ਤੈਂਡੜੇ ਦਮ ਦੇ ਯਾਰ । ਸ਼ਰਮ ਸ਼ਊ੍ਰਰ ਅਸਾਂ ਤੋਂ ਰੁਠੜੇ ।ਨੰਗ ਨਮੂਜ਼ ਦੇ ਸਾਂਗੇ ਤਰੁਟੜੇ । ਘੋਲੇ ਸਦਕੇ ਕੀਤੇ ਮੁਠੜੇ ।ਆਸਰੇ ਭੀਮ ਭਰਮ ਦੇ ਯਾਰ । ਹਿਕ ਵੇਲ੍ਹੇ ਅਹਰਾਮ ਹਰਮ ਦੇ ।ਹਿਕ ਵੇਲ੍ਹੇ ਜ਼ਨਾਰ ਧਰਮ ਦੇ । ਨਾ ਪਾeੰਦ ਹੂੰ ਦੀਨ ਜੜਮ ਦੇ ।ਬੰਦੜੇ ਇਸ਼ਕ ਦੇ ਗ਼ਮ ਦੇ ਯਾਰ । ਡੋਖੇ ਚਾਲ ਅਨੋਖੀ ਪੁਠੜੀ ।ਕਈ ਵੰਜ ਪਹੁੰਤੀ, ਕਈ ਮਰਹੁਟੜੀ । ਨਾਜ਼ ਤੈਂਡੇ ਦੀ ਰਾਂਦ ਨ ਖੁਟੜੀ ।ਗੁਜਰੇ ਦਹ ਆਦਮ ਦੇ ਯਾਰ । ਲਾਣੇ ਫੋਗ ਅਸਾਡੇ ਮਾਣੇ ।ਟਿਬੋੜੇ,ਭਿਟੜੇ,ਡਹਰ ਟਕਾਣੇ । ਡਿਸਦੇ ਸੁਕੜੇ ਖੇਤਰ ਕਮਾਣੇ ।ਸਾਗੀ ਬਾਗ਼ ਇਰਮ ਦੇ ਯਾਰ । ਯਾਰ ਫ਼ਰੀਦ ਮਿਲਮ ਘਰ ਅੰਦਰ ।ਪਾਂਵਾਂ ਭਾਗ ਸੁਹਾਗੋਂ ਜ਼ੇਵਰ । ਖਾਵਨ ਸਹਿਜੋਂ ਬੋਲੇ ਬੇਂਸਰ ।ਲਚਕੇ ਕਲ ਸਰਸਮ ਦੇ ਯਾਰ ।

178. ਪੀੜ ਪੁਰਾਣੀ ਬੇਸ਼ਮ ਕੀਤਾ

ਪੀੜ ਪੁਰਾਣੀ ਬੇਸ਼ਮ ਕੀਤਾ ।ਨਾਲ ਨ ਨੀਤਮ ਸਾਂਵਲ ਯਾਰ । ਪੁਨਲ ਯਾਰ ਕੂੰ ਚਾ ਭਰਮਾਇਓ ਨੇ ।ਜ਼ੋਰਾ ਜ਼ੋਰੀ ਪਕੜ ਨੀਤੋ ਨੇ । ਪੌਨੇ ਸ਼ਾਲਾ ਰਬ ਦੀ ਮਾਰ । ਪੈਰ ਹਵਾੜਾਂ ਖੋਜ ਨ ਪਾਵਾਂ ।ਰੋ ਰੋ ਕਰੜ ਕੰਡਾ ਗਲ ਲਾਵਾਂ । ਨੈਨ ਸਿਕੇ ਤੇ ਜ਼ਾਰ ਨਜ਼ਾਰ । ਥੀ ਰਾਹੀ ਥਲ ਮਾਰੂ ਜੁਲਸਾਂ ।ਲਾਂਡੀ ਤੇ ਲਸ ਬੇਲਾਂ ਰੁਲਸਾਂ । ਸੁੰਜ ਬਰ ਬਾਰ, ਕੀਤਮ ਘਰ ਬਾਰ । ਪਾਣੀ ਮੂਲ ਨ ਮਿਠੜੇ ਖਾਰੇ ।ਨਾ ਕੁਝ ਪਲੜੇ ਨਾ ਕੋਈ ਚਾਰੇ । ਨਾਰਹ ਡਿਸਦਮ ਸੁਤਰ ਸਵਾਰ । ਵਿਸਰੀਆਂ ਰੰਗ ਰੰਗੇਲੀਆਂ ਜਾਈਂ ।ਬਾਗ਼ ਬਗੁਚੜੇ ਠਡਰੀਆਂ ਛਾਈਂ । ਸਿਹਰੇ ਗਾਨੇ ਘਣੇ ਯਾਰ । ਨਾਜ਼ਕ ਸ਼ੌਖ ਮਜ਼ਾਜ ਨਿਗਾਹ ਅਨੋਹਾਂ ।ਯਾਰੀ ਲਾ ਕਰ ਥੀਓ ਅਣਸੁਹਾਂ । ਕੇਡੇ ਗਲ ਗਏ ਕੌਲ ਕਰਾਰ । ਕਰਮ ਤਤੀ ਦੇ ਨਾ ਡੁਖ ਮਿਟੜੇ ।ਕਰਮ ਨ ਕੀਤਮ ਮਾਰੂ ਮਿਠੜੇ । ਜਿਤੜੀ ਬਾਜ਼ੀ ਡਿਤਰਸ਼ ਹਾਰ । ਕੇਚ ਡੁ ਤਣਸਾਂ ਜੇ ਤੈਂ ਜੈਸਾਂ ।ਜੇ ਵਲ ਵਲਸਾਂ ਕਾਫ਼ਰ ਥੀਸਾਂ । ਗਲ ਵਿਚ ਪਾਇਮ ਪਰੀਤ ਮਹਾਰ । ਔਖੀਆਂ ਘਾਟੀਆਂ ਗਾਟੀਆਂ ਚਾਟੀਆਂ ।ਲਾਹੀਆਂ ਚਾੜ੍ਹੀਆਂ ਸਭ ਅਠ ਕਾਠੀਆਂ । ਸਜੜੋ ਖਬੜੋ ਸੌ ਸੌ ਗ਼ਾਰ । ਬਠ ਪਿਆ ਭੁਟੜੇ ਵਾਹਣ ਦਾ ਜੋਮਾਂ ।ਸ਼ਹਿਰ ਭੰਬੋਰ ਵੀ ਕੂੜ ਨਿਕਮਾਂ । ਕੀਚ ਹਈ ਵਤਨ ਹਕੀਕੀ ਵਾਰ । ਯਾਰ ਫ਼ਰੀਦ ਨ ਕੀਤਮ ਗੋਲੀ ।ਸੁਰਖੀ ਡਿਸਮ ਬੰਦੂਕ ਦੀ ਗੋਲੀ ।ਧਾਰ ਕਜਲ ਦੀ ਥਈ ਤਲਵਾਰ ।

179. ਪਿਰੀ ਅਜ ਨ ਗਿਉਸੇ ਕਲ ਹੀ ਸਹੀ

ਪਿਰੀ ਅਜ ਨ ਗਿਉਸੇ ਕਲ ਹੀ ਸਹੀ ।ਇਹੋ ਵਤਨ ਬੇਗਾਨਾ ਕੂੜਾ ਕੂੜ ਟਿਕਾਨਾ । ਰੰਗ ਗੁਲ ਫੁਲ ਡੇਖ ਕੇ ਭੁਲ ਨ ਬਹੀਂ ।ਸਿੱਧੇ ਰਾਹੋਂ ਸਾਲਿਕ ਰੂਲ ਨ ਬਹੀਂ । ਏਹੀਂ ਜਗ ਦੀ ਜਗਮਗ਼ ਸਮਝ ਬਹਾਨਾ । ਏ ਨੱਗਰੀ ਮੁਲਕ ਪਰਾਇਆ ਹੈ ।ਅੱਥ ਆਸਰਾ ਰੱਖਣ ਅਜਾਇਆ ਹੈ । ਮੁਢੋਂ ਰਹਿਣ ਨ ਡੇਂਦੇ ਕਰਿਨ ਰਵਾਨਾ । ਥੀ ਗ਼ਾਫ਼ਲ ਅਸਲੋਂ ਹਿੱਕ ਨ ਘੜੀ ।ਹੁਣ ਹੱਥ ਹੱਥ ਮਲ ਮਲ ਪਰਤਾਬ ਜ਼ਰੀ । ਮਾਝੁ ਮੌਤ ਨੇ ਭੇਜਿਆ ਲਿਖ ਪਰਵਾਨਾ । ਬੱਠ ਦੁਨੀਆਂ ਫ਼ਾਨੀ ਦੇਸ ਇਹੋ ।ਸਭ ਮਕਰ ਫਰੇਬ ਦਾ ਵੇਸ ਏਹੋ । ਕਿਆ ਨਾਜ਼ ਨਹੋਰੇ ਤਾਨ ਤੁਰਾਨਾ । ਕਰ ਤੋਬਾ ਇਸਤਗਫ਼ਾਰ ਸਦਾ ।ਰੱਖ ਬਿਦਅਤ ਸ਼ਰਕੋ ਆਰ ਸਦਾ । ਥੀ ਮਹਜ਼ ਮਵਾਹਦ ਸਾਫ਼ ਯਗਾਨਾ । ਰੱਬ ਬਾਝ ਫ਼ਰੀਦ ਨੂੰ ਆਸ ਨਹੀਂ ।ਏਹਾ aੁੱਮਰ ਸਭੋ ਹਿਕ ਪਾਸ ਨਹੀਂ । ਕਹੀਂ ਨਾਲ ਨ ਚਾੜੇ ਤੋੜ ਜ਼ਮਾਨਾ ।

180. ਪਿਆ ਇਸ਼ਕ ਅਸਾਡੀ ਆਨ ਸੰਗਤ

ਪਿਆ ਇਸ਼ਕ ਅਸਾਡੀ ਆਨ ਸੰਗਤ ।ਗਈ ਸ਼ਦਮਦ ਜ਼ੇਰ ਜਬਰ ਦੀ ਭੱਤ । ਸਭਿ ਵਿਸਰੇ ਇਲਮ ਅਲੂਮ ਅਸਾਂ ।ਕੁਲ ਭੁਲ ਗਏ ਰਸਮ ਰਸੂਮ ਅਸਾਂ । ਹੈ ਬਾਕੀ ਦਰਦ ਦੀ ਧੂਮ ਅਸਾਂ ।ਪਏ ਬਿਰਹੋਂ ਦੀ ਯਾਦ ਰਹਿਉਸੇ ਗਤ । ਇਨ੍ਹਾਂ ਜੂਠਿਆਂ ਗੈਰਾਂ ਵੈਰੀਆਂ ਤੋਂ ।ਇਨ੍ਹਾਂ ਕੂੜਿਆਂ ਖੇੜਿਆਂ ਭੈੜੀਆਂ ਤੋਂ । ਇਨ੍ਹਾਂ ਕੋਝਿਆਂ ਗੇੜਿਆਂ ਪੇੜਿਆਂ ਤੋਂ ।ਹਰ ਵੇਲ੍ਹੇ ਯਾਰ ਬਿਨਮ ਡਤਪਤ । ਕਰ ਸਬਰ ਤੇ ਸ਼ੁਕਰ ਸ਼ਕਾਇਤ ਤੇ ।ਰਖ ਆਸ ਉਮੀਦ ਇਨਾਇਤ ਤੇ । ਪਏ ਫਖ਼ਰ ਦੀ ਫ਼ਕਰ ਵਲਾਇਤ ਤੇ ।ਡੇਂਹ ਰਾਤੀਂ ਦਿਲੜੀ ਡਿਓਮ ਮਤ । ਮੁਠੀ ਗਿਲੜੀ ਸ਼ਹਿਰ ਵਿਖੋਹੀ ਦੀ ।ਤੱਤੀ ਮੁਲਕ ਮਲਾਮਤ ਡੋਹੀ ਦੀ । ਸੁੰਜੀ ਰੋਹੀ ਰਾਵੇ ਰੋਹੀਂ ਦੀ ।ਡਿਤੀ ਖਲਅਤ ਯਾਰ ਬਰੋਚਲ ਜਤ । ਨਿਤ ਖਾਵਾਂ ਡੁਖੜੀਂ ਤੂੰ ਮੁਕ ਲਤ ।ਹਾਂ! ਆਖਣ ਨੇੜਾ ਲੈਸੀਂ ਵਤ । ਕਡੀਂ ਵੋਏ ਤੋਏ ਤੇ ਕਡੀਂ ਕਰਨ ਹਟ ਹਟ ।ਡੇ ਡਰ ਕੇ ਖੂਬ ਨਪੀੜਨ ਸਤ । ਸਟ ਕਲ੍ਹੜੀ ਯਾਰ ਫਰੀਦ ਗਿਆ ।ਇਹੋ ਹਾਲ ਨਮਾਣੀ ਨਾਲ ਥੀਆ। ਫਰਿਆਦ ਕਰਾਂ ਕਰ ਯਾਦ ਪੀਆ ।ਹੱਥ ਮਲ ਮਲ ਬੈਠੀ ਰੋਵਾਂ ਰੱਤ ।

181. ਪੁਨਲ ਛਡ ਕੇ ਨੀਚ ਸਿਧਾਇਓਂ

ਪੁਨਲ ਛਡ ਕੇ ਨੀਚ ਸਿਧਾਇਓਂ ।ਦਿਲੜੀ ਨਮਾਣੀ ਹੈ ਜ਼ਾਰ ਨਜ਼ਾਰ । ਯਾਸ ਪਿਆਸ ਨਸੀਬ ਅਸਾਡੇ ।ਨਾ ਕੋਈ ਟੋਭੇ ਨਾ ਕਈ ਤਾਡੇ । ਨਾ ਰਾਹ ਡਿਸਦਮ ਕਰਹੂੰ ਕਤਾਰ । ਦਰਦ ਘਨੇਰੇ ਡੁਖ ਹਜ਼ਾਰਾਂ ।ਸੂਲ ਤਤੀ ਕੂੰ ਤਾਰ ਮਤਾਰਾਂ । ਬਿਰਹੋਂ ਬਛੇਂਦਾ ਰੋਜ਼ ਆਜ਼ਾਰ । ਸਟ ਕਰ ਸ਼ਾਹੀ ਥੀਸਾਂ ਬਾਂਦੀ ।ਠੀਕ ਸੋਹੇਸਾਂ ਰੀਤ ਗ਼ਮਾਂ ਦੀ । ਕੀਜੋ ਕਰਸਮ ਲੋਗ ਵਿਆਰ । ਸੇਝ ਨ ਭਾਵਿਮ ਪਈ ਤੜਫ਼ਾਵਾਂ ।ਤਾਰੇ ਗਿਨ ਗਿਨ ਰਾਤ ਨਿਭਾਵਾਂ । ਨ ਕੋਈ ਸਾਥੀ ਨ ਗ਼ਮ ਖਵਾਰ । ਮਾਂ ਪਿਓ ਵੈਰੀ ਮੂਲ ਨ ਭਾਂਦੇ ।ਮੇਣੇ ਡੇਵਮ ਬਰਦੇ ਬਾਂਦੇ । ਸੈਗੀਆਂ ਸੁਰਤੀਆਂ ਕਰਦੇ ਆਰ । ਜੈਂ ਤਨ ਲਗੜੀ ਸੋਈ ਤਨ ਜਾਣੇ ।ਗੈਰ ਫ਼ਰੀਦ ਨ ਰਮਜ਼ ਪਛਾਣੇ । ਜਾਣਮ ਸੋਹਣਾਂ ਦਿਲਬਰ ਯਾਰ ।

182. ਪੁਨਲ ਥੀਵੀਂ ਪਾਂਧੀ ਯਾਰਾ

ਪੁਨਲ ਥੀਵੀਂ ਪਾਂਧੀ ਯਾਰਾ ।ਛੱਡ ਕੇ ਕਲ੍ਹੜੀ ਬਰ ਵਿਚ । ਹਰ ਦਮ ਵਤਾਂ ਦਰਮਾਦੀ ਯਾਰਾ ।ਸੈ ਸੈ ਰੋਗ ਅੰਦਰ ਵਿਚ । ਪੀਤ ਨ ਪਾਲੀ ਸਰ ਦੇ ਵਾਲੀ ।ਤੂਲ ਨਿਹਾਲੀ ਰੋਲੇਸ ਖਾਲੀ । ਦਿਲ ਦਰਦੋਂ ਕੁਰਲਾਂਦੀ ਯਾਰਾ ।ਮੂੰਹ ਪਲੜੁ ਘਰ ਘਰ ਵਿਚ । ਰਖਦੀ ਆਸ ਉਮੀਦ ਹਜਾਰਾਂ ।ਆਖਰ ਹਿਕ ਡੈਂਹ ਮੋੜ ਮਹਾਰਾਂ । ਹੋਤ ਥੀਸਮ ਆ ਕਾਂਧੀ ਯਾਰਾ ।ਨੇਸਮ ਤੋੜ ਕਬਰ ਵਿਚ । ਸੂਲ ਦੇ ਸਿਹਰੇ ਸੋਜ਼ ਦੇ ਗਾਨੇ ।ਮੁੰਝ ਦੇ ਹਾਰ ਡੁਖਾਂ ਦੇ ਗਹਿਣੇ । ਦਰਦੀ ਬਾਂਹ ਸਰਹਾਂਦੀ ਯਾਰਾ ।ਵਸਦੀ ਯਾਸ ਨਗਰ ਵਿਚ । ਨੇਂਹ ਅਵੈੜਾ, ਦੁਸ਼ਮਨ ਵੈੜ੍ਹਾ ।ਮਾ ਪਿਉ ਰਖਮ ਬਖੇੜਾ ਝੇੜਾ । ਕਿਆ ਬਰਦੀ ਕਿਆ ਬਾਦੀ ਯਾਰਾ ।ਕਰਦੀਆਂ ਟੋਕ ਟਬਰ ਵਿਚ । ਮਾਰੂ ਥਲ ਦੇ ਡੁਖੜੇ ਘਾਟੇ ।ਗੱਪ ਖਡ ਖੁੜਬਣ ਖੋਬ ਗਪਾਟੇ । ਗਤ ਡੇਹਾਂ ਤੜਫਾਂਦੀ ਯਾਰਾ ।ਰੁਲਦੀ ਰੋਹ ਡੁੰਗਰ ਵਿਚ । ਬਿਰਹੋਂ ਬਲਾਈਂ ਸੰਝ ਸਬਾਹੀਂ ।ਦਮ ਦਮ ਆਹੀਂ ਨਿਕਲਨ ਧਾਈਂ । ਸੇਝ ਫਰੀਦ ਨ ਭਾਂਦੀ ਯਾਰ ।ਲਗੜੀ ਚੋਟ ਅੰਦਰ ਵਿਚ ।

183. ਪੂਰਬ ਲਿਲਹਾਵੇ ਤੇ ਪਤਾਲੋਂ ਪਾਣੀ ਆਵੇ

ਪੂਰਬ ਲਿਲਹਾਵੇ ਤੇ ਪਤਾਲੋਂ ਪਾਣੀ ਆਵੇ । ਪੀਘਾਂ ਵਨੜੋ ਵੱਨੜ ਦੀਆਂ ।ਮਛਲੈ ਪੀਲੇ ਗੂੜ੍ਹੇ ਸਾਵੇ । ਬਦਲੇ ਦਰਦੋਂ ਰੋਵਨ ।ਬਿਜਲੀ ਅੱਖ ਮਾਰੇ ਮੁਸਕਾਵੇ । ਰੋਹੀ ਰੰਗ ਰੰਗੀਲੀ ।ਚਕ ਖਿਪ ਹਾਰ ਹਮੇਲਾਂ ਪਾਵੇ । ਬੂਟੇ ਬੂਟੇ ਘੁੰਡ ਸੁਹਾਗੋਂ ।ਗੀਤ ਪਰਮ ਦੇ ਗਾਵੇ । ਕੇਸਰ ਭਿੱਨੜੀ ਚੋਲੀ ਚੁੱਨੜੀ ।ਵਲ ਵਲ ਮੀਂਹ ਪੁਸਾਵੇ । ਪੂਰਬ ਮਾੜ ਦਖਨ ਦੇ ਬਾਦਲ ।ਕੋਈ ਆਵੇ ਕੋਈ ਜਾਵੇ । ਸਾਵਨ ਮੇਂਘ ਮਲ੍ਹਾਰਾਂ ।ਸਹਿਜੋਂ ਥਲੜੀਂ ਮਾਲ ਨ ਮਾਵੇ । ਪੀਸੂੰ ਪਾਣੀ ਧਾਰੋ ਧਾਰੀ ।ਡੇਸੂੰ ਝੋਕ ਤਰਾਵੇ । ਵੁੱਠਵੇ ਪਾਲੇ ਥਏ ਖ਼ੁਸਹਾਲੇ ।ਮਾਲ ਮਵੈਸ਼ੀ ਗਾਵੇ । ਸਭ ਕਈ ਪਾਕਰ ਚੂੜੇ ਬੀੜੇ ।ਬਹ ਮਟੀਆ ਘਬਕਾਵੇ । ਸੋਹਣੀ ਕੋਝੀ ਗਹਿਣੇ ਗੱਠੜੇ ।ਪਾਵੇ ਪਾ ਠੁਮਕਾਵੇ । ਸੇਂਧ ਮਾਂਘਾਂ ਤਿਲਕ ਤਲੋਲੇ ।ਕੱਜਲ ਮੁਸਾਗ ਸੁਹਾਵੇ । ਰਸ਼ਕ ਖੁਈਦ ਡਿੱਸੇ ਸਿਣ੍ਹ ਧਾਮਣ ।ਥਏ ਚੌਗੁੱਠ ਪਲਾਵੇ । ਨਨਦ ਨ ਮਾਵਨ ਖੀਰ ਗਈਦੇ ।ਪੁਰ ਥਏ ਝਾਬ ਡੁਹਾਵੇ । ਕੂੰਜਾਂ ਕਰਕਨ ਮੋਰ ਚੰਘਾਰੇ ।ਕੋਇਲ ਕੂਕ ਸੁਨਾਵੇ । ਆਵਨ ਰਲੜੇ ਯਾਦ ਸਜਨ ਦੇ ।ਜੁਲਮੀਂ ਬਿਰਹੋਂ ਸਤਾਵੇ । ਸੋਹਣੀ ਮੌਸਮ ਸੋਹਣੀਆਂ ਮੁੱਦਤਾਂ ।ਸੋਹਣਾਂ ਆਨ ਮਲ੍ਹਾਵੇ । ਬਾਕੀ ਉੱਮਰ ਫ਼ਰੀਦ ਦੀ ਸ਼ਾਲਾ ।ਸਾਂਵਲ ਸਾਂਗ ਵਹਾਵੇ ।

184. ਪੁਰਾਣੀ ਪੀੜ ਪਈ ਗਲ ਦੀ

ਪੁਰਾਣੀ ਪੀੜ ਪਈ ਗਲ ਦੀ ।ਨਾ ਗਲਦੀ ਦਾਲ ਦਰਮਲ ਦੀ । ਸਦਾ ਜਲਦੀ ਤੇ ਹੱਥ ਮਲਦੀ ।ਅਜ਼ਲ ਦੀ ਤਾਂਗ ਪਲਪਲ ਦੀ । ਵਤਾ ਰੋਲਦੀ ਪੱਟੀ ਥਲ ਦੀ ।ਨ ਟਲਦੀ ਸਿਕ ਬਰੋਚਲ ਦੀ । ਸੜੇਂਦੀ ਸੇਝ ਬਖਮਲ ਦੀ ।ਤਲੇਂਦੀ ਤੂਲ ਨਰਮਲ ਦੀ । ਸੁੰਜੀ ਨੂੰ ਸਾਂਗ ਸਾਵਲ ਦੀ ।ਅਜ਼ਲ ਦੀ ਹੈ ਨ ਅੱਜਕਲ ਦੀ । ਡੁੱਖਾਂ ਡੁਖੜੇ ਡਿੱਤੇ ਡਾਢੇ ।ਹਡਾਂ ਦਾ ਮਾਸ ਗ਼ਮ ਖਾਧੇ । ਹਮੇਸ਼ਾ ਦਰਦ ਹਿਨ ਵਾਧੇ ।ਪੁੱਨਲ ਵਲਦੀਂ ਕਰੀਂ ਜਲਦੀ । ਅਵੈੜਾ ਇਸ਼ਕ ਪਿਆ ਝੋਲੀ ।ਲਵੀਰਾਂ ਹੈ ਚੁੱਨੀ ਚੋਲੀ । ਨ ਜਮਦੀਂ ਵਕਤ ਮਾ ਘੋਲੀ ।ਡਿੱਤੀ ਗੋਲੀ ਹਲਾਹਲ ਦੀ । ਸਜਨ ਰੁਠੜਾ ਤੇ ਮੁਖ ਮੁੱਠੜਾ ।ਖੁਸ਼ੀ ਦਾ ਸਾਂਗ ਸਭ ਤਰੁੱਟੜਾ । ਨਾ ਡੁੱਖ ਖੁਟੜਾ ਨ ਜੀ ਛੁੱਟੜਾ ।ਅਪੁਠੜੀ ਮੂੰਝ ਵਲ ਵਲਦੀ । ਸੜੇਂਦਾ ਸੋਜ਼ ਛਾਤੀ ਹੈ ।ਮਰੇਂਦਾ ਰੋਗ ਕਾਤੀ ਹੈ । ਨਾ ਪੈਂਦਾਂ ਯਾਰ ਝਾਤੀ ਹੈ ।ਕਰਾਂ ਕਿਆ ਕੁੱਝ ਨਹੀਂ ਚਲਦੀ । ਡੁੱਖੀ ਦਾ ਦਰਦ ਦੇਰੀ ਹੈ ।ਮੁੱਠੀ ਦੀ ਮਾਂ ਅਵੈੜੀ ਹੈ । ਤੱਤੀ ਦਾ ਵੀਰ ਵੈਰੀ ਹੈ ।ਸਿਰੋਂ ਸਖ਼ਤੀ ਨਹੀਂ ਢਲਦੀ । ਫ਼ਰੀਦ ਆਇਆ ਨ ਮਾਹੀ ਹੈ ।ਡਿੱਤੀ ਸੂਲਾਂ ਨ ਸਾਹੀ ਹੈ । ਜਿਗਰ ਵਿੱਚ ਜਰਹ ਜਾਹੀ ਹੈ ।ਲੱਗੀ ਜੜ੍ਹ ਨੋਕ ਰਾਵਲ ਦੀ ।

185. ਪੁਰ ਵਹਸ਼ਤ ਸੁੰਜੜੀ ਰੋਹੀ

ਪੁਰ ਵਹਸ਼ਤ ਸੁੰਜੜੀ ਰੋਹੀ ।ਏ ਦਿਲ ਦੀਵਾਨੀ ਮੋਹੀ । ਵਾਹ ਯਾਰ ਪੁੱਨਲ ਮਨ ਭਾਂਦਾ ।ਵਾ ਦਾਰੂੰ ਦਰਦ ਦਿਲਾਂ ਦਾ । ਹਾਂ ਬਰਦਾ ਤੈਡੜੇ ਨਾਂ ਦਾ ।ਚੁੱਮ ਚਾਤਮ ਤੈਡੜੀ ਡੋਹੀ । ਵੰਜ ਆਖੀਂ ਕਾਸਦ ਭੱਲੜਾ ।ਹੈ ਸਾਵਣ ਸਖ਼ਤ ਅਵੱਲੜਾ । ਮਿਲ ਯਾਰ ਥਲਾਂ ਵਿੱਚ ਕੱਲ੍ਹੜਾ ।ਹਈ ਕਸਮ ਖ਼ੁਦਾ ਦੀ ਦਰੋਹੀ । ਥੀ ਰਾਹੀ ਬਰ ਡੂੰ ਜੁਲਸਾਂ ।ਵਲ ਰਾਹੋਂ ਮੂਲ ਨ ਵਲਸਾਂ । ਵੰਜ ਸਾਥ ਪਰੀਂ ਦੇ ਰਲਸਾਂ ।ਵਿੱਚ ਰੋਹੀ ਕਰਸੂੰ ਬੋਹੀ । ਬੱਠ ਤੂੰ ਬਨ ਚੇਂਤਰ ਬਹਾਰਾਂ ।ਸਿਰ ਸੂਲ ਆਵਿਨ ਕਰ ਵਾਰਾਂ । ਦਿਲ ਡੁੱਖੜੇ ਦਰਦ ਹਜ਼ਾਰਾ ।ਅੰਦੋਹ ਕਰਨ ਅੰਬੋਹੀ । ਕਿਆ ਜ਼ੇਵਰ ਹਾਰ ਚੰਬੇਲੀ ।ਕਿਆ ਫਲੋਂ ਸੇਝ ਸਹੇਲੀ । ਥੀਆ ਇਸ਼ਕ ਫ਼ਰੀਦ ਆ ਬੇਲੀ ।ਸਭ ਭੁੱਲ ਗਏ ਏਹੀ ਓਹੀ ।

186. ਕਸਮ ਖ਼ੁਦਾ ਦੀ ਕਸਮ ਨਬੀ ਦੀ

ਕਸਮ ਖ਼ੁਦਾ ਦੀ ਕਸਮ ਨਬੀ ਦੀ ।ਇਸ਼ਕ ਹੈ ਚੀਜ਼ ਲਜ਼ੀਜ਼ ਅਜੀਬ । ਨਫਸੀ ਖ਼ਲਤ ਹੈ ਤੂਣੇ ਗ਼ਾਲਿਬ ।ਪਰ ਮਾਯੂਸ ਨ ਥੀਵੀਂ ਤਾਲਬ । ਪੀਰ-ਏ-ਮਗ਼ਾਂ ਹੈ ਖਾਸ ਤਬੀਬ । ਲੱਖ ਲੱਖ ਸੂਲ ਹਾਜਾਰਾਂ ਡੁਖੜੇ ।ਸੌ ਸੌ ਸ਼ੁਕਰ ਜ਼ੋ ਆਇਮ ਪੁਖੜੇ । ਬੇਸ਼ਕ ਜਰਬ ਹਬੀਬ ਜ਼ਬੀਬ । ਉਮਰ ਨਿਭਾਇਮ ਸੜਦੀਂ ਦੁਖਦੀਂ ।ਤਪਦੀਂ ਖਪਦੀਂ ਡੁਖਦੀਂ, ਜੁਖਦੀਂ । ਪਲੜੇ ਪੈਇਮ ਨਸੀਬ ਯਸੀਬ । ਥੀ ਅਣ ਸੂਹਾਂ ਮੂੰਹ ਨ ਲਾਵੇ ।ਜੇ ਲੁਕ ਡੇਖਾਂ ਘੁੰਗਟ ਪਾਵੇ । ਤੂਣੇ ਵਸ ਦਮ ਸਖ਼ਤ ਕਰੀਬ । ਹਰਦਮ ਉਸਦੀ ਪਿਆਸ ਅਸੀਸੇ ।ਮੈਂ ਲੋਹਾ ਓ ਮਿਕਨਾ ਤੀਸੇ । ਇਨਅਲਕਲਬ ਇਬੰਯੂ ਨੇਯੀਬ । ਸੱਰ ਮਕਤੂਮ ਮੁਇੱਮਾ ਜੱਈਅਦ ।ਦੁਨੀਆਂ ਤੂੰ ਖੁਦ ਚੁਣਿਆ ਸੱਯਦ । ਜੌਕ ਨਮਾਜ਼ ਨਸਾ ਤੇ ਤਯੀਬ । ਮੈਂ ਮਸਕੀਨ ਫ਼ਰੀਦ ਨਮਾਣਾ ।ਧੂਤਾ ਪਾੜਾ ਯਾਰ ਅਯਾਣਾ । ਸੌ ਸੌ ਵੇੜ੍ਹੇ ਵਸ ਰਕੀਬ ।

187. ਰਾਂਝਣ ਅੰਗ ਲਗਾਇਆ ਹੈ

ਰਾਂਝਣ ਅੰਗ ਲਗਾਇਆ ਹੈ ।ਸਬ ਗੈਰ ਦਾ ਵਹਿਮ ਭੁਲਾਇਆ ਹੈ । ਰਾਂਝਣ ਮੇਰਾ ਨੂਰ ਇਲਾਹੀ ।ਮਜ਼ਹਰ ਜ਼ਾਤ ਸਿਫ਼ਾਤ ਕਮਾਹੀ । ਸਰ ਲੌ ਲਾਕ ਕਲੰਗੀ ਪਾਈ ।'ਤਾਹਾ' ਚੱਤਰ ਝੁਲਾਇਆ ਹੈ । ਰਾਂਝਣ ਮੈਡੇ ਵੇਹੜੇ ਆਇਆ ।ਖੇੜੀਂ ਭੈੜੀਂ ਸ਼ੋਰ ਮਚਾਇਆ । ਆਇਆ ਵਲਦਾ ਨਹੀਂ ਵਲਾਇਆ ।ਬੇ ਸ਼ਕ ਬਖ਼ਤ ਭੜਾਇਆ ਹੈ । ਮਾਹੀ ਮੈਂ ਵਲ ਪਾਈ ਝਾਤੀ ।ਪਾਕਰ ਝਾਤੀ ਲਾਇਸ ਛਾਤੀ । ਹਰ ਵੇਲ੍ਹੇ ਹਰ ਜਾ ਹੈ ਸਾਥੀ ।ਲੂੰ ਲੂੰ ਵਿੱਚ ਸਮਾਇਆ ਹੈ । ਹੁਸਨ ਰਾਂਝਣ ਦੀਆਂ ਧੁੱਮਾਂ ਪਈਆਂ ।ਖੇਡਣ ਆਈਆਂ ਸੰਗੀਆਂ ਸਈਆਂ । ਹੀਰ ਦਾ ਬੋਛਣ ਧਈਆਂ ਧਈਆਂ ।ਡੇਖੋ ਕਿਆ ਰੰਗ ਲਾਇਆ ਹੈ । ਫ਼ਖਰ ਪੀਆ ਤੋਂ ਬਲ ਬਲ ਜਾਵਾਂ ।ਜੈਂਦੇ ਨਾਲ ਮੈਂ ਲਧੀਆਂ ਲਾਵਾਂ । ਇਸ ਦੀ ਹੋ ਕਰ ਕਿਉਂ ਗ਼ਮ ਖਾਵਾਂ ।ਸਬ ਕੁਝ ਯਾਰ ਸੁਝਾਇਆ ਹੈ । ਯਾਰ ਫ਼ਰੀਦ ਨਹੀਂ ਮਸਤੂਰੇ ।ਹਰ ਜਾ ਉਸ ਦਾ ਐਨ ਜ਼ਹੂਰੇ । ਜ਼ੁਲਮਤ ਭੀ ਸਭ ਨੂਰ ਹਜੂਰੇ ।ਇਸਮ ਫ਼ਕਤ ਬਿਆ ਆਇਆ ਹੈ ।

188. ਰਾਂਝਣ ਮਾਹੀ ਤਖ਼ਤ ਹਜ਼ਾਰੋਂ

ਰਾਂਝਣ ਮਾਹੀ ਤਖ਼ਤ ਹਜ਼ਾਰੋਂ ।ਮੈਂ ਕਾਰਨ ਇੱਥ ਆਏ । ਸੂਹੀ ਸੇਝ ਤੇ ਸਾਂਵਲ ਸਹਿਜੋਂ ।ਸਿੱਕਦੀ ਕੂੰ ਗਲ ਲਾਏ । ਡੁੱਖੜੇ ਖਾ ਖਾ ਯਾਰ ਲੱਧੋ ਸੇ ।ਡੁੱਖੜੇ ਥੀਵਮ ਸਜਾਏ । ਈਂ ਜੇਂਹੇਂ ਹਿੱਕ ਹਿੱਕ ਡੁਖ ਤੋਂ ।ਸੈ ਸੈ ਸੁਖੜੇ ਘੋਲ ਘੁਮਾਏ । ਬਖਤੀਂ ਭਾਗ ਸੁਹਾਗੀਂ ਸੁਘੜੀਂ ।ਮੈਂ ਵਲ ਮੂੰਹ ਵਲਾਏ । ਰਾਤੋਂ ਰਾਤ ਨਸੋਕੜ ਡੁਖੜੇ ।ਕਾਲੇ ਰੋਹ ਸਿਧਾਏ । ਸੇਧਾਂ ਮਾਘਾਂ ਸਰ ਚੜ੍ਹ ਬੋਲਣ ।ਵਾਲੀਂ ਸੌ ਵਲ ਪਾਏ । ਗਾਨੇ ਨਾਜ਼ ਨਵਾਜ਼ ਦੇ ਗਾਹਣੇ ।ਪਾਏ ਪਾ ਠੁੱਮਕਾਏ । ਹਿਜਰ ਫ਼ਰਾਕ ਨਸਾਹਾ ਥੀ ਹਿੱਕ ।ਚਾਏ ਸਹੰਸ ਲੁੜ੍ਹਾਏ । ਪਾ ਕੱਜਲਾ ਲਾ ਸੁਰਖੀ ਦਿੱਲੜੀ ।ਡੇਖੇ ਤੇ ਮੁਸਕਾਏ । ਮੁਦਤਾਂ ਪਿੱਛੇ ਸ਼ਾਮ ਸਲੋਣੇ ।ਝੋਕ ਨੂੰ ਆਨ ਵਸਾਏ । ਸੌ ਸੌ ਹਮਦ ਤੇ ਲੱਖ ਸ਼ੁਕਰਾਨੇ ।ਮੂਲਾ ਮਾੜ ਵਸਾਏ । ਸਾਂਵਲ ਸੁਹਣਾ ਸਾਵਣ ਬਦਰਾ ।ਸਾਡੇ ਆਨ ਮਲ੍ਹਾਏ । ਡੇਵਣ ਵਧਾਈਆਂ ਸੰਗੀਆਂ ਸਈਆਂ ।ਰਲ ਵੱਸਦੇ ਹਮਸਾਏ । ਗੁੱਝੜੇ ਰਾਜ਼ ਫ਼ਕਰ ਦੇ ਸਾਰੇ ।ਫ਼ਖ਼ਰੁਦੀਨ ਸੁਝਾਏ । ਹਾਲ ਮੁਕਾਮ ਦੀ ਰਤਕ ਫਤਕ ।ਸਬ ਸ਼ਰਹੀਂ ਕਰ ਫਰਮਾਏ । ਯਾਰੀਆਂ ਬਾਸ਼ੀਆਂ ਰਲੜੇ ਵਾਰੀਆਂ ।ਵੱਸ ਵਸੇਬ ਵਹਾਏ । ਪੂਇਮ ਫ਼ਰੀਦ ਬਿਰਹੋਂ ਦੇ ਪੰਧੜੇ ।ਪੈ ਧੰਦੜੇ ਮੁਕਲਾਏ ।

189. ਰੱਤ ਰੋਦੀਂ ਉਮਰ ਨਭੇਸਾਂ

ਰੱਤ ਰੋਦੀਂ ਉਮਰ ਨਭੇਸਾਂ ।ਇਹੋ ਦਾਗ਼ ਕਬਰ ਵਿੱਚ ਨੇਸਾਂ । ਲਗਾ ਤੀਰ ਜਗਰ ਵਿੱਚ ਕਾਰੀ ।ਥੀਆ ਖ਼ੂਨ ਅੱਖ਼ੀਂ ਤੋਂ ਜਾਰੀ । ਮੈਂ ਮੁੱਠੜੀ ਡੁੱਖੜੀ ਮਾਰੀ ।ਹੈ ਇਕੇਂਦੇ ਸਾਂਗ ਜਲੇਸਾਂ । ਇੱਥ ਰਹਿਣ ਨ ਡੇਂਦੀਆਂ ਪੀੜਾਂ ।ਥੱਏ ਨੀਰ ਹੰਝੂ ਨੱਕ ਸੀੜਾਂ । ਡੇਂਹ ਰਾਤ ਡੁੱਖਾਂ ਦੀਆਂ ਭੀੜਾਂ ।ਹੁਣ ਮੌਤ ਦਾ ਮੁਲਕ ਵੱਸੇਸਾਂ । ਸੜ ਸਵਣੀ ਦੀ ਗਈ ਮਹਿੰਦੀ ।ਥੱਈ ਕੰਡੜੇ ਸੇਝ ਫਲੇਂਦੀ । ਤੱਤੀ ਕਿਸਮਤ ਰੌਧੇ ਡੇਂਦੀ ।ਮੈਂ ਮੁੱਠੜੀ ਕੈਡੇ ਵੇਸਾਂ । ਖਿਲ ਖੇਡਦੇ ਵਕਤ ਵਿਹਾਣੇ ।ਬੱਠ ਪਹਿਲੋਂ ਤੂਲ ਵਿਹਾਣੇ । ਭਨ ਹਾਰ ਹਮੇਲਾਂ ਗਾਹਣੇ ।ਭੱਨ ਚੂੜਾ ਅੱਗ ਅੜੇਸਾਂ । ਹੱਡ ਜਾਲੇ ਤੱਤੜੀ ਆਹੀਂ ।ਤਨ ਗਾਲੇ ਠੰਡੜੀਂ ਸਾਹੀ । ਮੈਂ ਵੈਸਾਂ ਯਾਰ ਦੇ ਰਾਹੀਂ ।ਵੰਜ ਕੱਚ ਫ਼ਰੀਦ ਮਣੇਸਾਂ ।

190. ਰਤ ਰੋ ਸਿਰ ਪਾਰ ਰੁੰਗੋਂਦੀਆਂ

ਰਤ ਰੋ ਸਿਰ ਪਾਰ ਰੁੰਗੋਂਦੀਆਂ ।ਬੁਰੇ ਬਿਰਹੌਂ ਦੇ ਸਗਨ ਸੁਹੌਂਦੀਆਂ । ਸਭ ਸੰਗੀਆਂ ਸੁਰਤੀਆਂ ਭਾਗ ਲੱਧਾ ।ਸਰ ਗੋਡੜੇ ਕੰਥ ਸੁਹਾਗ ਲੱਧਾ । ਮੈਂ ਮੁੱਠੜੀ ਮੁਫ਼ਤ ਡੁਹਾਗ ਲੱਧਾ ।ਡੁੱਖੇ ਡੁੱਖਵੇ ਬਾਰ ਉਠੌਂਦੀਆਂ । ਕਹੀਂ ਸੁਰਖੀ ਕਜਲਾ ਧਾਰ ਠਹੇ ।ਕਹੀਂ ਚੂੜਾ ਹਾਰ ਸ਼ਿੰਗਾਰ ਠਹੇ । ਕਹੀਂ ਨੂਰੀ ਠੁਮਕਾਰ ਠਹੇ ।ਮੈਂ ਕਿਜੜੇ ਸਾਗ ਰਸੌਂਦੀਆਂ । ਕਹੀਂ ਜੋਬਨ ਜੋਸ਼ ਬਹਾਰ ਸੋਹੇ ।ਕਹੀਂ ਟੋਲ ਖੁਸ਼ੀ ਦੇ ਤਾਰ ਸੋਹੇ । ਕਹੀਂ ਬਾਂਹ ਸਰਾਂਦੀ ਯਾਰ ਸੋਹੇ ।ਹਿਕ ਮੈਂ ਰੋਂਦੀ ਗ਼ਮ ਖਾ ਔਦੀਆਂ । ਹਿਕੋ ਜੇਡੀਆਂ ਬੈਂਸਰ ਬੋਲ ਛਕੇ ।ਸਹਿਜੋਂ ਸੇਝ ਨਿਹਾਲੀ ਤੋਲ ਛਕੇ । ਮੈਂ ਮੋਈ ਨੂੰ ਕੋਝਾ ਸੂਲ ਛਕੇ ।ਮੂੰਹ ਪਲੜੂ ਘਰ ਘਰ ਪੌਦੀਆਂ । ਸੋਹਣਾ ਯਾਰ ਫ਼ਰੀਦ ਨਾ ਭਾਔਦੀਆਂ ।ਸੂਹੀ ਸੇਝ ਸੁੰਜੀ ਅੱਗ ਲਾਔਦੀਆਂ । ਤੜਫਾਂਦੀ ਰਾਤ ਨਿਭਾਔਦੀਆਂ ।ਰੋ ਬੋਛਣ ਪਾਦ ਪੌਸਾਔਦੀਆਂ ।

191. ਰੋਹੀ ਲਗੜੀ ਹੇ(ਹੈ) ਸਾਵਣੀ(ਸਾਉਣੀ)

ਰੋਹੀ ਲਗੜੀ ਹੇ(ਹੈ) ਸਾਵਣੀ(ਸਾਉਣੀ) ।ਤੁਰਤ ਵਲਾ ਹੋਤ ਮੁਹਾਰਾਂ । ਖਿਮਣੀਆਂ ਖਿਮਨ ਰੰਗੀਲੜੀਆਂ ।ਰਿੱਮ ਝਿੱਮ ਬਾਰਸ਼ ਬਾਰਾਂ । ਸਾਰੇ ਸਗਨ ਸੁਹਾਗੜੇ ।ਯਾਰ ਮਿਲਮ ਆ ਯਾਰਾਂ । ਬਦਲੇ ਗੂੜੇ ਸਾਂਵਰੇ ।ਵਿੱਚ ਬਰਸਾਤ ਦੀਆਂ ਧਾਰਾਂ । ਕਰ ਧਦਕਾਰੇ ਗਾਜੜਾ ਗਾਜੜਾਂ ।ਗਾਵਨ ਬਿਰਹੋਂ ਦੀਆਂ ਵਾਰਾਂ । ਮਾਰੂ ਵਾਲੀਆਂ ਖ਼ਾਰੜੇ ।ਸੁੰਜੜੇ ਥਲੜੇ ਬਾਰਾਂ । ਕਾਰਨ ਮੁੱਠੜੀ ਮਾਰਵੀ ।ਗੁਲ ਗੁਲਜ਼ਾਰ ਬਹਾਰਾਂ । ਕਾਰਨ ਮਿੱਠੜੇ ਯਾਰ ਦੇ ।ਗੁਲ ਗੁਲਜ਼ਾਰ ਬਹਾਰਾਂ । ਸਖ਼ਤੀਆਂ ਸੂਲ ਸੜਾਪੜੇ ।ਸਹਿੰਦੜੀ ਸਾਰੀਆਂ ਮਾਰਾਂ । ਸ਼ਾਂਲਾ ਭਟੜੀ ਰੇਹੜੀ ।ਤੋਂ ਸੰਗ ਡਾਗਾਂ ਚਾਰਾਂ । ਸਜਨ ਸੁੰਜੀ ਦਾ ਕੋਈ ਨਹੀਂ ।ਦੁਸ਼ਮਣ ਸਹੰਸ ਹਜ਼ਾਰਾਂ । ਡੋੜੈ ਡੋਹ ਡੋਰਾਪੜੇ ।ਗਿਲੜੇ ਕਰਨ ਪਚਾਰਾਂ । ਉੱਠੀ ਉੱਠੀ ਨਿੰਦਰੋਂ ਰੋਂਦੜੀ ।ਸੈ ਸੈ ਸੁਫਨੇ ਗਾਰ੍ਹਾਂ । ਸੁਣ ਸੁਣ ਹੱਸ ਹੱਸ ਸੇਂਗੀਆਂ ।ਉਲਟਾ ਕਰਨ ਤਵਾਰਾਂ । ਟਿੱਬੜੇ ਡਹਰ ਸਲਾਬੜੇ ।ਟੋਭੇ ਤਾਰਮਤਾਰਾਂ । ਛੇੜਨ ਛੇੜੂ ਛਾਗੜਾਂ ।ਨਾਜ਼ੂ ਕਰਨ ਤਵਾਰਾ । ਮਕਲਵਾਦਾ ਸਵਾਦ ਡੋ ।ਰੋ ਰੋ ਵਾਟ ਨਿਹਾਰਾਂ । ਡਿੱਸਦਾ ਯਾਰ ਪਰੌਭਰਾ ।ਬੈਠੀ ਕਾਂਗ ਉਡਾਰਾਂ । ਕੱਕੜੇ ਮੱਕੜੇ ਢਾਂਡਲੇ ।ਕਿਣ ਮਿਨ ਮੀਂਹ ਫੌਗਾਰਾਂ । ਤਰਫਾਂ ਮਰਖਾਂ ਫੋਗੜੇ ।ਲਾਣੀ ਲਾਈਆਂ ਖ਼ਾਰਾਂ । ਪੂਰਬ ਹੀਲਾਂ ਭਾਂਵੜੀਆਂ ।ਠੱਡੜੀਆਂ ਮੇਂਘ ਮਲ੍ਹਾਰਾਂ । ਕੋਇਲ ਅਗ਼ਨ ਪਪੀਹੜੇ ।ਦਰਦੋਂ ਕੱਢਣ ਪੁਕਾਰਾਂ । ਸੋਹਣਾ ਅਰਬੀ ਸਾਂਵਰਾ ।ਆ ਲਹੋ ਸਾਡੀਆਂ ਸਾਰਾਂ । ਤੈਡੇ ਬਾਝ ਫ਼ਰੀਦ ਨੂੰ ।ਡੁੱਖੜੇ ਤਾਰ ਵ ਤਾਰਾਂ ।

192. ਰੋਹੀ ਵੁਠੜੀ ਟੋਭਾ ਤਾਰ ਵੇ

ਰੋਹੀ ਵੁਠੜੀ ਟੋਭਾ ਤਾਰ ਵੇ ।ਆ ਮਿਲ ਤੋਂ ਸੀਂਗਾ ਯਾਰ ਵੇ । ਥਏ ਥਲੇੜ ਬਾਗ਼ ਬਹਾਰ ਵੇ ।ਚੌ ਧਾਰ ਗੁਲ ਗੁਲਜ਼ਾਰ ਵੇ । ਕਥੇ ਚਣਕੀ ਦੇ ਛਣਕਾਰ ਵੇ ।ਕਥੇ ਮੱਟੀਆਂ ਦੇ ਘੁਬਕਾਰ ਵੇ । ਡੇਂਹ ਰਾਤ ਮੇਂਘ ਮਲ੍ਹਾਰ ਵੇ ।ਵਿੱਚ ਪੱਖੀਆਂ ਦੇ ਚੁਹੰਕਾਰ ਵੇ । ਕਥੇ ਗਾਜ ਦੇ ਧੁਦਕਾਰ ਵੇ ।ਕਥੇ ਖ਼ਮਣੀ ਦੇ ਲਸ਼ਕਾਰ ਵੇ । ਪਏ ਠਹਿੰਦੇ ਹਾਰ ਸ਼ਿੰਗਾਰ ਵੇ ।ਸੁਰਖੀ ਤੇ ਕੱਜਲਾ ਧਾਰ ਵੇ । ਆਏ ਸੁਖ ਸੁਹਾਗ ਦੇ ਵਾਰ ਵੇ ।ਗਏ ਡੁੱਖ ਵੀ ਆਰ ਵੇ ਪਾਰ ਵੇ । ਸੰਗੀਆਂ ਵੱਸਨ ਘਰ ਬਾਰ ਵੇ ।ਲਾ ਗਲ ਸੋਮ ਹਨ ਦਿਲਦਾਰ ਵੇ । ਹਿੱਕ ਮੈਂ ਰੁਲੀ ਅਵਾਸਾਰ ਵੇ ।ਡੁੱਖ ਸੂਲ ਨਾਲ ਵਪਾਰ ਵੇ । ਤੌਂ ਬਿਨ ਫ਼ਰੀਦ ਖਵਾਰ ਵੇ ।ਰੱਤ ਹੰਜੜੂ ਰੋਵਣ ਕਾਰ ਵੇ । ਵਲ ਜਲਦ ਮੋੜ ਮੁਹਾਰ ਵੇ ।ਨਾ ਤਾਂ ਮਰਵੇਸਾਂ ਵਾਰ ਵਾਰ ਵੇ ।

193. ਰੋਂਦੇ (ਰੋਦੀਂ) ਉੱਮਰ ਨਿਭਾਈ

ਰੋਂਦੇ (ਰੋਦੀਂ) ਉੱਮਰ ਨਿਭਾਈ ।ਯਾਰ ਦੀ ਖ਼ਬਰ ਨ ਕਾਈ । ਭਾਗ ਸੁਹਾਗ ਸੰਗਾਰ ਵੰਜਾਇਮ ।ਦਿਲੋਂ ਵਿਸਾਰਿਆ ਮਾਹੀ । ਦੂਰ ਗਿਆ ਵਲ ਆਇਆ ਨਾਹੀਂ ।ਮਰਸਾਂ ਖਾ ਕਰ ਫਾਈ । ਇਸ਼ਕ ਨਹੀਂ ਹੈ ਨਾਜ਼ ਗ਼ਜ਼ਬ ਦੀ ।ਚੜੰਗ ਚੁਵਾਂਤੀ ਲਾਈ । ਜੋਬਨ ਸਾਰਾ ਰੂਪ ਗੰਵਾਇਮ ।ਦਰਦੀਂ ਮਾਰ ਮੁਸਾਈ । ਫ਼ਖਰੁਦੀਨ ਮਿੱਠਲ ਦੇ ਇਸ਼ਕੋ ।ਦਮ ਦਮ ਪੀੜ ਸਵਾਈ । ਯਾਰ ਫ਼ਰੀਦ ਨ ਪਾਇਮ ਫੇਰਾ ।ਗਲ ਗਿਉਮ ਮੁਫ਼ਤ ਅਜਾਈ ।

194. ਰੋਂਦੀ ਸੰਜ ਸਬਾਹੀਂ

ਰੋਂਦੀ ਸੰਜ ਸਬਾਹੀਂ । ਪੁੱਨਲ ਆਵਮ ਆ ਗਲ ਲਾਵਮ ।ਪੋਮ ਕਬੂਲ ਦੁਆਈਂ । ਯਾਰ ਬਰੋਚਲ ਫੇਰ ਨ ਆਇਆ ।ਉਚੜੀਆਂ ਝੋਕਾਂ ਜਾਹੀਂ । ਮਾਰੂ ਥਲ ਦੇ ਡੁੱਖੜੇ ਪੈਂਡੇ ।ਸਹੰਸ ਹਜ਼ਾਰ ਬਲਾਈਂ । ਬਾਝ ਮਿੱਠਲ ਦੇ ਬਾਝਨ ਕਾਈ ।ਸੂਝਿਮ ਨ ਹਰਗਿਜ਼ ਵਾਹੀ । ਰੋਜ਼ ਅਜ਼ਲ ਦੀ ਈਂ ਜਗ ਊਂ ਜਗ ।ਮੈਂ ਬਾਂਦੀ ਤੂੰ ਸਾਈਂ । ਸਾਝਾ ਬੇਵਰ ਜ਼ੇਵਰ ਤਰੇਵਰ ।ਬੈਠਾਂ ਬੇਸਰ ਬਾਹੀਂ । ਕੇਚੀ ਪੇਚੀ ਦੇ ਹੱਥ ਵੇਚੀ ।ਜਿੰਦੜੀ ਸੱਤੜੇ ਪਾਈਂ । ਉਮਰ ਵਿਹਾਣੀ ਕਾਂਗ ਉਡੇਂਦੀ ।ਥਕੜੀ ਤੱਕ ਤੱਕ ਰਾਹੀਂ । ਕਰ ਕਰ ਯਾਦ ਸਜਨ ਦੇ ਰਲੜੇ ।ਨਿਕਲਨ ਲੱਖ ਲੱਖ ਆਹੀਂ । ਢੋਲਣ ਕਾਰਨ ਜਾਵਣ ਲਾਦੀਆਂ ।ਲਗੜੀਆਂ ਦਿਲ ਨੂੰ ਚਾਹੀਂ । ਅੰਗਨ ਫ਼ਰੀਦ ਦੇ ਆ ਅਲਬੇਲਾ ।ਕਰ ਕਰ ਨਾਜ ਅਦਾਈਂ ।

195. ਰੋਦੀਂ ਉੱਮਰ ਗੁਜ਼ਾਰ ਡਿਤੋ ਸੇ

ਰੋਦੀਂ ਉੱਮਰ ਗੁਜ਼ਾਰ ਡਿਤੋ ਸੇ ।ਯਾਰ ਪੁੱਨਲ ਦੀ ਕਲ ਨ ਪਿaੁ ਸੇ । ਲਾਈ ਦਿੱਲੜੀ ਚੋਟ ਅੰਦਰ ਦੀ ।ਵਿਸਰੀ ਸੇਝ ਰੰਗੀਲੀ ਘਰ ਦੀ । ਰੁਲਦੀ ਰੇਤ ਤੱਤੀ ਥਲ ਬਰ ਦੀ ।ਓੜਕ ਮੌਤ ਨਸੀਬ ਥਿਉਸੇ । ਪੇਚ ਪਿਆ ਵਲ ਕੇਚ ਸ਼ਹਿਰ ਦਾ ।ਮੁਸ਼ਕਲ ਪੈਂਡਾ ਰੋਹ ਡੂੰਗਰ ਦਾ । ਮਾਇਆ ਪਹਿਰਾ ਸਖ਼ਤ ਪਹਿਰ ਦਾ ।ਰੁਲਦੇ ਫਿਰਦੇ ਮਰ ਭੁਰ ਗਿਉਸੇ । ਰਲ ਮਿਲ ਡੁੱਖੜੇ ਆਏ ਪੱਖੜੇ ।ਉਜੜੀਆਂ, ਖੁਸੀਆਂ ਨਿਭ ਗਏ ਸੁਖੜੇ । ਗਾਨੇ ਗਹਿਣੇ ਸਿਹਰੇ ਸਕੜੇ ।ਸੁੰਜੜੇ ਗ਼ਮ ਦੇ ਸਾਂਗ ਰਲਿਓਸੇ । ਔਖੀਆਂ ਘਾਟੀਆਂ ਡੂੰਗਰ ਕਾਲੇ ।ਤੱਤੜੇ ਬੱਟੜੀ ਪੈਰ ਪਜਾਲੇ । ਡੁਖ ਖਾ ਖਾ ਸੁੰਜਵਾਹ ਵਚਾਲੇ ।ਥੀ ਬੇਵਾਹ ਡੁਹਾਗ ਛਕਿਉਸੇ । ਰਖਸਾਂ ਦਮ ਦਮ ਨਾਲ ਸੰਭਾਲੇ ।ਸਹਿਜਾਂ ਰੋਗ ਕਰੂਪ ਕਸ਼ਾਲੇ । ਭਾਲੇ ਯਾਰ ਫ਼ਰੀਦ ਨ ਭਾਲੇ ।ਜੈ ਜ਼ੋਰੇ ਜਿੰਦ ਜਾਨ ਲੁਟਿਉਸੇ ।

196. ਸਬ ਸਰ ਇਸਰਾਰ ਕਦਮ ਦਾ ਹੈ

ਸਬ ਸਰ ਇਸਰਾਰ ਕਦਮ ਦਾ ਹੈ ।ਇਥ ਦਖਲ ਨ ਮਹਜ਼ ਅਦਮ ਦਾ ਹੈ । ਦਿੱਲੜੀ ਸੁਘੜ ਸੁੰਜਾਣ ਸਿਆਣੀ ।ਆਖੇ ਹਰਦਮ ਸਮੰਝ ਬਿਲਿਆਣੀ । ਮਜ਼ਹਰ ਜ਼ਾਤ ਹਮਦ ਦਾ ਜਾਣੀ ।ਤੋਣੇ ਰੂਪ ਸਨਮ ਦਾ ਹੈ । ਜੋ ਹੈ ਨਫ਼ਸ ਮੁਕੱਦਮ ਤਾਹਰ ।ਅਲਵੀ ਸਫ਼ਲੀ ਦਾ ਹੈ ਮਾਹਰ । ਕੁੱਲ ਦਾ ਮਜ਼ਹਰ ਕੁੱਲ ਦਾ ਜ਼ਾਹਰ ।ਵਾਲੀ ਅਰਬ ਅਜਮ ਦਾ ਹੈ। ਜਿਸ ਨੂੰ ਜ਼ੋਕੇ ਖਿਆਲ ਮੁੱਹੀਆ ।ਇਸ ਨੂੰ ਕਾਲ ਤੇ ਹਾਲ ਮੁੱਹੀਆ । ਗੁਲਸ਼ਨ ਜਸ਼ਨ ਜਮਾਲ ਮੁੱਹੀਆ ।ਵਾਰਿਸ ਬਾਗ਼ ਇਰਮ ਦਾ ਹੈ । ਬਿਉਲਾ ਯਾਨੀ ਤੇ ਨਾਦਾਨੀ ।ਦਿਲ ਦਿਲਦਾਰ ਤੇ ਦਿਲ ਦਾ ਜਾਨੀ । ਦਿਲ ਇਖ਼ਲਾਸ ਤੇ ਸਬਾ-ਮਸਾਨੀ ।ਮਬਦਾ ਦਮ ਕਦਮ ਦਾ ਹੈ । ਦੇਖ਼ੋ ਸ਼ੌਕਤ ਸ਼ਾਨ ਪਸਾਰਾ ।ਮਹਵ ਗਰਦਸ਼ ਸਬਾ ਸਿਆਰਾ । ਮਰਕਜ਼ ਦੂਰ ਮਹੀਤ ਦਾ ਸਾਰਾ ।ਨੁਕਤਾ ਦਿਲ ਆਰਾਮ ਦਾ ਹੈ । ਸੀਨਾ ਸਾਫ਼ ਸ਼ਫ਼ਾ ਬੇ ਕੀਨਾ ।ਨੂਰ ਹਕੀਕੀ ਦਾ ਆਈਨਾ । ਦਿੱਲੜੀ ਖ਼ਾਲਸ ਪਾਕ ਨਗੀਨਾ ।ਨਕਸ਼ਾ ਬੈਤ ਹਰਮ ਦਾ ਹੈ । ਖ਼ਾਸ ਫ਼ਰੀਦ ਗੁਲਾਮ ਫ਼ਖਰ ਦਾ ।ਬਾਂਦਾ ਬਰਦਾ ਇਸ ਦੇ ਦਰ ਦਾ । ਬੱਠ ਪਿਆ ਆਸਰਾ ਇਲਮੋ ਹੁਨਰ ਦਾ ।ਤਕੀਆ ਦੋਸਤ ਦੇ ਦਮ ਦਾ ਹੈ ।

197. ਸਬ ਸੂਰਤ ਵਿੱਚ ਵਸਦਾ ਢੋਲਾ ਮਾਹੀ

ਸਬ ਸੂਰਤ ਵਿੱਚ ਵਸਦਾ ਢੋਲਾ ਮਾਹੀ ।ਦਿਲ ਅਸਾਡੀ ਖੱਸਦਾ ਢੋਲ੍ਹਾ ਮਾਹੀ । ਰੰਗ ਬਰੰਗੀ ਇਸ ਦੇ ਦੇਰੇ ।ਆਪੇ ਰਾਂਝਾ ਹੀਰ ਤੇ ਖੇੜੇ । ਲੁਕ ਛੁਪ ਭੇਦ ਨ ਡੱਸਦਾ ਢੋਲ੍ਹਾ ਮਾਹੀ । ਆਪ ਹੈ ਹਿਜਰ ਤੇ ਆਪ ਹੈ ਮੇਲਾ ।ਆਪ ਹੈ ਕੈਸ ਤੇ ਆਪ ਹੈ ਲੇਲਾ । ਆਪ ਆਵਾਜ਼ ਜਰਸ ਦਾ ਢੋਲਾ ਮਾਹੀ । ਆਪ ਹੈ ਮੁਤਰਬ ਮਜਲਸ ਕਾਫ਼ੀ ।ਆਪ ਮਵਾਹਦ ਸੂਫ਼ੀ ਸਾਫ਼ੀ । ਮੁਨਕਰ ਹੋਕਰ ਹੱਸਦਾ ਢੋਲ੍ਹਾ ਮਾਹੀ । ਰਾਵਲ ਯਾਰ ਬਰੋਚਲ ਸਾਂਵਲ ।ਆਕਰ ਹਰ ਹਰ ਆਨ ਅਸਾਂ ਵਲ । ਦਿਲ ਖੱਸ ਖਸ ਦਿਲ ਨਸਦਾ ਢੋਲ੍ਹਾ ਮਾਹੀ । ਬਤਨ ਬਤੂਨ ਤੋਂ ਜਾਹਰ ਹੋਇਆ ।ਅਰਬੀ ਥੀ ਕਰ ਮੁਲਕ ਨੂੰ ਮੋਇਆ । ਰਸਮ ਰਸਾਲਤ ਰਸਦਾ ਢੋਲ੍ਹਾ ਮਾਹੀ । ਦਿਲ ਨੂੰ ਤਾਂਘਾਂ ਲੱਖ ਲੱਖ ਚਾਹੀਂ ।ਨਿਕਲਨ ਆਹੀਂ ਸੁਝਨ ਨਵਾਹੀਂ । ਹੰਜੜੂੰ ਮੀਹ ਬਰਸਦਾ ਢੋਲ੍ਹਾ ਮਾਹੀ । ਯਾਰ ਫ਼ਰੀਦ ਨ ਵਿਸਰਮ ਸ਼ਾਲਾ ।ਓੜਕ ਲਹਸੀ ਆਪ ਸੰਭਾਲਾ । ਮੈਂ ਬੇਵਸ ਬੇਕਸ ਦਾ ਢੋਲ੍ਹਾ ਮਾਹੀ ।

198. ਸਬ ਸੂਰਤ ਵਿੱਚ ਜ਼ਾਤ ਸੰਜਾਣੀ

ਸਬ ਸੂਰਤ ਵਿੱਚ ਜ਼ਾਤ ਸੰਜਾਣੀ ।ਹੱਕ ਬਾਝੋਂ ਬਿਉ ਗ਼ੈਰ ਨ ਜਾਣੀ । ਨ ਕੋਈ ਆਦਮ ਨ ਕੋਈ ਸ਼ੈਤਾਨ ।ਬਣ ਗਈ ਏ ਕੁੱਲ ਕੂੜ ਕਹਾਣੀ । ਬਾਝ ਖ਼ੁਦਾ ਦੇ ਮਹਜ਼ ਖ਼ਿਆਲੇ ।ਦਿਲ ਨ ਕਰ ਗੈਰੀਅਤ ਹਾਣੀ । ਮਤਲਬ ਵਹਦਤ ਹੈ ਹਰ ਚਾਲੋਂ ।ਸਿੱਕ ਨ ਰਖ ਬਣੇ ਪਾਸੇ ਤਾਣੀ । ਜਾਂਵਣ ਲਾਂਦੀ ਦਿਲ ਦਾ ਨਾਓਂ ।ਇਸਨੀਨਤ ਮੂਲ ਨ ਭਾਣੀ । ਸੋਹਣਾ ਕੋਝਾ ਸਿਰਫ ਬਹਾਨਾ ।ਹਿਕੜੌ ਹਈ ਦਿਲ ਸਮੰਝ ਸੰਜਾਣੀ । ਰੋਜ਼ ਅਜ਼ਲ ਦੀ ਯਾਰ ਪੁੱਨਲ ਦੀ ।ਪਈ ਗਲ ਸਾਡੇ ਪੀਤ ਪੁਰਾਣੀ । ਯਾਰ ਫ਼ਰੀਦ ਮਿਲਿਉਸੇ ਜੇਂਦੀਂ ।ਸੋਹਣੀ ਸਾਰੀ ਉਮਰ ਵਿਹਾਣੀ ।

199. ਸਾਡਾ ਦੋਸਤ ਦਿਲੀਂ ਦਾ ਨੂਰ ਮੁਹੰਮਦ ਖਵਾਜਾ

ਸਾਡਾ ਦੋਸਤ ਦਿਲੀਂ ਦਾ ਨੂਰ ਮੁਹੰਮਦ ਖਵਾਜਾ । ਢੋਲਾ ਯਾਰ ਚਾਹੇਂਦਾ ਨੂਰ ਮੁਹੰਮਦ ਖਵਾਜਾ । ਸਾਰੀ ਸਾਡੀ ਸ਼ਰਮ ਭਰਮ ਦਾ ।ਤੈਂਡੇ ਗਲ ਵਿਚ ਲਾਜਾ । ਅਰਬ ਵੀ ਤੈਂਡੀ, ਅਜਮ ਵੀ ਤੈਂਡੀ ।ਸਿੰਧ ਪੰਜਾਬ ਦਾ ਰਾਜਾ । ਜ਼ਮੀਨ ਜ਼ਮਨ ਵਿਚ ਵਜਦਾ ਗਜਦਾ ।ਫੈਜ਼ ਤੈਂਡੇ ਦਾ ਵਾਜਾ । ਕਦਮ ਤੈਂਡੇ ਵਿਚ ਨੌ ਮਣ ਭਾਗਮ ।ਅੰਗਣ ਮੇਰੇ ਪੈਨ ਪਾਜਾ । ਦਿਲਬਰ ਜਾਨੀ ਯੂਸਫ਼ ਸਾਨੀ ।ਮੋਹਨ ਮੁਖ ਡਖਲਾਜਾ । ਨੱਸਾ ਸ਼ਹਿਰ ਮਹਾਰ ਦਾ ਬਨੜਾ ।ਸਿੱਕਦੀ ਕੂੰ ਗਲ ਲਾਜਾ । ਨੈਣ ਫ਼ਰੀਦ ਦੇ ਦਰਸ ਪਿਆਸੇ ।ਆਜਾ ਨਾ ਤਰਸਾ ਜਾ ।

200. ਸਦਾ ਜੀਅ ਪਜਲੇ ਦਿਲ ਜਲੇ ਵੋ ਯਾਰ

ਸਦਾ ਜੀਅ ਪਜਲੇ ਦਿਲ ਜਲੇ ਵੋ ਯਾਰ ।ਲਗੀਆਂ ਦਿਲਾਂ ਨੂੰ ਕੌਨ ਝੱਲੇ ਵੋ ਯਾਰ । ਡਿਸਮ ਨ ਰਾਵਲ ਗਝਨ ਸਾਈਂ ।ਰੰਗਪੁਰ ਸਾਰਾ ਉਜੜੀਆਂ ਜਾਈਂ । ਕੋਝੇ ਕਹਿਰ ਕੁਲਲੇ ਵੋ ਯਾਰ । ਦਰਦ, ਅੰਦੋਹ ਤੇ ਸੂਲ ਹਜ਼ਾਰਾਂ ।ਸੈ ਸੈ ਸੂਲ ਕਲੂਰ ਦੀਆਂ ਮਾਰਾਂ । ਜਿੰਦ ਜੁਖ ਜੁਖ ਪਈ ਗਲੇ ਵੋ ਯਾਰ । ਰਾਤੀਂ ਡੇਂਹਾਂ ਮੂੰਝ ਮੁੰਝਾਰੀ ।ਛੱਡ ਗਿਆ ਢੋਲਾ ਯਾਰ ਆਜ਼ਾਰੀ । ਨਿਭ ਗਏ ਸੁਖ ਦੇ ਰਲੇ ਵੋ ਯਾਰ । ਰਲ ਮਿਲ ਸੇਂਗੀਆਂ ਮਾਰੂੰ ਢਾਲਾ ।ਮੰਗੂੰ ਦੁਆਈ ਮੈਂ ਵਲ ਸ਼ਾਲਾ । ਹੋਤ ਪੁਨਲ ਵਲ ਵੱਲੇ ਵੋ ਯਾਰ । ਯਾਰ ਨ ਆਵੇ ਸੇਜ ਨ ਭਾਵੇ ।ਵੇੜ੍ਹਾ ਖਾਵੇ, ਘਰ ਅੱਗ ਲਾਵੇ । ਗੁਜ਼ਰੇ ਵਕਤ ਸਵੱਲੇ ਵੋ ਯਾਰ । ਰਾਂਝਨ ਮਾਹੀ ਮੁਰਲੀ ਵਾਹੀ ।ਪਰੇਮ ਜੜੀ ਜੜ ਲਾਇਸ ਜਾਹੀ । ਡਖ ਡੁਖੜੇ ਪਏ ਪੱਲੇ ਵੋ ਯਾਰ । ਆਤਿਸ਼ ਇਸ਼ਕ ਰੰਝੇਟੇ ਵਾਲੀ ।ਹੋਸ਼ ਫਿਕਰ ਦੀ ਪਾੜ ਪਜਾਲੀ । ਢਾਂਢ ਅੰਦਰ ਵਿਚ ਬੱਲੇ ਵੋ ਯਾਰ । ਆਤਣ, ਅੰਗਨ ਹਵੇਲੀਆਂ, ਜਾਹੀਂ ।ਖਵਾਜਾ ਜਾਨ ਡੇਵਮ ਕਥਾਹੀਂ । ਕੋਈ ਜਾ ਮੈਕੂੰ ਨ ਝੱਲੇ ਵੋ ਯਾਰ । ਖ਼ੇਡਣ ਕੁਡਨ ਫਰੀਦ ਗਿਓ ਸੈ ।ਪੰਡ ਮਲਾਮਤ ਮੁਫਤ ਚਤੋਸੈ । ਡਿਠੜੇ ਇਸ਼ਕ ਦੇ ਭੱਲੇ ਵੋ ਯਾਰ ।

201. ਸਾਡੇ ਨਾਲ ਸਦਾ ਤੂੰ ਵੱਸ ਪਿਆ

ਸਾਡੇ ਨਾਲ ਸਦਾ ਤੂੰ ਵੱਸ ਪਿਆ ।ਵਸ ਹੱਸ ਰੱਸ ਦਿਲ ਖੱਸ ਪਿਆ । ਸਿਰ ਵਿਚ ਦਰਦ, ਦਿਮਾਗ਼ ਖੁਮਾਰੀ ।ਤੁਨਲੇ ਰਤੜੇ ਹੰਜੜੂ ਜਾਰੀ । ਜੀੜੇ ਝੋਰਾ ਦਿਲ ਆਜ਼ਾਰੀ ।ਤਨ ਸੂਲਾਂ ਦੇ ਵਸ ਪਿਆ । ਬੇਪਤ ਦੀ ਬੇਪਤੜੀ ਯਾਰੀ ।ਜ਼ੁਲਮ ਅੰਧਾਰੀ ਬੇ ਨਰਵਾਰੀ । ਪਹਿਲੋਂ ਲੁਟ ਲਿਉ ਦਿਲ ਸਾਰੀ ।ਪਿਛੇ ਚੋਰੀ ਨਸ ਪਿਆ । ਹਿਜਰ ਸਵਾ ਕੋਈ ਸੂਦ ਨ ਪਾਇਮ ।ਚੋਟੀਆਂ ਖੁੱਤਮ ਹਾਲ ਵਜਾਇਮ । ਮਿਨਤਾਂ ਕੀਤਮ ਸੀਸ ਨਵਾਇਮ ।ਨਕ ਘਰੜੇਂਦੀ ਘੱਸ ਪਿਆ । ਪੇਸ਼ ਕੀਤਾ ਜੈਂ ਫ਼ਹਿਮ ਫ਼ਿਕਰ ਕੂੰ ।ਲੈਤ ਲਾਅਲ ਦੀ ਇਰਖਿਰ ਕੂੰ । ਕਰ ਕਰ ਸ਼ੁਕਰ ਨ ਡਿਤਰਸ ਸਿਰ ਕੂੰ ।ਇਸ਼ਕ ਦੀ ਰਾਹ ਵਿਚ ਭੱਸ ਪਿਆ । ਲਾਣੇ ਫੋਗ ਫ਼ਰੀਦ ਸੋ ਹੇਸਾਂ ।ਸਟ ਘਰ ਬਾਰ ਤੇ ਬਾਰ ਵਸੇਸਾਂ । ਕਰੜੀ ਤੇ ਵੰਜ ਝੋਕਾਂ ਲੈਸਾਂ ।ਅੱਜ ਕਲ ਟੋਭਾ ਵੱਸ ਪਿਆ ।

202. ਸਾਡੀ ਵਲ ਫੇਰ ਡੇ

ਸਾਡੀ ਵਲ ਫੇਰ ਡੇ ।ਜਿਵੇਂ ਖੱਸ ਨੀਤੀ ਕਿਉਂ ਚਾ ਕਾਬੂ ਕੀਤੀ । ਡੋਹ ਵਰਾਈਂ ਵੈਣ ਅਲੇਂਦੀਂ ।ਡੇਖਣ ਸੇਤੀ ਤਰੇੜੀ ਪੈਂਦੀ । ਡੇ ਡਰ ਕੇ ਰੱਤ ਪੀਤੀ । ਵੈਰ ਨ ਲ੍ਹੈਣਾ ਹਾਵੀ ਮਾਹੀ ।ਖੱਸ ਕਰ ਜ਼ੋਰੇ ਦਿਲ ਬੇਵਾਹੀ । ਸਾਂਗ ਡੁੱਖਾਂ ਦੇ ਸੀਤੀ । ਤੂਣੇ ਲਗੜੀ ਹੋ ਹੋ ਫਕੜੀ ।ਦਿੱਲੜੀ ਤੱਕੜੀ ਦਰਦੀਂ ਪਕੜੀ । ਤੋੜ ਪੁਚਾ ਜੋ ਨੀਤੀ । ਨਾਹੀਂ ਮੁੜਨ ਮਨਾਸਬ ਥੱਕ ਥੱਕ ।ਜੇ ਸਰ ਡੇਸੀਂ ਹੈ ਪੱਕ ਬੇਸ਼ੱਕ । ਬਿਰਹੋਂ ਦੀ ਬਾਜ਼ੀ ਜੀਤੀ । ਆਇਆ ਵਕਤ ਫ਼ਰੀਦ ਮਿਲਣ ਦਾ ।ਭੁਰਲ ਜਾਨੀ ਯਾਰ ਸੱਜਣ ਦਾ । ਰੈਨ ਗ਼ਮਾਂ ਦੀ ਬੀਤੀ ।

203. ਸੈ ਸੈ ਸੂਲ ਸਿਆਪੇ

ਸੈ ਸੈ ਸੂਲ ਸਿਆਪੇ ।ਡੁਖੜਾ ਨੇਹੜਾ ਲਾਇਮ । ਤੌਂ ਬਿਨ ਘਰ ਵਰ ਵੇ ।ਹਾਂ ਦਾ ਸ਼ਾੜਾ ਵੇ । ਸੀਨੇ ਲਖ ਲਖ ਕਾਂਪੇ ।ਵੇੜ੍ਹਾ ਖਾਵਣ ਆਇਮ। ਪਲ ਪਲ ਦਿਲ ਨੂੰ ਵੇ ।ਪੋਰ ਪੁਨਲ ਦੇ ਵੇ । ਵਲ ਆਵੇ ਤਾਂ ਜਾਪੇ ।ਦਰਦੀ ਮਾਰ ਮੰਝਾਇਮ । ਯਾਰ ਦਿਲੇਂਦੇ ਵੇ ।ਪੀਤ ਨ ਪਾਲੀ ਵੇ । ਕੈਨੂੰ ਡੇਵਾਂ ਡੋੜਾਪੇ ।ਯਾਰੀ ਤਰੋੜ ਸਿਧਾਇਮ । ਕਿਵੇਂ ਦਿਲਦਾ ਵੇ ।ਹਾਲ ਸੁਣਾਵਾ ਵੇ । ਲੋਕ ਸਭੇ ਡੋਚਾਪੇ ।ਸਖਤੀ ਸਖਤ ਸਤਾਇਮ । ਯਾਰ ਅਵੈੜੇ ਵੇ ।ਤੋੜ ਨ ਨੀਤੀ ਵੇ । ਜੀ ਜੁਖ ਜੁਖ ਪਰਤਾਪੇ ।ਮੁਫਤੀ ਜਾਨ ਗੰਵਾਇਮ । ਸਿਕ ਸਾਜਨ ਦੀ ਵੇ ।ਰਹਿਣ ਨਾ ਡੇਂਦੀ ਵੇ । ਜੈਂ ਸੰਗ ਦਿਲੜੀ ਅੜਾ ।ਜੈਂਦੇ ਨਾਜ਼ ਮੁਸਾਇਮ । ਅੰਗਨ ਫ਼ਰੀਦ ਦੇ ਵੇ ।ਸਾਵਲ ਔਸੀ ਵੇ । ਕਰਮ ਕਰੇਸਮ ਆਪੇ ।ਤਾਂਘੀਂ ਆਸ ਵਧਾਇਮ।

204. ਸਖੀ ਕਰ ਲਿਉ ਹਾਰ ਸਿੰਗਾਰ ਸਖੀ

ਸਖੀ ਕਰ ਲਿਉ ਹਾਰ ਸਿੰਗਾਰ ਸਖੀ ।ਸੱਈਆਂ ਰਲ ਮਿਲ ਧੂਮ ਮਚਾਈ । ਗਰਜਤ ਬਦਰਾ ਲਸਕਤ ਬਿਜਲੀ ।ਰੁੱਤ ਸਾਂਵਣ ਠੀਕ ਸੁਹਾਈ । ਅਗਨ ਪਪੀਹੇ ਕਰਨ ਬਲਾਰੇ ।ਰਸ ਕੋਇਲ ਕੂਕ ਸੁਣਾਈ । ਮੁਲਕ ਮਲ੍ਹੇਰ ਵਸਾਇਮ ਮੌਲਾ ।ਸਭ ਗੁਲ ਫੁਲ ਖ਼ੁਨਕੀ ਚਾਈ । ਰਲ ਮਿਲ ਸੱਈਆਂ ਡੇਵਨ ਮੁਬਾਰਕ ।ਮੁਦ ਭਾਗ ਸੁਹਾਗ ਦੀ ਆਈ । ਮੁੱਦਤਾਂ ਪਿਛੇ ਰਾਂਝਣ ਮਿਲਿਆ ।ਰੱਬ ਉੱਜੜੀ ਝੋਕ ਵਸਾਈ । ਆਕਰ ਕਾਨ੍ਹ ਦਵਾਰੇ ਦਿਲ ਦੇ ।ਸੁਧ ਬੰਸੀ ਪਰਮ ਬਜਾਈ । ਸਮੰਜ ਫ਼ਰੀਦ ਨ ਕਰ ਦਿਲ ਮੁੰਝ ।ਕੁਲ ਲਾਜ ਪਏ ਗਲ ਪਾਈ ।

205. ਸਜਨ ਸਧਾਏ ਵੇ ਮੀਆਂ ਸਾਥ ਵਸਨ

ਸਜਨ ਸਧਾਏ ਵੇ ਮੀਆਂ ਸਾਥ ਵਸਨ ।ਸ਼ਾਲਾ ਜੀਵਨ ਮੁਹਿਬ ਮਿੱਠਲ ਮਤਵਾਰੇ । ਸੁੰਜ ਬਰ ਰੁਲਦੀ ਵਲਵਲ ਭੁਲਦੀ ।ਡਿੱਸਮ ਨ ਚਾਂਗੇ ਚਾਰੇ । ਜਲਦੀ ਗਲਦੀ ਹਥੜੇ ਮਲਦੀ ।ਛੱਡ ਗਏ ਹੋਤ ਪਿਆਰੇ । ਡੁੱਖਦੀ ਜੁਖਦੀ ਮਾਰੀ ਲੁਖਦੀ ।ਥੀ ਕਕੜਾਂਦ ਅੰਗਾਰੇ । ਮੰਗਾਂ ਦੁਆਈ ਸੰਜ ਸਬਾਹੀਂ ।ਆਵਿਮ ਵਸਲ ਦੇ ਵਾਰੇ । ਸੱਟ ਬੇਵਾਹੀ ਥੀ ਗਿਆ ਰਾਹੀ ।ਦਿੱਲੜੀ ਪਾਰੇ ਪਾਰੇ । ਛਹਿਦੀ ਝੋਕਾਂ ਸਹਿੰਦੀ ਟੋਕਾਂ ।ਕਨੜੀ ਪੌਵਿਮ ਤਵਾਰੇ । ਯਾਰ ਪੁੱਨਲ ਦੀ ਸਿੱਕ ਪਲ ਪਲ ਦੀ ।ਰੋਜ਼ ਅਜ਼ਲ ਦੀ ਕਾਰੇ । ਬਿਰਹੋਂ ਭੰਵਾਲੀ ਉਲਟੀ ਚਾਲੀ ।ਸੁਖ ਬੋੜੇ ਡੁੱਖ ਤਾਰੇ । ਸੋਜ਼ ਫ਼ਰੀਦ ਨੂੰ ਰੋਜ਼ ਸਵਾਇਆ ।ਲੂੰ ਲੂੰ ਲੱਖ ਚੰਗਾਰੇ ।

206. ਸਜਨ ਤੌਂ ਬਿਨ ਨ ਥੀਸਾਂ ਮੈਂ

ਸਜਨ ਤੌਂ ਬਿਨ ਨ ਥੀਸਾਂ ਮੈਂ ।ਘੜੀ ਕਿਆ ਪਲ ਨ ਜੀਸਾਂ ਮੈਂ । ਗਿਆ ਸੂਲਾਂ ਅੰਦਰ ਸਿਰ ਗਲ ।ਸਭੋ ਮੁਸ਼ਕਲ ਥੀਉਸੇ ਹਲ । ਸੱਸੀ ਸੋਹਣੀ ਅਤੇ ਮੋਮਲ ।ਉਨ੍ਹਾਂ ਵਿੱਚ ਪਈ ਗਿਣੇਸਾਂ ਮੈਂ । ਨਿਤੋ ਨਿਤ ਟੇਕ ਡਿਖਲਾਵੇ ।ਕਰੇ ਵਾਇਦੇ ਤੇ ਨ ਆਵੇ । ਜੇ ਆਏ ਆਏ ਨਾਤਾ ਖੱਟ ਖਾਵੇ ।ਨਾ ਵਲ ਸਸਤੀ ਮਨੀਸ਼ਾਂ ਮੈਂ । ਨ ਸੱਡ ਵੈਂਦੇ ਨ ਆਦਾ ਹੈ ।ਡੇਹੋਂ ਡੇਂਹ ਰੂਹ ਮਾਂਦਾ ਹੈ । ਤੱਤਾ ਜੀਵਨ ਨ ਭਾਂਦਾ ਹੈ ।ਹਲਾਹਲ ਝੋਲ ਪੀਸਾਂ ਮੈਂ । ਕਈ ਡੁੱਖੜੀਂ ਤੋਂ ਬਚ ਬੁਚ ਗਈਆਂ ।ਕਈ ਦਰ ਨਾਲ ਰਚ ਰੁਚ ਗਈਆਂ । ਕਈ ਸਿਕ ਸਾਂਗ ਮਚ ਮੁਚ ਗਈਆਂ ।ਕਰਾਂ ਕੈਂ ਨਾਲ ਰੀਸਾਂ ਮੈਂ । ਫ਼ਰੀਦ ਆਇਆ ਨ ਮਾਹੀ ਵਲ ।ਡਿੱਤੀ ਸੂਲਾਂ ਨ ਸਾਹੀ ਵਲ । ਪਿਆ ਡੁੱਖ ਡੂਰ ਫਾਹੀ ਵਲ ।ਅਝੋਂ ਅਜ ਕਲ ਹਰੀਸਾਂ ਮੈਂ ।

207. ਸਮਝ ਫਰੀਦਾ ਬਿਰਹੋਂ ਬਹੂੰ ਸਰ ਜੋਰ

ਸਮਝ ਫਰੀਦਾ ਬਿਰਹੋਂ ਬਹੂੰ ਸਰ ਜੋਰ । ਅੱਖੀਆਂ ਉਬਲੀਆਂ ਦਿਲੜੀਆਂ ਉਕਲੀਆਂ ।ਸੀਨੇ ਪਏ ਸ਼ਰ ਸ਼ੋਰ । ਗਮਜ਼ੇ ਰਾਹਜ਼ਨ ਮੁਲਕ ਮਰੀਲੇ ।ਨਾਜ਼-ਏ-ਨਿਗਾਹ ਹੈ ਚੂਰ । ਲੋਰ ਸਿਰਾਂ ਵਿਚ ਡੋਰ ਕੰਨਾਂ ਵਿਚ ।ਰੋਂਦੀ ਅੱਖੀਆਂ ਕੋਰ । ਲਾਕਰ ਯਾਰੀ ਕਰਨ ਨ ਕਾਰੀ ।ਮਹਜ ਨ ਚਾੜ੍ਹਨ ਤੋੜ । ਨਾਜ਼ ਨਹੋਰੇ ਦਿਲੀਆਂ ਲੁਟ ਕਰ ।ਉਲਟਾ ਥੀਂਦੇ ਤੋਰ । ਸਕੜੇ ਛੁਟੜੇ ਸਾਂਗੇ ਤੁਰੁਟੜੇ ।ਇਸ਼ਕ ਪਿਆ ਗਲ ਡੋਰ । ਮੈਂ ਅੜ ਚੁਕੜੀ ਪੇਚ ਡੁਖਾਂ ਵਿਚ ।ਸ਼ਾਲਾ ਨ ਫਾਸਿਨ ਹੋਰ ।

208. ਸਮੰਝ, ਸੰਜਾਣੀ ਗੈਰ ਨ ਜਾਣੀ

ਸਮੰਝ, ਸੰਜਾਣੀ ਗੈਰ ਨ ਜਾਣੀ ।ਸਭ ਸੂਰਤ ਹੈ ਐਨ ਜ਼ਹੂਰ । ਰੱਖ ਤਸਦੀਕ ਨ ਥੀ ਅਵਾਰਾ ।ਕਾਅਬਾ, ਕਿਬਲਾ, ਦੈਰ, ਦੁਵਾਰਾ । ਮਸਜਦ ਮੰਦਰ, ਹਿਕੜੋ ਨੂਰ । ਹੁਸਨ ਅਜ਼ਲ ਥੀਆ ਫਾਸ਼ ਮੁਬੀਆਨ ।ਹਰ ਹਰ ਘਾਟੀ ਵਾਦੀ ਐਮਨ । ਹਰ ਹਰ ਪੱਥਰ ਹੈ ਕੋਹ ਤੂਰ । ਥੀਏ ਜ਼ਾਹਰ ਇਸਰਾਰ ਕਦੀਮੀ ।ਹਰ ਹਰ ਸ਼ਾਖ ਹੈ ਨਖਲ ਕਲੀਮੀ । ਜ਼ੇਰ, ਜਬਰ, ਚਪ, ਗਸਤ ਹਜ਼ੂਰ । ਵੀਰਾਨਾ ਆਬਾਦ ਡਿਸੀਜੇ ।ਜੰਗਲ ਬੇਲਾ ਸ਼ਾਦ ਡਿਸੀਜੇ । ਦੋਜਖ ਨਜਰਮ ਹੂਰ ਕਸੂਰ । ਆਰੀ ਫਿਰਦੇ ਹਜ, ਜ਼ਕਵਾਤੋਂ ।ਸੌਮ ਸਲਵਾਤੋਂ ਜ਼ਾਤ ਸਿਫਾਤੋਂ । ਰਿੰਦ ਅਲਸਤੋਂ ਹਨ ਮਖਮੂਰ । ਕਸ਼ਫ-ਏ ਹਕਾਇਕ ਮਹਜ਼ ਮਹਾਲੇ ।ਜੇ ਤੈਂ ਮੁਰਸ਼ਦ ਨਜ਼ਰ ਨ ਭਾਲੇ । ਬਿਉ ਕੁਲ, ਕੂੜ, ਫਰੇਬ ਤੇ ਜ਼ੂਰ । ਫਿਕਾ, ਉਸੂਲ, ਕਲਾਮ, ਮਆਨੀ ।ਮੰਤਕ, ਨਹਵ ਤੇ ਸਰਫ ਮਬਾਨੀ । ਠਪ ਰਖ ਹੈ ਤੌਹੀਦ ਗਯੂਰ । ਮੁਲਾ ਪੁਠੜੇ ਮਾਨੀ ਕਰਦੇ ।ਆਯਤ ਦਰਸ ਹਦੀਸ ਖਬਰ ਦੇ । ਸਿਰਫ ਸਦਾ ਤੇ ਥੀਏ ਮਗ਼ਰੂਰ । ਮੁੱਲਾਂ ਵੈਰੀ ਸਖਤ ਡਿਸੇਂਦੇ ।ਬੇਸ਼ਕ ਹਨ ਉਸਤਾਦ ਦਿਲੇਂਦੇ । ਇਬਨੁਲ ਅਰਬੀ ਤੇ ਮਨਸੂਰ । ਸ਼ਾਹਦ, ਵਾਹਦ, ਅਸਲ ਫਰਅ ਵਿਚ ।ਰਾਜ਼ ਤਰੀਕਤ ਰਸਮ ਸ਼ਰਾ ਵਿਚ । ਹੈ ਮਸ਼ਹੂਦ ਨਹੀਂ ਮਸਤੂਰ । ਬਠ ਘਤ ਰੀਤ ਰਵਸ਼ ਤਕਲੀਦੀ ।ਰਾਹ ਤਹਕੀਕੀ ਸਲਕ ਫਰੀਦੀ ।ਕਰ ਮਨਜ਼ੂਰ ਤੇ ਥੀ ਮਸਰੂਰ ।

209. ਸਾਂਵਲ ਪੁਨਲ ਵਲ ਘਰ ਡੋ ਸਧਾਇਆ

ਸਾਂਵਲ ਪੁਨਲ ਵਲ ਘਰ ਡੋ ਸਧਾਇਆ ।ਤਨ ਮੁੰਝ ਮਾਰਿਆ ਸਰ ਸੂਲ ਤਾਇਆ । ਡੂੰਗਰ ਡਰਾਵਨ ਦੁਖੜੇ ਸਤਾਵਨ ।ਡੈਨੜੀ ਬਲਾਈਂ ਕਰ ਟੋਲ ਆਵਨ । ਬਣ ਢੋਲ ਸੁਕੜੇ ਸੌੜੇ ਨ ਭਾਵਨ ।ਘਰ ਬਾਰ ਡਿਸਦਾ ਸਾਰਾ ਪਰਾਇਆ । ਮੁਠੜੀ ਮੋਈ ਨੂੰ ਖੁਸ਼ੀਆਂ ਨ ਫੁਲੜੀਆਂ ।ਡੋੜੇ ਡੋੜਾਪੇ ਤਾਂਘਾਂ ਅਵਲੜੀਆਂ । ਜਾਨੀ ਅਵੈੜਾ ਪੱਤੀਆਂ ਕਲਲੜੀਆਂ ।ਹੈ ਹੈ ਅੜਾਇਆ ਅੱਖੀਆਂ ਅਜਾਇਆ । ਤੋਹਫੇ ਡੁਖਾਂ ਦੇ ਗ਼ਮ ਦੀਆਂ ਸੁਗਾਤਾਂ ।ਕੀਚੇ ਸੀਸ ਡੋਆਈਆਂ ਬਰਾਤਾਂ । ਬਿਰਹੋ ਬਰਾਤਾਂ ਔਖੜੀਆਂ ਘਾਤਾਂ ।ਜੀੜਾ ਨਹੇੜੇ ਨੇੜਾ ਨਾ ਭਾਇਆ । ਗੁਜਰੇ ਵਹਾਠੜੇ ਜੋਬਨ ਦੇ ਮਾਠੜੇ ।ਸਿਹਰੇ ਕੁਮਾਠੜੇ ਉਜੜੇ ਟਿਕਾਣੇ । ਝੁਰਦੀ ਝੁਰਾਠੜੇ ਢੋਲਨ ਨ ਜਾਨੜੇ ।ਦਿਲੜੀ ਮੁਸਾਇਆ ਬੇ ਵਸ ਰੁਲਾਇਆ । ਆਸਾਂ ਉਮੀਦਾਂ ਸਾੜੀਆਂ ਤਜਾਲੀਆਂ ।ਅਸਲੋਂ ਬਰੋਚਲ ਪੀਤਾਂ ਨ ਪਾਲੀਆਂ । ਮਾਰੂ ਮਿਹਰ ਦੀਆਂ ਦੀਦਾਂ ਨ ਭਾਲੀਆਂ ।ਆਇਮ ਫਰੀਦਾ ਸਖਤੀ ਦਾ ਸਾਇਆ ।

210. ਸਪਾਹੀੜਾ ਨ ਮਾਰ ਨੈਣਾਂ ਦੇ ਤੀਰ

ਸਪਾਹੀੜਾ ਨ ਮਾਰ ਨੈਣਾਂ ਦੇ ਤੀਰ । ਪਲਪਲ ਫਲੜੇ ਚੁਭਨ ਕੁਲਲੜੇ ।ਤਨ ਮਨ ਸੀਸ ਸਰੀਰ । ਗੂੜੀਆਂ ਅਖੀਆਂ ਰਤ ਦੀਆਂ ਬੁਖੀਆਂ ।ਜ਼ੁਲਫ ਸਿਆਹ ਬੇ ਪੀਰ । ਕਜਲਾ ਜੰਗੀ, ਜ਼ਾਲਮ ਜ਼ੰਗੀ ।ਕੋਹਦਾ ਬੇ ਤਕਸੀਰ । ਨੇਸ਼ੇ ਡੁਖੇਂਦੇ ਰੀਸ਼ ਡੁਖੀਦੇ ।ਰਗ ਰਗ ਲਖ ਲਖ ਸੀੜ । ਸੇਂਗੀਆਂ ਸੁਰਤੀਆਂ ਖੇੜੇ ਵਰਤੀਆਂ ।ਵੈਰੀ ਮਾ ਪਿਓ ਵੀਰ । ਬਿਗੜੀਆਂ ਤਾਂਘਾਂ ਉਜੜੀਆਂ ਮਾਂਘਾਂ ।ਵਾਰੂ ਵਸਮ ਮਲ੍ਹੇਰ । ਯਾਰ ਕੁਰਾੜਾ ਧੂਤਾ ਪਾੜਾ ।ਕਿਆ ਕੀਜੇ ਤਦਬੀਰ । ਜਿੰਦੜੀ ਚੁਭਦੀ ਨੋਕ ਗ਼ਜ਼ਬ ਦੀ ।ਦਿਲ ਗ਼ਮ ਦੀ ਜਾਗੀਰ । ਉਮਰ ਫ਼ਰੀਦ ਨਿਭਾਇਮ ਰੋਂਦੀਂ ।ਮਥੜੇ ਦੀ ਤਹਰੀਰ ।

211. ਸਾਰੀ ਉਮਰ ਗੁਜ਼ਾਰਿਅਮ ਗੱਡ ਸਾਈਂ

ਸਾਰੀ ਉਮਰ ਗੁਜ਼ਾਰਿਅਮ ਗੱਡ ਸਾਈਂ ।ਹੁਣ ਹੋਤ ਪੁਨਲ ਗਿਉਮ ਲੱਡ ਸਾਈਂ । ਨਾ ਕਲ ਯਾਰ ਸਜਨ ਦੀ ।ਨਾ ਰਹਿ ਗਈ ਜੋਹ ਜਤਨ ਦੀ । ਨਾ ਤਿੜ ਤਾੜੇ ਮੱਡ ਸਾਈਂ । ਥਲ ਮਾਰੂ ਦੀਆਂ ਪੱਟੀਆਂ ।ਡੰਗਰ ਔਖੀਆਂ ਘਟੀਆਂ । ਅਪੜਮ ਤੋੜ ਨ ਸੱਡ ਸਾਈਂ । ਸਖ਼ਤ ਅਵੈੜੇ ਪੈਂਡੇ ।ਰੜਦੇ ਰਿੱਛ ਤੇ ਗੈਂਡੇ । ਉੱਠ ਗਈ ਆਸ ਤੋ ਤੱਡ ਸਾਈਂ । ਬਾਂਦਰ ਰਾਖਸ ਘਾਟੇ ।ਖੁੜਬੁਣ ਖੂਬ ਗਬਾਟੇ । ਕਦਮ ਕਦਮ ਤੇ ਖੱਡ ਸਾਈਂ । ਦਰਦ ਫ਼ਰੀਦ ਸਤਾਵੇ ।ਅੱਗ ਲਾਵੇ ਭੁੱਨ ਖਾਵੇ । ਪਟ ਪਟ ਮਾਸ ਤੇ ਹੱਡ ਸਾਈਂ ।

212. ਸੱਸੀ ਕਰਹੋ ਕਤਾਰ

ਸੱਸੀ ਕਰਹੋ ਕਤਾਰ ।ਕੇਚ ਡਹੋਂ ਹਣ ਹਣ ਵੇ । ਝਾਗ ਜਬਲ ਥਲ ਬਾਰ ।ਨਾਲ ਪੁੱਨਲ ਬਣ ਤਣ ਵੇ । ਪੱਲੜੇ ਡੋਹ ਗੁਨਾਹ ਨ ਮੈਡੇ ਵੇ ।ਹੈ ਵੇ ਬਰੋਚਲ ਯਾਰ ਮੁਫ਼ਤ ਕੀਤੋ ਅਣ ਬਣ ਵੇ । ਹਿੱਕ ਕਲ੍ਹੜੀ ਪਈ ਪੀਤ ਕਲਲੜੀ ਵੇ ।ਰੋਵਾਂ ਜ਼ਾਰੋ ਜ਼ਾਰ ਲਾ ਗਲੜੇ ਵਣ ਵਣ ਵੇ । ਨੈਂ ਬਾਰੀ ਤੇ ਟਾਂਗ ਉਭਾਰੀ ਵੇ ।ਰਾਤ ਅੰਧਾਰ ਗੁਬਾਰ ਝੜ ਮੀਂਹ ਦੀ ਕਣ ਕਣ ਵੇ । ਕੇਡੇ ਕੱਜਲ ਮਸਾਗ ਗਿਉਸੇ ਵੇ ।ਕੇਡੇ ਹਾਰ ਸ਼ਿੰਗਾਰ ਗਹਿਣੇ ਦੀ ਘਣ ਘਣ ਵੇ । ਦਿੱਲੜੀ ਚੁਸਤ ਨ ਥੀਵੀਂ ਫਲੜੀ ਵੇ ।ਮਤਲਬ ਹਈ ਦੀਦਾਰ ਮੋਈਂ ਜੀਂਦੀਂ ਤਣ ਤਣ ਵੇ । ਰਹਿਬਰ ਸ਼ੌਕ ਸ਼ਫੀਕ ਸੁਜੇਂਦਾ ਵੇ ।ਜਲਦੀ ਮੋੜ ਮੁਹਾਰ ਪਰੀਂ ਦੂੰ ਖਣ ਖਣ ਵੇ । ਬਿਰਹੋਂ ਫ਼ਰੀਦ ਹੈ ਬੋਝਾ ਕੋਝਾ ਵੇ ।ਬੇਸ਼ਕ ਬਾਰੀ ਬਾਰ ਰੱਤੀ ਮਣ ਮਣ ਵੇ ।

213. ਸਟ ਸਾਂਵਲ ਸਜਨ ਸਧਾਇਆ

ਸਟ ਸਾਂਵਲ ਸਜਨ ਸਧਾਇਆ ।ਸਰ ਸੁੰਜੜੇ ਸੂਲ ਸਤਾਇਆ । ਤਪੜੀ ਕਲਹੜੀ ਤਪੜੀ ਮਲੜੀ ।ਸਾਂਗ ਹਿਜਰ ਦੀ ਰਲੜੀ । ਜਿੰਦੜੀ ਜਲੜੀ ਦਿਲੜੀ ਗਲੜੀ ।ਲਗੜੀ ਅੱਗ ਕੁਲਲੜੀ । ਪੀੜ ਅਵਲੱੜੀ ਨੀਅੜੇ ਘਲੜੀ ।ਪਲਪਲ ਪੂਰ ਪਰਾਇਆ । ਪਰਬਤ ਰੋਲੇ ਜਖੜ ਝੋਲੇ ।ਗ਼ਮ ਦੇ ਸਾਂਗ ਸੰਗੋਲੇ । ਸੋਜ਼ ਸਮੋਲੇ ਯਾਰਨ ਕੋਲੇ ।ਜੀੜਾ ਜਲ ਬਲ ਕੋਲੇ । ਸਖ਼ਤੀ ਗੋਲੇ ਸੁਝਮ ਨ ਓਲੇ ।ਦਮ ਦਮ ਰੋਗ ਸਵਾਇਆ । ਨੈ ਬਾਰੀ ਮਨਤਾਰੀ ਹਾਰੀ ।ਕਾਰੀ ਮੂੰਝ ਮੁੰਝਾਰੀ । ਦਰਦਾਂ ਮਾਰੀ ਕਰਮ ਨ ਕਾਰੀ ।ਉਲਟਾ ਤਰੋੜਮ ਯਾਰੀ । ਅੰਗ ਅਜ਼ਾਰੀ ਅੱਖੀਆਂ ਜਾਰੀ ।ਜੋ ਲਿਖਿਆ ਸੋ ਪਾਇਆ । ਡੁੰਗਰ ਕਾਲੇ ਪੈਰੀਂ ਛਾਲੇ ।ਤਤੜੀ ਵਾਕਿਆ ਘਾਲੇ । ਅੱਖਾਂ ਨਾਲੇ ਸੋਜ਼ ਪਜਾਲੇ ।ਜ਼ਖਮ ਜਿਗਰ ਦੇ ਆਲੇ । ਪ੍ਰੀਤ ਨ ਪਾਲੇ ਕਰਦੇ ਚਾਲੇ ।ਫਿਕਰ ਫਰਾਕ ਮੁੰਝਾਇਆ । ਖੁਸ਼ੀਆਂ ਖੱਸਦਾ ਭੇਤ ਨ ਡਸਦਾ ।ਵਲ ਵਲ ਢੋਲਣ ਨੱਸਦਾ । ਨੇੜੇ ਵੱਸਦਾ ਸਬ ਕੋਈ ਹੱਸਦਾ ।ਝੇੜਾ ਝਗੜਾ ਸੱਸਦਾ । ਡੋਰਾ ਡੁਖੜਾ ਜੀ ਬੇਵੱਸ ਦਾ ।ਦਿਲੜੀ ਮੁਫਤ ਅੜਾਇਆ । ਰੋਹ ਸਨੇੜੇ ਰਾਹ ਅਵੈੜੇ ।ਵੱਸਦਾ ਯਾਰ ਪਰੇੜੇ । ਅੰਮੜੀ ਝੇੜੇ ਵੀਰ ਨਹੇੜੇ ।ਸੱਸ ਨਣਾਨ ਕਰੇੜੇ । ਆ ਵੜ ਵੇੜੇ ਛੋੜ ਬਖੇੜੇ ।ਸੱਟ ਘਤ ਸ਼ੋਰ ਅਜਾਇਆ । ਨਿਕਲਣ ਆਂਹੀ ਸੰਝ ਸਬਾਹੀਂ ।ਬਿਰਹੋਂ ਦੁਖੇ ਦਾ ਭਾਹੀ । ਲਗੜੀਆਂ ਚਾਰੀਂ ਸੁਝਣ ਨ ਵਾਹੀ ।ਰੁਲਦੀ ਬੇਲੇ ਕਾਹੀਂ । ਸੁੰਜੜੀਆਂ ਝੋਕਾਂ ਉਜੜੀਆਂ ਜਾਹੀ ।ਯਾਰ ਫ਼ਰੀਦ ਨ ਆਇਆ ।

214. ਸਟ ਸਿਕ ਗੈਰ ਖੁਦਾ ਦੀ

ਸਟ ਸਿਕ ਗੈਰ ਖੁਦਾ ਦੀ ।ਸਬ ਸ਼ੈ ਵਹਿਮ ਖਿਆਲ । ਕਿਥ ਲੈਲਾ ਕਿਥ ਮਜਨੂੰ ।ਕਥ ਸੋਹਣੀ ਮਹੀਂਵਾਲ । ਕਿਥ ਰਾਂਝਨ ਕਿਥ ਖੇੜੇ ।ਕਿਥ ਹੈ ਹੀਰ ਸਿਆਲ । ਕਿਥ ਸਸੀ ਕਿਥ ਪੁਨੂੰ ।ਕਿਥ ਓ ਦਰਦ ਕਸ਼ਾਲ । ਕਿਥ ਸੈਫਲ ਕਿਥ ਪਰੀਆਂ ।ਕਿਥ ਓ ਹਿਜਰ ਵਸਾਲ । ਬਾਝੋਂ ਅਹਦ ਹਕੀਕੀ ।ਕੁਲ ਸ਼ੈ ਐਨ ਜ਼ਵਾਲ । ਚਾਰ ਡਿਹਾਰੇ ਚੇਤਰ ਦੇ ।ਕੁਡੇ ਬਕਰਵਾਲ । ਮਾ ਖਲਾ ਅੱਲਾ ਬਾਤਲ ।ਬੇਹਕ ਕੂੜ ਪਪਾਲ । ਯਾਰ ਫਰੀਦ ਨ ਵਿਸਰਿਮ ।ਮੁਸ਼ਕਲ ਮਹਜ਼ ਮਹਾਲ ।

215. ਸੌਣ ਸਗੂਨ ਸੁਹਾਂਦਾ ਹੈ

ਸੌਣ ਸਗੂਨ ਸੁਹਾਂਦਾ ਹੈ ।ਮਤਾਂ ਸਾਂਵਲ ਅਸਾਂ ਵਲ ਆਂਦਾ ਹੈ । ਫਾਲ ਵਸਾਲ ਦੀ ਕਰੇ ਚਬੋਲੇ ।ਲਾਲੀ ਲਿਵੇ ਤੇ ਕਾਂਗਾ ਬੋਲੇ । ਸਹਿਜੋਂ ਅੰਗ ਨ ਮਾਨੋਮ ਚੋਲੇ ।ਸੇਝ ਹੱਸੇ ਘਰ ਭਾਂਦਾ ਹੈ । ਸੋਜ਼ ਅੰਦੋਹ ਥਏ ਆਜ਼ਾਰੀ ।ਸੂਲ ਕਰੇਂਦੇ ਨਾਲਾ ਜ਼ਾਰੀ । ਹਿਜਰ ਡਹਾਗ ਨੂੰ ਮੂੰਝ ਮੁੰਝਾਰੀ ।ਦਰਦ ਅਲਮ ਗ਼ਮ ਖਾਂਦਾ ਹੈ । ਆਸ ਉਮੀਦ ਨਵੀਦ ਹੈ ਸ਼ਾਦੀ ।ਈਦ ਸਈਦ ਮੁਬਾਰਕਬਾਦੀ । ਰਾਹਤ ਹਰ ਦਮ ਵਾਧੋ ਵਾਧੀ ।ਸੁਖ ਸੁਖੜਾ ਡੁੱਖ ਮਾਂਦਾ ਹੈ । ਲਾਣੀ ਫੋਗ ਫੁਲਾਰੀ ਵਾਹ ਵਾਹ ! ਕੰਡੜੀ ਕਰੜ ਸਿੰਗਾਰੀ ਵਾਹ ਵਾਹ ! ਚਨੜਕੀ ਘੰਡ ਤਵਾਰੇ ਵਾਹ ਵਾਹ ! ਝੋਕਾਂ ਮਾਲ ਨ ਮਾਂਦਾ ਹੈ । ਗਿਆ ਫ਼ਰੀਦ ਡੁਹਾਗ ਦਾ ਵੇਲ੍ਹਾ ।ਸਿਹਨ ਸੁਹੇਲਾ ਘਰ ਅਲਬੇਲਾ । ਆਪੇ ਦਿਲਬਰ ਕੀਤਮ ਮੇਲਾ ।ਜੈਂ ਬਿਨ ਜੀ ਤੜਫਾਂਦਾ ਹੈ ।

216. ਸਾਵਨ ਬੂੰਦੜੀਆਂ ਝਰਲਾਵੇ

ਸਾਵਨ ਬੂੰਦੜੀਆਂ ਝਰਲਾਵੇ । ਕੂਕ ਕੂਕ ਪਾਪੀ ਤੇ ਪਪੀਹਾ ।ਫੂਖ ਫੂਕ ਤਨ ਆਗ ਜਗਾਵੇ । ਕੋਇਲ ਕੂੰਜ ਮੁਹਰਵਾ ਬੋਲੇ ।ਦਿਲ ਦੁਖਿਆਰੀ ਨੂੰ ਡੁੱਖ਼ ਤਾਵੇ । ਨੈਨ ਚੈਨ ਸੇ ਝਗੜਤ ਝਗੜਤ ।ਤੜਫਤ ਤੜਫਤ ਰੈਨ ਬਹਾਵੇ । ਛੱਤੀਆਂ ਧੜਕਤ ਜੀਅੜਾ ਲਰਜਤ ।ਤੁਜ ਬਿਨ ਕਾਰੀ ਘਟਨ ਡਰਾਵੇ । ਰੁਮ ਝੁਮ ਰੁਤ ਬਰਖ਼ਾ ਸੋਹੇ ।ਅੰਗ ਅੰਗ ਰਸ ਰਾਂਦ ਰਚਾਵੇ । ਬੀਤ ਗਏ ਦਿਨ ਰੈਨ ਡੁੱਖਾਂ ਦੇ ।ਕਹੋ ਰੀ ਪੀਆ ਕੇ ਸੇਝ ਸੁਹਾਵੇ । ਪੀਤਮ ਪੀਤ ਫ਼ਰੀਦ ਨ ਪਾਲੀ ।ਅੰਗ ਅੰਗ ਬਰਹਨ ਮੁਰਝਾਵੇ ।

217. ਸਾਵਣ ਮੇਂਘ ਮਲ੍ਹਾਰਾਂ

ਸਾਵਣ ਮੇਂਘ ਮਲ੍ਹਾਰਾਂ ।ਤਰਸ ਪੌਵੀ ਪੁੱਨਲ ਆ ਮੋੜ ਮਹਾਰਾਂ । ਹੰਜੜੂ ਹਾਰਾਂ ਵਾਟ ਨਿਹਾਰਾਂ ।ਬੈਠੀ ਕਾਂਗ ਉਡਾਰਾਂ । ਸੱਜੜੀਆਂ ਰਾਤੀਂ ਪਾਵਾਂ ਫਾਲਾਂ ।ਡੇਂਹਾਂ ਢਾਲੇ ਮਾਰਾਂ । ਤੌਂ ਬਿਨ ਕੇਚ ਸ਼ਹਿਰ ਦਾ ਵਾਲੀ ।ਔਖੀ ਉਮਰ ਗੁਜ਼ਾਰਾਂ । ਰੋਜ ਅਜ਼ਲ ਦੀਆਂ ਲਧਿੱਅਮ ਲਾਵਾਂ ।ਹੁਣ ਕਿਉਂ ਕਰਦੀ ਆਰਾਂ । ਸੁੰਜੜੀਂ ਟਿਬੜੀਂ ਦਿੱਲੜੀ ਮੋਹੀ ।ਵਿਸਰੇ ਸ਼ਹਿਰ ਬਜ਼ਾਰਾਂ । ਮੁਲਕ ਮਲ੍ਹੇਰ ਵਾਸਾਇਮ ਮੂਲਾ ।ਥੀਆਂ ਚੌ ਗੁੱਠ ਬਹਾਰਾਂ । ਥਲ ਚਤਰਾਂਗ ਡੱਸੀਜਨ ਨਦੀਆਂ ।ਰਿੱਮ ਝਿੱਮ ਲਾਸੂੰ ਤਾਰਾਂ । ਨੀਲੀਆਂ ਪੀਲੀਆਂ ਰੱਤੀਆਂ ਪੀਂਘਾਂ ।ਮਛਲੀ ਸਹੰਸ ਹਜ਼ਾਰਾਂ । ਸੁਰਖ ਕਰੇਂਹ ਤੇ ਚਿੱਟੜੀਆਂ ਬੋਟੀਆਂ ।ਸਾਵੀਆਂ ਲਾਣੀਆਂ ਖ਼ਾਰਾਂ । ਜੋਫੜ ਜੋਫੜ ਘੁਮਕਣ ਮੱਟੀਆਂ ।ਸੋਂਹਦੀਆਂ ਘੁੰਡ ਤਵਾਰਾਂ । ਗਾਈਂ ਬਕਰੀਆਂ ਭੇਡਾਂ ਚਾਂਗੈ ।ਚਰਦੇ ਜੋੜ ਕਤਾਰਾਂ । ਯਾਰ ਫ਼ਰੀਦ ਮਿਲਮ ਦਿਲ ਭਾਦਾ ।ਮੈਲੇ ਵੇਸ ਉਤਾਰਾਂ ।

218. ਸੀਨਾ ਮਹਜ਼ ਲਵੀਰਾਂ

ਸੀਨਾ ਮਹਜ਼ ਲਵੀਰਾਂ ।ਦਿੱਲੜੀ ਧਈਆ ਧਈਆ । ਰੋ ਰੋ ਉੱਜੜੀਆਂ ਅੱਖੀਆਂ ਸੁੱਜੜੀਆਂ ।ਚੋਲੀ ਚੁੱਨੜੀ ਲੀਰਾਂ । ਖਿਲਦੀਆਂ ਸੰਗੀਆਂ ਸਈਆਂ । ਇਸ਼ਕ ਬੁਰਾਈ ਜੋੜ ਕਰਾਈ ।ਲੂੰ ਲੂੰ ਲੱਖ ਲੱਖ ਪੀੜਾਂ । ਵੱਸ ਸੂਲੀ ਦੇ ਪਈਆਂ । ਦਰਦ ਅੰਦਰ ਵਿੱਚ ਸੋਜ਼ ਜਿਗ਼ਰ ਵਿੱਚ ।ਅੱਖੀਆਂ ਨੀਰ ਵਹੀਰਾਂ । ਮੂੰ ਸਿਰ ਭੁਸੜ ਛਈਆਂ । ਨੀੜੇ ਵੇੜਮ ਸਖ਼ਤ ਨਹੇੜਮ ।ਚੁੱਟੜੀ ਹਿਜਰ ਦੇ ਤੀਰਾਂ । ਓ ਖੁਸ਼ੀਆਂ ਕਿਨ ਗਈਆਂ । ਖੋਟ ਕਮਾਵਨ ਕੂੜ ਅਲਾਵਨ ।ਕੂੜੀਆਂ ਡੇਵਮ ਧੀਰਾਂ । ਛੱਡ ਦੇ ਸਾਵਲ ਬਈਆਂ । ਬਿਰਹੋਂ ਭੰਵਾਲੀ ਡੇਖ ਫ਼ਰੀਦਾ ।ਸੈ ਸੱਸੀਆਂ ਲੱਖ ਹੀਰਾਂ । ਰੁਲਦੀਆਂ ਬੂਟੇ ਲਈਆਂ ।

219. ਸੇਜ ਸੁਹਾਇਮ ਬੇਲੀ

ਸੇਜ ਸੁਹਾਇਮ ਬੇਲੀ ।ਸਿਕਦੀ ਬਾਂਹ ਚੂੜੇਲੀ । ਯਾਰ ਨ ਮਿਲਦਾ ਆਲਮ ਖਿਲਦਾ ।ਹਾਲ ਅਵੱਲੜਾ ਔਖੜੇ ਦਿਲ ਦਾ । ਸੁੰਜ ਬਰ ਸਿਹਨ ਹਵੇਲੀ । ਬੁਲਬੁਲ ਭੰਵਰੇ ਖ਼ੁਸ਼ੀਆਂ ਪਾਵਿਨ ।ਰਲ ਮਿਲ ਦੋਸਤ ਬਸੰਤ ਸੁਹਾਵਿਨ । ਆਈ ਰੁਤ ਅਲਬੇਲੀ । ਖਿੜ ਕੇ ਸੀ ਸਿਆਲੇ ਬੀਤੇ ।ਸੌਂਗੀਂ ਜੇਵਰ ਤਰੇਵਰ ਕੀਤੇ । ਹਿੱਕ ਮੈਂ ਮਹਜ਼ ਡੁਹੇਲੀ । ਪੀਤ ਪਰੀਂਦੀ ਸਿੱਕ ਮਿੱਤਰਾਂ ਦੀ ।ਸੀਨੇ ਸੌ ਸੌ ਸਾਂਗ ਡੁੱਖਾਂ ਦੀ । ਸੇਂਧ ਧੜੀ ਥਈ ਮੇਲੀ । ਕੱਜਲੇ ਬਾਦਲ ਮੀਂਹ ਬਰਸਾਤੀਂ ।ਗਾਜਾਂ ਖਮਣੀਆਂ ਕਾਲੀਆਂ ਰਾਤੀਂ । ਰੁਲਦੇ ਰੋਹ ਇਕੇਲੀ । ਨਾਜ਼ ਨਵਾਜ਼ ਦੇ ਵਕਤ ਵਿਹਾਣੇ ।ਫੁਲ ਗੁਲ ਹਾਰ ਸਿੰਗਾਰ ਕਮਾਣੇ । ਬਠ ਰਾਵੇਲ ਚੰਬੇਲੀ । ਯਾਰ ਫ਼ਰੀਦ ਨ ਆਇਮ ਵੇੜ੍ਹੇ ।ਉੱਜੜੇ ਗਾਨੇ ਗਹਿਣੇ ਸਿਹਰੇ । ਫਿਰਦੀ ਮੈਲ ਕੁਚੈਲੀ ।

220. ਸ਼ਹੁ(ਸ਼ਾਹ) ਰਾਂਝਾ ਅਲਬੇਲਾ

ਸ਼ਹੁ(ਸ਼ਾਹ) ਰਾਂਝਾ ਅਲਬੇਲਾ ।ਜੋਗੀ ਜਾਦੂਗਰ ਵੇ । ਰਾਵਲ ਬੰਸੀ ਜੋੜ ਸੁਣਾਈ ।ਵਿੱਸਰ ਗਿਉਮ ਘਰ ਵਰ ਵੇ । ਯਾਰ ਰੰਝੇਟੇ ਮੁਰਲੀ ਵਾਹੀ ।ਕਰ ਕਰ ਪੇਚ ਹੁਨਰ ਵੇ । ਅਨਹਦ ਬੀਨ ਬਜਾ ਮਨ ਮੋਹਿਸ ।ਰੁਲਦੀ ਬੂਟੇ ਝਰ ਵੇ । ਕੰਨੇ ਕੰਨੇ ਬੁੰਦੇ ਗਲ ਝਪ ਮਾਲ੍ਹਾਂ ।ਰਹਿੰਦੇ ਹੁਸਨ ਨਗਰ ਵੇ । ਤਖ਼ਤ ਹਜ਼ਾਰੋਂ(ਹਜ਼ਾਰਿਉਂ) ਰਾਂਝਣ ਆਇਆ ।ਹੀਰ ਤੱਤੀ ਦੇ ਘਰ ਵੇ । ਜੋਗਣ ਥੀਸਾਂ ਖ਼ਾਕ ਰਮੇਸਾਂ ।ਰੁਲਸਾਂ ਸ਼ਹਿਰ ਬਹਰ ਵੇ । ਮਾ ਪਿਉ ਛੋੜ ਲਗੀ ਲੱੜ ਤੈਡੇ ।ਸਾਂਵਲ ਕਾਰੀ ਕਰ ਵੇ । ਬਾਝ ਪਰੀਂਦੇ ਬਾਝ ਨ ਕਾਈ ।ਬੱਠ ਜ਼ੇਵਰ ਬੱਠ ਜ਼ਰ ਵੇ । ਇਤਨਾ ਜ਼ੁਲਮ ਮੁਨਾਸਬ ਨਾਹੀਂ ।ਰੱਬ ਕੋਲੋਂ ਕੁਝ ਡਰ ਵੇ । ਰਾਂਝਾ ਜੋਗੀ ਮੈਂ ਜੁਗ਼ਿਆਣੀ ।ਡਿੱਤੜੀ ਇਸ਼ਕ ਖ਼ਬਰ ਵੇ । ਯਾਰ ਫ਼ਰੀਦ ਨ ਵਿਸਰਮ ਹਰਗਿਜ਼ ।ਸਿੱਕਦੀ ਵੈਸਾਂ ਮਰ ਵੇ ।

221. ਸ਼ਹੁ ਰਾਂਝਾ ਅਲਬੇਲਾ

ਸ਼ਹੁ ਰਾਂਝਾ ਅਲਬੇਲਾ ।ਹੈਂ ਦਿਲੇਂਦਾ ਠੱਗ ਵੇ । ਤੈਂਡੇ ਤਾਨੇ ਮਿਹਣੇ ਸਿੱਠੜੀ ।ਡੇਵਮ ਸਾਰਾ ਜੱਗ ਵੇ । ਝੋਕ ਨ ਆਵਾਂ ਕੈਂ ਵਲ ਜਾਵਾਂ ।ਹੀਰ ਤੱਤੀ ਦੀ ਤੱਗ ਵੇ । ਕੇਡੇ ਹਾਰ ਸਿੰਗਾਰ ਗਿਉਸੇ ।ਕੇਡੇ ਗਏ ਝੱਗ ਮੱਗ ਵੇ । ਨੇੜੇ ਜੀਅੜਾ ਜੋੜ ਨਿਹੇੜੇਮ ।ਧਾਂ ਕਿਰਮ ਰਗ ਰਗ ਵੇ । ਸੂਲ ਅਵੱਲੜੇ ਮੂਲ ਮੁੱਠੀ ਦੇ ।ਡੁੱਖ ਆਵਨ ਕਰ ਵਗ ਵੇ । ਬਿਰਹੋ ਲੁੰਬੀ ਜੁੜ ਕਰ ਲਾਈ ।ਲੂੰ ਲੂੰ ਧੁੱਖਦੀ ਅੱਗ ਵੇ । ਰੋਂਦੀ ਖਪਦੀ ਆਤਣ ਬਹਿੰਦੀਂ ।ਥਈ ਬੀਮਾਰ ਅਲਗ ਵੇ । ਯਾਰ ਫ਼ਰੀਦ ਨ ਕੀਤਮ ਕਾਰੀ ।ਜੀਵਾਂ ਕੈਂਦੇ ਲਗ ਵੇ ।

222. ਸਿਖ ਰੀਤ ਰਵਸ਼ ਮਨਸੂਰੀ ਨੂੰ

ਸਿਖ ਰੀਤ ਰਵਸ਼ ਮਨਸੂਰੀ ਨੂੰ ।ਹੁਣ ਠੱਪ ਰੱਖ ਕਨਜ ਕਦੂਰੀ ਨੂੰ । ਜੋ ਕੋਈ ਇਸ਼ਕ ਮਦੱਰਸੇ ਆਇਆ ।ਫ਼ਿਕਾ ਅਸੂਲ ਦਾ ਫ਼ਿਕਰ ਉਠਾਇਆ । ਬੇਸ਼ਕ ਆਰਫ਼ ਹੋਕਰ ਪਾਇਆ ।ਰਮਜ਼ ਹਕੀਕਤ ਪੂਰੀ ਨੂੰ । ਜੋ ਕੋਈ ਚਾਹੇ ਇਲਮ ਹਕਾਇਕ ।ਰਾਜ਼ ਲੁਟਨੀ ਕਸ਼ਫ ਦਕਾਇਕ । ਥੀਵੇ ਅਪਨੇ ਆਪ ਦਾ ਸ਼ਾਇਕ ।ਸੱਟ ਨਜ਼ਦੀਕੀ ਦੂਰੀ ਨੂੰ । ਹਮਾ ਓਸਤ ਦੇ ਭੇਦ ਨਿਆਰੇ ।ਜਾਣਨ ਵਹਦਤ ਦੇ ਵਣਜਾਰੇ । ਹਰ ਹਰ ਸ਼ੈ ਵਿੱਚ ਕਰਨ ਨਜ਼ਾਰੇ ।ਅਸਰ ਤਜੱਲੀ ਤੂਰੀ ਨੂੰ । ਬੇਦ ਅਨੋਖੈ ਪੰਥ ਅਵੈੜੇ ।ਵੇੜੋ ਵੱਸਦੇ ਰਖਣ ਬਖੋੜੇ । ਹੋਰ ਨ ਕੋਈ ਆਪ ਨਬੇੜੇ ।ਆਪਣੀ ਇਕੀ ਪੂਰੀ ਨੂੰ । ਲੁਤਫ਼ ਅਜ਼ਲ ਦਾ ਵੇਲਾ ਆਇਆ ।ਫ਼ਖਰ ਜਹਾਂ ਗੁਰ ਗਿਆਨ ਸੁਨਾਇਆ । ਤਬਾ ਸਲੀਮ ਫ਼ਰੀਦ ਦੀ ਪਾਇਆ ।ਫ਼ਹਿਮ ਲੁਗਾਤ ਤਯੂਰੀ ਨੂੰ ।

223. ਸਿੱਕ ਸਾੜੇ ਦਿਲ ਤਾਂਗ ਪਜਾਲੇ

ਸਿੱਕ ਸਾੜੇ ਦਿਲ ਤਾਂਗ ਪਜਾਲੇ ।ਵਤਨ ਨ ਵਿਸਰਮ ਰਾਂਝਣ ਵਾਲੇ । ਹਿਜਰ ਫ਼ਰਾਕ ਦਾ ਕੋਝਾ ਕਿੱਸਾ ।ਸਾਹ ਮੁੰਝਾਏ ਤੇ ਹਾਂ ਡਾਲੇ । ਰਾਹ ਅਵੱਲੜੇ ਲੱਖ ਲੱਖ ਵੱਲੜੇ ।ਡੂੰਗਰ ਕਾਲੇ ਪੈਰੀਂ ਛਾਲੇ । ਦਿੱਲੜੀ ਜਡੜੀ ਡੁੱਖੜੀਂ ਲਡੜੀ ।ਕੇਵੇਂ ਹੋਸ਼ ਹਵਾਸ ਸੰਭਾਲੇ । ਜੈਦੀਂ ਡੇਖਾਂ ਝੋਕ ਸਜਨ ਦੀ ।ਕਾਦਰ ਬਾਰ ਗ਼ਮਾਂ ਦੇ ਟਾਲੇ । ਇਸ਼ਕ ਸੌਗਾਤਾਂ ਮੈਂ ਵਲ ਭੇਜੀਆਂ ।ਦਰਦ ਅੰਦੇਸ਼ੇ ਰੋਗ ਕਸ਼ਾਲੇ । ਹੈ ਸੋਹਣਿਆਂ ਦੀ ਆਦਤ ਅਸਲੋਂ ।ਕੁੜੇ ਪੇਚ ਫ਼ਰੇਬੀ ਚਾਲੇ । ਯਾਰ ਫ਼ਰੀਦ ਨ ਉਤਰਮ ਦਿਲ ਤੋਂ ।ਲੁਤਫੇਂ ਭਾਲੇ ਖਵਾਹ ਨ ਭਾਲੇ ।

224. ਸਿਕ ਸੂਲੀਂ ਸਾੜੀਂ ਸਾਰੀ

ਸਿਕ ਸੂਲੀਂ ਸਾੜੀਂ ਸਾਰੀ ।ਵਹ ਇਸ਼ਕ ਦੀ ਅਵਾਵਾੜੀ । ਦਿਲ ਜਲ ਬਲ ਕੇਰੀ ਕੋਲੇ ।ਡੁੱਖ ਰਗ ਰਗ ਸੋਜ਼ ਸਮੋਲੇ । ਹਿੱਕ ਸੀਨਾ ਸੌ ਸੌ ਸ਼ੁਅਲੇ ।ਹਿਨ ਬਿਰਹੋਂ ਤੇ ਦੋਜ਼ਖ ਹਾੜੀ । ਜੈਂ ਡੇਹ ਅੱਖੀਂ ਮੈਂ ਲਾਤੀਆਂ ।ਕੁਲ ਆਸ ਉੱਮੀਦਾਂ ਲਾਥੀਆਂ । ਕਿਆ ਫਤਕਨ ਜੇੜ੍ਹੀਆਂ ਫਾਤੀਆਂ ।ਬਿਆ ਹਰ ਕੋਈ ਮਾਰੇ ਤਾੜੀ । ਮੈਂ ਕਰਾਂ ਤੱਤੀ ਕਿਆ ਕਾਰੀ ।ਹੁਣ ਜ਼ਖਮ ਪੁੱਠੇ ਫੱਟ ਕਾਰੀ । ਗਲ ਕਾਤੀ ਪੇਟ ਕਟਾਰੀ ।ਸਰ ਬਰਛੀ ਤਬਰ ਕਟਾਰੀ । ਥਿਆ ਵੱਸ ਹੱਸ ਕੋਲੇ ਓਲੇ ।ਹੁਣ ਫੋਲ ਨ ਦਿਲ ਦੇ ਫੋਲੇ । ਅਥ ਪਏ ਜੂਲ੍ਹਦੇ ਭੋਲੇ ।ਗੱਠ ਸੇਵਾਂ ਡੂੰ ਹਤ ਪਾੜੀ । ਮਿਲ ਮੂੰਹ੍ਰੀਂ ਡੋਲੀਆਂ ਵੱਟੀਆਂ ।ਗਈ ਫ਼ਰਹਤ ਸ਼ਾਦੀਆਂ ਹਟੀਆਂ । ਗ਼ਮ ਖ਼ੁਸ਼ੀਆਂ ਪਾੜੋਂ ਪਟੀਆਂ ।ਡੁੱਖ ਸੁਖ ਦੀ ਬੇਖ ਉਖਾੜੀ । ਆਏ ਲੋਕਾਂ ਹਤ ਬਹਾਨੇ ।ਕਈ ਡੇਵਮ ਮੇਹਣੋ ਤਾਨੇ । ਕਈ ਮਾਰਨ ਕਾਠੀਆਂ ਕਾਨੇ ।ਹੈ ਬਿਆ ਬਿਆ ਜ਼ੁਲਮ ਡਿਹਾੜੀ । ਸੁਣ ਯਾਰ ਫ਼ਰੀਦ ਦੀਆਂ ਧਾਈਂ ।ਕਰ ਨਾਜ਼ ਵ ਸ਼ੋਖ ਨਿਗਾਹੀਂ । ਵਲ ਆਪੇ ਸਾਵਲ ਸਾਂਈਂ ।ਹੈ ਗੜਾ ਕੋਨ ਫਫਾੜੀ ।

225. ਸੋਹਣਾਂ ਨਹਨ ਅਕਰਬ ਡਿੱਸਦਾ ੜੀ

ਸੋਹਣਾਂ ਨਹਨ ਅਕਰਬ ਡਿੱਸਦਾ ੜੀ ।ਸਾਡੇ ਨਾਲ ਨ ਹੱਸ ਰਸ ਵਸਦਾ ੜੀ । ਕੇਨੂੰ ਡੁੱਖ ਦੀ ਗਾਲ੍ਹ ਸੁਣਾਵਾਂ ।ਕਲ੍ਹੜੀ ਸੇਝ ਸੁੱਤੀ ਤੜਫਾਵਾਂ । ਤਾਰੇ ਗਿਣ ਗਿਣ ਰਾਤ ਨਿਭਾਵਾਂ ।ਹੈ ਜੀ ਔਖਾ ਬੇਵੱਸਦਾ ੜੀ । ਯਾਰ ਪੁੱਨਲ ਡੂੰ ਦਿੱਲੜੀ ਤਾਂਗੇ ।ਔਖੇ ਲਾਂਘੇ ਰਾਹ ਅੜਾਂਗੇ । ਮੁਸ਼ਕਲ ਪੈਂਡਾ ਮਿਲਣ ਮਹਾਂਗੇ ।ਕੰਨੀਂ ਪੌਵਿਮ ਆਵਾਜ਼ ਜਰਸ ਦਾ ੜੀ । ਕੋਲੇਂ ਵੱਸਦਾ ਭੇਤ ਨ ਡੱਸਦਾ ।ਦਿੱਲੜੀ ਖੱਸਦਾ ਵਲ ਵਲ ਨੱਸਦਾ । ਡੇਖ ਕੇ ਹਾਲ ਏਹੀਂ ਬੇਕੱਸਦਾ ।ਕਰ ਠਾਹ ਠਾਹ ਦੁਰ ਦੂੰ ਹੱਸਦਾ ੜੀ । ਨਾਜ਼ਕ ਢੰਗ ਅਜਾਇਬ ਵੱਨਦਾ ।ਸਾਂਵਲ ਢੋਲੇ ਮਨ ਮੋਹਨ ਦਾ । ਮਾਣ ਕਰਾਂ ਕਿਆ ਯਾਰ ਸਜਣ ਦਾ ।ਓ ਦਿਲਬਰ ਹੈ ਹਰ ਕੱਸ ਦਾ ੜੀ । ਏ ਬੇਕਾਰ ਫ਼ਰੀਦ ਨਿਭਾਇਆ ।ਲੋਹੇ ਵਾਂਗ ਬਹੂੰ ਬੇ ਮਾਇਆ । ਫ਼ਖਰ ਪਏ ਦੀ ਸੁਹਬਤ ਆਇਆ ।ਥਿਆ ਹਮਸਾਇਆ ਪਾਰਸ ਦਾ ੜੀ ।

226. ਸੋਹਣੇ ਯਾਰ ਬਾਝੋਂ ਮੈਡੀ ਨਹੀਂ ਸਰਦੀ

ਸੋਹਣੇ ਯਾਰ ਬਾਝੋਂ ਮੈਡੀ ਨਹੀਂ ਸਰਦੀ ।ਤਾਂਘ ਆਵੇ ਵਧਦੀ ਸਿਕ ਆਵੇ ਚੜ੍ਹਦੀ । ਕੀਤਾ ਹਿਜਰ ਤੈਡੇ ਮੈਕੂੰ ਜ਼ਾਰੋ ਜ਼ਾਰੇ ।ਦਿਲ ਪਾਰੇ ਪਾਰੇ ਸਰ ਧਾਰੋ ਧਾਰੇ । ਮੁੰਝ ਵਾਧੋ ਵਾਧੇ ਡੁੱਖ ਤਾਰੇ ਤਾਰੇ ।ਰੱਬ ਮੇਲੇ ਮਾਹੀ ਬੈਠੀ ਧਾਂ ਕਰਦੀ । ਸੋਹਣਾ ਯਾਰ ਮਾਹੀ ਕਡੀ ਪਾਵੇ ਫੇਰਾ ।ਸ਼ਾਲਾ ਪਾ ਕੇ ਫੇਰਾ ਪੁੱਛੇ ਹਾਲ ਓ ਮੇਰਾ । ਦਿਲ ਦਰਦਾਂ ਮਾਰੀ ਡੁੱਖਾਂ ਲਾਇਆ ਦੇਰਾ ।ਰਾਤੀਂ ਆਹੀਂ ਭਰਦੀ ਡੇਹਾਂ ਸੂਲਾਂ ਸੜਦੀ । ਪੁਨੂੰ ਖਾਨ ਮੇਰੇ ਕੀਤੀ ਕੇਚ ਤਿਆਰੀ ।ਮੈਂ ਮਿੱਨਤਾਂ ਕਰਦੀ ਤਰੋੜੀ ਵੈਂਦਾ ਯਾਰੀ । ਕਈ ਨਹੀਂ ਚਲਦੀ ਕਿਆ ਕੀਜੇ ਕਾਰੀ ।ਸਟ ਬਾਂਦੀ ਬਰਦੀ ਥੀਸਾਂ ਬਾਂਦੀ ਬਰਦੀ । ਰੋ ਰੋ ਫ਼ਰੀਦਾ ਫ਼ਰਿਆਦ ਕਰਸਾਂ ।ਗ਼ਮ ਬਾਝ ਉਸ ਦੇ ਬਿਆ ਸਾਹ ਨ ਭਰਸਾਂ । ਜਾ ਥੀਸਮ ਮੇਲਾ ਜਾ ਰੁਲਦੀ ਮਰਸਾਂ ।ਕਹੀਂ ਲਾ ਡਖਾਈ ਦਿਲ ਚੋਟ ਅੰਦਰ ਦੀ ।

227. ਸੋਹਣੇ ਯਾਰ ਪੁਨਲ ਦਾ

ਸੋਹਣੇ ਯਾਰ ਪੁਨਲ ਦਾ ।ਹਰ ਜਾ ਐਨ ਹਜੂਰ । ਅੱਵਲ ਆਖਰ ਜ਼ਾਹਰ ਬਾਤਨ ।ਉਸਦਾ ਜਾਣ ਜ਼ਹੂਰ । ਆਪ ਬਣੇ ਸੁਲਤਾਨ ਜਹਾਂ ਦਾ ।ਆਪ ਬਣੇ ਮਜ਼ਦੂਰ । ਥੀ ਮੁਸ਼ਤਾਕ ਫਿਰੇ ਵਿਚ ਗਮ ਦੇ ।ਵਾਸਲ ਥੀ ਮਹਜੂਰ । ਥੀ ਮਾਸ਼ੂਕ ਦਿਲੀਂ ਲੁਟ ਨੇਵੇਂ ।ਜਾਨ ਕਰੇ ਰੰਜੂਰ । ਗਲ ਲਾਂਵਣ ਵਲ ਮਾਰ ਤੜ੍ਹਾਵਣ ।ਏਹੋ ਨਹੀਂ ਦਸਤੂਰ । ਚਸ਼ਮਾਂ ਫ਼ਖਰੂਦੀਨ ਮਿਠਲ ਦੀਆਂ ।ਤਨ ਮਨ ਕੀਤਾ ਚੂਰ । ਘੋਲ ਘੋਤ ਮੈਂ ਫ਼ਖਰ ਜਹਾਂ ਤੂੰ ।ਜਨਤ ਹੂਰ ਕਸੂਰ । ਯਾਰ ਫਰੀਦ ਕੂੰ ਏਵੇਂ ਸਾੜਿਓ ।ਜਿਵੇਂ ਜਲਿਆ ਕੋਹ ਤੂਰ ।

228. ਸੋਹਣੀਆਂ ਰਮਜ਼ਾਂ ਤੇਰੀਆਂ ਭਾਉਂਦੀਆਂ

ਸੋਹਣੀਆਂ ਰਮਜ਼ਾਂ ਤੇਰੀਆਂ ਭਾਉਂਦੀਆਂ ।ਸਾਨੂੰ ਗੁੱਝੜੀ ਚੇਟਕ ਲਾਉਂਦੀਆਂ । ਚਸ਼ਮਾਂ ਜਾਦੂ ਕਹਿਰ ਕਿਆਮਤ ।ਹੋਸ਼ ਹੱਵਾਸ ਭੁਲਾਉਂਦੀਆਂ । ਅਬਰੂ ਕੋਸ ਤੇ ਮਿਜ਼ਗਾਂ ਕੈਬਰ ।ਜ਼ੁਲਮੀਂ ਚੋਟ ਚਲਾਉਂਦੀਆਂ । ਚੜ੍ਹਨ ਸ਼ਿਕਾਰ ਨ ਮੁੜਦੀਆਂ ਹਰਗਿਜ਼ ।ਜ਼ੁਲਫ਼ਾਂ ਸੈਦ ਫੁਹਾਉਂਦੀਆਂ । ਚਾਲੀਂ ਨਾਜ਼ ਦੀਆਂ ਦਿਲ ਨੂੰ ਮੋਹਦੀਆਂ ।ਹੁਕਮੀਂ ਬਿਰਹੋਂ ਬਛਾਉਂਦੀਆਂ । ਤੇਗ਼ਾਂ ਤੇਜ਼ ਨਿਗਾਹ ਦੀਆਂ ਹਰ ਦਮ ।ਲਾਲ ਲਹੂ ਵਿੱਚ ਧਾਉਂਦੀਆਂ । ਇਸ਼ਕ ਫ਼ਰੀਦ ਕਈ ਘਰ ਗਾਲੇ ।ਸਹੰਸ ਪਈਆਂ ਤੜਫ਼ਾਉਂਦੀਆਂ ।

229. ਸੁਬਹ ਸਾਦਕ ਖਾਂ ਸਾਹਿਬੀ ਮਾਣੇ

ਸੁਬਹ ਸਾਦਕ ਖਾਂ ਸਾਹਿਬੀ ਮਾਣੇ ।ਪਾ ਸਿਹਰੇ ਗਾਨੇ ਗਹਿਣੇ । ਸਹਿਜੋਂ ਫੁਲੂੰ ਸੇਝ ਸੁਹਾ ਤੂੰ ।ਬਖ਼ਤ ਤੇ ਤਖ਼ਤ ਕੂੰ ਜੋੜ ਛਕਾ ਤੂੰ । ਆਪਣੇ ਮੁਲਕ ਕੂੰ ਆਪ ਵਸਾ ਤੂੰ ।ਪਟ ਅੰਗ੍ਰੇਜੀ ਥਾਣੇ । ਸੁਣ ਇਕਬਾਲ ਤੈਡਾ ਪੈ ਡਰਦੇ ।ਰਾਜੇ ਦਹਸ਼ਤ ਕਰ ਮਰਦੇ । ਮੀਰ ਨਵਾਬ ਥਏ ਆ ਬਰਦੇ ।ਬੇ ਜ਼ਰ ਮੁਫ਼ਤ ਵਿਕਾਣੇ । ਪੀਰ ਫ਼ਕੀਰ ਤੈਕੂੰ ਸਬ ਚਹਿੰਦੇ ।ਸੂਬੇਦਾਰ ਮੁਲਾਜ਼ਮ ਰਹਿੰਦੇ । ਗਿਰਦਾ ਗਿਰਦ ਕਚਹਿਰੀ ਬਹਿੰਦੇ ।ਅਫ਼ਲਾਤੂਨ ਸਿਆਣੇ । ਫੈਜ ਤੈਡੇ ਦੇ ਜਗ ਵਿੱਚ ਕਿਸੇ ।ਜ਼ਾਲਾਂ ਮਰਦ ਗਏ ਘਿਨ ਹਿਸੇ । ਨੀਂਗਰ ਤਕੜੇ ਬੁਢੜੇ ਲਿਸੇ ।ਨੰਢੜੇ ਬਾਲ ਅਯਾਣੇ । ਖ਼ੂਬ ਹੰਡਾਈਂ ਜਿੰਦ ਜਵਾਨੀ ।ਹਰ ਦਮ ਕੋਲ ਵੱਸੀਂ ਦਿਲ ਜਾਨੀ । ਯਾਰ ਪਿਆਰਾ ਯੂਸਫ਼ ਸਾਨੀ ।ਨਾਜ਼ ਤੈਂਡੇ ਮਨ ਭਾਣੇ । ਕਰੇ ਫ਼ਰੀਦ ਹਮੇਸ਼ ਦੁਆਈਂ ।ਸਾਂਵਲ ਜੀਵੇਂ ਚਰ ਜੁਗ ਤਾਈਂ । ਤੈਡੇ ਸਾਡਾ ਸੋਹਣਾ ਸਾਈਂ ।ਲਗੜੇ ਨੇਂਹ ਪੁਰਾਣੇ ।

230. ਸੁਖ ਸੋਮਹਣ ਸਿਧਾਇਮ

ਸੁਖ ਸੋਮਹਣ ਸਿਧਾਇਮ ।ਯਾਰ ਨ ਨੀਤਮ ਸੰਗ ਵੇ । ਸੇਝ ਰੰਗੀਲੀ ਸੁਟਿਅਮ ਪਸੇਲੀ ।ਧਾਂ ਕਰਮ ਅੰਗ ਅੰਗ ਵੇ । ਨਿਕਲਨ ਆਹੀਂ ਸੰਜ ਸਬਾਹੀ ।ਡੁੱਖੜੀਂ ਕੀਤਮ ਤੰਗ ਵੇ । ਸੱਜਣ ਸਧਾਏ ਵਲ ਨ ਆਏ ।ਵਾਹ ਕਾਦਰ ਦਾ ਰੰਗ ਵੇ । ਕੋਲ ਨ ਨੀਤਮ ਢੋਲ ਦਿਲੇਂਦੇ ।ਰੋਹੀ ਰੁਲਿਉਮ ਕੁਰੰਗ ਵੇ । ਟਲ੍ਹਿਅਮ ਨਾ ਸਖ਼ਤੀ ਤੇ ਬਦਬਖ਼ਤੀ ।ਗਿਆ ਨਾਮੁਸ ਤੇ ਨੰਗ ਵੇ । ਦਰਦ ਅਵੱਲੜੇ ਸੂਲ ਕਲੱਲੜੇ ।ਤਨ ਮਨ ਦੂਰ ਚਰੰਗ ਵੇ । ਰੁਲਦੀ ਥਲ ਵਿੱਚ ਯਾਰ ਨ ਵਲ ਵਿੱਚ ।ਵੱਲੜੀ ਲਗੜੀ ਜੰਗ ਵੇ । ਇਸ਼ਕ ਫ਼ਰੀਦ ਛਕਾ ਮੋਈਂ ਜੀਂਦੀ ।ਡੇ ਸਰ ਮੁਲ ਨ ਸੰਗ ਵੇ ।

231. ਸੁਣ ਸਮਝੜੇ ਜ਼ਾਹੇਦ ਜਾਹਦ ਤੂੰ

ਸੁਣ ਸਮਝੜੇ ਜ਼ਾਹੇਦ ਜਾਹਦ ਤੂੰ ।ਹਿਨ ਇਸ਼ਕ ਦੇ ਏ ਕਲਮਾਤ ਅਜਬ । ਹੈ ਗਾਲ੍ਹ ਅਜਬ ਹੈ ਹਾਲ ਅਜਬ ।ਹੈ ਚਾਲ ਅਜਬ ਹੈ ਘਾਤ ਅਜਬ । ਹੈ ਜ਼ੌਕ ਅਜਬ ਹੈ ਸ਼ੌਕ ਅਜਬ ।ਹੈ ਐਨ ਅਜਬ ਹੈ ਬੈਨ ਅਜਬ । ਹੈ ਜ਼ਿਕਰ ਅਜਬ ਹੈ ਫ਼ਿਕਰ ਅਜਬ ।ਹੈ ਨਫ਼ੀ ਅਜਬ ਅਸਬਾਤ ਅਜਬ । ਕੁਲ ਤਾਂਘ ਤਲਬ ਮਫਕੂਦ ਕਰਨ ।ਸਭ ਸੂਰਤ ਹੱਕ ਮਸਜੂਦ ਕਰਨ । ਥੀ ਬਾਜ਼ਲ ਤਰਕ ਵਜੂਦ ਕਰਨ ।ਸਕ ਸੌਮ ਸਲਵਾਤ ਜ਼ਕਵਾਤ ਅਜਬ । ਹਿਕਮਾਤ ਅਜਬ ਸੁਬਹਾਤ ਅਜਬ ।ਦਰਜਾਤ ਅਜਬ ਦਰਕਾਤ ਅਜਬ । ਆਯਾਤ ਅਜਬ ਤਾਆਤ ਅਜਬ ।ਤਾਗ਼ੂਤ ਤੇ ਲਾਤ ਮਨਾਤ ਅਜਬ । ਹਿਕ ਜਾਤੋਂ ਸਹੰਸ ਜ਼ਵਾਤ ਅਜਬ ।ਇਸਮਾ ਅਫਆਲ ਸਿਫਾਤ ਅਜਬ । ਖੁਸ਼ ਖਿਜ਼ਰ ਦੇ ਫਲਸਫਿਆਤ ਅਜਬ ।ਜ਼ੁਲਮਾਤ ਤੇ ਆਬ ਹਯਾਤ ਅਜਬ । ਠੱਪ ਫਿਕ ਅਸੂਲ ਅਕਾਇਦ ਨੂੰ ।ਰਖ ਮਿਲਤ ਇਬਨੁਲ ਅਰਬੀ ਦੀ । ਹੈ ਦਿਲੜੀ ਗੈਰੋਂ ਪਾਕ ਤੇਰੀ ।ਮਿਸਬਾਹ ਅਜਬ ਮਸਕਵਾਤ ਅਜਬ । ਹਰਕਾਤ ਅਜਬ, ਸੁਕਨਾਤ ਅਜਬ ।ਅਸ਼ਗ਼ਾਲ ਅਜਬ ਔਕਾਤ ਅਜਬ । ਔਰਾਦ ਅਜਬ ਦਾਵਾਤ ਅਜਬ ।ਸਾਆਤ ਅਜਬ ਡੇਹ ਰਾਤ ਅਜਬ । ਲਾ ਯਦਰਕਹੁਲ ਅਬਸਾਰ ਅਜਬ ।ਲਾਯਹਜ੍ਹਾ ਅਲਸ਼ਕਾਲ ਅਜਬ । ਹੈ ਬਹਿਰ ਅਜਬ ਹੈ ਲਹਿਰ ਅਜਬ ।ਹੈ ਨਹਿਰ ਅਜਬ ਕਤਰਾਤ ਅਜਬ । ਆਫ਼ਾਤ ਅਜਬ ਖਦਸ਼ਾਤ ਅਜਬ ।ਸਦਮਾਤ ਅਜਬ ਹਸਰਾਤ ਅਜਬ । ਵਾਹ ਜਜ਼ਬਭਹ ਮਿਨ ਜਜ਼ਬਾਤ ਅਜਬ ।ਰਾਹਾਤ ਅਜਬ ਲੱਜ਼ਾਤ ਅਜਬ । ਨਾਸੂਤ ਅਜਬ ਮਲਕੂਤ ਅਜਬ ।ਜਬਰੂਤ ਅਜਬ ਲਾਹੂਤ ਅਜਬ । ਤਲਬੀਸ ਅਜਬ ਤਾਨੀਸ ਅਜਬ ।ਤਕਦੀਸ ਅਜਬ ਸਤਵਾਤ ਅਜਬ । ਅਵਹਾਮ ਅਜਬ ਇਬਹਾਮ ਅਜਬ ।ਐਲਾਮ ਅਜਬ ਇਲਹਾਮ ਅਜਬ । ਹਮਜ਼ਾਤ ਅਜਬ ਖ਼ਤਰਾਤ ਅਜਬ ।ਲਮਹਾਤ ਅਜਬ ਸ਼ਤਹਾਤ ਅਜਬ । ਹੈ ਕੁਰਬ ਅਜਬ ਹੈ ਬੋਅਦ ਅਜਬ ।ਹੈ ਵਸਲ ਅਜਬ ਹੈ ਫਸਲ ਅਜਬ । ਹੈ ਕਹਿਰ ਹਿਜਾਬ ਅਕਾਬ ਅਜਬ ।ਹੈ ਲੁਤਫ ਨਜਾਤ ਸਬਾਤ ਅਜਬ । ਅਬਦਾਲ ਅਜਬ ਔਤਾਦ ਅਜਬ ।ਅਕਤਾਬ ਅਜਬ ਅਫਰਾਦ ਅਜਬ । ਤਹਕੀਕ ਅਜਬ ਤਸਦੀਕ ਅਜਬ ।ਤਕਲੀਦ ਅਦੂਲ ਸਕਾਤ ਅਜਬ । ਹੈ ਕਲਬ ਅਜਬ ਹੈ ਸਿੱਰ ਅਜਬ ।ਹੈ ਨਫਸ ਅਜਬ ਹੈ ਰੂਹ ਅਜਬ । ਹੈ ਹਰਮ ਅਜਬ ਅਹਿਰਾਮ ਅਜਬ ।ਹਜਾਜ ਅਜਬ ਇਰਫ਼ਾਤ ਅਜਬ । ਜਬਰੀਲ ਅਜਬ ਤਨਜੀਲ ਅਜਬ ।ਤਰਤੀਲ ਅਜਬ ਤਾਮੀਲ ਅਜਬ । ਹੈ ਜ਼ੁਹਰ ਅਜਬ ਤਫ਼ਸੀਰ ਅਜਬ ।ਹੈ ਬਤਨ ਤੇ ਤਾਵਾਲਤ ਅਜਬ । ਹੈ ਕਿਬਰ ਤੇ ਫ਼ਖਰ ਗਰੂਰ ਅਜਬ ।ਹੈ ਨਾਰ ਅਜਬ ਹੈ ਨੂਰ ਅਜਬ । ਹੈ ਨਖਲ ਅਜਬ ਹੈ ਤੂਰ ਅਜਬ ।ਹੈ ਮੂਸਾ ਤੇ ਮੀਕਾਤ ਅਜਬ । ਆਗਾਜ਼ ਅਜਬ ਅੰਜਾਮ ਅਜਬ ।ਹੈ ਸ਼ਾਮ ਅਜਬ ਪ੍ਰਭਾਤ ਅਜਬ । ਹੈ ਸ਼ਮਸ ਤੇ ਮਦਾਲਜੁਲ ਅਜਬ ।ਹੈ ਅਕਸ ਅਜਬ ਜ਼ੱਰਾਤ ਅਜਬ । ਹੈ ਤਰ੍ਹਾ ਕਿਆਮ ਕਊਦ ਅਜਬ ।ਹੈ ਵਜਾ ਰਕੂ ਸਜੂਦ ਅਜਬ । ਹੈ ਸ਼ਫਾਅ ਅਜਬ ਹੈ ਵਤਰ ਅਜਬ ।ਅਰਕਾਨ ਅਜਬ ਰਕਆਤ ਅਜਬ । ਨਫ਼ਕਾਤ ਅਜਬ ਸਦਕਾਤ ਅਜਬ ।ਖੈਰਾਤ ਅਜਬ ਹਸਨਾਤ ਅਜਬ । ਹੈ ਦੁਨੀਆ ਅਸਲ ਅਹਾਦ ਅਜਬ ।ਹੈ ਦੀਨ ਅਲੂਫ ਮਾਅਤ ਅਜਬ । ਹੈ ਦੋਜ਼ਖ ਤਬਕਾਤ ਅਜਬ ।ਹੈ ਜਨਤ ਸਬਅ ਸਿਫਾਤ ਅਜਬ । ਅਸੀਆਨ ਅਜਬ ਅਸਾਤ ਅਜਬ ।ਇਬਰਾਰ ਤੇ ਬਾਕੀਆਤ ਅਜਬ । ਵਾਲਲੀਲ ਹੈ ਰਮਜ਼ ਬਤੂਨ ਅਜਬ ।ਵਾਲਕਲਮ ਅਜਬ ਹੈ ਨੂਨ ਅਜਬ । ਵਾਲਤੈਨ ਤੇ ਵਾਲਜ਼ੈਤਨ ਅਜਬ ।ਵਾਲਸ਼ਮਸ਼ ਤੇ ਵਾਲਸਿਫਾਤ ਅਜਬ । ਮਿਨ ਈਨ ਅਲੀ ਈਂ ਅਸਤ ਅਜਬ ।ਮਾ ਅਲ ਹਾਸਲ ਫੀ ਅਲ ਬੀਨ ਅਸਤ ਅਜਬ । ਮਿਨ ਇਲਮ ਮਾਲੀ ਅਲ ਐਨ ਅਸਤ ਅਜਬ ।ਇਸਰਾਰ ਰਮੁਜ਼ ਨੁਕਾਤ ਅਜਬ । ਘਰ ਬਾਰ ਡਿਸੇ ਬਰ ਬਾਰ ਅਸਾਂ ।ਗਏ ਵਿਸਰ ਸਭੋ ਕੰਮ ਕਾਰ ਅਸਾਂ । ਲਾਚਾਰ ਤੇ ਜ਼ਾਰ ਨਜ਼ਾਰ ਅਸਾਂ ।ਵਾਹ ਡਿਤੜੀ ਬਿਰਹੋ ਬਰਾਤ ਅਜਬ । ਹਿਕ ਪਾਸੋਂ ਨਾਜ਼ ਨਵਾਜ ਅਜਬ ।ਪੈ ਪਾਸੋਂ ਇਜਜ਼ ਨਿਆਜ਼ ਅਜਬ । ਹੈ ਸੋਜ਼ ਅਜਬ ਹੈ ਸਾਜ਼ ਅਜਬ ।ਹੈ ਘੁੰਡ ਅਜਬ ਹੈ ਝਾਤ ਅਜਬ । ਵਾਹ ਆਲਮ ਹੁਸਨ ਆਬਾਦ ਅਜਬ ।ਵਿਚ ਸੋਹਣਿਆਂ ਦਾ ਬੇਦਾਦ ਅਜਬ । ਲੁਟੀ ਦਿਲੜੀ ਦੀ ਫਰਿਆਦ ਅਜਬ ।ਮੁਠੀਆਂ ਅਖੀਆਂ ਦੀ ਬਰਸਾਤ ਅਜਬ । ਹਰ ਆਨ ਅਹੱਦ ਡੋਂ ਧਿਆਨ ਧਰੋ ।ਹੈ ਬੇਸ਼ਕ ਦੀਨ ਈਮਾਨ ਇਹੋ । ਦਿਲ ਨਾਲ ਫ਼ਰੀਦ ਦਾ ਵਾਅਜ਼ ਸੁਣੋ ।ਸੌ ਬਾਤ ਦੀ ਹੈ ਹਿਕ ਬਾਤ ਅਜਬ ।

232. ਸੁਣ ਵੋ ਸਹੇਲੀ ਸੁਘੜ ਸਿਆਣੀ

ਸੁਣ ਵੋ ਸਹੇਲੀ ਸੁਘੜ ਸਿਆਣੀ ।ਬਿਰਹੋਂ ਦੇ ਪੰਧੜੇ ਸਖਤ ਬਈਦ । ਨਾ ਕਲ ਮੈਕੂੰ ਤੇਗ਼ ਕਜ਼ਾ ਦੀ ।ਨਾ ਤਕਦੀਰ ਦੇ ਤੀਰ ਦਗ਼ਾ ਦੀ । ਕੀਤੋਮ ਦੋਸਤ ਦੀ ਦੀਦ ਸ਼ਹੀਦ । ਜੇ ਡੇਂਹ ਭਲੜੇ ਮਿਤਰ ਵੀ ਭਲੜੇ ।ਕਿਸਮਤ ਜੋੜੇ ਜੋੜ ਕੁਲਲੜੇ । ਯਾਰ ਸ਼ਦੀਦ ਤੇ ਬਖਤ ਅਨੀਦ । ਰੋਵਣ ਪਿਟਣ ਕੂੰ ਸਮਝੂੰ ਸ਼ਾਦੀ ।ਸੁੰਜੀ ਬਰ ਝਰ, ਝੰਗ ਡਿਸਮ ਆਬਾਦੀ । ਇਸ਼ਰਾ ਮਹਰਮ ਸਾਡੜੀ ਈਦ । ਸੌ ਸੌ ਛਾਂਗਾਂ ਲਖ ਲਖ ਛੇੜੂ ।ਵੁਠੜੇ ਦੀ ਵੌਹ ਡੇਵਨ ਪੰਧੇੜੂ । ਰੋਹੀ ਥਈ ਆਬਾਦ ਜਦੀਦ । ਜਿੰਦ ਅਸੀਰੇ ਜੋਰ ਵ ਜਫਾ ਦੀ ।ਦਿਲੜੀ ਕੈਦੀ ਕਰਬ ਵ ਬਲਾ ਦੀ । ਡਿਸਮ ਰਕੀਬ ਯਜ਼ੀਦ ਪਲੀਦ । ਸਟ ਖਿਰਕਾ ਭਟ ਘਤ ਸਜਾਦਾ ।ਜਾਮਾ ਜਾਂ ਸੂ ਪਾਕ ਬ ਬਾਦਾ । ਕਰਦਮੀ ਪੀਰ ਮਗ਼ਾਂ ਤਾਕੀਦ । ਸਾਂਵਲ ਯਾਰ ਦੇ ਨਾਜ਼-ਏ-ਨਿਗਾਹ ਦੇ ।ਮਾਰੂ ਚਾਲ ਤੇ ਖਾਲ ਸਿਆਹ ਦੇ । ਥੀਵਸੇ ਮੁਫਤ ਫ਼ਰੀਦ ਖ਼ਰੀਦ ।

233. ਸੁਣ ਯਾਰ ਪੁਰਾਣੀ ਪੀੜ ਵੋ

(ਇਹ ਕਾਫ਼ੀ ਹੀਰ ਦੀ ਜ਼ਬਾਨੀ ਲਿਖੀ ਹੈ, ਜਿਹੜੀ ਰਾਂਝੇ ਦੀ ਆਸ਼ਕ ਸੀ ।) ਸੁਣ ਯਾਰ ਪੁਰਾਣੀ ਪੀੜ ਵੋ ।ਥੀਆਂ ਅੱਖੀਆਂ ਛਲ ਗਈ ਦਿਲੜੀ ਜਲ । ਕਾਂਹ ਕੁਮਾਣੀਂ ਉਜੜੀਆਂ ਝੋਕਾਂ ।ਸਖਤ ਸਿਆਲੀਂ ਕਰਦੀਆਂ ਟੋਕਾ । ਰਹਿੰਦੀ ਦਿਲ ਦਿਲਗੀਰ ਵੋ ।ਸਰ ਦਰਦ ਉਟਲ ਪਏ ਰੋਗ ਉਛਲ । ਲਗੜਾ ਨੇਂਹ ਰੰਝੇਟੇ ਵਾਲਾ ।ਵਿਸਰਿਆ ਫ਼ਹਿਮ ਫ਼ਿਕਰ ਦਾ ਚਾਲਾ । ਹੀਰ ਗਈ ਝੰਗ ਚੀਰ ਵੋ ।ਸਟ ਸੇਝ ਪਲੰਗ ਤੇ ਰੰਗ ਮਹਲ । ਭੋਗੇ ਮੂਲ ਨ ਦੁਸ਼ਮਨ ਜਾਈ ।ਜੋ ਜੋ ਸਖਤੀ ਮੈਂ ਸਿਰ ਆਈ । ਮਾਰਮ ਮਾ ਪਿਉ ਵੀਰ ਵੋ ।ਵਲ ਸੰਗੀਆ ਸੁਰਤੀਆਂ ਲਹਮ ਨ ਕਲ । ਚਾਕ ਮਹੀਂਦਾ ਆ ਵੜ ਵੇਹੜੇ ।ਖੇੜੇ ਭੇੜੇ ਰਖਣ ਬਖੇੜੇ । ਕਪੜੇ ਲੀਰ ਕਤੀਰ ਵੋ ।ਗਿਆ ਹਾਰ ਸਿੰਗਾਰ ਮੁਸਾਗ ਕਜਲ । ਨਾਜ਼ਕ ਨਾਜ਼ ਨਿਗਾਹ ਸਜਨ ਦੇ ।ਇਸ਼ਵੇ ਗਮਜ਼ੇ ਮਨ ਮੋਹਨ ਦੇ । ਲਗੜੇ ਕਾਰੀ ਤੀਰ ਵੋ ।ਸੈ ਸੀਨੇ ਪਲ ਪਲ ਚੁਭਦੇ ਫਲ । ਔਖੇ ਲਾਘੇ ਰੋਹ ਹਬਲਦੇ ।ਛਲ ਛਲ ਛਾਲੇ ਪੈਰ ਪਚਲਦੇ । ਰੁਲਦੀ ਰਾਹ ਮਲ੍ਹੇਰ ਵੋ ।ਜਿਥ ਰਾਖਸ ਡਨੜੀ ਪੌਵਨ ਦਹਲ । ਸੱਸੀ ਸ਼ੋਦੀ ਪੈਰ ਪਿਆਦੀ ।ਨਾ ਤਿੜ ਤਾਡੇ ਝੋਕ ਆਬਾਦੀ । ਮਿਠੜੀ ਬੇ ਤਕਸੀਰ ਵੋ ।ਨਾ ਖਰਚ ਪਲੇ ਨਾ ਗੰਢ ਸਮਲ । ਮਾਹੀ ਬਾਝੋਂ ਸੂਲ ਕਹਿਰ ਦੇ ।ਡੇਹਾਂ ਰਾਤ ਫ਼ਰੀਦ ਨਜਰਦੇ । ਨੀੜਾਂ ਨੀਰ ਵਹੀਰ ਵੋ ।ਝਰ ਜੰਗਲ ਬੇਲੇ ਛਲੋ ਛਲ ।

234. ਸੁਤੜੀ ਹੋਤ ਸਿਧਾਣੇ

ਸੁਤੜੀ ਹੋਤ ਸਿਧਾਣੇ ।ਨਾਹੀਂ ਹਿਕਤਿਲ ਤਰਸ ਜਤਨ ਮੇਂ । ਗਏ ਕਰਹੋਂ ਕਤਾਰੀ ਬਰਡੋ ।ਥੀ ਪਾਂਧੀ ਕੇਚ ਸ਼ਹਿਰ ਡੋ । ਕਰ ਜ਼ੋਰ ਅਜ਼ੋਰ ਧੰਗਾਣੇ ।ਖੁਸ ਵੁਠੜੇ ਦੇਸ ਵਤਨ ਮੇਂ । ਤੱਤੀ ਕਲ੍ਹੜੀ ਤੇ ਨਿੰਦਰਾਈ ।ਬੇਵਾਹੀ ਮੂੰਝ ਮੁੰਝਾਈ । ਮੂੰਹ ਬੁਸਰਾ ਨੈਣ ਕਮਾਣੇ ।ਹੋਸ ਨ ਸਿਰ ਮੇਂ ਸੁਰਤ ਨ ਤਨ ਮੇਂ । ਬਠ ਬੇਦਰਦਾਂ ਦੀ ਯਾਰੀ ।ਮੈਂ ਮੁੱਠੜੀ ਲਾ ਕਰ ਹਾਰੀ । ਨਿੱਤ ਝੁਰਦੀ ਝੋਰ ਝੁਰਾਣੇ ।ਰਹਿੰਦੀ ਦਰਦ ਅਮਦੋਹਮਿਹਨ ਮੇਂ । ਆ ਆਪੇ ਯਾਰੀ ਲਾਇਸ ।ਵਲ ਵੈਂਦੀ ਨਾ ਮੁਕਲਾਇਸ । ਸਭ ਰਹਿ ਗਏ ਹਾਲ ਪੁਰਾਣੇ ।ਦਿਲ ਦੀ ਦਿਲ ਮੇਂ ਮਨ ਦੀ ਮਨ ਮੇਂ । ਡੇ ਵੀਰਨ ਡੋਹ ਡੁਰਾਪੇ ।ਰੱਖ ਆਸ ਮਿਲਣ ਦੀ ਆਪੇ । ਮੋਈਂ ਜੀਂਦੀ ਥਲੜੇ ਮਾਣੇ ।ਨੀਤਸ ਪੂਰੀ ਗੋਰ ਕਫ਼ਨ ਮੇਂ । ਗਏ ਜੋਭਨ ਜੋਸ਼ ਬਹਾਰੀ ।ਗਈ ਹਾਰ ਸ਼ਿੰਗਾਰ ਦੀ ਵਾਰੀ । ਥਏ ਕੱਜਲ ਮੁਸਾਗ ਨਮਾਣੇ ।ਵਾਲੀ ਵੱਟੜੀ ਸੋਹਮ ਨ ਕਨ ਮੇਂ । ਠੱਗ ਬਾਗ਼ ਬਹੂੰ ਦਿਲ ਕਾਲੇ ।ਸੈ ਪੇਚ ਕਰਨ ਲੱਖ ਚਾਲੇ । ਕਰ ਕੂੜ ਫ਼ਰੇਬ ਅਘਾਣੇ ।ਡਿੱਸਦੇ ਪੂਰਬ ਵਸਨ ਦਖਨ ਮੇਂ । ਸਭ ਸੰਗੀਆਂ ਮੁਲਕ ਅਮਨ ਵਿੱਚ ।ਏ ਛੋਰੀ ਬੈਤ ਹਜ਼ਨ ਵਿਚ । ਕਰ ਬੈਠਨ ਜਾਹ ਟਿਕਾਨੇ ।ਸੋਜ ਬਦਨ ਮੇਂ ਦੂਦ ਦਹਨ ਮੇਂ । ਥੀਆਂ ਖੁਸ਼ੀਆਂ ਆਸੇ ਪਾਸੇ ।ਗਏ ਵਿਸਰ ਮਜ਼ਾਖਾਂ ਹਾਸੇ । ਕਿਆ ਹੁਸਨ ਜਮਾਲ ਦੇ ਮਾਣੇਂ ।ਬੁੱਢੜੀ ਥੀਅਮ ਨਵੇੜੇ ਸਨ ਮੇਂ । ਏ ਗਮਜ਼ੇ ਨਾਜ ਨਿਹੋਰੇ ।ਏ ਖੁਸ਼ੀਆਂ ਜ਼ੇਰੇ ਤੋਰੇ । ਹੁਣ ਡਾਢੇ ਸਖ਼ਤ ਸਿਆਣੇ ।ਹਰ ਇਲਮ ਤੇ ਹਰ ਹਰ ਫ਼ਨ ਮੇਂ । ਲਾ ਨੇਹ ਫ਼ਰੀਦ ਨ ਫਿਰਸਾਂ ।ਏਹੋ ਘੇਰ ਕੁਲੱਲੜਾ ਘਿਰਸਾਂ । ਓ ਜਾਣੇ ਖਵਾਹ ਨ ਜਾਣੇ ।ਰਹਿਸੂੰ ਹਰ ਦਮ ਹਿਕੜੇ ਵਨ ਮੇਂ ।

235. ਤਾਂਘ ਪੁੱਨਲ ਵਲ ਤੈਂਦੀ ਹੈ

ਤਾਂਘ ਪੁੱਨਲ ਵਲ ਤੈਂਦੀ ਹੈ ।ਸਾਨੂੰ ਹਿੱਕ ਪਲ ਰਹਿਣ ਨ ਡੇਂਦੀ ਹੈ । ਇਸ਼ਕ ਉਜਾੜੀ ਝੋਕ ਅਮਨ ਦੀ ।ਪਾੜੋ ਬੇਖ ਪਟੀਸ ਹੱਡ ਤਨ ਦੀ । ਹਿੱਕ ਸਿਕ ਰਹਿ ਗਈ ਯਾਰ ਸਜਨ ਦੀ ।ਜੋ ਸਬ ਬਾਰ ਸਹੇਂਦੀ ਹੈ । ਮੂੰਝ ਮੁੰਝਾਰੀ ਦਰਦ ਵਿਛੋੜਾ ।ਲਿਖਿਆ ਬਾਬ ਤੱਤੀ ਦੇ ਡੋੜਾ । ਏ ਗ਼ਮ ਮੂਲ ਨ ਥੀਵਮ ਥੋੜਾ ।ਜਿੰਦ ਜੁਖ ਜੁਖ ਮੁਕਲੇਂਦੀ ਹੈ । ਤੇਗ ਤਮਾਂਚਾ ਬਾਂਕ ਕਟਾਰੀ ।ਖੰਜਰ ਪਲਕਾਂ ਤੀਰ ਸ਼ਿਕਾਰੀ । ਫਟ ਕੀਤੇ ਤਨ ਮਨ ਵਿੱਚ ਕਾਰੀ ।ਪੀੜ ਕਰਾਰ ਵਜੇਂਦੀ ਹੈ । ਦਰਦ ਅੰਦੋਹ ਹਜਾਰਾਂ ਦਿਲ ਨੂੰ ।ਡੁੱਖ ਡੇਵਨ ਲੱਖ ਮਾਰਾਂ ਦਿਲ ਨੂੰ । ਸੂਲਾਂ ਦੀਆਂ ਤਲਵਾਰਾਂ ਦਿਲ ਨੂੰ ।ਹਸਰਤ ਬਰਛੀ ਲੈਂਦੀ ਹੈ । ਮੂੰਹ ਨ ਲੈਂਦੇ ਸਕੇ ਭਾਈ ।ਮੇਹਣੀਂ ਡੇਵੇ ਮਾ ਪਿਉ ਜਾਈ । ਖਵੇਸ਼ ਕਬੀਲੇ ਕਰਨ ਲੜਾਈ ।ਸੱਸ ਨਨਾਣ ਮਰੇਂਦੀ ਹੈ । ਸ਼ੌਕ ਫ਼ਰੀਦ ਸ਼ਊਰ ਲੁੜ੍ਹਾਇਮ ।ਹਾਲ ਵੰਜਾਇਮ ਕਾਲ ਗੰਵਾਇਮ । ਧੂੜੀ ਪਾਇਮ ਖ਼ਾਕ ਰਮਾਇਮ ।ਦਿਲ ਸਭ ਕੋਸ਼ ਕਰੇਂਦੀ ਹੈ ।

236. ਤੱਤਾ ਇਸ਼ਕ ਬਹੂੰ ਗੁਜ਼ਰਿਉ ਸੇ

ਤੱਤਾ ਇਸ਼ਕ ਬਹੂੰ ਗੁਜ਼ਰਿਉ ਸੇ ।ਏਹੋ ਕਹਿਰ ਨ ਪੇਸ਼ ਅਯੋ ਸੇ । ਭਾਹ ਬਿਰਹੋਂ ਦੀ ਸਾੜ ਪਜਾਲਿਆ ।ਹੱਡ ਤਨ ਕੀਤਸ ਕੇਰੀ । ਯਾਰ ਲੱਧੋ ਸੇ ਜਾਨੀ ਵੈਰੀ ।ਲਿਖਿਆ ਵਾਹ ਮਿਲਿਓ ਸੇ । ਜਾਨ ਜਿਗਰ ਤਨ ਪਾਰੇ ਪਾਰੇ ।ਸੀਨਾ ਮਹਿਜ਼ ਲਵੀਰਾਂ । ਲੂੰ ਲੂੰ ਰਗ ਰਗ ਵਿੱਚ ਸੌ ਸੌ ਪੀੜਾਂ ।ਹਿਜਰ ਬਰਾਤ ਢਿਉ ਸੇ । ਹੰਜੜੂੰ ਹਾਰਾਂ ਵਾਟ ਨਿਹਾਰਾਂ ।ਬੈਠੀ ਕਾਂਗ ਉਡਾਂਰਾਂ । ਜਾਨ ਜਿਗਰ ਹੈ ਜੈਂਦਾ ਦੇਰਾ ।ਤਨਹਾ ਛੋੜ ਗਿਉੇ ਸੇ । ਪੀਤ ਪੁਰਾਣੀ ਮਨ ਨੂੰ ਭਾਣੀ ।ਲਜ਼ਤ ਬਹੁਤ ਡਖਾਲੀ । ਮਿਸਲ ਸਮੰਦਰ ਆਤਸ਼ ਅੰਦਰ ।ਸੌ ਸੌ ਐਸ਼ ਲਧਿਉ ਸੇ । ਸੜਗਿਮ ਜਲਗਿਮ ਮਰਗਿਮ ਗਲਗਿਮ ।ਯਾਰ ਫ਼ਰੀਦ ਨ ਆਇਆ । ਸਿਕਦੀ ਤਪਦੀ ਮਰਦੀ ਖੱਪਦੀਂ ।ਨਾਜ਼ਕ ਨੇਹ ਨਿਭਿਉ ਸੇ ।

237. ਤੱਤੇ ਨੇਂਹ ਤੱਤੜੀ ਦੇ ਉੱਤੇ

ਤੱਤੇ ਨੇਂਹ ਤੱਤੜੀ ਦੇ ਉੱਤੇ ।ਹੈਰਾਨ ਸਾਰਾ ਲੋਕ ਹੈ । ਏ ਦਿਲ ਨਹੀਂ ਕਚੜੀ ਘਦੀ ।ਮਾਹੀ ਵਜਾਈ ਠੋਕ ਹੈ । ਚਟ ਥਈ ਜੋਬਨ ਦੀ ਤਾਰ ਵੇ ।ਗਏ ਕੰਮ, ਭੁੱਲੇ ਕੁਲ ਕਾਰ ਵੇ । ਤੌਂ ਬਿਨ ਤੱਤੀ ਦਾ ਯਾਰ ਵੇ ।ਜੀਵਣ ਨ ਜੀਵਣ ਭੋਗ਼ ਹੈ । ਓ ਅਪਣੀ ਜਾ ਤੇ ਖੁਸ਼ ਵਸਨ ।ਇਥ ਨੈਨ ਥੀ ਬੇ ਵਸ ਵਸਨ । ਕਿਉਭ ਲੋਕ ਨ ਮੈਂ ਤੇ ਹਸਨ ।ਮੁੱਠੜੀ ਕੂੰ ਚਾਤਾ ਬੋਕ ਹੈ । ਰੋ ਪਿੱਟ ਅਸਾਡੀ ਕਾਰ ਹੈ ।ਡੁੱਖ ਸੂਲ ਗਾਹਣਾਂ ਹਾਰ ਹੈ । ਬਰ ਬਾਰ ਚਿਟ ਘਰ ਬਾਰ ਹੈ ।ਮਾਰੂ ਥਲਾਂ ਵਿੱਚ ਝੋਕ ਹੈ । ਥੀਆਂ ਬਖ਼ਤ ਮੈਂ ਤੇ ਤੰਗ ਹੈ ।ਸੁਖ ਦੀ ਹਮੇਸ਼ਾਂ ਜੰਗ ਹੈ । ਬਿਖੜਾ ਮੁਸਾਗ ਦਾ ਰੰਗ ਹੈ ।ਉੱਜੜੀ ਸੁਹਾਗ ਦੀ ਨੋਕ ਹੈ । ਬੁਛੜਾ ਫ਼ਰੀਦ ਦਾ ਹਾਲ ਹੈ ।ਸਾਂਵਲ ਨ ਨੀਤਮ ਨਾਲ ਹੈ । ਨਜ਼ਰਮ ਵਸਾਲ ਮੁਹਾਲ ਹੈ ।ਡੁੱਖ ਦੀ ਨਵੀਂ ਨਿੱਤ ਚੂਕ ਹੈ ।

238. ਤਤੀ ਨੇਂਹ ਪੰਧ ਅੜਾਂਗੇ ਨੈਂ

ਤਤੀ ਨੇਂਹ ਪੰਧ ਅੜਾਂਗੇ ਨੈਂ ।ਡੁੱਖੇ ਡੂੰਗਰ ਔਖੇ ਲਾਂਘੇ ਨੇ । ਡਿੰਗੇ ਰਾਹ ਅਵੱਲੜੇ ਵਲੜੇ ਦੇ ।ਬਿਆ ਪੰਧੜੇ ਰੋਹ ਜਬਲੜੈ ਦੇ । ਮਤਾਂ ਸਮਝੀਂ ਮੁਫਤ ਸਹਾਗੇ ਨੇ । ਰੱਖ ਤਰਹ ਤਰੀਕ ਤਵੱਕਲ ਨੂੰ ।ਕਰ ਹੌਸ਼ਲਾ ਸ਼ਬਰ ਤਹਮਲ ਨੂੰ । ਵਲ ਵਸਲ ਵਸਾਲ ਮਹਾਗੇ ਨੇ । ਸੇ ਧਿੱਕੜੈ ਧੋੜੇ ਸੂਲ ਬਹੂੰ ।ਲੱਖ ਖ਼ਾਰ ਆਜ਼ਾਰ ਬਬੂਲ ਬਹੂੰ । ਸਭ ਸੋਹੰਦੇ ਯਾਰ ਦੇ ਲਾਂਘੈ ਨੇ । ਬਿਨ ਮਾਰੂ ਏ ਥਲ ਮਾਰੁ ਹੈ ।ਨ ਝੋਕ ਨਾ ਕੋਈ ਚਾਰੂ ਹੈ । ਨਾ ਭੇਡਾਂ ਬਕਰੀਆਂ ਚਾਂਗੇ ਨੇ । ਸੁੰਜਰ ਹੈ ਡਰ ਹੈ ਦੜਬੜ ਹੈ ।ਰਿੱਛ ਰਾਖਸ਼ ਮਮ ਦੀ ਗੜਬੜ ਹੈ । ਕਈ ਸੌ ਝਮ ਨ ਅਸਲੋਂ ਟਾਂਗੇ ਨੇ । ਸਿਰ ਭੌਂਦੇ ਤੇ ਰੂਹ ਫਿਰਦੇ ਹਨ ।ਦਿਲ ਡੱਖਦੇ ਤੇ ਹਾਂ ਘਿਰਦੇ ਹਨ । ਚਮ ਲੀਰਾਂ ਮਾਸ ਵੀ ਘਾਂਗੇ ਨੇ । ਗ਼ਮ ਮਿਹਨਤ ਦੀ ਦਿਲਜੌਈ ਹੈ ।ਸਿਰ ਗੱਠੜੀ ਮੋਢੇ ਲੋਈ ਹੈ । ਗਏ ਚੋਲੇ ਬੋਛਨ ਲਾਂਘੇ ਨੇ । ਘਰ ਬਾਰੋਂ ਬਿਰਹੋਂ ਬਈਦ ਕੀਤਾ ।ਕੰਮ ਕਾਰੋਂ ਫਰਦ ਫਰੀਦ ਕੀਤਾ । ਦਿਲ ਪਰਮ ਨਗਰ ਡੂੰ ਤਾਂਘੇ ਨੇ ।

239. ਤੱਤੀ ਰੋ ਰੋ ਵਾਟ ਨਿਹਾਰਾਂ

ਤੱਤੀ ਰੋ ਰੋ ਵਾਟ ਨਿਹਾਰਾਂ ।ਕਡੀਂ ਸਾਂਵਲ ਮੋੜ ਮੁਹਾਰਾਂ । ਜੈਂ ਕਾਰਣ ਸੌ ਸਖ਼ਤੀ ਝਾਗੀ ।ਫਿਰਾਂ ਡੁਹਾਗੀ ਦੇਸ ਬਰਾਗੀ । ਜੈਂਦੀ ਡੇਖਾਂ ਸਾਂਵਲ ਸਾਗੀ ।ਥੀਵਾਂ ਬਾਗ਼ ਬਹਾਰਾਂ । ਯਾਰ ਬਰੋਚਲ ਵਸਿਮ ਸਵੱਲੜਾ ।ਜੈਂਦੀ ਸਾਂਗੇ ਮਾਣੇਮ ਥੱਲੜਾ । ਖਾਨ ਪੁਨਲੜਾ ਨਾ ਕਰ ਕਲ੍ਹੜਾ ।ਤੌਂ ਸੰਗ ਚਾਂਗੇ ਚਾਰਾਂ । ਜੈਂ ਡੇਂਹ ਯਾਰ ਅਸਾਂ ਤੋਂ ਨਿਖੜੇ ।ਮਹਿੰਦੀ ਰੂਪ ਡਿਖਾਏ ਫਕੜੇ । ਡਿਸਦੇ ਸੁਰਖੀ ਦੇ ਰੰਗ ਬਿਖੜੇ ।ਵਿਘਰੀਆਂ ਕੱਜਲ ਦੀਆਂ ਧਾਰਾਂ । ਮੰਨ ਮੰਨ ਮਿੱਨਤਾਂ ਪੀਰ ਮਨਾਵਾਂ ।ਮੁਲਾ ਗੋਲ ਤਾਵੀਜ਼ ਲਿਖਾਵਾਂ । ਸੱਡ ਸੱਡ ਜੋਸੀ ਫ਼ਾਲਾਂ ਪਾਂਵਾਂ ।ਕਰਦੀ ਸੱਵਨ ਹਜ਼ਾਰਾਂ । ਖਵਾਜੇ ਪੀਰ ਦੇ ਡੇਸਾਂ ਛੱਨੇ ।ਏਹੇ ਡੇਂਹ ਅਥਾਈਂ ਭੱਨੇ । ਜੈਂਦੀਆਂ ਸਭ ਦਿਲ ਕੀਤੀਆਂ ਮੰਨੇ ।ਵਸਮ ਸਦਾ ਘਰ ਬਾਰਾਂ । ਬੰਦੜੇ ਨਾਲ ਨ ਕਰਸੀਂ ਮੰਦੜਾ ।ਤੋੜੀਂ ਕੋਝਾ ਕਮਲਾ ਗੰਦੜਾ । ਲਟਕ ਸੁਹਾਈਂ ਸਿਹਨ ਸੋਹੰਦੜਾ ।ਪੌਂ ਪੌਂ ਤੋਂ ਜਿੰਦ ਵਾਰਾਂ । ਛੋੜ ਫ਼ਰੀਦ ਨ ਯਾਰ ਦਾ ਦਾਮਨ ।ਜੈਂ ਜੀ ਕੀਤਾ ਜੁੜ ਕਰ ਕਾਮਨ । ਡੋਹਾਂ ਜਹਾਨੀਆਂ ਸਾਡਾ ਮਾਮਨ ।ਕਿਵੇਂ ਦਿਲੋਂ ਵਸਾਰਾਂ ।

240. ਤੌਂ ਬਾਝ ਥੇ ਸੁੰਜ ਵੇੜ੍ਹੇ ਵੋ ਯਾਰ

ਤੌਂ ਬਾਝ ਥੇ ਸੁੰਜ ਵੇੜ੍ਹੇ ਵੋ ਯਾਰ ।ਵਲ ਵਸ ਵੋ ਸਜਨ ਅਨੇੜੇ ਵੋ ਯਾਰ । ਕੁਦਸੀ ਘਰ ਵਿਚ ਕੋਲ੍ਹ ਪਲ੍ਹਾਕੇ ।ਅਪਣਾ ਮਹਿਰਮ ਰਾਜ਼ ਬਣਾ ਕੇ । ਕੀਤੋ ਸਖਤ ਪਰੇਰੇ ਵੋ ਯਾਰ । ਤੂੰ ਬਿਨ ਸਾਰਾ ਮੁਲਕ ਅੰਧਾਰਾ ।ਸੀਨੇ ਤੇ ਚੜ੍ਹ ਲੇਟ ਪਿਆਰਾ । ਅੱਖੀਆਂ ਦੇ ਕਰ ਦੇਰੇ ਵੋ ਯਾਰ । ਯਾਰ ਚਹੇਂਦਾ ਚਾਕ ਮਹੀਂ ਦਾ ।ਬਾਇਸ ਸਾਡੇ ਦਰਦ ਦਿਲੇਂ ਦਾ । ਨਾ ਕਰ ਕੂੜੇ ਝੇੜੇ ਵੋ ਯਾਰ । ਜ਼ੇਵਰ, ਨੇਵਰ, ਪਾਹੀਂ,ਤਰੇਵਰ ।ਕਰਸਾਂ ਟੋਟੇ ਪੁਰਜ਼ੇ ਪੇਵਰ । ਪੱਟ ਪੱਟ ਸਟਸਾਂ ਸਿਹਰੇ ਵੋ ਯਾਰ । ਆਪ ਸੰਭਾਲੀਂ ਪਤੀਆਂ ਪਾਲੀਂ ।ਸੌ ਸੌ ਨਜ਼ਰ ਕਰਮ ਦੀ ਭਾਲੀਂ । ਕਰਦੀਂ ਆਪ ਬਖੇੜੇ ਵੋ ਯਾਰ । ਇਸ਼ਕ ਅਵਲੜਾ ਦਰਦ ਕੁਲਲੜਾ ।ਬਖਤ ਨ ਭਲੜਾ ਸੂਲ ਸਵਲੜਾ । ਯਾਰ ਫ਼ਰੀਦ ਆਵੇੜ੍ਹੇ ਵੋ ਯਾਰ ।

241. ਤੌਂ ਬਿਨ ਹਜਰਤ ਯਾਰ !

ਤੌਂ ਬਿਨ ਹਜਰਤ ਯਾਰ ! ਹਰ ਦਮ ਫਿਰਾਂ ਹੈਰਾਨੀ । ਮਾਹੀ ਬਾਝੋਂ ਸੂਲ ਘਨੇੜੇ ।ਜੀਵਣ ਹੈ ਬੇਕਾਰ । ਜਾਣਮ ਦਿਲ ਦਾ ਜਾਨੀ । ਦਿਲਬਰ ਜੇਹਾਂ ਹੋਰ ਨ ਕੋਈ ।ਖ਼ੂਬੀ ਦਾ ਸਰਦਾਰ । ਸੂਰਤ ਵਿੱਚ ਲਾਸਾਨੀ । ਪੁੱਨਲ ਛੱਡ ਕੇ ਕੇਚ ਸਿਧਾਇਆ ।ਕੀਤਸ ਜ਼ਾਰ ਨਜ਼ਾਰ । ਰੋ ਰੋ ਥੀਉਮ ਦੀਵਾਨੀ । ਇਸ਼ਕ ਅਵੈੜਾ ਪੇਸ਼ ਪਿਉ ਸੇ ।ਦਿਲ ਨੂੰ ਦਾਰ ਮਦਾਰ । ਤਨ ਮਨ ਸੌ ਸੌ ਕਾਨੀ । ਦਰਦ ਫ਼ਰੀਦ ਹੈ ਚੀਜ਼ ਮਹਾਂਗੀ ।ਥੀਂਦੇ ਵਣਜ ਵਪਾਰ । ਜਿੰਦੜੀ ਕਰ ਕੁਰਬਾਨੀ ।

242. ਤੌਂ ਬਿਨ ਮਹੀਂਦਾ ਚਾਕ ਵੇ

ਤੌਂ ਬਿਨ ਮਹੀਂਦਾ ਚਾਕ ਵੇ ।ਦਿੱਲੜੀ ਗ਼ਮਾਂ ਦੀ ਝੋਕ ਹੈ । ਜੋ ਜੋ ਖ਼ੁਸ਼ੀ ਸਰ ਸਬਜ਼ ਥਈ ।ਸਰ ਸਰ ਡੁੱਖਾਂ ਤੋਂ ਸੋਕ ਹੈ । ਗਈ ਰੀਤ ਭਤ ਡਿਤ ਘਤ ਮੁੰਢੋਂ ।ਆਸਲੀ ਨ ਟਿਕਸਾਂ ਅਥ ਮੁੰਢੋਂ । ਸਾੜੇ ਨ ਸਹਿਸਾਂ ਨਿਤ ਮੁੰਢੋਂ ।ਐ ਗਾਲ ਰੋਕ ਦੀ ਰੋਕ ਹੈ । ਰਲ ਮਿਲ ਤੱਤੀ ਨੂੰ ਤੈਂਦੀਆਂ ।ਰੱਖ ਵੈਰ ਵੈਣ ਅਲੇਂਦੀਆਂ । ਹਿੱਕੜੀਆਂ ਓਲਾਂਭੇ ਡੇਂਦੀਆਂ ।ਹਿੱਕੜੀਆਂ ਦੀ ਨੋਕ ਤੇ ਟੋਕ ਹੈ । ਰੋ ਰੋ ਅੱਖੀਂ ਵਿੱਚ ਪਈਆਂ ਚਰਾਂ ।ਕਲ ਮਰਦੀ ਸ਼ਾਲਾ ਅੱਜ ਮਰਾਂ । ਯਾਂ ਵੰਜ ਬੋਡਾਂ ਯਾ ਭੋਈ ਵੜਾਂ ।ਗਿਆ ਤਾਰ ਤਰੋੜ ਸੰਜੋਕ ਹੈ। ਡੁੱਖ ਸੂਲ ਹਾਰ ਹੰਡੇਪੜੇ ।ਆਏ ਸਰ ਤੇ ਸਖ਼ਤ ਰੰਡੇਪੜੇ । ਬਦ ਬਖਤ ਜੋਫ ਬੁਢੇਪੜੇ ।ਕਿਆ ਮਿਲਿਆ ਥੋਕ ਕੂੰ ਥੋਕ ਹੈ । ਕਿਸਮਤ ਫ਼ਰੀਦ ਦੀ ਥਈ ਪੁਠੀ ।ਗਿਆ ਰੋਲ ਸਾਂਵਲ ਡੇ ਪੁਠੀ । ਚਟੜੇ ਪੱਧਰ ਤੇ ਮੈਂ ਲੁਟੀ ।ਖੁਸ਼ ਵਸਦਾ ਸਾਰਾ ਲੋਕ ਹੈ ।

243. ਤੌਂ ਬਿਨ ਮੌਤ ਭਲੀ ਵੈਂਦਮ ਸ਼ਾਲਾ ਮਿਰੀ

ਤੌਂ ਬਿਨ ਮੌਤ ਭਲੀ ਵੈਂਦਮ ਸ਼ਾਲਾ ਮਿਰੀ । ਟਿਕਸਾਂ ਹਿੱਕ ਨ ਜ਼ਰੀ ਜੀਸਾਂ ਪਲ ਨ ਘੜੀ । ਪੂਰਬ ਤਰਫ਼ ਢੋਂ ਮੇਂਘ ਮਲ੍ਹਾਰ ਡਿੱਠਮ । ਬਿਜਲੀ ਲਸਕ ਡਿੱਤੀ ਗਜ ਗਜ ਗਾਜ ਸੁਨਿਮ । ਰਹਿਸਾਂ ਅਥ ਨ ਅੜੀ ਵੈਸਾਂ ਵਤਨ ਵਰੀ । ਕੱਨੜੀਂ ਵੋੜ ਪਿਉਮ ਰੋਹੀ ਵੁੱਠੜੀ ਦੀ । ਢੋਲਾ ਕਲ ਨ ਲਧੋ ਡੁੱਖੜੀ ਕੁੱਠੜੀ ਦੀ । ਫਾੜਿਮ ਚੋਲੀ ਚੁੱਨੀ ਰੋ ਰੋ ਥੀਵਮ ਚਰੀ । ਅਪਣੇ ਦੇਸ ਵੰਜਾਂ ਦਿਲ ਨੂੰ ਤਾਂਘ ਥਈ । ਡੇਖਾਂ ਤਾਡੇ ਟੋਭੇ ਲਾਣੇ ਖ਼ਾਰ ਬੋਈ । ਬਰਡੋਂ ਰਾਹੀ ਥੀਵਾਂ ਸਾੜੀਂ ਸੂਲ ਸੜੀ । ਓਂਗਾਂ ਪੋਂਗ ਉਠਨ ਬਦਲੀ ਕੀਤੀ ਲਸ । ਘਿਨ ਘਿਨ ਨਾਮ ਤੈਡਾ ਰੋਂਦੀ ਥਈ ਬੇਵਸ । ਸਾਵਲ ਤੈਨੂੰ ਮਿਲਾਂ ਯਾ ਸਰ ਪੌਵਮ ਮਰੀ । ਸੁਰਖ਼ੀ ਮਹਿੰਦੀ ਮੁਠੀ ਕੱਜਲਾ ਧਾਰ ਗਿਉਮ । ਨਾਜ਼ ਨਵਾਜ਼ ਭੁਲਿਆ ਹਾਰ ਸਿੰਗਾਰ ਗਿਉਮ । ਬੈਂਸਰ ਬੋਲ ਭੱਨਾਂ ਉੱਜੜੀ ਮਾਂਘ ਧੜੀ । ਖੇਡਨ ਕੋਡਣ ਗਿਆ ਸੁਖਦਾ ਟੋਲ ਗਿਉਮ । ਡੁਖੜੇ ਪੁਖੜੇ ਪਏ ਖੁਸ਼ੀਆਂ ਗਿਉਮ । ਜੁੜ ਕਰ ਰਾਵਲ ਜੋਗੀ ਲਾਈ ਪਰਮ ਜੜੀ । ਖਿਮਦੀ ਖਮਨ ਫ਼ਰੀਦ ਝੋਕਾਂ ਯਾਦ ਪੌਵਨ । ਅੱਖੀਆਂ ਨੀਰ ਹੰਜੂੰ ਕਰ ਬਰਸਾਤ ਵਸਨ । ਲੱਖ ਲੱਖ ਧਾਂ ਉਠਮ ਜਾਂ ਜਾਂ ਡਿੱਸਮ ਝੜੀ ।

244. ਤੈਂਡੇ ਨੈਣਾਂ ਤੀਰ ਚਲਾਇਆ

ਤੈਂਡੇ ਨੈਣਾਂ ਤੀਰ ਚਲਾਇਆ ।ਤੈਂਡੀ ਰਮਜ਼ਾਂ ਸ਼ੋਰ ਮਚਾਇਆ । ਅਲਮਸਤ ਹਜ਼ਾਰ ਮਰਾਇਆ ।ਲਖ ਆਸ਼ਕ ਮਾਰ ਗੰਵਾਇਆ । ਇਬਰਾਹੀਮ ਅੜਾਹ ਅੜਾਇਓ ।ਬਾਰ ਬਿਰਹੋਂ ਸਿਰ ਚਾਇਆ । ਸਾਬਰ ਦੇ ਤਨ ਕੀੜੇ ਬਛੇ ।ਮੂਸਾ ਤੂਰ ਜਲਾਇਆ । ਜ਼ਕਰੀਆ ਕਲਵਤਰ ਚਰਾਇਓ ।ਯਾਹਾ ਘੂਟ ਕੋਹਾਇਆ । ਯੂਨਸ ਪੇਟ ਮੱਛੀ ਦੇ ਪਾਇਓ ।ਨੂਹ ਤੂਫ਼ਾਨ ਲੁੜ੍ਹਾਇਆ । ਸ਼ਾਹ ਹਸਨ ਕੂੰ ਸ਼ਹਿਰ ਮਦੀਨੇ ।ਜ਼ਹਿਰ ਦਾ ਜਾਮ ਪਲਾਇਆ । ਕਰਬਲਾ ਵਿਚ ਤੇਗ ਚਲਾ ਕਰ ।ਏੜ੍ਹਾ ਕੇਸ ਕਰਾਇਆ । ਸ਼ਮਸ ਅਲਹਕ ਦੀ ਖੱਲ ਲਹਿਵਾਇਓ ।ਸਰਮਦ ਸਿਰ ਕਪਵਾਇਆ । ਸ਼ਾਹ ਮਨਸੂਰ ਚੜ੍ਹਾਇਓ ਸੂਲੀ ।ਮਸਤੀ ਸਾਂਗ ਰਸਾਇਆ । ਮਜਨੂ ਕਾਰਨ ਲੇਲਾ ਹੋ ਕਰ ।ਸੌ ਸੌ ਨਾਜ਼ ਡਖਾਇਆ । ਖ਼ੁਸਰੋ ਤੇ ਫ਼ਰਹਾਦ ਦੀ ਖ਼ਾਤਰ ।ਸ਼ੀਰੀਂ ਨਾਮ ਧਰਾਇਆ । ਦਰਦ ਦਾ ਬਾਰ ਉਠਾਇਆ ਹਰ ਹਕ ।ਅਪਨਾ ਵਕਤ ਨਭਾਇਆ । ਕਰ ਕੁਰਬਾਨ ਫ਼ਰੀਦ ਸਿਰ ਅਪਨਾ ।ਤੈਂਡੜਾ ਵਾਰਾ ਅਇਆ । (ਰਮਜ਼ਾਂ=ਇਸ਼ਾਰੇ, ਅੜਾਹ ਅੜਾਇਓ=ਅੱਗ ਦੇ ਢੇਰ ਵਿਚ ਫਸਾਇਆ, ਬਛੇ=ਪੈ ਗਏ, ਤੂਰ=ਉਹ ਪਹਾੜ, ਜਿੱਥੇ ਹਜ਼ਰਤ ਮੂਸਾ ਨੇ ਰੱਬੀ ਜਲਵਾ ਵੇਖਿਆ ਸੀ, ਕਲਵਤਰ=ਆਰਾ, ਘੂਟ=ਲਾੜਾ, ਕੋਹਾਇਆ=ਮਰਵਾਇਆ, ਏੜ੍ਹਾ ਕੇਸ=ਏਡਾ ਹਾਦਸਾ, ਕਪਵਾਇਆ=ਕਟਵਾਇਆ, ਤੈਂਡੜਾ ਵਾਰਾ= ਤੇਰੀ ਵਾਰੀ)

245. ਤੇਰਾ ਨੇਂਹ ਨਭੇਸਾਂ ਜ਼ੋਰੇ

ਤੇਰਾ ਨੇਂਹ ਨਭੇਸਾਂ ਜ਼ੋਰੇ ।ਸਾਨੂੰ ਹਟਕੇ ਕੌਨ ਤੇ ਹੋੜੇ । ਜਾਨ ਜਲੇਸਾਂ ਸੀਸ ਸੜੇਸਾਂ ।ਸਹਿਜੋਂ ਸੋਜ਼ ਸਹੇਸਾਂ । ਸਾਰਾ ਸ਼ਰਮ ਲੋੜ੍ਹੇਸਾਂ ।ਸਾਰੀ ਆਰ ਵਯਾਰ ਉਠੇਸਾਂ । ਤਨ ਮਨ ਧਨ ਸਭ ਮਿਲਕ ਸਜੰਦੇ ।ਤੂਣੇ ਕੀਜੋ ਕਿਰਮ ਵਿਛੋੜੇ । ਇਸ਼ਕ ਉਜਾੜਿਮ ਸੂਲਾਂ ਸਾੜਿਮ ।ਦਰਦਾਂ ਲਾਏ ਦੇਰੇ । ਰੋਗ ਕਰੂਪ ਕਸ਼ਾਲੇ ਹਰ ਦਮ ।ਗਾਨੇ ਗਹਿਣੇ ਸਿਹਰੇ । ਰਾਜ ਬਬਾਣੇ ਤੋਲ ਵਹਾਣੇ ।ਵਿੱਸਰੇ ਜੋਰੇ ਤੋਰੇ । ਪੇਕੇ ਟੋਕਾਂ ਕਰਮ ਸੁਰੀਜੇ ।ਮਾਰਮ ਜਗਤਾਂ ਨੋਕਾਂ । ਮੁੱਠੜੀ ਦਿੱਲੜੀ ਲੁੱਟੜੀ ਦਾ ।ਹੈ ਕਿਬਲਾ ਯਾਰ ਦੀਆਂ ਝੋਕਾਂ । ਮਾ ਪਿਉ ਖ਼ਵੇਸ਼ ਕਬੀਲਾ ਮਿਲ ਮਿਲ ।ਡੇਂਦੇ ਧਿਕੜੇ ਧੋੜੇ । ਚਸ਼ਮਾਂ ਜਾਦੂ ਜੋੜ ਜਗਾਏ ।ਹੋਸ਼ ਕਰਾਰ ਭੁਲਾਇਆ । ਡੁਖੜੇ ਪੁਖੜੇ ਆਏ ਗ਼ਮ ਹਮ ।ਦਮ ਦਮ ਨਾਲ ਸਵਾਇਆ । ਗਮਜ਼ੇ ਖ਼ੂਬ ਧਮੋੜੇ ਡੇਵਨ ।ਰਮਜ਼ਾਂ ਘਤਦੀਆਂ ਘੋੜੇ । ਯਾਰ ਫ਼ਰੀਦ ਨ ਵਿਸਰਮ ਹਰਗਿਜ਼ ।ਰੋ ਰੋ ਧਾਈਂ ਕਰਸਾਂ । ਜੀਂਦੀ ਮਰਦੀਂ ਔਖੀਂ ਸੌਖੀਂ ।ਸਾਹ ਮੁਹੱਬਤ ਭਰਸਾਂ । ਦੋਹਰੀ ਸਿਕਦੀ ਸਾਂਗ ਜਿਗਰ ਵਿੱਚ ।ਜੇ ਡੁਖ ਡੇਵਮ ਡੋੜੇ ।

246. ਤੇਰੇ ਬਿਨਾਂ ਸਾਂਵਲ ਬਹੂੰ

ਤੇਰੇ ਬਿਨਾਂ ਸਾਂਵਲ ਬਹੂੰ ।ਦਿੱਲੜੀ ਅਲੱਗ ਬੇ ਆਸ ਹੈ । ਜਿੰਦੜੀ ਜਲੇ ਸੀਨਾ ਸੜੇ ।ਸਰ ਚੂਰ ਹੈ ਤਨ ਨਾਸ ਹੈ । ਜੀੜਾ ਗ਼ਮਾਂ ਦੇ ਵਾਤ ਹੈ ।ਹੇਆਤ ਹੈ ਹੇਆਤ ਹੈ । ਹਿਕ ਡੁਖ ਤੱਤੀ ਦੇ ਸਾਥ ਹੈ ।ਸੁਖ਼ ਦੀ ਨ ਬੋ ਨ ਬਾਸ ਹੈ । ਜੈ ਡੇਂਹ ਪੁੱਨਲ ਗਿਆ ਕੇਚ ਵਲ ।ਸੱਟ ਸੇਝ ਖਟ ਰੰਗੀਨ ਮਹਲ । ਝਾਗ ਜਬਲ ਘਾਟੀਆਂ ਤੇ ਥਲ ।ਹਿੱਕ ਮੂੰਝ ਹੈ ਪਈ ਪਿਆਸ ਹੈ । ਵਿੱਸਰੇ ਨਿਹਾਲੀ ਤੂਲ ਸਬ ।ਪੋਪਾ ਤੇ ਬੇਂਸਰ ਬੋਲ ਸਬ । ਹੁਣ ਸੋਜ਼ ਹੈ ਯਾ ਸੂਲ ਸਬ ।ਯਾ ਦਰਦ ਹੈ ਯਾ ਯਾਸ ਹੈ । ਕੇਡੇ ਫ਼ਰੀਦ ਅੱਜ ਭੱਜ ਨਸੂੰ ।ਜਿਥ ਰਿੱਛ ਤੇ ਬਾਂਦਰ ਦੀ ਵਸੋਂ । ਡੈਣੀਂ ਮਮੀਂ ਰਾਖਸ ਬਹੂੰ ।ਸੌ ਗੌਲ ਲੱਖ ਨਸਨਾਸ ਹੈ ।

247. ਥਈ ਤਾਬਿਆ ਖ਼ਲਕਤ ਸਬ

ਥਈ ਤਾਬਿਆ ਖ਼ਲਕਤ ਸਬ ।ਤਾਂ ਵੀ ਕਿਆ ਥੀ ਪਿਆ । ਹਈ ਗੁਮ ਥੀਵਣ ਮਤਲਬ । ਤੈਂਡਾ ਰੁਸ਼ਦ ਅਰਸ਼ਾਦ ਵੀ ਤੋਨੜੇ ।ਵੰਜ ਪਹੁੰਤਾ ਅਜਬ ਅਰਥ । ਤਾਂ ਵੀ ਕਿਆ ਥੀ ਪਿਆ । ਪੜ੍ਹ ਪੜ੍ਹ ਬੇਦ ਪੁਰਾਨ ਸਹਾਇਫ ।ਪਿਆ ਸਿਖਿਓਂ ਇਲਮ ਅਦਬ । ਤਾਂ ਵੀ ਕਿਆ ਥੀ ਪਿਆ । ਸਾਰੇ ਜਗ ਤੇ ਹੁਕਮ ਚਲਾਵੇਂ ।ਪਾ ਸ਼ਾਹੀ ਦਾ ਮਨਸਬ । ਤਾਂ ਵੀ ਕਿਆ ਥੀ ਪਿਆ । ਦੁਨੀਆਂ ਦੇ ਵਿਚ ਇਜ਼ਤ ਪਾਇਓ ।ਗਿਓਂ ਅਕਬਾ ਨਾਲ ਤਰਬ । ਤਾਂ ਵੀ ਕਿਆ ਥੀ ਪਿਆ । ਸੁੱਨੀ ਪਾਕ ਤੇ ਹਨਫ਼ੀ ਮਜ਼ਹਬ ।ਰਖਿਓ ਸ਼ੁਫ਼ੀ ਦਾ ਮਸ਼ਰਬ । ਤਾਂ ਵੀ ਕਿਆ ਥੀ ਪਿਆ । ਵਿਚ ਆਸਾਰ, ਅਫ਼ਆਲ, ਸਿਫ਼ਾਤੀ ।ਜੇ ਯਾਰ ਘਦੋਹੀ ਲਭ । ਤਾਂ ਵੀ ਕਿਆ ਥੀ ਪਿਆ । ਗ਼ੌਸੀ ਕੁਤਬੀ ਪਾ ਤੂ।ਥਿਓ ਸ਼ੇਖ ਸ਼ਯੂਖ ਲਕਬ । ਤਾਂ ਵੀ ਕਿਆ ਥੀ ਪਿਆ । ਸ਼ਿਅਰ ਫ਼ਰੀਦ ਤੈਂਡਾ ਉਂਜ ਹੁਲਿਆ ।ਹਿੰਦ ਮਾੜ ਦਖਣ ਪੂਰਬ । ਤਾਂ ਵੀ ਕਿਆ ਥੀ ਪਿਆ । (ਥਈ=ਹੋ ਗਈ, ਤਾਬਿਆ=ਅਧੀਨ, ਰੁਸ਼ਦ=ਨੇਕੀ, ਅਰਸ਼ਾਦ= ਪੀਰੀ ਮੁਰੀਦੀ, ਵੰਜ=ਜਾਣਾ, ਸਹਾਇਫ=ਅਸਮਾਨੀ ਕਿਤਾਬਾਂ, ਮਨਸਬ=ਮਰਤਬਾ, ਅਕਬਾ=ਪ੍ਰਲੋਕ, ਤਰਬ=ਖ਼ੁਸ਼ੀ, ਆਸਾਰ= ਨਿਸ਼ਾਨੀਆਂ, ਅਫ਼ਆਲ=ਕੰਮ, ਸਿਫ਼ਾਤੀ=ਗੁਣ, ਘਦੋਹੀ=ਲਿਆ, ਹੁਲਿਆ=ਪ੍ਰਸਿੱਧ ਹੋਇਆ, ਮਾੜ=ਮਾਰਵਾੜ)

248. ਥੀਵਾਂ ਸਦਕੇ

ਥੀਵਾਂ ਸਦਕੇ ।ਆਇਆ ਸ਼ਹਿਰ ਮਦੀਨਾ । ਸੁਖ ਦੀ ਸੇਝ ਸੁਹਾਇਮ ।ਗਿਆ ਡੁੱਖ਼ੜਾ ਦੇਰੀਨਾ । ਨਾ ਰੋ ਦਿੱਲੜੀ ਲੁੱਟੜੀ ।ਨਾ ਡੁੱਖ ਸੁੰਜੜਾ ਸੀਨਾ । ਸਿਝ ਸੋਨੇ ਦਾ ਉੱਭਰਿਆ ।ਡਿੱਠੜਾ ਨੇਕ ਮਹੀਨਾ । ਹਰਜ ਮਅੱਲਾ ਰੌਸ਼ਨ ।ਹੈ ਨੂਰੀ ਆਈਨਾ । ਅਰਬ ਦੀ ਸਾਰੀ ਧਰਤੀ ।ਸੋਹਨੀ ਸਾਫ਼ ਨੱਗੀਨਾ । ਮਿਲਸੀ ਜੇੜ ਰਖਸੀ ।ਸਿਦਕ ਸਬੂਤ ਯਕੀਨਾ । ਥਇਆ ਸ਼ੈਤਾਨ ਪਸੀਲਾ ।ਮਰ ਗਿਆ ਨਫ਼ਸ ਕਮੀਨਾ । ਖ਼ਬਰ ਫ਼ਰੀਦ ਸੁਣਿਉ ਸੇ ।ਮਿਲਸੂੰ ਸਬ ਆਦੀਨਾ ।

249. ਟੋਭਾ ਖਟਾਡੇ ਮੁਲਕ ਮਲ੍ਹੇਰ ਤੇ

ਟੋਭਾ ਖਟਾਡੇ ਮੁਲਕ ਮਲ੍ਹੇਰ ਤੇ ।ਪੱਥਰ ਪਹਾੜ ਕੂੰ ਚੀਰ ਤੇ । ਮੁਲਕ ਮਲ੍ਹੇਰ ਦੀ ਨਾਜ਼ੋ ਚਾਲੀ ।ਪੂਈ ਲਾਣੀ ਦਾ ਰੁਤਬਾ ਆਲੀ । ਟੋਕਾਂ ਕਰਦੀ ਧੂੜੀ ਵਾਲੀ ।ਕੇਸਰ ਮੁਸ਼ਕ ਅੰਬੀਰ ਤੇ । ਮੰਝੀਆਂ ਰਿੰਗਸਨ ਗਾਈ ਢਿਕਸਨ ।ਭੇਡਾਂ ਬੱਕਰੀਆਂ ਚਾਗੇ ਟਿਕਸਨ । ਅੱਖੀਆਂ ਅੜਸਨ ਦਿੱਲੜੀਆਂ ਬਿਕਸਨ ।ਧਰਤੀ ਦੀ ਤਾਸੀਰ ਤੇ । ਬਿਰਹੋਂ ਦੇ ਰੋਹ ਤੇ ਜੋਹ ਬਣੇਸੂੰ ।ਝੋਕਾਂ ਜੋੜ ਸੰਜੋਕ ਛਕੇਸੂੰ । ਸੱਸੀ ਤੇ ਸੇ ਥੋਰੇ ਲੇਸੂੰ ।ਮੱਨਤ ਚੜੇਸੂੰ ਮਾਈ ਹੀਰ ਤੇ । ਬੈਤ ਕਰੇਸੂੰ ਕਲ ਥਲ ਬਰਕੂੰ ।ਸਾਘਰ ਪਰੇਮ ਤੇ ਸੁਖ ਸਾਗਰ ਕੂੰ । ਗੁੱਝੜੇ ਰਛਣੇ ਜੋਧਾ ਸਰ ਕੂੰ ।ਰੱਖ ਤਕੀਆ ਗੁਰ ਪੀਰ ਤੇ । ਜਾਂ ਜਾਂ ਵੁਠ ਦੀ ਵਹੋ ਸੁਣੇਵੇ ।ਸਿੰਧੜਂੋ ਰੂਹ ਉਚਾਕ ਡੱਸੇਵੇ । ਡੇਹਾਂ ਲੱਸੜੀ ਤੇ ਦਿਲ ਥੀਵੇ ।ਰਾਤੀਂ ਗਾਵੈ ਖੀਰ ਤੇ । ਟੋਭੇ ਬਾਝੋਂ ਮੂਲ ਨ ਠਹਿਸਾਂ ।ਨਾ ਵਕੜੇ ਨਾ ਬੰਦ ਤੇ ਬਹਿਸਾਂ । ਨਾ ਗਠ ਤੇ ਨਾ ਪਾੜ ਤੇ ਰਹਿਸਾਂ ।ਨਾ ਵਤ ਖੂਹ ਵਹੀਰ ਤੇ । ਆਪੇ ਆਕਰ ਦਿੱਲੜੀ ਲਾਤੋ ।ਹਾਲ ਮੈਡਾ ਸਬ ਸਮਝਿਉ ਜਾਤੋ । ਹੁਣ ਕਿਉਂ ਮੁੱਠੜੀ ਤੋਂ ਦਿਲ ਚਾਤੋ ।ਧੂਤੀਂ ਦੀ ਤਕਰੀਰ ਤੇ । ਇਸ਼ਕ ਫ਼ਰੀਦ ਲਿਖ਼ਿਆ ਪਰਵਾਨਾ ।ਘਰ ਬਾਰੋਂ ਥੀ ਬਾਰ ਰਵਾਨਾ । ਕਰ ਸਦਕੇ ਪੜ੍ਹ ਸ਼ੁਕਰਾਨਾ ।ਰਹੀਂ ਮਿੱਠੜੀ ਤਹਰੀਰ ਤੇ ।

250. ਟੋਭਾ ਖਟਾ ਡੇ ਸੋਹਣੀ ਜਾ ਤਾੜੇ

ਟੋਭਾ ਖਟਾ ਡੇ ਸੋਹਣੀ ਜਾ ਤਾੜੇ ।ਓਝਾ ਨ ਹੋਵੇ ਸਾਰੀ ਮਾੜ ਤੇ । ਟੋਭੇ ਬਾਝੋਂ ਮੂਲ ਨ ਰਹਿਸਾਂ ।ਨਾ ਗਠ ਤੇ ਨਾ ਪਾੜ ਤੇ । ਡੇਹਾਂ ਪੀਸੂੰ ਲੱਸੀਆਂ ਗਾਉਈਆਂ ।ਰਾਤੀਂ ਖ਼ੀਰ ਕੂੰ ਕਾੜ੍ਹ ਤੇ । ਤੌਂ ਬਿਨ ਸਾਵਲ ਅੱਗ ਅੜੇਂਸਾਂ ।ਚੋਲਾ ਬੋਛਣ ਪਾੜ ਤੇ । ਜੇ ਨ ਔਸੀਂ ਤੌਂ ਵਲ ਝੋਕਾਂ ।ਲਡਸੂੰ ਝੋਪੜ ਸਾੜ ਤੇ । ਝੋਪੜ ਜੋੜ ਬਣੇਸੂੰ ਖਿਪ ਦੇ ।ਥਲ ਦੇ ਸਾਫ਼ ਪਸਾੜ ਤੇ । ਗਾਈਂ ਸਹੰਸ ਸਵਾਈਆਂ ਮੋਹਣੀਆਂ ।ਡੋਭਨ ਆਨ ਉਕਾੜ ਤੇ । ਟੋਭਾ ਬਣਵੇਸੂੰ ਦਿਲ ਦੇ ਸਾਂਗੇ ।ਮਿੱਨਤ ਚੜੇਸੂੰ ਲਾਲੋ ਲਾੜ ਤੇ । ਆਵਮ ਰਾਹਤ ਚੋੜੀ ਚੋੜੀ ।ਲਾਣੇ ਫੋਗ ਦੇ ਵਾਰ ਤੇ । ਫਰਹ ਫ਼ਰੀਦ ਨੂੰ ਰੋਜ਼ ਸਵਾਈ ।ਸੁੰਜਬਰ ਸਖ਼ਤ ਉਜਾੜ ਤੇ ।

251. ਟੋਭ ਬਣਵਾ ਡੇ ਪਕਾ ਤੜ ਤਾੜ ਤੇ

ਟੋਭ ਬਣਵਾ ਡੇ ਪਕਾ ਤੜ ਤਾੜ ਤੇ ।ਸਿੰਧੜੋਂ ਦੂਰ ਉਤਾਰ ਤੇ । ਸੁਬਹ ਸਹੂਰੀਂ ਘੁਬਕਨ ਮੱਟੀਆਂ ।ਝੋਪੜ ਦੇ ਅਗਵਾੜ ਤੇ । ਰੋਹੀ ਰਾਵੇ ਰੋਹੀਂ ਧੁੱਮਾਂ ।ਹੂਕ ਪੌਵੇ ਵੰਜ ਮਾੜ ਤੇ । ਉੱਚੜੇ ਟਿੱਬੜੇ ਸੁਖ ਸਾਘਰ ਦੇ ।ਚੜ੍ਹਨਾ ਪੌਵਮ ਪਹਾੜ ਤੇ । ਚੌ ਤਰਫੋਂ ਵੈਹ ਪਾਣੀ ਆਵੇ ।ਸੋਹਣੇ ਸਾਫ਼ ਝਕਾੜ ਤੇ । ਪਾਕ ਢਰ ਵਿੱਚ ਟੋਭਾ ਮਾਰੂੰ ।ਨਾ ਝਤ ਝਾੜ ਕਜਾੜ ਤੇ । ਰੋਹੀ ਵਾਸ ਸਭੇ ਲਡਾਵਸਨ ।ਅਪਣੀਆਂ ਝੋਕਾਂ ਸ਼ਾੜ ਤੇ । ਫਲੋਢੇ ਤੇ ਮਿੱਨਤ ਲੇਸੰ ।ਥੋਰਾ ਚੜ੍ਹੇਸੂੰ ਦੀਨੇ ਲਾੜ ਤੇ । ਆਨ ਫ਼ਰੀਦ ਸੋ ਹੈਸਾਂ ਚੰਵਰ ।ਸ਼ਹਿਰ ਬਜ਼ਾਰ ਉਜਾੜ ਤੇ ।

252. ਤੁਮ ਬੇਸ਼ਕ ਅਸਲ ਜਹਾਨ ਕੇ ਹੋ

ਤੁਮ ਬੇਸ਼ਕ ਅਸਲ ਜਹਾਨ ਕੇ ਹੋ । ਨਾ ਤੁਮ ਫਰਸ਼ੀ ਨਾ ਤੁਮ ਅਰਸ਼ੀ ।ਨਾ ਫ਼ਲਕੀ ਨਾ ਅਰਜ਼ੀ ਹੋ । ਜ਼ਾਤ ਮੁਕੱਦਸ ਨੂਰ ਮੁਅੱਲਾ ।ਆਏ ਵਿੱਚ ਇਨਸਾਨ ਕੇ ਹੋ । ਰੋਤੇ ਹੋ ਕਭੀ ਹਸਤੇ ਹੋ ।ਕਥੇ ਆਸ਼ਕ ਤੇ ਮਾਸ਼ੂਕ ਬਣੋ । ਅਪਨਾ ਭੇਤ ਬਤਾਉ ਰੇ ।ਤੁਮ ਕੌਨ ਹੋ ਭਲਾ ਕਹਾਂ ਕੇ ਹੋ । ਰੂਪ ਅਨੋਖੇ ਤੌਰ ਅਵੈੜੇ ।ਨਾਜ਼ਕ ਚਾਲੀਂ ਮਨ ਮੋਹਣੀਆਂ । ਨਾਜ਼ ਨਜ਼ਾਕਤ ਹੁਸਨ ਮਲਾਹਤ ।ਸਾਹਿਬ ਸਭ ਸਾਮਾਨ ਕੇ ਹੋ । ਕਥੇ ਜਾਹਲ ਕੱਥ ਫ਼ਾਸਕ ਫ਼ਾਜਰ ।ਅਪਨਾ ਆਪ ਗਮਾਤੇ ਹੋ । ਕਥ ਆਰਫ ਕਥ ਅਹਿਲ ਹਕਾਇਕ ।ਵਾਕਫ਼ ਸਰ ਨਹਾ ਕੇ ਹੋ । ਕਿਬਲਾ, ਕਾਅਬਾ, ਮਸਜਦ, ਮੰਦਰ ।ਦੈਰ ਗਨੇਸ਼ ਸਭ ਤੁਝ ਮੇਂ ਹੈ । ਸੌਮ ਵ ਸਲਵਾਤ ਕੇ ਖ਼ੁਦ ਹੋ ਵਾਲੀ ।ਕਿਉਂ ਪਾਬੰਦ ਗੁਮਾਨ ਕੇ ਹੋ । ਗੈਰ ਤੁਮ੍ਹਾਰਾ ਮੁਹਜ ਮੁਹਾਲੇ ।ਇਸ ਜੱਗ ਮੇਂ ਅੋਰ ਇਸ ਜਰਾ ਮੇਂ । ਦੁਨੀਆਂ ਤੁਮ ਹੋ ਅਕਬਾ ਤੁਮ ਹੋ ।ਮਾਲਕ ਕੋਨੋ ਮਕਾਨ ਕੇ ਹੋ । ਵਾਅਜ਼ ਨਸੀਹਤ ਰਮਜ਼ ਫ਼ਰੀਦੀ ।ਸੋਚ ਸੰਜਾਣੋ ਦਮ ਦਮ ਸੇ । ਅਪਨੀ ਅਜ਼ਮਤ ਯਾਦ ਕਰੋ ।ਕਿਉਂ ਥਏ ਯੁਸਫ਼ ਜ਼ੰਦਾਨ ਕੇ ਹੋ ।

253. ਉਪਰਮ ਬੇਦ ਬਤਊਂ

ਉਪਰਮ ਬੇਦ ਬਤਊਂ ।ਮੈਂ ਅਗਿਆਨੀ ਕੋ ਗਿਆਨ ਸੁਨਾਊਂ । ਸੁਰਤ ਸਰੰਧ ਹਾਥ ਮੂੰ ਲੈਕਰ ।ਪਰੇਮ ਕੀ ਤਾਰ ਬਜਾਊਂ । ਪਾਂਚ ਸਖੀ ਮਿਲ ਰਾਮ ਦੁਵਾਰੇ ।ਸਤਗੁਰ ਕੇ ਜਸ ਗਾਊਂ । ਕੁੰਜ ਗਲੀ ਮੇਂ ਸ਼ਾਮ ਸੁੰਦਰ ਸੰਗ ।ਹੋਰੀ ਧੂਮ ਮਚਾਊਂ । ਮੀਤ ਚੀਤ ਪਚਕਾਰੀ ਮਾਰੂੰ ।ਪਰੀਤ ਗੁਲਾਲ ਉਡਾਊਂ । ਕਹਾਂ ਅਜੁਧਿਆ ਸਬਲ ਮਥਰਾਂ ।ਕਹਾਂ ਗੋਵਰਧਨ ਜਾਊਂ । ਲਛਮਨ ਰਾਮ ਕੱਨ੍ਹੀਆ ਕਲਗੀ ।ਆਪਣੇ ਆਪ ਮੂੰ ਪਾਊਂ । ਦੇਸੋਂ ਕਹਾਂ ਬਦੇਸ ਕੋ ਦੌੜੂੰ ।ਜੋਗ ਬਰਾਗ ਕਮਾਊਂ । ਸੂਰਜ ਚਾਦ ਕੋ ਸਨਮੁੱਖ ਰਾਖੂੰ ।ਸੁਨ ਸਮਾਧ ਲਗਾਊਂ । ਪੀਪਲ ਤੁਲਸੀ ਕਾਹੇ ਕੋ ਪੂਜੂੰ ।ਕਾਹੇ ਕੋ ਤੀਰਥ ਨ੍ਹਾਊਂ । ਔਰ ਸੇ ਕਾਨ ਫ਼ਰੀਦ ਨਾ ਮੇਰੋ ।ਆਤਮ ਦੇਵ ਮਨਾਊਂ ।

254. ਉਥ ਦਰਦ ਮੰਦਾ ਦੇ ਦੇਰੇ

ਉਥ ਦਰਦ ਮੰਦਾ ਦੇ ਦੇਰੇ ।ਜਥ ਕਰੜ ਕੰਡਾ ਬੋਈ ਢੇਰੇ । ਏਹ ਉਚੈ ਟਿੱਬੜੇ ਆਲੀ ।ਏ ਸੋਹਣੀ ਕੱਕੜੀ ਵਾਲੀ । ਹਿਨ ਮੁਸ਼ਤਾਕਾਂ ਦੇ ਵਾਲੀ ।ਬਿਆ ਕੌਨ ਕਦਮ ਇਥ ਫੇਰੇ । ਖਪ ਖ੍ਹਾਰਾਂ ਤੇ ਲਈ ਲਾਨੜੀ ।ਸਣ ਫੋਗ ਬਹੂ ਮਨ ਭਾਨੜੀ । ਥਲ ਟਿਬੇ ਡਹਰ ਟਕਾਨੜੀਂ ।ਹਰ ਭਿਟ ਭਿਟ ਨਾਲ ਬਸੇਰੇ । ਮਡ ਝੋਕਾਂ ਤੇ ਤੜ ਤਾਡੇ ।ਰਸ ਛੁੱਟੜੇ ਖੇਲਾ ਖ਼ਾਡੇ । ਵਾਹ ਤਕੀਆ ਗਾਹ ਅਸਾਡੇ ।ਹੁਣ ਹੋਵੇ ਕੌਨ ਨਖੇੜੇ । ਟਿਪ ਟੋਭੇ ਬਾਹੀਂ ਸੋਂਹਦੇ ।ਵਿੱਚ ਚਿਟਕੇ ਦਿਲ ਨੂੰ ਮੋਂਹਦੇ । ਜੀ ਹਰ ਵੇਲੇ ਪਿਆ ਲੋਂਹਦੇ ।ਹੈ ਹਰਦਮ ਹੋਵਨ ਨੇੜੇ । ਝੜ ਗਾਜਾਂ ਬਿਜਲੀਆ ਬਾਦਲ ।ਕਿਆ ਚਿੱਟੜੇ ਗੋਰੇ ਸਾਂਵਲ । ਸਿੱਕ ਸਾਵਲ ਕਰੇ ਉਬਾਹਲ ।ਲੱਡ ਹੋਤ ਵਸਿਮ ਆ ਵੇੜੇ । ਵਲ ਕੱਕੜੀਆਂ ਰੇਭੜ ਕਚਰੀਆਂ ।ਕਈ ਸਬਜ਼ ਮਤੀਰੇ ਖਖੜੀਆਂ । ਕਈ ਗਦਰੀਆਂ ਪੀਲੀਆਂ ਕੱਕੜੀਆਂ ।ਸ਼ਰਹੋਹੀ ਸੋਂਹਦੇ ਸਿਹਰੇ । ਖਸ਼ ਕਤਰਣ ਇਤਰੋਂ ਭਿੱਨੜੀ ।ਗਜ਼ਲਾਈ ਸਾਵੀ ਸਨੜੀ । ਖਾ ਸਾਗ ਪੋਸੀ ਦੀ ਫੁਨੜੀ ।ਨਿਭ ਵੈਂਦੇ ਵਕਤ ਸੁਖੇਰੇ । ਦਿਲ ਹਰ ਵੇਲੇ ਪਈ ਤਾਂਘੇ ।ਵੰਜ਼ ਡੇਖਾਂ ਮਾਲ ਦੇ ਲਾਂਘੇ । ਗਈਆਂ ਬਕਰੀਆਂ ਭੇਡਾਂ ਚਾਂਘੇ ।ਲੰਘ ਪੌਂਦਮ ਕਦਮ ਅਗੇਰੇ । ਸੁੰਜ ਵਾਹ ਅਸਾਡੀਆਂ ਝੋਕਾਂ ।ਸਣ ਕਮਲੇ ਕਰਦੇ ਟੋਕਾਂ । ਕੁਝ ਖ਼ਬਰ ਨਹੀਂ ਇਨਾਂ ਲੋਕਾਂ ।ਦਿਲ ਪੁਠੜੇ ਸਖ਼ਤ ਅਵੈੜੇ । ਬਠ ਸ਼ਹਿਰ ਬਜ਼ਾਰ ਇਮਾਰਤ ।ਬੇਵਾਹੀ ਬਿਰਹੋਂ ਬਸ਼ਾਰਤ । ਪਰ ਬੇਸ਼ਕ ਇਸ਼ਕ ਇਸ਼ਾਰਤ ।ਛੱਡ ਝਗੜੇ ਕੂੜੇ ਝੇੜੇ । ਥੀਆਂ ਰੋਹੀ ਮੇਂਘ ਮਲ੍ਹਾਰਾਂ ।ਕੁਲ ਗੁਲ ਗੁਲਜ਼ਾਰ ਬਹਾਰਾਂ । ਵਿੱਚ ਸੋਂਹਦੀਆਂ ਘੰਡ ਤਵਾਰਾਂ ।ਹਰ ਟੋਭੇ ਛਾਂਗਾ ਛੇੜੇ । ਸੋ ਕਰਰੇ ਕੰਡੜੇ ਕਾਠੀਆਂ ।ਲੱਖ ਡੂੰਗਰ ਔਖੀਆਂ ਘਾਟੀਆਂ । ਸਬ ਡੰਗੜੇ ਵੱਟੜੇ ਚਾਟੀਆਂ ।ਜਥ ਥੀਵਮ ਫ਼ਰੀਦ ਵਹੀਰੇ ।

255. ਵੈਂਦੀਂ ਵੱਲ ਕੇਚ ਡੋਂ

ਵੈਂਦੀਂ ਵੱਲ ਕੇਚ ਡੋਂ ।ਪੁੱਨਲ ਕੇਂਦੇ ਕਾਣ । ਜੈਦੀਂ ਸਾਂਵਲ ਰਲ ਮਿਲ ਮਾਣੂੰ ।ਸ਼ਹਿਰ ਭੰਭੋਰ ਸੁਹਾਣ । ਤੂੰ ਹੈ ਜੀਵਣ ਜੋਗਾ ਸਾਡੀ ।ਡੁੱਖੜੀ ਦਿਲ ਦਾ ਮਾਣ । ਨਾਜ਼ੋ ਅਦਾ ਦੀ ਜਾਨੀ ਲਾਇਓ ।ਜਾਨੀ ਜਿਗਰ ਵਿੱਚ ਕਾਣ । ਡਿੱਤੜੀ ਜਮਦੀਂ ਅਮੜੀ ਖੁਤੜੀ ।ਗਮ ਗੱਠੜੀ ਡੁੱਖ ਡਾਣ । ਈਂ ਜਗ ਊਂ ਜਗ ਮੋਈਂ ਜੀਂਦੀ ।ਹਾਂ ਤੈੱਡੜੀ ਜਾਣ ਨ ਜਾਣ । ਤੌਂ ਬਿਨ ਗਾਂਵਣ ਯਾਰ ਮੁੱਠੀ ਦੇ ।ਵੈਣ ਤੱਤੀ ਦੇ ਵਾਣ । ਜੇ ਡੇਂਹ ਭਲੜੇ ਮਿਤਰ ਵੀ ਭਲੜੇ ।ਹੈ ਮਸ਼ਹੂਰ ਅਖਾਣ । ਦਰਦ ਮੋਠਾ ਚਕ ਚੂੰਢੀਆਂ ਪਾਵੇ ।ਮਾਰਮ ਸੂਲ ਵਡਾਣ । ਲੇਲਾ ਮਜਨੂੰ ਹੀਰ ਜ਼ਲੈਖਾ ।ਸੈ ਲੁੜ੍ਹ ਗਏ ਹੈਂ ਘਾਣ । ਬਾਝੋਂ ਯਾਰ ਫ਼ਰੀਦ ਨਿਭਾਇਆ ।ਜੀਂਵ ਕੈਂਦੇ ਤਰਾਣ ।

256. ਵੈਸੋਂ ਸੰਝ ਸਬਾਹੀਂ

ਵੈਸੋਂ ਸੰਝ ਸਬਾਹੀਂ ।ਖ਼ਾਲੀ ਰਹਿਸਨ ਜਾਈਂ । ਪੱਖੀ ਪਰਦੇਸੀ ਉਭੇ ਸਰਦੇ ।ਦੋ ਦਿਨ ਦੇ ਖਲਕਾਈਂ । ਮੁਲਕ ਬੇਗਾਨਾ ਦੇਸ ਪਰਾਇਆ ।ਕੋਝੀਆਂ ਕੂੜ ਬਿਨਾਈਂ । ਨਾ ਕੋਈ ਸਾਥੀ ਨਾ ਕੋਈ ਸੰਗਤੀ ।ਕੈਨੂੰ ਦਰਦ ਸੁਨਾਈਂ । ਕਿਸਮਤ ਸਾਂਗੇ ਡਿੱਠਮ ਏ ਧਰਤੀ ।ਆਦਾ ਕੌਨ ਇਥਾਈਂ । ਹੁਸਨ ਨੱਗਰ ਡੋਂ ਥੀਵਮ ਰਵਾਨਾ ।ਯਾ ਰੱਬ ਤੋੜ ਪੁਰਾਈਂ । ਮੰਗਾਂ ਦੁਆਈਂ ਅੱਲਾ ਸਾਈਂ ।ਵਿੱਛੜਿਆ ਢੋਲ ਮਲਾਈਂ । ਇਸ਼ਕ ਫ਼ਰੀਦ ਬਹੂੰ ਡੁੱਖ ਡਿੱਤੜੇ ।ਬਿਛੀਆਂ ਬਿਰਹੋਂ ਬਲਾਈਂ ।

257. ਵਲ ਕਹੀਂ ਡੁਖੜੇ ਵੇ ਡੇਂਦੀ

ਵਲ ਕਹੀਂ ਡੁਖੜੇ ਵੇ ਡੇਂਦੀ ।ਸਾਂਵਲ ਦਿਲੜੀ ਬਰਮਾ ਗਿਉਂ ਸੋਹਣਾ ਯਾਰ । ਕੰਨੇ ਕੰਨੇ ਬੁੰਦੇ ਗਲ ਝਪ ਮਾਲਾ ।ਅਨਹਦ ਬੀਨ ਬਜਾ ਗਿਆ ਸੋਹਣਾ ਯਾਰ । ਰਾਵਲ ਜੋਗੀ ਸ਼ਾਹ ਹੁਸਨ ਦਾ ।ਪਰਮ ਜੜੀ ਜੁੜ ਲਾਗਿਓਂ ਸੋਹਣਾ ਯਾਰ । ਅੱਖੀਆਂ ਸਿਹਰੀ ਸਿਹਰ ਕਮਾਵਨ ।ਜਾਦੂ ਚੋਟ ਚਲਾ ਗਿਓਂ ਸੋਹਣਾ ਯਾਰ । ਸੋਜ਼ ਤਪਸ਼ ਮੌਜੂਦ ਹਮੇਸ਼ਾ ।ਭਾ ਬਿਰਹੋਂ ਭੜਕਾ ਗਿਓਂ ਸੋਹਣਾ ਯਾਰ । ਲਾ ਕਰ ਯਾਰੀ ਯਾਰ ਵਿਸਾਰਿਓ ।ਖੋਟ ਫਰੇਬ ਕਮਾ ਗਿਓਂ ਸੋਹਣਾ ਯਾਰ । ਕਲ੍ਹੜੀ ਛਡ ਕੇ ਕੇਚ ਸਿਧਾਇਓਂ ।ਪਰਭਤ ਰੋਹ ਰੁਲਾ ਗਿਓਂ ਸੋਹਣਾ ਯਾਰ । ਤੌਂ ਬਿਨ ਯਾਰ ਫ਼ਰੀਦ ਡੁਖਾਂ ਵਿਚ ।ਸੂਲੀਂ ਜਾਨ ਅੜਾ ਗਿਓਂ ਸੋਹਣਾ ਯਾਰ ।

258. ਵਲ ਵਸ ਵਸਾ ਓਹੇ ਟੋਲ ਵੇ

ਵਲ ਵਸ ਵਸਾ ਓਹੇ ਟੋਲ ਵੇ ।ਕਰ ਲਾਡ ਮਿੱਠੜਾ ਬੋਲ ਵੇ । ਹਰ ਵਕਤ ਸਾਂਵਲ ਢੋਲ ਵੇ ।ਪੀਆ ਹੋ ਅਸਾਡੜੇ ਕੋਲ ਵੇ । ਅਣ ਸੁਹੇਂਦੀ ਘੁੰਡੜੀ ਖੋਲ ਵੇ ।ਅਣ ਸੰਗ ਮੈਂ ਸੰਗ ਬੋਲ ਵੇ । ਅਤਹੋਂ ਨਾਜ ਦੇ ਟੁਕ ਟੋਲ ਵੇ ।ਲੱਖ ਲੱਖ ਅਲੋਲ ਮਖ਼ੌਲ ਵੇ । ਅਥਾਂ ਮੁੱਠੜੀ ਜਾਨ ਸੜੋਲ ਵੇ ।ਥਈ ਡੁੱਖੜੇਂਦੀ ਕਚਕੋਲ ਵੇ । ਕਿਆ ਡੁੱਖੜੀਂ ਲੱਧੜਮ ਗੋਲ ਵੇ ।ਥਏ ਚੂਰ ਜ਼ਿਰ੍ਹਾ ਤੇ ਖੋਲ ਵੇ । ਮਾਰਿਆ ਹੈ ਕਿਆ ਜੁੜ ਤੋਲ ਵੇ ।ਅਬਰੂ ਗੁਲੇਲ ਗਲੋਲ ਵੇ । ਪੈ ਹੋਸ ਦੇ ਵਿੱਚ ਭੋਲ ਵੇ ।ਜੀਰੇ ਅੰਦਰ ਸੌ ਪੋਲ ਵੇ । ਥਇਆ ਜਿਸਮ ਚੀਚੀ ਠੋਲ ਵੇ ।ਦਿਲ ਡਿੱਤੜੇ ਕਈ ਘਰ ਰੋਲ ਵੇ । ਜੇ ਏ ਫ਼ਰੀਦ ਦਾ ਡੌਲ ਵੇ ।ਇਹਾ ਟੋਰ ਤੇ ਏਹਾ ਜੋਲ ਵੇ । ਕਈ ਡੇਹ ਨ ਫੋਲਾ ਫੋਲ ਵੇ ।ਅਝੂੰ ਸ਼ਹਿਰੀਂ ਵੱਜਸਨ ਦੋਲ ਵੇ ।

259. ਵਸਲ ਹਿਜਰ ਯਕਸ

ਵਸਲ ਹਿਜਰ ਯਕਸ ।ਵਸਦਾ ਦੋਸਤ ਕਰੀਬ ਦਿਲੀਂਦੇ । ਅਲਵੀ ਸਿਫ਼ਲੀ ਯਾਰ ਦੀਆਂ ਝੋਕਾਂ ।ਖ਼ਬਰ ਨਹੀਂ ਇਨ੍ਹਾਂ ਕਮਲਿਆਂ ਲੋਕਾਂ । ਏ ਦਿਲ ਜਾਣ ਪਛਾਣ ।ਹਰ ਜਾ ਦੇਰੇ ਚਾਕ ਮਹੀਂ ਦੇ । ਡੁੱਖ ਡੁਹਾਗ ਤੇ ਬੈ ਹੁਜ਼ਨ ਮੇਂ ।ਸੁਖ ਸੁਹਾਗ ਤੇ ਮੁਲਕ ਅਮਨ ਮੇਂ । ਆਸ਼ਕ ਸਮੰਝ ਸੁੰਜਾਣ ।ਸਭ ਮਜ਼ਹਰ ਮੇਂ ਯਾਰ ਚਹੀਂਦੇ । ਚਾਕ ਬਬਾਣਾ ਮਨ ਨੂੰ ਭਾਣਾ ।ਤਨ ਮਨ ਉਸ ਦੇ ਰਾਹ ਵਿਕਾਣਾ । ਕਿਆ ਵਤ ਦੀਨ ਈਮਾਨ ।ਸ਼ਰਮ ਭਰਮ ਸਬ ਮਿਲਕ ਤਹੀਂਦੇ । ਇਸ਼ਕ ਫ਼ਰੀਦ ਤਸੱਰਫ਼ ਕੀਤਾ ।ਲਾਇਸ ਜੁੜ ਕਰ ਪਰਮ ਪਲੀਤਾ । ਸਬ ਸੂਰਤ ਸੁਬਹਾਨ ।ਜ਼ਾਹਰ ਅੱਖੀਆਂ ਨਾਲ ਡੱਸੀਂਦੇ ।

260. ਵਸੋ ਵੀ ਅੱਖੀਆਂ ਘਨਘੋਰਾਂ ਲਾਕੇ

ਵਸੋ ਵੀ ਅੱਖੀਆਂ ਘਨਘੋਰਾਂ ਲਾਕੇ । ਸਾਵਣ ਆਇਆ ਯਾਰ ਨ ਆਇਆ ।ਥਏ ਬਾਦਲ ਤੂਫ਼ਾਨ ਬਲਾ ਕੇ । ਆਵਣ ਕਹਿ ਗਏ ਵੱਲ ਨ ਆਏ ।ਦਿਲ ਨੂੰ ਮੁਫ਼ਤੀ ਚੋਟ ਚਲਾ ਕੇ । ਦਿਲ ਬਰਮਾਏ ਰਾਵਲ ਜੋਗੀ ।ਧੁਨ ਧੁਨ ਬੰਸੀ ਫੂਕ ਬਜਾ ਕੇ । ਇਤਨਾ ਜ਼ੁਲਮ ਮੁਨਾਸਬ ਨਾਹੀਂ ।ਪਹਿਲੋਂ ਅਪਨਾ ਯਾਰ ਬਣਾ ਕੇ । ਰੋਹ ਜਬਲ ਵਿੱਚ ਮਾਰੂ ਥਲ ਵਿੱਚ ।ਮਾਰੂ ਗਿਆ ਪਰਦੇਸ ਰੁਲਾ ਕੇ । ਮਾਰੂ ਮੁਲਕ ਮਲ੍ਹੇਰ ਦਾ ਮਾਲਕ ।ਲੱਡ ਨ ਜਾਵੀਂ ਝੋਕ ਵਸਾ ਕੇ । ਜੋਗਨ ਥੀਸਾਂ ਮੁਲਕ ਢੁੰਡੇਸਾਂ ।ਵੈਸਾਂ ਅੰਗ ਭੱਬੂਤ ਰਮਾ ਕੇ । ਅਲੜੇ ਜ਼ਖਮ ਨ ਚੂਲ ਪਪੀਹਾ ।ਸਾੜ ਨ ਕੋਇਲ ਕੂਕ ਸੁਣਾ ਕੇ । ਕਰਵਟੀਆਂ ਲੈ ਹੁੱਟ ਹੁੱਟ ਜਾਂਦੀ ।ਬੇਵੱਸ ਡੁੱਖੜੇ ਸੂਲ ਸੁਹਾ ਕੇ । ਤੁਮ ਬਿਛੜਤ ਮੋਹੇ ਚੈਨ ਨ ਆਵੇ ।ਪਾਪ ਮਟਾਉ ਅੰਗਨ ਸੁਹਾ ਕੇ । ਗਰਜਤ ਬਦਰਾ ਲਿਸ਼ਕਤ ਬਿਜਲੀ ।ਰਿਮ ਝਿਮ ਬਾਰਸ਼ ਜ਼ੋਰ ਘਟਾ ਕੇ । ਸਾਜਨ ਬਾਝ ਫ਼ਰੀਦ ਹੈ ਜੀਨਾ ।ਮੁਸ਼ਕਲ ਅੇਸੇ ਬਾਰ ਉਠਾ ਕੇ ।

261. ਵਤਨ ਬੇਗਾਨੇ ਵਲ ਨਹੀਂ ਆਵਣਾ

ਵਤਨ ਬੇਗਾਨੇ ਵਲ ਨਹੀਂ ਆਵਣਾ ।ਯਾਦ ਕੀਤਮ ਦਿਲਦਾਰ । ਕੋਲੇ ਰਹਿਸਾਂ ਮੂਲ ਨ ਸਹਿਸਾਂ ।ਹਿਜਰ ਦਾ ਬਾਰੀ ਬਾਰ । ਵਿਸਰਿਆ ਸਾਰਾ ਰਾਜ ਬਬਾਣਾ ।ਵਿਸਰ ਗਿਆ ਘਰ ਬਾਰ । ਭਾਣ ਮਣੇਸਾਂ ਮਾਣ ਨਭੇਸਾਂ ।ਘੋਲੇ ਆਰ ਵ ਯਾਰ । ਸੁਰਖੀ ਕਜਲ ਮੁਸਾਗ ਗਿਉਸੇ ।ਬਠ ਪਿਆ ਹਾਰ ਸਿੰਗਾਰ । ਪਾਰੋਂ ਡਿਸਦੀ ਝੋਕ ਸਜਨ ਦੀ ।ਕਿਉਂ ਰਹਿਸਾਂ ਉਰਵਾਰ । ਮੈਂ ਮਨਤਾਰੀ ਤੇ ਨੇਂਹ ਬਾਰੀ ।ਕਾਦਰ ਨੇਸਮ ਪਾਰ । ਬਠ ਪਈ ਸਿੰਧੜੀ ਕੀਤਮ ਮੂਲਾ ।ਮੁਲਕ ਮਲ੍ਹੇਰ ਮਲ੍ਹਾਰ । ਦੇਸ ਅਰਬ ਦਾ ਮੁਲਕ ਤਰਬਦਾ ।ਸਾਰਾ ਬਾਗ ਬਹਾਰ । ਰੋਹੀ ਰਾਵੇ ਰੋਹੀਂ ਰੁਲੇਸ ।ਨਸ ਗਿਆ ਕਰਹੂੰ ਕਤਾਰ । ਡੇਂਹ ਡੁਖਾਂ ਦਾ ਡੂੰਗਰ ਡਿਸਦਾ ।ਰਾਤ ਗਮਾਂ ਦੀ ਗ਼ਾਰ । ਸਾਂਵਣ ਆਇਆ ਰੋਹੀ ਵੁਠੜੀ ।ਬਾਰ ਥਈ ਗੁਲਜ਼ਾਰ । ਦਾਰ ਮਦਾਰ ਫਰੀਦ ਹੈ ਦਿਲ ਨੂੰ ।ਡੁਖੜੇ ਤਾਰੋ ਤਾਰ ।

262. ਵੇ ਤੂੰ ਸਾਂਵਲਾ ਨ ਮਾਰ ਨੈਨਾਂ ਦੇ ਤੀਰ

ਵੇ ਤੂੰ ਸਾਂਵਲਾ ਨ ਮਾਰ ਨੈਨਾਂ ਦੇ ਤੀਰ । ਅੱਖੀਆਂ ਸ਼ਰ ਕਾਰਣ ਨਿਤ ਬੁਖੀਆਂ ।ਹਿਨ ਪਾਪੀ ਬੇ ਪੀਰ । ਜ਼ੁਲਫਾਂ ਮੁਸ਼ਕੀਂ ਬੰਨ੍ਹ ਬੰਨ੍ਹ ਡੇਵਨ ।ਦਿਲੜੀ ਕੂੰ ਤਅਜ਼ੀਰ । ਤੈਂਡੇ ਨਾਲ ਹੈ ਸਾਂਵਲ ਸੋਹਣਾ ।ਦਿਲ ਲਾਂਵਣ ਤਕਸੀਰ । ਨਾਜ਼ ਨਿਹੋਰੇ ਗਮਜ਼ੇ ਤੈਂਡੇ ।ਮਸਹਫ ਦੀ ਤਫ਼ਸੀਰ । ਕਾਕਲ ਪਣੀਆਂ ਨਾਂਗ ਵਰਾਧਾ ।ਡਿਠੜੀ ਚੜ੍ਹਮ ਸਰੀਰ । ਝੋਕਾਂ ਆਨ ਸਵਲੜੀਆਂ ਸੀਂਗਾ ।ਨੈਨ ਲੋੜ੍ਹੇਦੇ ਨੀਰ । ਪਾਹ ਹੰਬਾਹ ਉਗਾਰ ਗਈਂਦੇ ।ਮੈਂ ਲੇਖੇ ਅਕਸੀਰ । ਵੁਠ ਕਨੂੰ ਥਈ ਧਰਤੀ ਥਲੜੀ ।ਸਾਗੀ ਮੁਲਕ ਮਲ੍ਹੇਰ । ਰਲੜੇ ਸਜਨ ਸੁਹਾਵਣ ਥਲੜੇ ।ਕਾਰ, ਕਕੀ, ਕੀੜ । ਜੈਸਲਮੇਰ ਨਰਹਾਈ ਮਾਣੂੰ ।ਥੀ ਡੋਹੀਂ ਖੰਡ ਖੀਰ । ਥਲ ਚਤਰਾਂਗ ਅੰਦਰ ਮੇਂ ਸੱਸੀ ।ਬੇਲੀਂ ਬੇਟੀਂ ਹੀਰ । ਰੋਜ਼ ਅਜ਼ਲ ਦਾ ਤੈਂਡਾ ਸਾਡਾ ।ਮਾਲ ਮਵੈਸ਼ੀ ਸੀਰ । ਜਾਂਵਣ ਲਾਦਾ ਮਿਲਕ ਤੁਸਾਡਾ ।ਤਨ ਮਨ ਸੀਸ ਸਰੀਰ । ਕੋਝੀ ਕਮਲੀ ਤੈਡੇ ਨਾਂ ਦੀ ।ਨਾ ਕਰ ਯਾਰ ਕਰੀਰ । ਮੂੰਝਾਂ ਦੋਸਤ ਤੇ ਖੁਸ਼ੀਆਂ ਦੁਸ਼ਮਨ ।ਸੁਖ ਵੈਰੀ ਡੁਖ ਵੀਰ । ਜਾਨੀ ਜੋੜ ਚਲਇਓ ਕਾਨੀ ।ਸੰਧ ਸੰਧ ਦੇ ਵਿਚ ਪੀੜ । ਬਠ ਚੂਚਕ ਬਠ ਖੇੜੇ ਭੈੜੇ ।ਤੌਂ ਨਾ ਥੀ ਦਿਲਗੀਰ । ਡੇਹੋਂ ਡੇਂਹ ਕੋਰਾੜਾ ਥੀਵੇ ।ਵਾਹ ਸਿਕ ਦੀ ਤਾਸੀਰ । ਰੋ ਰੋ ਤੁਠਲੀ ਪਈਆਂ ਨਾਸੂਰਾਂ ।ਦਿਲ ਵਿਚ ਸੌ ਸੌ ਚੀਰ । ਉਰਿਆਨੀ ਦੀ ਖਲਅਤ ਮਿਲੜੀ ।ਸੁੰਜਬਰ ਦਾ ਜਾਗੀਰ । ਹੋ ਹੋ ਫਕੜੀ ਸ਼ਹਿਰ ਖਵਾਰੀ ।ਸਾਡੀ ਹੈ ਤੌਕੀਰ । ਗੌਸ ਕੁਤਬ ਸਬ ਤੌਂ ਤੂ ਸਦਕੇ ।ਕੌਨ ਫ਼ਰੀਦ ਫਕੀਰ ।

263. ਵਿੱਚ ਰੋਹੀ ਦੇ ਰਹਿੰਦੀਆਂ

ਵਿੱਚ ਰੋਹੀ ਦੇ ਰਹਿੰਦੀਆਂ ।ਨਾਜ਼ਕ ਨਾਜ਼ੋ ਜੱਟੀਆਂ । ਰਾਤੀਂ ਕਰਨ ਸ਼ਿਕਾਰ ਦਿਲੇਂ ਦੇ ।ਡੇਹਾਂ ਵਲੋੜਨ ਮੱਟੀਆਂ । ਗੁੱਝੜੇ ਤੀਰ ਚਲਾਵਨ ਕਾਰੀ ।ਸੈ ਸੈ ਦਿੱਲੜੀਆਂ ਫੱਟੀਆਂ । ਕਰ ਕਰ ਦਰਦਮੰਦਾਂ ਕੂੰ ਜ਼ਖਮੀ ।ਹੈ ਹੈ ਬਧਨ ਨ ਪੱਟੀਆਂ । ਛੇੜਨ ਭੇਡਾਂ ਬੱਕਰੀਆ ਗਾਈਂ ।ਲੇ ਲੇ ਗਾਬੇ ਕੱਟੀਆਂ । ਕਈ ਮਸਕੀਨ ਮੁਸਾਫਰ ।ਚੌੜ ਕੀਤੋ ਨੇ ਤਰੱਟੀਆਂ । ਧੂਈ ਦਾਰ ਫ਼ਕੀਰ ਥਿਉ ਸੇ ।ਫ਼ਖਰ ਵੱਡਾਈਆਂ ਸੱਟੀਆਂ । ਹਿਉਂ ਦਿਲਬਰ ਦੈ ਕੁਤੜੇ ਦਰ ਦੈ ।ਬਿਰਹੋਂ ਪਈਆਂ ਗਲ ਗੱਟੀਆਂ । ਮੂਝੇ ਫ਼ਰੀਦ ਮਜ਼ੀਦ ਹਮੇਸ਼ਾ ।ਅੱਜ ਕਲ੍ਹ ਖੁਸ਼ੀਆਂ ਘੱਟੀਆਂ ।

264. ਵਾਹ ! ਹਜਰਤ ਇਸ਼ਕ ਮਜਾਜ਼ੀ

ਵਾਹ ! ਹਜਰਤ ਇਸ਼ਕ ਮਜਾਜ਼ੀ ।ਸਬ ਰਾਜ ਰਮੂਜ਼ ਦੀ ਬਾਜ਼ੀ । ਸਭੋ ਸ਼ਾਹਦ ਅਸਲੀਂ ਜਾਣੀਂ ।ਹੈ ਵਾਹਦ ਪਰਮ ਕਹਾਣੀ । ਹੈ ਵਹਦਤ ਸਮੰਝ ਸੁੰਜਾਣੀ ।ਵਿੱਚ ਪਰਦੇ ਕਸਰਤ ਸਾਜ਼ੀ । ਕਰ ਰਫ਼ਾ ਮਲਾਲ ਕਦੂਰਤ ।ਟੁੱਕ ਸਮੰਝ ਸਜਣ ਬੇ ਸੂਰਤ । ਥਇਆਂ ਜ਼ਾਹਰ ਵਿੱਚ ਹਰ ਮੂਰਤ ।ਛੁੱਪ ਓਲੇ ਨੂਰ ਹਜਾਜ਼ੀ । ਸੁਣ ਹੁਸਨ ਅਜ਼ਲ ਦੀ ਚਾਲੀ ।ਸਬ ਨਾਜ਼ ਨਹੋਰੇ ਵਾਲੀ । ਕਿਥ ਖ਼ਾਲਕ ਖ਼ਲਕ ਦਾ ਵਾਲੀ ।ਕਿਥ ਆਬਦ ਰੀਤ ਨਿਆਜ਼ੀ । ਕਿਥ ਆਸ਼ਕ ਦਰਦ ਕਸ਼ਾਲੇ ।ਕਿਥ ਹੁਸਨ ਮਲਾਹਤ ਚਾਲੇ । ਥੀ ਹਰ ਸ਼ਿੰਗਾਰ ਡਖਾਲੇ ।ਖੁਸ਼ ਸੀਰਤ ਨਾਜ਼ ਨਵਾਜ਼ੀ । ਕਿਥ ਮੁਤਰਬ ਤੇ ਮੈਖਾਨੇ ।ਕਿਥ ਰਿੰਦੀ ਰਸਮ ਯਗਾਨੇ । ਕਿਥ ਸੌਮ ਸਲਵਾਤ ਅਜ਼ਾਨੇ ।ਕਿਥ ਜ਼ਾਹਦ ਨੇਕ ਨਮਾਜ਼ੀ । ਹੈ ਗ਼ੈਰੀਅਤ ਜ਼ੰਦੀਕੀ ।ਪਾ ਵਿਰਸਾ ਰੱਖ ਸਦੀਕੀ । ਕਰ ਜ਼ੁਹਦ ਜ਼ਹਾਦ ਹਕੀਕੀ ।ਬਣ ਮਰਦ ਮੁਅਲਾ ਗਾਜ਼ੀ । ਠੱਪ ਫ਼ਿਕਾ ਅਸੂਲ ਮਸਾਇਲ ।ਸੱਟ ਨਹਵੀ ਫ਼ੇਅਲ ਤੇ ਫ਼ਾਇਲ । ਬੱਠ ਇਲਮੀ ਬਹਸ ਦਲਾਇਲ ।ਹੈ ਫ਼ਕਰ ਫ਼ਕਤ ਜਾਂ ਬਾਜ਼ੀ । ਏ ਸਿਲਕ ਸਲੂਕ ਫ਼ਰੀਦੀ ।ਹੈ ਰੀਤ ਅਜਬ ਤੌਹੀਦੀ । ਪਰ ਜ਼ੌਕ ਲਜ਼ੀਜ਼ ਜਦੀਦੀ ।ਛੱਡ ਲੰਬਿੜ ਦੂਰ ਦਰਾਜ਼ੀ ।

265. ਵਾਹ ! ਵਾਹ!! ਦਿਲਬਰ ਦੀ ਯਾਰੀ

ਵਾਹ ! ਵਾਹ!! ਦਿਲਬਰ ਦੀ ਯਾਰੀ ।ਯਾਰੀ ਕਰਮ ਨ ਕਾਰੀ । ਥੀ ਰੁੱਖੜਾ ਰਖਮ ਬਰੀਤ ।ਨਾ ਪੁੱਛਦਾ ਹਾਲ ਹਕੀਕਤ । ਨਾ ਸੁਣਦਾ ਵੇਦਨ ਸਾਰੀ । ਮੈਂ ਮੁੱਠੜੀ ਡੁੱਖੜੀਂ ਕੁੱਠੜੀ ।ਸੈ ਤੀਰੀ ਗ਼ਮਦੀਂ ਚੁੱਟੜੀ । ਦਿਲ ਲੜੀ ਸੂਲਾਂ ਮਾਰੀ । ਨਾ ਡਿੱਠੜਮ ਮਿਠੜਾ ਮੱਖਣਾ ।ਗਿਆ ਸਾਂਵਨ ਸਾਫ਼ ਸਲੱਖਣਾ । ਗਈ ਮੌਸਮ ਚੇਤਰ ਬਹਾਰੀ । ਨਾ ਖੋਜ ਨਾ ਖੋਬ ਉਠਾਂ ਦੇ ।ਸਬ ਪਰਭਤ ਪੰਧ ਥਲਾਂ ਦੇ । ਦਿਲ ਰੁਲ ਰੁਲ ਰੋ ਰੋ ਹਾਰੀ । ਮੈਂ ਸਿੰਧਰੀ ਕੇਵੇਂ ਜਾਲਾਂ ।ਪਰਦੇਸ ਬੈਠੀ ਤਨ ਗਾਲਾਂ । ਥਏ ਰੋਹੀ ਡੇਂਹ ਮਲ੍ਹਾਰੀ । ਦਿਲ ਖੱਸਦਾ ਭੇਤ ਨ ਡਸਦਾ ।ਥੀ ਓਪਰਾ ਦੂਰੋਂ ਹੱਸਦਾ । ਲਾ ਹੂ ਹੂ ਸ਼ਹਿਰ ਖਵਾਰੀ । ਹਿੱਕ ਯਾਰ ਫ਼ਰੀਦ ਅਵੈੜਾ ।ਬਿਆ ਸੱਸ ਨਨਾਣ ਦਾ ਝੇੜਾ । ਪਈ ਪਲੜੇ ਮੁੰਝ ਮੁੰਝਾਰੀ ।

266. ਵਾਹ ਵਾਹ ਸੋਹਣੇ ਦਾ ਵਰਤਾਰਾ

ਵਾਹ ਵਾਹ ਸੋਹਣੇ ਦਾ ਵਰਤਾਰਾ ।ਹਰ ਸੂਰਤ ਵਿਚ ਕਰੇ ਉਤਾਰਾ । ਹਿਕ ਜਾ ਚਾਵੇ ਇਸ਼ਕ ਇਜਾਰਾ ।ਬਇ ਜਾ ਡੇਵੇ ਹੁਸਨ ਉਧਾਰਾ । ਓ ਮਾਲਕ ਮੈ ਅਦਨਾ ਸਗ ਦਾ ।ਹਰ ਸੂਰਤ ਵਿਚ ਮਿੱਠੜਾ ਲਗਦਾ । ਮੈ ਕਿਆ ਮੋਹ ਲੇਇਸ ਮਨ ਜਗਦਾ ।ਮਾਰੇਸ ਹਰ ਜਾ ਨਾਜ਼ ਨਕਾਰਾ । ਮੈਂ ਬੇ ਆਸ ਉਮੀਦ ਦਾ ਮਾਣਾ ।ਹਰ ਕਸ ਨਾਕਸ ਦੇ ਮਨ ਭਾਣਾ । ਦੋਸਤ ਅਵੈੜਾ ਯਾਰ ਇਆਣਾ ।ਹਰ ਇਕ ਦਿਲ ਕੂੰ ਲਗੇ ਪਿਆਰਾ । ਜੋ ਮੈਂ ਵਾਂਗ ਬੁਝਾਰਤ ਬੁਝਦਾ ।ਸੋ ਥੀਆ ਵਾਕਫ ਸਾਰੀ ਗੁਝ ਦਾ । ਹਰਗਿਜ਼ ਦਖ਼ਲ ਨਹੀਂ ਕਹੀਂ ਕੁਝਦਾ ।ਜਾਣ ਨਜ਼ਾਰਾ ਯਾਰ ਦਾ ਸਾਰਾ । ਚਰਣ ਗੁਰੁ ਦੇ ਸੀਸ ਨਵਾਈਂ ।ਜੋ ਆਖੇ ਚੁਮ ਅਖੀਆਂ ਚਾਈਂ । ਜੋਹਦ ਜਹਾਦ ਦਾ ਬਾਰ ਉਠਾਈਂ ।ਕਰਬ ਕਮਾਲ ਹੈਈ ਮਤਲਬ ਬਾਰਾ । ਥੀ ਗੁਰ ਪੀਰ ਦਾ ਚੇਲਾ ਸੱਚਾ ।ਨਾ ਹੋ ਕਦਮ ਹਟਾ ਕਰ ਕੱਚਾ । ਬਿਰਹੋ ਕੜਾਹ ਚੜਿਆ ਮੱਚ ਮੱਚਿਆ ।ਜਲ ਬਲ ਮਾਰ ਅਨਾ ਦਾ ਨਾਅਰਾ । ਜੋ ਕੋਈ ਰਖਸੀ ਐ ਗੁਨ ਚਾਰੇ ।ਜੋ ਰਾਤੀ ਜਗ ਜੋਗ ਜਗਾਰੇ । ਵੰਜ ਖੁਸ਼ ਵਸ ਸੀ ਸ਼ਾਮ ਦਵਾਰੇ ।ਰਹਿਸੀ ਜਗਤ ਸੌਂ ਨਿਆਰਾ । ਜਗਰਤ ਸੁਪਨਸ ਸਕੋਪਤ ਟੁਰੀਆ ।ਤੈਂਡੀ ਸੈਰ ਦੇ ਸਾਂਗੇ ਜੜਿਆ । ਜੈਂਦਾ ਪੀਰ ਸੰਜਾਨੋਂ ਥੁੜਿਆ ।ਫਿਰਸੀ ਥੀ ਚੌ ਗੁਠ ਆਵਾਰਾ । ਤੂੰ ਇਹ ਸਮਝ ਸੰਜਾਨ ਨ ਛੋੜੀਂ ।ਨਿਰਗੁਨ ਸਰਗੁਨ ਵਿਚ ਜਾ ਜੋੜੀਂ । ਆਪਣੇ ਆਪ ਤੂੰ ਮੂੰਹ ਨ ਮੋੜੀਂ ।ਸਬ ਹੈ ਰੂਪ ਸਰੂਪ ਤਿਹਾਰਾ । ਚਾਰੋਂ ਬੇਦ ਬਦਾਂਤ ਪੁਕਾਰਣ ।ਓਮ ਬ੍ਰਮ ਨਾਰਾਇਣ ਧਾਰਨ । ਆਤਮ ਉਤਮ ਸਰੂਪ ਸਧਾਰਨ ।ਦਵੈਤ ਫਰੀਦ ਹੈ ਜੂਠਾ ਲਹਿਰਾ ।

267. ਯਾਦ ਆਵਿਨ ਯਾਰ ਦੇ ਰਲੜੇ

ਯਾਦ ਆਵਿਨ ਯਾਰ ਦੇ ਰਲੜੇ ।ਨਿੱਤ ਪੌਵਨ ਕਰੂਪ ਕੁਲੱਲੜੇ । ਕਿਉਂ ਚੜ੍ਹਦੀ ਚੰਦਰੀ ਖਾਰੇ ।ਕਿਉਂ ਕਰਦੀ ਜ਼ੇਵਰ ਬਾਰੇ । ਜੇ ਜਾਨੀ ਹਿਜਰ ਦੇ ਵਾਰੇ ।ਏ ਨੇੜੇ ਸਖ਼ਤ ਸਵੱਲੜੇ । ਡੁੱਖ ਯਾਰ ਸੁਖਾਂ ਦੇ ਦੇਰਨ ।ਲਏ ਸੂਲਾਂ ਸੀਨੇ ਢੇਰਨ । ਮੂੰਹ ਕਾਲਾ ਨੀਲੇ ਪੈਰਿਨ ।ਵਾਹ ! ਹੋਤ ਪੁੱਨਲ ਦੇ ਭਲੜੇ । ਕਿਉਂ ਡੁਖੜੀ ਉੱਮਰ ਨਿਭਾਵਾਂ ।ਹਨ ਮੌਤ ਦਾ ਮੁਲਕ ਵਸਾਵਾਂ । ਵੰਜ ਗੋਰਸਤਾਨ ਸੁਹਾਵਾਂ ।ਬੱਠ ਜੀਵਣ ਕੂੜ ਤਸੱਲੜੇ । ਗਲ ਪੇਚ ਹਿਜਰ ਦੇ ਵਲੜੇ ।ਦਿਲ ਜ਼ਖਮ ਅਵੱਲੜੇ ਅੱਲੜੇ । ਇਹ ਨੇਂਹ ਲਾਵਣ ਦੇ ਭੱਲੜੇ ।ਪਏ ਮੈਂ ਮੁੱਠੀ ਦੇ ਪੱਲੜੇ । ਸਬ ਜ਼ੋਰ ਹਵਸ ਵਸ ਲਾਇਮ ।ਪਰ ਯਾਰ ਫ਼ਰੀਦ ਨ ਆਇਮ । ਗ਼ਮ ਦਰਦ ਅੰਦਰ ਸਰ ਪਾਇਮ ।ਕਰ ਆਪੇਂ ਗੱਲੜੇ ਗੱਲੜੇ ।

268. ਯਾਰ ਬਰੋਚਲ ਕਾਣ

ਯਾਰ ਬਰੋਚਲ ਕਾਣ ।ਰੁਲਦੀ ਰੋਹ ਡੂੰਗਰ ਵਿਚ । ਲਾਇਸ ਜੁੜ ਕਰ ਬਾਣ ।ਦਿਲੜੀ, ਜਾਨ, ਜਿਗਰ ਵਿਚ । ਸੇਂਗੀਆਂ ਸੁਰਤੀਆਂ ਕੰਥ ਰਿਝਾਇਆ ।ਅਪਨੇ ਅਪਨੇ ਢੋਲ ਕੂੰ ਪਾਇਆ । ਮੈਕੂੰ ਮੈਡਰੇ ਮਾਂਣ ।ਰੋਲਿਆ ਸੁੰਜੜੇ ਬਰੋਚ । ਯਾਰ ਨ ਪਾਵਾਂ ਬਾਰ ਉਠਾਵਾਂ ।ਨੀਰ ਵਹਾਵਾਂ ਗਾਵਣ ਗਾਵਾਂ । ਰੱਖ ਰੱਖ ਵੈਣ ਦੀ ਵਾਣ ।ਹਰ ਕੂਚੇ ਘਰ ਘਰ ਵਿਚ । ਰੇਤ ਤੱਤੀ ਪਿਆ ਡੁਖੜੇ ਘਾਟੇ ।ਖੁੜ ਬਣ ਖੋਬ ਗਪਾਟੇ ਘਾਟੇ । ਸੱਟ ਗਿਆ ਜਾਣ ਪਛਾਣ ।ਕਾਨੀ ਮਾਰ ਅੰਦਰ ਵਿਚ । ਹੁਸਨ ਹਕੀਕੀ ਨੂਰੇ ਹਜਾਜ਼ੀ ।ਖੇਡੇ ਨਾਜ਼ ਨਿਆਜ ਦੀ ਬਾਜ਼ੀ । ਸਿਦਕੋ ਸਮਝ ਸਿੰਜਾਣ ।ਆਇਆ ਕੋਟ ਸ਼ਹਿਰ ਵਿਚ । ਰਾਹ ਅਵਲੜੇ ਔਖੀਆਂ ਘਾਟੀਆਂ ।ਚੁਭਦੇ ਕਕਰੇ ਕੰਡਰੇ ਕਾਠੀਆਂ । ਮਾਰਮ ਸੂਲ ਵਡਾਨ ।ਆਇਮ ਜ਼ੁਲਮ ਕਹਿਰ ਵਿਚ । ਪਹਿਲੇ ਡੇਂਹ ਦੀ ਕਿਸਮਤ ਫੁਟੜੀ ।ਜਮਦੇ ਵੇਲੇ ਅਮੜੀ ਮੁਠੜੀ । ਡਿਤੜਾ ਡੁਖ ਦਾ ਡਾਣ ।ਲੋੜ੍ਹੇਸ ਬਿਰਹੋ ਬਰਵਿਚ । ਦਰਦ ਫ਼ਰੀਦ ਹਮੇਸ਼ਾ ਹੋਵੇ ।ਸਾਰੇ ਪਾਪ ਦੂਈ ਦੇ ਧੋਵੇ । ਰਹਿੰਦੀ ਤਾਂਘ ਤੇ ਤਾਣ ।ਪਹੁੰਚਾਂ ਪ੍ਰੇਮ ਨਗਰ ਵਿਚ ।

269. ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ

ਇਸ਼ਕ ਤੇ ਬਾਹਿ ਬਰੋਬਰ, ਇਸ਼ਕ ਦਾ ਤਾ ਤਖੇਰਾ । ਬਾਹਿ ਸੜੇਂਦੀ ਕੱਖ ਕਾਨੇ ਨੂੰ, ਇਸ਼ਕ ਸੜੇਂਦਾ ਜੇਅੜਾ । ਬਾਹਿਰ ਸਾਮੇ ਨਾਲ ਪਾਣੀ ਦੇ,ਇਸ਼ਕ ਦਾ ਦਾਰੂ ਕਿਹੜਾ । ਯਾਰ ਮੈਡੇ ਉਥੇ ਚਾਹਿ ਨਾ ਰੱਖੀਂ, ਜਿੱਥੇ ਇਸ਼ਕ ਲਾਇੰਦਾ ਡੇਰਾ । ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ । ਸਾਨੂੰ ਲੱਗ ਗਈ ਬੇਅਖ਼ਤਿਆਰੀ, ਸੀਨੇ ਦੇ ਵਿਚ ਨਾ ਸਮਾਈ ਹੈ । ਹੁਲਹੁਲਾ ਕੇ ਇਸ਼ਕ ਜੁ ਆਇਆ । ਮੁਹਬਤ ਡਾਢਾ ਸ਼ੋਰ ਮਚਾਇਆ । ਥਾਂ ਥਾਂ ਨਾਚ ਨਚਾਈ ਹੈ । ਇਸ਼ਕ ਚੁਆਇਆ ਮੈਂ ਸਰ ਚਾਈ । ਸ਼ਰਮ ਹਯਾ ਪਹਿਲੇ ਸੱਟ ਲਿਆ ਈ । ਇਸ਼ਕ ਨੂੰ ਮਲਾਮਤ ਲਾਈ ਹੈ । ਇਸ਼ਕ ਅਵੇੜਾ ਬਹਣ ਨਾ ਦੇਂਦਾ । ਥੀ ਗਦਾਗਰ ਮਸਤ ਕਰੇਂਦਾ । ਘਟੀ ਘਟੀ ਚਾ ਮੰੰਗਾਈ ਹੈ ।

270. ਯਾਰ ਕੂੰ ਕਰ ਮਸਜੂਦ

ਯਾਰ ਕੂੰ ਕਰ ਮਸਜੂਦ ।ਛਡ ਡੇ ਬਿਉ ਮਅਬੂਦ । ਹਰ ਸੂਰਤ ਵਿਚ ਯਾਰ ਕੂੰ ਜਾਣੀ ।ਗੈਰ ਨਹੀਂ ਮੌਜੂਦ । ਸਭ ਦਾਦ ਕੂੰ ਸਮਝੀ ਵਾਹਦ ।ਕਸਰਤ ਹੈ ਮਫਕੂਦ । ਫਖਰੁਦੀਨ ਮਿਠਲ ਦੇ ਸ਼ੌਕੋਂ ।ਦਮ ਦਮ ਨਿਕਲਮ ਦੂਦ । ਵਸਲ ਫ਼ਰੀਦ ਕੂੰ ਹਾਸਲ ਹੋਇਆ ।ਜਬ ਹੋ ਗਿਆ ਨਾਬੂਦ ।

271. ਯਾਰ ਕੁਰਾੜਾ ਹਾਲ ਵੇ

ਯਾਰ ਕੁਰਾੜਾ ਹਾਲ ਵੇ ।ਸਾਨੂੰ ਮਾਰ ਨ ਤਾਅਨੇ । ਸਾਂਗ ਸੰਜੋਕ ਰਲਾਏ ਕਿਸਮਤ ।ਸਾਂਗੇ ਦੋਸਤ ਬਗਾਨੇ । ਜਾਂ ਜਾਂ ਸੂੰਹ ਬਣਾਂਵਾਂ ।ਤਾਂ ਤਾਂ ਡਿੱਸਦੇ ਦੂਰ ਟਿਕਾਨੇ । ਆਵਣ ਕਾਣ ਨ ਮੰਗਨੀਂ ਦਿੱਲੜੀ ।ਕੱਚੜੇ ਕਰਨ ਬਹਾਨੇ । ਬੇ ਦਰਦਾਂ ਦੀ ਪਰੀਤ ਨ ਭਲੀ ।ਮੁਲਾ ਮੌਤ ਕੂੰ ਆਨੇ । ਰੋਵਾਂ ਰੋ ਰੋ ਲੋਕ ਸੁਣਾਵਾਂ ।ਜੀ ਨ ਆਂਵਿਮ ਖਾਨੇ । ਕੋਈ ਆਖੇ ਮਨ ਮਚਲ ਕੂੜੀ ।ਕੋਈ ਆਖੇ ਦੀਵਾਨੇ । ਸੂਲੀਂ ਨਾਲ ਸੁੰਜੇਦੇ ਜਾਲੇ ।ਸੰਜ ਸਬਾਹ ਗੁਜ਼ਰਾਨੇ । ਆਂਵੀਂ ਦੇਰ ਨ ਲਾਂਵੀ ਮਾਹੀ ।ਜਿੰਦ ਡੂੰ ਢੈਂਦੀ ਮਹਿਮਾਨੇ । ਇਸ਼ਵੇ ਗ਼ਮਜ਼ੇ ਨਾਜ਼ ਨਹੋਰੇ ।ਕਿਆ ਕਿਆ ਹੁਸਨ ਦਾ ਸ਼ਾਨੇ । ਜੋ ਹੈ ਸ਼ਾਨ ਫ਼ਰੀਦ ਦੀ ਸਾਰੀ ।ਮਾਰਣ ਦਾ ਸਾਮਾਨੇ ।

272. ਯਾਰ ਸਪਾਹੀੜਾ ਆ ਵਸ ਮਾਡਰੋ ਕੋਲ

ਯਾਰ ਸਪਾਹੀੜਾ ਆ ਵਸ ਮਾਡਰੋ ਕੋਲ । ਇਕ ਲਖ ਡੇਂਦੀ ਡੋ ਲਖ ਡੇਸਾਂ ।ਹਿਕ ਵਾਰੀ ਚਾ ਬੋਲ । ਪਹਿਲੋਂ ਦੇ ਕਰ ਬਾਹ ਸਿਰਾਂਦੀ ।ਸਾਵਲ ਯਾਰ ਨ ਰੋਲ । ਨੈਂ ਸਾਂਵਣ ਦੀ ਮੈ ਮਨਤਾਰੀ ।ਸੈ ਛੋਲੀਆਂ ਲਖ ਝੋਲ । ਯਾਰ ਚਹੇਂਦਾ ਮਾਣ ਮਹੀਂਦਾ ।ਆਵਸ ਮਾਡਰੇ ਕੋਲ । ਸਾਵਲਿਆਂ ਦੇ ਨੈਨ ਸਲੋਨੜੀ ।ਕਜਲੇ ਦੇ ਟਕ ਟੋਲ । ਪਾਪਨ ਚਕਵੀ ਕਰ ਕਰ ਚੀਕਾਂ ।ਅਲ੍ਹੜੇ ਜ਼ਖਮ ਨ ਚੋਲ । ਮਰ ਮਰ ਜਾਂਦੀ ਰਸਕ ਨ ਸਹਿੰਦੀ ।ਦਿਲੜੀ ਸਖਤ ਸੜੋਲ । ਬੈਨੇ ਬੋਂਲੇ ਬੇਂਸਰ ਵਿਸਰੇ ।ਗਏ ਨੂਰੇ ਰਮਝੌਲ । ਨਖਰੇ ਨਾਜ਼ ਨਹੋਰੇ ਹਰਦਮ ।ਬਿਆ ਬਿਆ ਕਰਨ ਅਲੋਲ । ਔਗਨ ਹਾਰੀ ਨਾਸਕ ਕੰਮ ਦੀ ।ਸੋਹਣਾ ਐਬ ਨ ਫੋਲ । ਸਮਝ ਫ਼ਰੀਦ ਨ ਥੀ ਗਮਵਾਸੂ ।ਅੱਲਾ ਮਿਲੇਸਮ ਢੋਲ ।

273. ਜ਼ਾਨਤ ਫੇਲਨ ਕੁਲ ਸ਼ੈ ਬਾਤਲ

ਜ਼ਾਨਤ ਫੇਲਨ ਕੁਲ ਸ਼ੈ ਬਾਤਲ ।ਹਕ ਹੈ ਫਾਇਲ ਬਿਉ ਸਭ ਆਤਲ । ਜ਼ੌਕ ਵਗਈਂ ਤੌਰ ਅਕਲ ਦੇ ।ਭਟ ਘਤ ਕੂੜੀ ਬਹਿਸ ਦਲਾਇਲ । ਉਠਦੀਂ ਬਹਿੰਦੀਂ ਟੁਰਦੀਂ ਫਿਰਦੀਂ ।ਨ ਹੋ ਜ਼ਾਹਲ ਨ ਥੀ ਗਾਫਲ । ਗੈਰ ਮੁਹਾਲੇ ਵੈਰ ਖਿਆਲੇ ।ਹਰ ਹਿਕ ਡੂੰ ਰਖ ਗਫਤ ਸ਼ਾਮਲ । ਸਾਡਾ ਹੈ ਮਹਬੂਬ ਦਿਲੇਂਦਾ ।ਜੋ ਕੋਈ ਹੈ ਤੌਹੀਦ ਦਾ ਕਾਇਲ । ਇਲਮ ਹਕਾਇਕ ਦਾ ਹੈ ਲਾਇਕ ।ਨਫਸ ਮੁਜ਼ਕੀ ਮਾਦਾ ਕਾਬਲ । ਬਾਝ ਮੁਹਬਤ ਜਾਣ ਬਰਾਬਰ ।ਕਿਆ ਨਾਤਕ ਕਿਆ ਨਾਹਕ ਸਾਹਲ । ਇਬਨੁਲ ਅਰਬੀ ਦੀ ਰਖ ਮਿੱਲਤ ।ਠਪ ਰਖ ਫਿਕਾ ਅਸੂਲ ਮਸਾਇਲ । ਬਹਿ ਕਰ ਕਲ੍ਹੜੀਂ ਰਮਜ਼ ਸੁਝਾਈ ।ਪੀਰ ਮਕਮਲ ਆਰਫ ਕਾਮਲ । ਵਜ੍ਹਾ ਅੱਲਾ ਫਰੀਦ ਹੈ ਬਾਕੀ ।ਬਾਕੀ ਹਾਲਕ ਜ਼ਾਹਕ ਜ਼ਾਹਲ ।

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ

©2022 ਪੰਜਾਬੀ ਮਾਂ ਬੋਲੀ. All rights reserved.

Designed by OXO Solutions®