ਰਘਬੀਰ ਸਿੰਘ ਵਿਰਕ ਮਾਝੇ ਦਾ ਮਸ਼ਹੂਰ ਚੋਰ ਸੀ। ਉਸ ਨੂੰ ਬੱਸ ਤਿੰਨ ਈ ਸ਼ੌਕ ਸਨ। ਚੰਗੇ ਲੀੜੇ ਪਾਉਣੇ, ਚੰਗੀ ਘੋੜੀ ‘ਤੇ ਚੜ੍ਹਨਾ ਅਤੇ ਚੰਗੇ ਘਰ ਵਿਚ ਚੋਰੀ ਕਰਨਾ। ਚੰਗੇ ਲੀੜੇ ਪਾਉਣ ਦਾ ਸ਼ੌਕ ਉਸ ਨੂੰ ਆਪਣੇ ਮਾਮੇ ਕੋਲੋਂ ਮਿਲਿਆ ਸੀ। ਚੰਗੀ ਘੋੜੀ ‘ਤੇ ਚੜ੍ਹਨਾ ਉਸ ਆਪਣੇ ਬਾਪੂ ਕੋਲੋਂ ਸਿੱਖਿਆ ਸੀ ਤੇ ਚੋਰੀ ਯਾਰੀ ਵਾਲੇ ਰਾਹ ਉਹਨੂੰ ਉਹਦਿਆਂ ਯਾਰਾਂ ਲਾ ਦਿੱਤਾ ਸੀ। ਉਂਜ ਚੋਰੀ ਅਖੀਰ ਤੱਕ ਉਹਦੀ ਆਦਤ ਨਹੀਂ ਸੀ ਬਣੀ। ਬੱਸ ਉਹ ਸ਼ੁਗਲ ਲਈ ਹੱਥ ਪੱਲਾ ਮਾਰ ਲੈਂਦਾ ਸੀ। ਸੌਖੇ ਤੇ ਖਾਂਦੇ ਪੀਂਦੇ ਘਰ ਦਾ ਉਹ ‘ਕੱਲਾ ਪੁੱਤਰ ਸੀ। ਕੋਈ ਇਹੋ ਜਿਹੀ ਲੋੜ ਵੀ ਨਹੀਂ ਸੀ ਪਈ ਕਿ ਜ਼ਰੂਰ ਚੋਰੀ ਕਰੇ। ਬੱਸ ਉਹ ਆਖਦਾ, “ਬੰਦਾ ਵਿਹਲਮ ਵਿਹਲਾ ਰਹਿ ਕੇ ਵੀ ਕੀ ਕਰੇ।”
ਕਦੀ ਉਹਦਾ ਪਿਉ ਸਰਦਾਰ ਬੰਤਾ ਸਿੰਘ ਆਪਣੇ ਪਿੰਡ ਹੱਬੇ ਬੱਗੇ ਦਾ ਲੰਬੜਦਾਰ ਹੁੰਦਾ ਸੀ। ਉਦੋਂ ਰਘਬੀਰ ਅਜੇ ਬਾਲ ਈ ਸੀ। ਤੇ ਜਦੋਂ ਨੂੰ ਉਹ ਸਿਆਣਾ ਹੋਇਆ, ਉਦੋਂ ਨੂੰ ਉਹਦਾ ਪਿਉ ਮਰ ਗਿਆ ਸੀ। ਇੱਕ ਮਾਂ ਈ ਉਹਦਾ ਸਭ ਕੁਝ ਸੀ। ਨਾ ਭੈਣ-ਨਾ ਭਰਾ, ਨਾ ਚਾਚਾ-ਨਾ ਤਾਇਆ। ਸਿਆਣਾ ਹੋਇਆ ਤਾਂ ਇਕ ਅੱਧ ਵਾਰ ਉਸ ਆਪ ਵਾਹੀ ਕੀਤੀ ਤੇ ਫੇਰ ਉਸ ਆਪਣੀ ਜਮੀਨ ਅੱਧ ‘ਤੇ ਦੇ ਛੱਡੀ। ਤੇ ਆਪ ਮੌਜ ਮੇਲੇ ਲੁੱਟਣ ਲੱਗ ਪਿਆ।
ਉਦੋਂ ਉਹ ਯਾਰਾਂ ਕੁ ਵਰ੍ਹੇ ਦਾ ਸੀ ਜਦੋਂ ਇਕ ਚਾਨਣੀ ਰਾਤ ਉਹ ਪਿੰਡ ਚਿੱਟੇ ਬੱਗੇ ਦੀਆਂ ਗਲੀਆਂ ਵਿਚ ਮੁੰਡਿਆਂ ਨਾਲ ਲੁਕਣ ਮੀਟੀ ਪਿਆ ਖੇਡਦਾ ਸੀ। ਅਸ਼ਰ ਜੋ ਉਹਦਾ ਬੜਾ ਯਾਰ ਸੀ, ਉਹਨੂੰ ਆਖਣ ਲੱਗਾ, “ਯਾਰ ਭੈੜਿਆ, ਕੁਝ ਖਾਣ ਪੀਣ ਨੂੰ ਦਿਲ ਕਰਦਾ ਈ ਪਿਆ।”
ਗਰਮੀਆਂ ਦੇ ਦਿਨ ਸਨ ਤੇ ਖਰਬੂਜ਼ਿਆਂ ਦੀ ਬਹਾਰ ਸੀ। ਰਘਬੀਰ ਆਖਣ ਲੱਗਾ, “ਚੱਲ ਬਾਬੇ ਨਰੈਣ ਸਿੰਘ ਦੀ ਪੈਲੀ ‘ਚੋਂ ਰੀਂਡੇ ਤੋੜ ਲਿਆਉਨੇ ਆਂ।”
“ਨ੍ਹੀਂ ਯਾਰ ਕੁਝ ਹੋਰ ਖਾਈਏ।”
“ਹੋਰ ਐਸ ਵੇਲੇ ਤੇਰੀ ਮਾਂ...।”
“ਉਏ ਨ੍ਹੀਂ ਯਾਰ, ਮੂੰਗਫਲੀ ਖਾਣ ਨੂੰ ਰੂਹ ਕਰਦੀ ਐ।” ਅਸ਼ਰ ਉਹਦੀ ਗੱਲ ਟੁੱਕ ਕੇ ਆਖਣ ਲੱਗਾ।
ਰਘਬੀਰ ਇਹ ਸੁਣ ਕੇ ਹੈਰਾਨ ਰਹਿ ਗਿਆ। ਫੇਰ ਹੱਸ ਪਿਆ ਤੇ ਆਖਣ ਲੱਗਾ, “ਉਤੋਂ ਅੱਧੀ ਰਾਤ ਹੋਣ ਲੱਗੀ ਤੇ ਐਸ ਵੇਲੇ ਮੂੰਗਫਲੀ ਕਿੱਥੋਂ ਆਵੇਗੀ?”
“ਧਰਤੇ ਬਾਹਮਣ ਦੀ ਹੱਟੀ!” ਅਸ਼ਰ ਨੇ ਮੂੰਹ ਉਹਦੇ ਕੰਨ ਕੋਲ ਕਰਕੇ ਕੇ ਆਖਿਆ ਤਾਂ ਰਘਬੀਰ ਹੱਸ ਪਿਆ। ਐਸ ਕਰਕੇ ਪਈ ਪਿੰਡ ਵਿਚ ਇਕ ਈ ਹੱਟੀ ਸੀ, ਧਰਤੇ ਬਾਹਮਣ ਦੀ। ਜਿਹੜਾ ਹਨੇਰਾ ਪੈਂਦਿਆਂ ਈ ਹੱਟੀ ਨੂੰ ਜਿੰਦਰਾ ਮਾਰ ਕੇ ਘਰ ਨੂੰ ਟੁਰ ਜਾਂਦਾ ਸੀ। ਜੇ ਮਗਰੋਂ ਕਿਸੇ ਨੂੰ ਕੁਝ ਲੈਣ ਦੀ ਲੋੜ ਪੈਂਦੀ ਤਾਂ ਉਹ ਧਰਤੇ ਨੂੰ ਘਰੋਂ ਉਠਾ ਕੇ ਲਿਆਉਂਦਾ। ਲੋਕ ਆਖਦੇ ਕਿ ਬਾਹਮਣ ਆਪਣੀ ਬਾਹਮਣੀ ਦਾ ਵਿਸਾਹ ਨਹੀਂ ਖਾਂਦਾ। ਧਰਤਾ ਵਿਚਾਰਾ ਕਰਦਾ ਵੀ ਕੀ? ਇਕ ਤਾਂ ਬਾਹਮਣੀ ਦਾ ਰੰਗ ਦੁੱਧ ਵਾਂਗ ਚਿੱਟਾ ਸੀ ਤੇ ਉਤੋਂ ਪਿੰਡ ਦਾ ਹਰ ਗੱਭਰੂ ਭੂਤਰਿਆ ਫਿਰਦਾ ਸੀ।
ਫੇਰ ਉਸ ਰਾਤ ਰਘਬੀਰ ਅਤੇ ਅਸ਼ਰ ਨੇ ਮੂੰਗਫਲੀਆਂ ਵਾਲਾ ਨਿੱਕਾ ਜਿਹਾ ਡੱਬਾ, ਜਿਹਦੇ ਵਿਚ ਮਸਾਂ ਈ ਅੱਧ ਸੇਰ ਮੂੰਗਫਲੀ ਹੋਵੇਗੀ, ਕੱਢਣ ਲਈ ਧਰਤੇ ਬਾਹਮਣ ਦੀ ਹੱਟੀ ਭੰਨ ਲਈ। ਇਹ ਰਘਬੀਰ ਦੀ ਪਹਿਲੀ ਚੋਰੀ ਸੀ। ਇਸ ਪਿਛੋਂ ਜਵਾਨੀ ਚੜ੍ਹਦਿਆਂ ਈ ਚੋਰੀਆਂ ਸਨ, ਥਾਣਾ ਸੀ, ਜੇਲ੍ਹ ਸੀ ਤੇ ਰਘਬੀਰ ਸੀ। ਅਸ਼ਰ ਇਕ ਚੋਰੀ ਵਿਚ ਕਤਲ ਵੀ ਕਰ ਬੈਠਾ ਤੇ ਲੰਮੀ ਸਜ਼ਾ ਖਾ ਗਿਆ। ਰਘਬੀਰ ਰੱਬ ਦੀ ਹਿਕਮਤ ਨਾਲ ਬਚ ਗਿਆ। ਯਾਰ ਨੂੰ ਛੁਡਵਾਉਣ ਲਈ ਉਸ ਟਿੱਲ ਤੇ ਬੜਾ ਲਾਇਆ ਪਰ ਉਹਦੀ ਸਜ਼ਾ ਨਾ ਟੁੱਟੀ। ਰਘਬੀਰ ‘ਕੱਲਾ ਈ ਚੋਰੀ ਦੇ ਰਾਹ ਟੁਰਦਾ ਰਿਹਾ। ਜਦੋਂ ਉਹ ਪੰਝੀ ਛੱਬੀ ਵਰਿਆਂ ਦਾ ਹੋਇਆ ਤਾਂ ਉਹ ਮਾਝੇ ਦੇ ਵੱਡੇ ਵੱਡੇ ਚੋਰਾਂ ਤੋਂ ਚਾਰ ਪੈਰ ਅਗਾਂਹ ਈ ਸੀ।
ਆਖਦੇ ਨੇ ਚੋਰ ਦੇ ਪੈਰ ਨਹੀਂ ਹੁੰਦੇ ਪਰ ਰਘਬੀਰ ਸਿੰਘ ਵਿਰਕ ਦੇ ਮਾਮਲੇ ਵਿਚ ਇਹ ਗੱਲ ਝੂਠੀ ਸੀ। ਉਹ ਪੈਰਾਂ ਵਾਲਾ ਚੋਰ ਸੀ। ਚੰਗਿਆਂ ਭਲਿਆਂ ਹੱਡਾਂ ਪੈਰਾਂ ਵਾਲਾ ਮਨ ਚਿੱਤ ਗੱਭਰੂ ਸੀ ਉਹ। ਉਹਦਾ ਹੌਂਸਲਾ ਸ਼ੇਰਾਂ ਵਾਲਾ ਤੇ ਕੰਮ ਸਾਹਨਾਂ ਵਾਲੇ ਸਨ। ਚੋਰੀ ਤਾਂ ਉਹ ਸ਼ੁਗਲ ਮੇਲੇ ਲਈ ਈ ਕਰਦਾ ਸੀ। ਪਰ ਜਿੱਥੇ ਤੇ ਜਦੋਂ ਕਦੀ ਕੋਈ ਉਹਨੂੰ ਲਲਕਾਰ ਦਿੰਦਾ ਤਾਂ ਉਹ ਭੁੱਲ ਜਾਂਦਾ, ਪਈ ਉਹ ਚੋਰ ਐ। ਤੇ ਉਥੇ ਉਹ ਸਾਹਨਾਂ ਵਾਂਗੂੰ ਅੜ ਕੇ ਖੜ੍ਹ ਜਾਂਦਾ। ਜਿੱਥੇ ਉਹ ਅੜ ਜਾਂਦਾ ਤਾਂ ਉਨ੍ਹਾਂ ਪੈਰਾਂ ਦੀ ਮਿੱਟੀ ਸਾਹਨਾਂ ਵਾਂਗ ਕਦੇ ਨਹੀਂ ਸੀ ਛੱਡਦਾ। ਖੌਰੇ ਇਹੀ ਵਜ੍ਹਾ ਸੀ ਕਿ ਗੱਭਰੂ ਉਹਨੂੰ ਵੇਖ ਕੇ ਖੜ੍ਹੋ ਜਾਂਦੇ, ਤੇ ਤੁਰੀਆਂ ਜਾਂਦੀਆਂ ਕੁੜੀਆਂ ਉਹਨੂੰ ਪਰਤ ਪਰਤ ਕੇ ਵੇਖਦੀਆਂ। ਵੱਡੇ ਉਹਦੀ ਸੋਹਣੀ ਜਵਾਨੀ ਲਈ ਦੁਆ ਕਰਦੇ ਤੇ ਸੂਰਮੇ ਉਹਦਾ ਰਾਹ ਨਹੀਂ ਸਨ ਲੰਘਦੇ ਹੁੰਦੇ। ਸਾਰੇ ਮਾਝੇ ਵਿਚ ਉਹਦੀ ਡਾਂਗ ਤੇ ਹਵਾ ਨਾਲੋਂ ਵੀ ਤੇਜ਼ ਭੱਜਣ ਵਾਲੀ ਮੁਸ਼ਕੀ ਘੋੜੀ ਦੀ ਧੁੰਮ ਸੀ।
ਉਦੋਂ ਹੀ ਉਸੇ ਇਲਾਕੇ ਦੇ ਪਿੰਡ ਕਤਾਰੂਗਿੱਲ ਵਿਚ ਇਕ ਨਵਾਂ ਗੱਭਰੂ ਉਠਿਆ। ਜਿਹੜਾ ਆਪਣੇ ਪਿੰਡ ਦੁਆਲੇ ਬਹਾਦਰੀ ਦੀ ਕੰਧ ਬਣ ਕੇ ਖੜ੍ਹ ਗਿਆ। ਉਹਨੇ ਪਿੰਡ ਦੇ ਲੋਕਾਂ ਨੂੰ ਆਖਿਆ, “ਮਾਲ ਡੰਗਰ ਵੱਲੋਂ ਬੇਸ਼ਕ ਅੱਖਾਂ ਮੀਟ ਕੇ ਸੌਂ ਜਾਇਆ ਕਰੋ। ਜਿਹਦੀ ਕੋਈ ਸ਼ੈਅ ਚਲੀ ਗਈ, ਉਹ ਮੇਰਾ ਜਿੰਮਾ ਰਿਹਾ। ਮੈਥੋਂ ਆ ਕੇ ਲੈ ਜਾਇਆ ਜੇ।” ਤੇ ਨਾਲ ਈ ਉਸ ਮਾਝੇ ਦੇ ਸਾਰੇ ਚੋਰਾਂ ਨੂੰ ਵੰਗਾਰ ਕੇ ਆਖਿਆ, “ਜਿਹਨੂੰ ਜਾਨ ਦੀ ਲੋੜ ਨਾ ਹੋਵੇ ਉਹੀਉ ਕਤਾਰੂਗਿੱਲ ਪਿੰਡ ਵੱਲ ਮੂੰਹ ਕਰੇ।”
ਤੇ ਸੱਚੀਂ ਕਤਾਰੂਗਿੱਲ ਵਿਚ ਚੋਰੀਆਂ ਹੋਣੋਂ ਹਟ ਗਈਆਂ। ਜਿੱਥੇ ਦੋ ਚਾਰ ਬੰਦੇ ‘ਕੱਠੇ ਹੁੰਦੇ ਉਸ ਨਿਵੇਲਕੇ ਸੂਰਮੇ ਦੀਆਂ ਗੱਲਾਂ ਕਰਦੇ। ਦੂਰੋਂ ਦੂਰੋਂ ਲੋਕ ਉਸ ਗੱਭਰੂ ਨੂੰ ਵੇਖਣ ਜਾਂਦੇ। ਜਿਹੜਾ ਛੈਲ ਛਬੀਲਾ, ਚੌਵੀ ਕੁ ਵਰ੍ਹਿਆਂ ਦਾ ਰੱਜ ਕੇ ਸੋਹਣਾ ਮੁੰਡਾ ਸੀ। ਉਹਦਾ ਨਾਮ ਹਜ਼ਾਰਾ ਸਿੰਘ ਸੀ। ਹਜ਼ਾਰਾ ਸਿੰਘ ਦੀਆਂ ਗੱਲਾਂ, ਜਵਾਨ ਕੁੜੀਆਂ ਤੋਂ ਲੈ ਕੇ ਵੱਡੀਆਂ ਮਾਈਆਂ ਤੱਕ ਤੇ ਬਾਲ ਅਵਾਣਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਬਜ਼ਰਗਾਂ ਤੱਕ ਹਰ ਕੋਈ ਕਰਦਾ ਸੀ। ਲੋਕੀਂ ਉਹਦੀਆਂ ਗੱਲਾਂ ਕਰਦੇ ਆਖਦੇ, “ਸਾਰੇ ਮਾਝੇ ਵਿਚ ਐਡਾ ਸੂਰਮਾ ਕੋਈ ਨ੍ਹੀਂ।”
“ਉਹ ਮਾਝੇ ਦਾ ਨੱਕ ਐ ਤੇ ਕਤਾਰੂਗਿੱਲ ਨੇ ਐਹੋ ਜਿਹਾ ਲਾਲ ਅੱਗੇ ਕੋਈ ਨ੍ਹੀਂ ਜੰਮਿਆਂ।”
ਕੋਈ ਸੁਣਾਉਂਦਾ, “ਉਹ ਬੜਾ ਸਖੀ ਐ, ਫਲਾਣੇ ਕੰਮੀ ਦੀ ਧੀ ਦੇ ਵਿਆਹ ਤੇ ਉਸ ਹਜ਼ਾਰ ਰੁਪਿਆ ਮਦਦ ਪਾਰੋਂ ਦੇ ਛੱਡਿਆ ਸੀ।”
ਕੋਈ ਬੋਲਦਾ, “ਉਹ ਤੇ ਮੋਚੀ ਜੁੱਤੀ ਬਣਾ ਕੇ ਲਿਆਏ ਤਾਂ ਉਸ ਨੂੰ ਮੱਝ ਦੇ ਛੱਡਦਾ ਐ।”
ਕੋਈ ਕਹਿੰਦਾ, “ਉਸ ਜੈਲ ਸਿੰਘ ਵਰਗੇ ਡਾਕੂ ਨੂੰ ਨੱਥ ਪਾ ਛੱਡੀ ਐ।”
ਤੇ ਕੋਈ ਆਖਦਾ, “ਉਸ ‘ਕੱਲੇ ਨੇ ਪੰਦਰਾਂ ਪੰਦਰਾਂ ਨੂੰ ਮਾਰ ਮਾਰ ਕੇ ਤੋੜ ਛੱਡਿਆ ਸੀ ਜਿਹੜੇ ਕਤਾਰੂਗਿੱਲ ਵਿਚ ਚੋਰੀ ਕਰਨ ਆਏ ਸਨ।”
ਗੱਲ ਕੀ ਰੋਜ਼ ਈ ਕੋਈ ਨਵੀਂ ਗੱਲ ਹਜ਼ਾਰਾ ਸਿੰਘ ਬਾਰੇ ਸੁਣਨ ਨੂੰ ਮਿਲਦੀ। ਉਹਦੀ ਇਕ ਭੈਣ ਵੀ ਸੀ ਜਿਹਦਾ ਨਾਂ ਰਤਨੀ ਸੀ। ਉਹਦੇ ਹੁਸਨ ਜਵਾਨੀ ਦੇ ਚਰਚੇ ਵੀ ਲੋਕ ਦਬੀ ਜ਼ੁਬਾਨ ਵਿਚ ਕਰਦੇ। ਹਜ਼ਾਰਾ ਸਿੰਘ, ਸਰਦਾਰ ਤਰਲੋਕ ਸਿੰਘ ਜ਼ੈਲਦਾਰ ਦਾ ‘ਕੱਲਾ ਪੁੱਤਰ ਸੀ। ਇਹ ਗੱਲ ਤੇ ਲੋਕ ਵੀ ਠੀਕ ਈ ਆਖਦੇ ਸਨ, ਪਈ ਹਜ਼ਾਰਾ ਸਿੰਘ ਬੜੇ ਵੱਡੇ ਪਿਉ ਦਾ ਬੜਾ ਵੱਡਾ ਪੁੱਤਰ ਐ।
ਜਦੋਂ ਰਘਬੀਰ ਸਿੰਘ ਕਤਾਰੂਗਿੱਲ ਦੇ ਹਜ਼ਾਰਾ ਸਿੰਘ ਦੀ ਜੈਰਾਤ ਬਹਾਦਰੀ ਤੇ ਵਡਿਆਈ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਿਆ ਤਾਂ ਇਕ ਦਿਨ ਮੂੰਹ ਹਨੇਰੇ ਈ ਉਸ ਆਪਣੀ ਘੋੜੀ ‘ਤੇ ਕਾਠੀ ਪਾਈ। ਆਪਣੀ ਤੇਲ ਵਿਚ ਭਿੱਜੀ ਹੋਈ ਡਾਂਗ ਹੱਥ ਵਿਚ ਫੜ੍ਹੀ ਤੇ ਕਤਾਰੂਗਿਲ ਨੂੰ ਚੱਲ ਪਿਆ। ਕਤਾਰੂਗਿੱਲ ਉਹਦੇ ਆਪਣੇ ਪਿੰਡ ਤੋਂ ਵੀਹ ਕੋਹ ਦੂਰ, ਗਿੱਲ ਜੱਟਾਂ ਦਾ ਪਿੰਡ ਸੀ। ਰੋਟੀ ਵੇਲੇ ਨਾਲ ਉਹਦੀ ਮੁੜਕੇ ਨਾਲ ਭਿੱਜੀ ਘੋੜੀ ਕਤਾਰੂਗਿੱਲ ਵਿਚ ਦਾਖਲ ਹੋਈ। ਰਘਬੀਰ ਨੇ ਜਦੋਂ ਤੁਰੇ ਜਾਂਦੇ ਬੰਦੇ ਨੂੰ ਖਲ੍ਹਾਰ ਕੇ ਹਜ਼ਾਰਾ ਸਿੰਘ ਦਾ ਘਰ ਪੁੱਛਿਆ ਤਾਂ ਉਸ ਨੇ ਪਹਿਲਾਂ ਬੜੀ ਨੀਝ ਨਾਲ ਉਸ ਨੂੰ ਪੈਰਾਂ ਤੋਂ ਸਿਰ ਤੱਕ ਤੱਕਿਆ ਤੇ ਇਕ ਪੱਕੀ ਹਵੇਲੀ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, “ਔਹ ਹਜ਼ਾਰਾ ਸਿੰਘ ਦੀ ਹਵੇਲੀ ਐ।”
ਹਵੇਲੀ ਦੇ ਫਾਟਕ ਅੱਗੇ ਰਘਬੀਰ ਸਿੰਘ ਘੋੜੀ ਤੋਂ ਉਤਰਿਆ। ਸਿਆਲ ਦੇ ਦਿਨ ਸਨ ਪਰ ਉਹਦੀ ਘੋੜੀ ਦਾ ਮੁੜਕਾ ਚੋਣ ਡਿਹਾ ਸੀ। ਉਸ ਪਿੰਡ ਵਿਚ ਉਹ ਪਹਿਲੀ ਵਾਰ ਆਇਆ ਸੀ। ਨਾ ਉਹ ਕਿਸੇ ਨੂੰ ਜਾਣਦਾ ਸੀ ਤੇ ਨਾ ਹੀ ਉਹਨੂੰ ਕੋਈ ਜਾਣਦਾ ਸੀ। ਐਸ ਕਰਕੇ ਉਹ ਬੇਧੜਕ ਅੰਦਰ ਲੰਘ ਗਿਆ। ਹਵੇਲੀ ਖਾਲਮ ਖਾਲੀ ਪਈ ਸੀ। ਵਿਹੜੇ ਵਿਚ ਲੱਕੜੀ ਦੀ ਵੱਡੀ ਸਾਰੀ ਖੁਰਲੀ ਸੀ ਜਿਸ ‘ਤੇ ਚਾਰ ਢੱਗੇ ਬੱਧੇ ਹੋਏ ਸਨ। ਅਗਾਂਹ ਨਾਲ ਈ ਇਕ ਡਾਚੀ ਮੂੰਹ ਚੁੱਕ ਕੇ ਫਾਟਕ ਵੱਲ ਵੇਖਣ ਡਹੀ ਸੀ। ਖੱਬੇ ਬੰਨੇ ਕੰਧ ਦੇ ਨਾਲ ਮਿੱਟੀ ਦੀ ਖੁਰਲੀ ਤੇ ਚਾਰ ਪੰਜ ਨਹਾਤੀਆਂ ਧੋਤੀਆਂ ਮੱਝਾਂ ਬੱਧੀਆਂ ਹੋਈਆਂ ਸਨ। ਸੱਜੇ ਬੰਨੇ ਵੀ ਕੰਧ ਨਾਲ ਪੱਕੇ ਖੁਰਲ ‘ਤੇ ਦੋ ਸੁਥਰੀਆਂ ਘੋੜੀਆਂ ਪੱਠੇ ਖਾਣ ਡਹੀਆਂ ਸਨ।
“ਬੜਾ ਸੁਥਰਾ ਮਾਲ ਐ!” ਰਘਬੀਰ ਸਿੰਘ ਨੇ ਦਿਲ ਈ ਦਿਲ ‘ਚ ਆਖਿਆ। ਤੇ ਨਾਲ ਹੀ ਹਵੇਲੀ ਦੀਆਂ ਕੰਧਾਂ ਵੱਲ ਵੇਖਿਆ ਜੋ ਦੋ ਦੋ ਬੰਦੇ ਉਚੀਆਂ ਸਨ। ਉਹਨੇ ਘੋੜੀ ਦੀ ਲਗਾਮ ਲਾਹ ਕੇ ਉਹਦਾ ਤੰਗ ਢਿੱਲਾ ਕੀਤਾ ਤੇ ਪਰ੍ਹੇ ਖੜ੍ਹੀਆਂ ਘੋੜੀਆਂ ਦੇ ਨਾਲ ਈ ਬੰਨ ਦਿੱਤਾ। ਆਪ ਉਹ ਪਰ੍ਹਾਂ ਪਈ ਹੋਈ ਖਾਲੀ ਮੰਜੀ ‘ਤੇ ਬਹਿ ਗਿਆ।
ਘੜੀ ਕੁ ਪਿੱਛੋਂ ਹਜ਼ਾਰਾ ਸਿੰਘ ਆ ਗਿਆ। ਉਹ ਰਘਬੀਰ ਸਿੰਘ ਨੂੰ ਕੋਈ ਮੁਸਾਫਰ ਸਮਝ ਕੇ ਉਹਦੀ ਟਹਿਲ ਸੇਵਾ ਕਰਨ ਲੱਗਿਆ। ਅੰਨ ਪਾਣੀ ਤੋਂ ਵਿਹਲੇ ਹੋ ਕੇ ਉਹ ਗੱਲਾਂ ਕਰਨ ਲੱਗ ਪਏ। ਜਦੋਂ ਚੰਗੀ ਤਰ੍ਹਾਂ ਦਿਨ ਢਲ ਗਿਆ ਤੇ ਪਾਲਾ ਧਰਤੀ ‘ਤੇ ਫਹਾਰਾਂ ਵਾਂਗ ਪੈਣ ਲੱਗਿਆ ਤਾਂ ਰਘਬੀਰ ਸਿੰਘ ਨੇ ਆਪਣੀ ਲੋਈ ਦੀ ਬੁੱਕਲ ਘੁੱਟ ਕੇ ਮਾਰ ਲਈ। ਇਹਦੇ ਨਾਲ ਹੀ ਉਹਨੇ ਹਜ਼ਾਰਾ ਸਿੰਘ ਤੋਂ ਜਾਣ ਦੀ ਇਜਾਜ਼ਤ ਮੰਗੀ। ਉਦੋਂ ਈ ਹਜ਼ਾਰਾ ਸਿੰਘ ਨੇ ਆਖਿਆ, “ਪਰ ਜਵਾਨ ਤੂੰ ਇਹ ਤੇ ਦੱਸਿਆ ਈ ਨ੍ਹੀਂ ਕਿ ਤੂੰ ਕਿਥੋਂ ਆਇਆ ਐਂ ਤੇ ਤੇਰੇ ਘਰ ਕਿੱਥੇ ਨੇ?”
ਰਘਬੀਰ ਸਿੰਘ ਹੱਸ ਪਿਆ ਤੇ ਆਖਣ ਲੱਗਾ, “ਮੈਂ ਰਾਵੀ ਪਾਰ ਦਾ ਆਂ। ਐਥੋਂ ਜੱਗੇ ਬੱਗੇ ਸਾਕ ਅੰਗ ਨੇ, ਉਨ੍ਹਾਂ ਨੂੰ ਮਿਲਣ ਗਿਲਣ ਆਇਆ ਸੀ। ਤੁਹਾਡੀ ਬੜੀ ਧੁੰਮ ਸੁਣੀ ਸੀ ਤੇ ਮੈਂ ਆਖਿਆ ਕਿ ਵੇਖ ਈ ਆਵਾਂ। ਇਹੋ ਜਿਹੇ ਸਾਹਨ ਆਦਮੀ ਕਦੋਂ ਰੋਜ਼ ਰੋਜ਼ ਮਿਲਦੇ ਨੇ।”
“ਅੱਛਾ!” ਹਜ਼ਾਰਾ ਸਿੰਘ ਨੇ ਆਪਣੀਆਂ ਪਤਲੀਆਂ ਜਿਹੀਆਂ ਮੁੱਛਾਂ ਨੂੰ ਵੱਟ ਦਿੰਦਿਆਂ ਆਖਿਆ। ਫੇਰ ਜਿਵੇਂ ਉਹਨੂੰ ਕੋਈ ਗੱਲ ਯਾਦ ਆ ਗਈ ਹੋਵੇ ਤੇ ਆਖਣ ਲੱਗਾ, “ਸੁਣਿਐਂ ਜੱਗੇ ਬੱਗੇ ਦਾ ਰਘਬੀਰ ਬੜਾ ਜੀ ਦਾਰ ਚੋਰ ਐ?”
ਰਘਬੀਰ ਸਿੰਘ ਪਹਿਲੋਂ ਤੇ ਕੁਝ ਝਕ ਗਿਆ ਪਰ ਫੇਰ ਆਖਣ ਲੱਗਾ, “ਆਹੋ ਸੁਣਿਐਂ ਬੜਾ ਸਾਹਨ ਆਦਮੀ ਐਂ।”
“ਚੋਰ ਕੀ ਤੇ ਸਾਹਨ ਕੀ।” ਇੰਨਾ ਆਖ ਹਜ਼ਾਰਾ ਸਿੰਘ ਹੱਸਣ ਲੱਗਾ। ਫੇਰ ਇਕਦਮ ਚੁੱਪ ਹੁੰਦਾ ਬੋਲਿਆ, “ਕਦੇ ਕਤਾਰੂਗਿੱਲ ਵੱਲ ਮੂੰਹ ਕਰੇ ਤਾਂ ਦੱਸਾਂ ਕਿ ਕਿੱਡਾ ਕੁ ਸਾਹਨ ਐਂ ਉਹ।”
ਰਘਬੀਰ ਸਿੰਘ ਮਿੰਨਾ ਜਿਹਾ ਹੱਸ ਕੇ ਚੁੱਪ ਕਰ ਗਿਆ। ਫੇਰ ਉਠਣ ਲੱਗਾ ਬੋਲਿਆ, “ਸਰਦਾਰ ਜੀ ਦੁਨੀਆਂ ਇਕ ਤੋਂ ਇਕ ਵੱਡੀ ਬਲਾ ਐ। ਪਰ ਜੇ ਉਹ ਬੜੀ ਬਲਾ ਐ ਤਾਂ ਸਾਨੂੰ ਕੀ।”
ਹਜ਼ਾਰਾ ਸਿੰਘ ਨੇ ਤਿੱਖੀ ਨਜ਼ਰੇ ਉਸ ਵੱਲ ਵੇਖਿਆ ਤੇ ਫੇਰ ਆਖਣ ਲੱਗਾ, “ਤੁਸਾਂ ਉਹਨੂੰ ਵੇਖਿਆ ਈ?”
“ਆਹੋ ਇਕ ਵਾਰੀ।”
“ਕਿਸ ਤਰ੍ਹਾਂ ਦਾ ਜਵਾਨ ਐਂ ਉਹ?”
“ਚੰਗਾ ਸੁਥਰਾ ਐ।”
“ਜੇ ਉਹ ਕਦੇ ਤੈਨੂੰ ਮਿਲੇ ਤਾਂ ਮੇਰਾ ਸੁਨੇਹਾ ਦੇਵੀਂ।” ਹਜ਼ਾਰਾ ਸਿੰਘ ਨੇ ਆਖਿਆ।
“ਤੁਸੀਂ ਉਹਨੂੰ ਜਾਣਦੇ ਓਂ ਸਰਦਾਰ ਜੀ?” ਰਘਬੀਰ ਸਿੰਘ ਨੇ ਪੁੱਛਿਆ।
“ਜਾਣਦੇ ਤਾਂ ਨ੍ਹੀਂ ਬੱਸ ਨਾਂ ਈ ਸੁਣਿਆ ਐ।”
“ਅੱਛਾ! ਚਲੋ ਦੱਸੋ ਕੀ ਸੁਨੇਹਾ ਦੇਣਾ ਐਂ ਉਹਨੂੰ?”
“ਉਹਨੂੰ ਆਖੀਂ, ਜੇ ਉਹ ਕਦੀ ਕਤਾਰੂਗਿੱਲ ‘ਚੋਂ ਭੇਡ ਦਾ ਇਕ ਲੇਲਾ ਵੀ ਚੁੱਕ ਕੇ ਲੈ ਜਾਵੇ ਤਾਂ ਮੈਂ ਉਹਨੂੰ ਮੰਨਾਂ।”
“ਚੰਗਾ ਜੇ ਕਦੇ ਮਿਲਿਆ ਤਾਂ ਆਖ ਦੇਵਾਂਗਾ।” ਇੰਨਾ ਕਹਿ ਕੇ ਰਘਬੀਰ ਸਿੰਘ ਉਠਿਆ, ਹਜ਼ਾਰਾ ਸਿੰਘ ਨਾਲ ਦੁਆ ਸਲਾਮ ਕੀਤੀ, ਘੋੜੀ ‘ਤੇ ਚੜ੍ਹਿਆ ਤੇ ਆਪਣੇ ਪਿੰਡ ਨੂੰ ਟੁਰ ਪਿਆ।
ਤੇ ਉਸ ਤੋਂ ਤੀਸਰੀ ਰਾਤ ਹਜ਼ਾਰਾ ਸਿੰਘ ਦਾ ਸਾਰਾ ਮਾਲ ਡੰਗਰ ਚੋਰ ਲੈ ਗਏ। ਉਂਜ ਤੇ ਚੋਰ, ਸੁੱਤੀ ਪਈ ਰਤਨੀ ਦੀਆਂ ਮੁਰਕੀਆਂ ਵੀ ਲੈ ਗਏ। ਪਰ ਰਤਨੀ ਨੇ ਆਪਣੀਆਂ ਮੁਰਕੀਆਂ ਲੱਥ ਜਾਣ ਦਾ ਭੋਗ ਈ ਨਾ ਪਾਇਆ। ਕਿਉਂਕਿ ਇਸ ਗੱਲ ਦਾ ਰਤਨੀ ਕੋਲ ਕੋਈ ਜੁਆਬ ਨਹੀਂ ਸੀ।
ਚਾਰ ਢੱਗੇ, ਚਾਰ ਮੱਝਾਂ, ਦੋ ਘੋੜੀਆਂ ਤੇ ਇਕ ਡਾਚੀ, ਹਜ਼ਾਰਾ ਸਿੰਘ ਦਾ ਸਾਰਾ ਈ ਮਾਲ ਡੰਗਰ ਈ ਚੋਰੀ ਹੋ ਗਿਆ ਸੀ। ਪਰ ਖੁਰਾ ਇਕ ਬੰਦੇ ਤੋਂ ਵੱਧ ਕਿਸੇ ਦਾ ਨਾ ਲੱਭਾ। ਤੇ ਉਹ ਵੀ ਕਤਾਰੂਗਿੱਲ ਦੀਆਂ ਗਲੀਆਂ ਦੇ ਬਾਹਰ ਨਾ ਗਿਆ। ਇਕ ਤੋਂ ਇਕ ਚੰਗਾ ਖੋਜੀ ਆਇਆ ਪਰ ਹਰ ਕੋਈ ਸਿਰ ਮਾਰ ਗਿਆ ਤੇ ਕਿਸੇ ਨੂੰ ਵੀ ਦੂਜੇ ਬੰਦੇ ਦਾ ਖੁਰਾ ਨਾ ਲੱਭਾ। ਤੇ ਉਸ ਇਕ ਬੰਦੇ ਦਾ ਖੁਰਾ ਵੀ ਕਿਹਾ ਲੱਭਾ ਜਿਹਾ ਨਾ ਲੱਭਾ ਕਿਉਂਕਿ ਨਾ ਈ ਹਜ਼ਾਰਾ ਸਿੰਘ ਤੇ ਨਾ ਈ ਕੋਈ ਹੋਰ ਸੁਣਨ ਵਾਲਾ ਇਹ ਗੱਲ ਮੰਨਦਾ ਸੀ ਕਿ ਇਹ ਇਕ ਬੰਦੇ ਦਾ ਕੰਮ ਐ। ਪੰਦਰਾਂ ਦਿਨ ਹਜ਼ਾਰਾ ਸਿੰਘ ਨੇ ਊਠਾਂ ਅਤੇ ਬੰਦਿਆਂ ਨਾਲ ਸਾਰਾ ਮਾਝਾ ਛਾਣ ਮਾਰਿਆ ਪਰ ਨਾ ਉਸ ਚੋਰ ਦਾ ਪਤਾ ਲੱਗਾ ਤੇ ਨਾ ਈ ਮਾਲ ਦਾ। ਕਿਸੇ ਆਖਿਆ, “ਠਾਣੇ ਪਰਚਾ ਦਿਉ।”
ਉਦੋਂ ਈ ਹਜ਼ਾਰਾ ਸਿੰਘ ਨੇ ਕਿਹਾ, “ਨ੍ਹੀਂ ਇਹ ਕੰਮ ਨ੍ਹੀਂ ਕਰਨਾ। ਮਾਲ ਜੋ ਲੈ ਗਿਆ ਲੈ ਗਿਆ, ਉਸ ਬੰਦੇ ਦਾ ਤੇ ਪਤਾ ਲੱਗੇ। ਉਹ ਕਿਹੜਾ ਸਾਹਨ ਐਂ ਜਿਹਨੇ ਮੇਰੇ ਘਰ ਚੋਰੀ ਕੀਤੀ ਐ।”
ਪਰ ਚੋਰ ਨਾ ਲੱਭਣਾ ਸੀ ਤੇ ਨਾ ਈ ਲੱਭਾ। ਸਾਰੇ ਮਾਝੇ ਵਿਚ ਉਸ ਚੋਰ ਦੀਆਂ ਗੱਲਾਂ ਹੁੰਦੀਆਂ ਸਨ ਜਿਹਨੇ ਵੱਡੇ ਵੱਡੇ ਚੋਰਾਂ ਨੂੰ ਹੈਰਾਨ ਕਰ ਛੱਡਿਆ ਸੀ। ਐਸ ਤਰ੍ਹਾਂ ਈ ਵੀਹ ਦਿਨ ਲੰਘ ਗਏ ਤੇ ਹਜ਼ਾਰਾ ਸਿੰਘ ਥੱਕ ਕੇ ਬਹਿ ਗਿਆ।
ਇੱਕੀਵੀਂ ਰਾਤ ਅਜੇ ਅੱਧੀ ਨਹੀਂ ਸੀ ਲੰਘੀ ਕਿ ਧੁੰਦ ਅਤੇ ਮਿੰਨੀ ਮਿੰਨੀ ਚਾਨਣੀ ‘ਚ ਲਿਪਟੇ ਕਤਾਰੂਗਿੱਲ ਵਿਚ ਇਕ ਗੱਭੂਰ ਵੜਿਆ। ਚੰਦ ਦੀ ਲੋਅ ਵਿਚ ਉਸ ਦੀ ਛਵੀ ਦਾ ਫਲ ਲਿਸ਼ਕਦਾ ਪਿਆ ਸੀ। ਉਹਦਾ ਮੂੰਹ ਠਾਠੇ ‘ਚ ਤੇ ਉਹਦਾ ਸਰੀਰ ਗੂੜ੍ਹੇ ਰੰਗ ਦੇ ਕੰਬਲ ਵਿਚ ਲਿਪਟਿਆ ਹੋਇਆ ਸੀ। ਉਹ ਇਕ ਕਾਨੇ ਜਿਹੇ ਨਾਲ ਹਜ਼ਾਰਾ ਸਿੰਘ ਦੇ ਸਾਰੇ ਡੰਗਰ ਹਿੱਕੀ ਆਉਂਦਾ ਪਿਆ ਸੀ। ਡੰਗਰ ਹਵੇਲੀ ਪਛਾਣ ਕੇ ਬੂਹੇ ਅੱਗੇ ਖੜ੍ਹੋ ਗਏ। ਤੇ ਗੱਭਰੂ ਕਿਸੇ ਬਾਂਦਰ ਦੀ ਫੁਰਤੀ ਨਾਲ ਦੋ ਦੋ ਬੰਦੇ ਉਚੀ ਕੰਧ ‘ਤੇ ਚੜ੍ਹਿਆ ਤੇ ਖੜਕਾ ਕੀਤੇ ਬਗੈਰ ਹੌਲੀ ਜਿਹੀ ਉਹਨੇ ਅੰਦਰੋਂ ਫਾਟਕ ਖੋਲ੍ਹ ਦਿੱਤਾ। ਡੰਗਰ ਅੰਦਰ ਵਾੜੇ, ਹਵੇਲੀ ਦਾ ਅੰਦਰੋਂ ਕੁੰਡਾ ਮਾਰਿਆ ਤੇ ਫਿਰ ਉਸ ਨੇ ਬਰਾਂਡੇ ਵਿਚ ਸੁੱਤੇ ਕਾਮਿਆਂ ਵੱਲ ਵੇਖਿਆ। ਉਹ ਐਡੀ ਗੂੜ੍ਹੀ ਨੀਂਦਰੇ ਸੁੱਤੇ ਹੋਏ ਸਨ ਜਿਵੇਂ ਮਰੇ ਪਏ ਹੋਣ। ਉਹ ਹੌਲੀ ਜਿਹੀ ਹੱਸਿਆ, ਫਿਰ ਕੰਧ ਉਪਰੋਂ ਛਾਲ ਮਾਰ ਕੇ ਹੇਠਾਂ ਆਇਆ ਤੇ ਪਿੰਡੋਂ ਬਾਹਰ ਨੂੰ ਟੁਰ ਗਿਆ। ਅਗਾਂਹ ਉਹਦੀ ਮੁਸ਼ਕੀ ਘੋੜੀ ਟਾਹਲੀ ਨਾਲ ਬੱਧੀ ਹੋਈ ਸੀ। ਜਿਉਂ ਹੀ ਉਹਨੇ ਆਪਣੀ ਘੋੜੀ ਖੋਲ੍ਹੀ ਤਾਂ ਪਿਛਿਓਂ ਕਿਸੇ ਨੇ ਉਹਦੇ ਮੋਢੇ ‘ਤੇ ਹੱਥ ਰੱਖਿਆ। ਉਹ ਬਿਜਲੀ ਦੀ ਫੁਰਤੀ ਨਾਲ ਉਛਲ ਕੇ ਦੂਰ ਜਾ ਖੜੋਤਾ ਤੇ ਉਸ ਆਪਣੀ ਛਵੀ ਸਿੱਧੀ ਕਰ ਕੇ ਫੜ੍ਹ ਲਈ। ਫਿਰ ਉਹਨੇ ਸਾਹਮਣੇ ਖਲੋਤੇ ਬੰਦੇ ਵੱਲ ਵੇਖਿਆ ਜਿਸ ਨੇ ਉਹਦੇ ਮੋਢੇ ‘ਤੇ ਹੱਥ ਰੱਖਿਆ ਸੀ। ਗੌਹ ਨਾਲ ਵੇਹੰਦਿਆਂ ਉਹਨੂੰ ਅਹਿਸਾਸ ਹੋਇਆ ਕਿ ਉਹ ਬੰਦਾ ਨਹੀਂ, ਇਕ ਕੁੜੀ ਸੀ। ਹੱਦੋਂ ਸੋਹਣੀ ਚੰਨ ਦੀ ਲੋਅ ਵਿਚ ਕੁੜੀ ਦਾ ਚਿਹਰਾ ਇਸ ਤਰ੍ਹਾਂ ਚਮਕਦਾ ਪਿਆ ਸੀ ਜਿਵੇਂ ਧੁੱਪ ਵਿਚ ਤਾਂਬੇ ਦਾ ਥਾਲ। ਗੱਭਰੂ ਦੇ ਪਿੰਡੇ ‘ਚੋਂ ਖੌਫ ਦੀ ਇਕ ਲਹਿਰ ਲੰਘ ਗਈ। ਉਦੋਂ ਹੀ ਕੁੜੀ ਹੱਸਦਿਆਂ ਆਖਣ ਲੱਗੀ, “ਸਾਡਾ ਮਾਲ ਤੇ ਮੋੜ ਚੱਲਿਆ ਐਂ ਪਰ ਤੂੰ ਆਪਣਾ ਨਾਂ ਨ੍ਹੀਂ ਦੱਸਿਆ।”
ਤੇ ਉਦੋਂ ਹੀ ਗੱਭਰੂ ਨੇ ਅੱਖਾਂ ਖੋਲ੍ਹ ਕੇ ਉਸ ਕੁੜੀ ਵੱਲ ਵੇਖਿਆ। ਫੇਰ ਆਪਣੇ ਬੋਝੇ ‘ਚੋਂ ਕੁੱਝ ਕੱਢ ਕੇ ਕੁੜੀ ਨੂੰ ਆਖਣ ਲੱਗਾ, “ਇਹ ਨੇ ਰਤਨ ਕੌਰੇ ਤੇਰੀਆਂ ਮੁਰਕੀਆਂ। ਮੈਂ ਸੌਂਹ ਖਾਧੀ ਸੀ ਪਈ ਤੇਰੇ ਹੱਥਾਂ ਵਿਚ ਆਪ ਫੜਾਵਾਂਗਾ।”
ਗੱਭਰੂ ਨੇ ਕੁੜੀ ਦਾ ਹੱਥ ਫੜ੍ਹ ਕੇ ਉਹਦੀ ਤਲੀ ‘ਤੇ ਮੁਰਕੀਆਂ ਰੱਖ ਦਿੱਤੀਆਂ। ਸੋਨੇ ਦੇ ਰੰਗ ਦੀ ਚਾਨਣੀ ਵਿਚ ਸੋਨਾ ਹੋਰ ਲਿਸ਼ਕਿਆ। ਗੱਭਰੂ ਛਾਲ ਮਾਰ ਕੇ ਆਪਣੀ ਘੋੜੀ ‘ਤੇ ਚੜ੍ਹ ਗਿਆ। ਉਦੋਂ ਹੀ ਕੁੜੀ ਛੇਤੀ ਦੇਣੇ ਆਖਣ ਲੱਗੀ, “ਅੜਿਆ ਜੇ ਤੂੰ ਆਪਣਾ ਨਾਂ ਨ੍ਹੀਂ ਦੱਸਣਾ ਤਾਂ ਮੁਰਕੀਆਂ ਵੀ ਲੈ ਜਾਹ। ਮੈਂ ਨਿਰੀਆਂ ਮੁਰਕੀਆਂ ਦਾ ਕੀ ਕਰਨੈ।”
ਤੇ ਰਘਬੀਰ ਸਿੰਘ ਨੂੰ ਲੱਗਿਆ ਜਿਵੇਂ ਕਿਸੇ ਨੇ ਬੇੜੀਆਂ ਪਾ ਕੇ ਸਾਰੀ ਉਮਰ ਲਈ ਉਹਨੂੰ ਜੇਲ੍ਹ ਵਿਚ ਸੁੱਟ ਦਿੱਤਾ ਹੋਵੇ।
(ਲਿਪੀਅੰਤਰ: ਹਰਮਹਿੰਦਰ ਚਹਿਲ)