ਨੀ ਫੁੱਲਾਂ ਵਰਗੀਓ ਕੁੜੀਓ!
ਨੀ ਫੁੱਲਾਂ ਵਰਗੀਓ ਕੁੜੀਓ
ਨੀ ਚੋਭਾਂ ਜਰਦੀਓ ਕੁੜੀਓ
ਕਰੋ ਕੋਈ ਜਿਉਣ ਦਾ ਹੀਲਾ
ਨੀ ਤਿਲ ਤਿਲ ਮਰਦੀਓ ਕੁੜੀਓ
ਤੁਹਾਡੇ ਖਿੜਨ 'ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾਂ
ਤੇ ਰੁੱਖ ਵਿਹੜੇ ਦੇ ਕਰ ਲੇਂਦੇ ਨੇ ਕਾਹਤੋਂ ਨੀਵੀਆਂ ਨਜ਼ਰਾਂ
ਇਹ ਕੈਸੀ ਬੇਬਸੀ ਹੈ ਬਣਦੀਆਂ ਕੁੱਖਾਂ ਹੀ ਕਿਉਂ ਕਬਰਾਂ
ਮਿਲੇ ਕਿਉਂ ਜੂਨ ਹਉਕੇ ਦੀ
ਨੀ ਹਾਸੇ ਵਰਗੀਓ ਕੁੜੀਓ…
ਕੋਈ ਬੂਟਾ ਕੋਈ ਸਾਇਆ ਤੁਹਾਡਾ ਕਿਉਂ ਨਹੀਂ ਬਣਦਾ
ਤੁਹਾਡੇ ਸਿਰ ਮੁਹੱਬਤ ਦਾ ਚੰਦੋਆ ਕਿਉਂ ਨਹੀਂ ਤਣਦਾ
ਕਿਤੇ ਤਾਂ ਅੰਤ ਵੀ ਹੋਊ ਥਲਾਂ ਦੀ ਏਸ ਸੁਲਗਣ ਦਾ
ਨੀ ਬੂਟੇ ਲਾਉਂਦੀਓ ਕੁੜੀਓ
ਨੀ ਛਾਵਾਂ ਕਰਦੀਓ ਕੁੜੀਓ…
ਸਮੇਂ ਦੇ ਨ੍ਹੇਰ ਨੇ ਨਿਗਲੀ ਤੁਹਾਡੇ ਪਿਆਰ ਦੀ ਮੰਜ਼ਿਲ
ਭੰਵਰ ਵਿਚ ਡੁੱਬ ਗਈ ਬੇੜੀ ਨਹੀਂ ਮਿਲਿਆ ਕੋਈ ਸਾਹਿਲ
ਕਦੋਂ ਤਕ ਹੋਰ ਤੜਪੇਗੀ ਤੁਹਾਡੇ ਸ਼ੌਕ ਦੀ ਪਾਇਲ
ਜਲਾਂ ਵਿਚ ਡੁਬਦੀਓ ਕੁੜੀਓ
ਥਲਾਂ ਵਿਚ ਸੜਦੀਓ ਕੁੜੀਓ…
ਤੁਹਾਡੀ ਜ਼ਿੰਦਗੀ ਵਿਚ ਕਿਉਂ ਹਨ੍ਹੇਰਾ ਹੀ ਹਨ੍ਹੇਰਾ ਹੈ
ਤੁਹਾਡੇ ਸੀਨਿਆਂ ਵਿਚ ਕਿਉਂ ਉਦਾਸੀ ਦਾ ਬਸੇਰਾ ਹੈ
ਕਦੋਂ ਕੋਈ ਉਗਮਣਾ ਸੂਰਜ ਕਦੋਂ ਚੜ੍ਹਨਾ ਸਵੇਰਾ ਹੈ
ਨੀ ਦੀਵੇ ਧਰਦੀਓ ਕੁੜੀਓ
ਨੀ ਚਾਨਣ ਕਰਦੀਓ ਕੁੜੀਓ…
ਤੁਹਾਡੀ ਅੱਖ ਦਾ ਸੁਪਨਾ ਹਕੀਕਤ ਵਿਚ ਕਦੋਂ ਬਦਲੂ
ਕਿ ਇਹ ਦੁਰ-ਦੁਰ ਜ਼ਮਾਨੇ ਦੀ ਮੁਹੱਬਤ ਵਿਚ ਕਦੋਂ ਬਦਲੂ
ਤੇ ਆਦਮ-ਜ਼ਾਤ ਦੀ ਹਿੰਸਾ ਹਿਫ਼ਾਜ਼ਤ ਵਿਚ ਕਦੋਂ ਬਦਲੂ
ਨੀ ਘੋੜੀਆਂ ਗਾਉਂਦੀਓ ਕੁੜੀਓ
ਘੜੋਲੀਆਂ ਭਰਦੀਓ ਕੁੜੀਓ…
ਨੀ ਫੁੱਲਾਂ ਵਰਗੀਓ ਕੁੜੀਓ…