Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

ਦੇਸ ਵਾਪਸੀ/Desh Wapsi

ਦੇਸ ਵਾਪਸੀ/Desh Wapsi
7th June 2018 02:10:26
ਲਾਂਚ ਵਿੱਚ ਤੀਜੇ ਦਰਜੇ ਦੇ ਮੁਸਾਫ਼ਰਾਂ ਵਾਲੀ ਥਾਂ ਨੱਕੋ-ਨੱਕ ਭਰੀ ਹੋਈ ਸੀ। ਉੱਤੇ ਪਹਿਲੇ ਦਰਜੇ ਦੀ ਖੁੱਲ੍ਹ ਵਿੱਚੋਂ ਦੋ ਅੰਗਰੇਜ਼ ਫ਼ੌਜੀ ਅਫ਼ਸਰ ਏਸ ਕੁਰਬਲ-ਕੁਰਬਲ ਥਾਂ ਵੱਲ ਤੱਕਦਿਆਂ ਗੱਲਾਂ ਕਰ ਰਹੇ ਸਨ: ‘‘ਇਹ ਪੀਨਾਂਗ ਤੋਂ ਇੰਡੀਆ ਲਈ ਜਹਾਜ਼ ਫੜਨ ਜਾ ਰਹੇ ਨੇ।” ‘‘ਮੈਨੂੰ ਹੈਰਾਨੀ ਹੁੰਦੀ ਏ, ਓਥੇ ਇਹ ਅਜਕਲ ਕਾਹਨੂੰ ਜਾ ਰਹੇ ਨੇ-ਓਥੇ ਆਪਸ ਵਿੱਚ ਇੱਕ ਦੂਜੇ ਦਾ ਗਲਾ ਹੀ ਕੱਟਣਗੇ।” ਤੇ ਹਾਸੇ ਵਿੱਚ ਅੱਗੋਂ ਗੱਲਾਂ ਗੁਆਚ ਗਈਆਂ ਸਨ। ਥੱਲੇ ਤੀਜੇ ਦਰਜੇ ਦੇ ਮੁਸਾਫ਼ਰਾਂ ਵਿੱਚੋਂ ਸੰਤ ਸਿੰਘ ਨੇ ਪੱਛਮ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਏਸ ਬੰਨੇ ਆ ਆਪਣਾ ਦੇਸ, ਰਤਾ ਕੁ ਪਹਾੜ ਵਲ।” ਪੀਨਾਂਗ ਉੱਤਰ ਕੇ ਮਤਾਬ ਦੀਨ ਸੋਚਣ ਲੱਗਾ ਕਿ ਉਹ ਇਥੇ ਕਿਥੇ ਰਹੇਗਾ? ਭਾਵੇਂ ਸਮਾਨ ਤਾਂ ਇੱਕ ਟਰੰਕੜੀ ਤੇ ਦਰੀ ਤੋਂ ਵੱਧ ਉਹਦੇ ਕੋਲ ਕੋਈ ਨਹੀਂ ਸੀ, ਪਰ ਫੇਰ ਵੀ ਰਾਤ ਨੂੰ ਸਿਰ ਲੁਕਾਣ ਲਈ ਏਸ ਪ੍ਰਦੇਸੀ ਸ਼ਹਿਰ ਵਿੱਚ ਕੋਈ ਥਾਂ ਤਾਂ ਚਾਹੀਦੀ ਸੀ ਤੇ ਮਲਾਇਆ ਵਿੱਚ ਮੀਂਹ-ਕਣੀ ਦਾ ਵੀ ਕਿਹੜਾ ਇਤਬਾਰ ਸੀ, ਛਰਾਟੇ ਮਾਰ ਕੇ ਮੀਂਹ ਵਰ੍ਹਣ ਲੱਗ ਪੈਂਦਾ ਸੀ। ਸੰਤ ਸਿੰਘ ਇਕ ਚੀਨੀ ਦੇ ਰਿਕਸ਼ੇ ਉੱਤੇ ਆਪਣਾ ਸਮਾਨ ਟਿਕਵਾ ਚੁਕਿਆ ਸੀ, ਤੇ ਆਪਣੀ ਵਹੁਟੀ ਨੂੰ ਤੁਰਨ ਲਈ ਆਖ ਕੇ ਧੀ ਨੂੰ ਕੁਛੜ ਲੈ ਰਿਹਾ ਸੀ। ਸੰਤ ਸਿੰਘ ਤੇ ਮਤਾਬ ਦੀਨ ਗੱਡੀ ਤੇ ਲਾਂਚ ਵਿੱਚ ਹੀ ਜਾਣੂ ਹੋਏ ਸਨ। ਸਬੱਬ ਨਾਲ ਪਿੱਛੇ ਦੇਸ ਵਿੱਚ ਦੋਹਾਂ ਦਾ ਇੱਕੋ ਜ਼ਿਲ੍ਹਾ ਨਿਕਲ ਆਇਆ ਸੀ, ਤੇ ਦੋਹਾਂ ਦੇ ਪਿੰਡ ਦੋ ਕੋਹਾਂ ਦੀ ਵਿਥ ਉਤੇ ਈ ਸਨ। ਸੰਤ ਸਿੰਘ ਨੇ ਚੱਲਣ ਲੱਗਿਆਂ ਮਤਾਬ ਦੀਨ ਨੂੰ ਕਿਹਾ, ‘‘ਚੰਗਾ ਭਰਾਵਾ, ਜੇ ਅੰਨ-ਜਲ ਹੋਇਆ ਤਾਂ ਦੋਹਾਂ ਨੂੰ ਇਕੋ ਜਹਾਜ਼ ਦੀ ਟਿਕਟ ਮਿਲ ਜਾਊ, ਤੇ ਕੱਠਿਆਂ ਈ ਸਮੁੰਦਰ ਦੀ ਮੰਜ਼ਲ ਕੱਟ ਕੇ ਪਿੰਡ ਪੁੱਜਾਂਗੇ। ਤੇ ਤੂੰ ਇਥੇ ਪੀਨਾਂਗ ਕਿਥੇ ਰਹੇਂਗਾ? ” ‘‘ਮੈਂ ਤੇ ਇਥੇ ਬਿਲਕੁਲ ਪ੍ਰਦੇਸੀ ਆਂ-ਕੋਈ ਭਾਈ ਬੰਦ ਵੀ ਨਹੀਂ, ਤੇ ਨਾ ਹੀ ਕਿਸੇ ਸਰਾਂ ਦਾ ਪਤਾ ਆ। ਪਰ ਏਡਾ ਚਿਰ ਕਿਥੇ ਰੁਕਣਾ ਪੈਣਾ? ਪਰਸੋਂ ਚੌਥੇ ਤਾਂ ਜਹਾਜ਼ ਜਾਣਾ। ਕਿਤੇ ਕਿਸੇ ਦੁਕਾਨ ਦੇ ਵਰਾਂਡੇ ਵਿੱਚ ਰਾਤ ਟਪਾ ਲਊਂ।” ‘‘ਲੈ ਤੇ ਤੂੰ ਪਹਿਲਾਂ ਕਾਹਨੂੰ ਨਾ ਦੱਸਿਆ! ਅਸੀਂ ਗੁਰਦੁਆਰੇ ਰਹਿਣਾ ਏਂ। ਓਥੇ ਮੁਸਾਫ਼ਰਾਂ ਲਈ ਬੜਾ ਸੁਹਣਾ ਥਾਂ ਆ। ਸਗੋਂ ਤੂੰ ਵੀ ਓਥੇ ਹੀ ਚਲਿਆ ਚਲ।‘‘ ਮਤਾਬ ਦੀਨ ਨੇ ਰਤਾ ਝਕਦਿਆਂ ਝਕਦਿਆਂ ਕਿਹਾ, ‘‘ਭਰਾਵਾ, ਤੈਨੂੰ ਕੋਈ ਔਖ ਨਾ ਹਊ?” ‘‘ਲੈ ਗੁਰੂ ਦਾ ਘਰ ਆ, ਮੈਨੂੰ ਔਖ ਕਾਹਦਾ! ” ਤੇ ਸੰਤ ਸਿੰਘ ਨੇ ਉਹਦਾ ਟਰੰਕ ਤੇ ਬਿਸਤਰਾ ਵੀ ਆਪਣੇ ਰਿਕਸ਼ੇ ਉੱਤੇ ਈ ਰਖਵਾ ਲਿਆ। ਗੁਰਦਵਾਰੇ ਪੁੱਜ ਕੇ ਇਕੋ ਕੋਠੜੀ ਵਿੱਚ ਦੋਹਾਂ ਨੇ ਸਾਮਾਨ ਟਿਕਾ ਲਿਆ। ਵਿਹੜੇ ਵਿੱਚ ਇੱਕ ਦੇਸੀ ਬੋਹੜ ਲੱਗਿਆ ਹੋਇਆ ਸੀ। ਦੋਵੇਂ ਉਹਦੇ ਹੇਠਾਂ ਬਣੇ ਥੜ੍ਹੇ ਉੱਤੇ ਬਹਿ ਗਏ। ਕਿੰਨੇ ਮੁਸਾਫ਼ਰ ਓਥੇ ਠਹਿਰੇ ਹੋਏ ਸਨ। ਨੇੜੇ ਹੀ ਉਨ੍ਹਾਂ ਦੇ ਬੱਚੇ ਗੁੱਲੀ ਡੰਡਾ ਖੇਡ ਰਹੇ ਸਨ, ਇਕ ਪਾਸੇ ਕੁਝ ਗੱਭਰੂ ਹੀਰ ਗਾ ਰਹੇ ਸਨ। ਹੀਰ, ਗੁੱਲੀ ਡੰਡਾ, ਤੇ ਦੇਸ ਤੋਂ ਲਿਆ ਕੇ ਬੀਜੇ ਬੋਹੜ ਵਿੱਚ ਮਤਾਬ ਦੀਨ ਨੂੰ ਜਾਪ ਰਿਹਾ ਸੀ ਕਿ ਉਹ ਆਪਣੇ ਪਿੰਡ ਪੁੱਜ ਗਿਆ ਹੈ। ਜਦੋਂ ਅਗਲਾ ਦਿਨ ਚੜ੍ਹਿਆ ਤਾਂ ਸਾਰੇ ਗੁਰਦੁਆਰੇ ਵਿੱਚ ਅਨੋਖੀ ਚਹਿਲ ਪਹਿਲ ਸ਼ੁਰੂ ਹੋ ਗਈ। ਪਤਾ ਲੱਗਿਆ ਸੀ ਕਿ ਦੇਸ ਨੂੰ ਜਾਣ ਵਾਲਾ ਰਜੂਲਾ ਜਹਾਜ਼ ਚਾਰ ਦਿਨਾਂ ਨੂੰ ਪੀਨਾਂਗ ਲੱਗੇਗਾ। ਇਥੇ ਠਹਿਰੇ ਹੋਏ ਮੁਸਾਫ਼ਰ ਤਾਂ ਜਹਾਜ਼ ਦੀ ਆਸ ਤੇ ਹੀ ਜੀਉਂਦੇ ਸਨ। ਕਈ ਆਪਣੇ ਕੰਮ ਸਮੇਟ ਕੇ, ਜੋ ਪੈਸੇ ਜਮ੍ਹਾਂ ਹੋਏ ਲੈ ਕੇ, ਇਥੇ ਦੋ ਦੋ ਮਹੀਨਿਆਂ ਤੋਂ ਜਹਾਜ਼ ਉਡੀਕ ਰਹੇ ਸਨ। ਕਦੇ ਕਦੇ ਇਹ ਆਸ ਬਿਲਕੁਲ ਖੁਸਣ ਲੱਗ ਪੈਂਦੀ ਸੀ ਤੇ ਕਈ ਟੱਬਰ-ਟੀਰ ਵਾਲੇ, ਜਿਨ੍ਹਾਂ ਦੀ ਸੰਕੋਚ ਨਾਲ ਜੋੜੀ ਰਕਮ ਏਥੇ ਏਨੀ ਦੇਰ ਵਿਹਲੇ ਬੈਠਿਆਂ ਮੁਕਣ ਲੱਗ ਪੈਂਦੀ ਸੀ, ਨਿਰਾਸ ਹੋ ਕੇ, ਦੇਸ ਦਾ ਮੂੰਹ ਤੱਕਣ ਦੀ ਸੱਧਰ ਲਈ, ਮੁੜ ਕੇ ਏਸੇ ਪ੍ਰਦੇਸ ਵਿੱਚ ਹੀ ਉਹਨੀਂ ਥਾਵੀਂ ਚਲੇ ਜਾਂਦੇ ਸਨ, ਜਿਥੋਂ ਉਹ ਅੱਗੇ ਹੱਡ-ਭੰਨ ਮਿਹਨਤ ਕਰਦੇ ਆਏ ਸਨ। ਮਲਾਇਆ ਦੇ ਜੰਗਲਾਂ ਵਿੱਚ ਗੱਡੀਆਂ ਉੱਤੇ ਰਬੜ ਢੋਣ ਜਾਂ ਟੀਨ ਦੇ ਖੱਡੇ ਪੁੱਟਣ ਜਾਂ ਕਿਸੇ ਧਨੀ ਦੀ ਦੁਕਾਨ ਉੱਤੇ ਪਹਿਰਾ ਦੇਣ। ਪਰ ਅੱਜ ਸਭਨਾਂ ਦੇ ਮੂੰਹ ਆਸ ਨਾਲ ਚਮਕ ਰਹੇ ਸਨ। ਜਹਾਜ਼ਾਂ ਦੀ ਕੰਪਨੀ ਦਾ ਏਜੰਟ ਸਵੇਰੇ ਮੋਟਰ ਵਿੱਚ ਆਇਆ ਸੀ, ਤੇ ਸਾਰਿਆਂ ਦੇ ਨਾਂ ਲਿਖ ਕੇ ਲੈ ਗਿਆ ਸੀ। ਦੋ ਚਾਰ ਦਿਨ ਹਰ ਇੱਕ ਨੂੰ ਪੱਕੀ ਆਸ ਰਹੀ। ਕੁਝ ਬਜ਼ਾਰੋਂ ਜਹਾਜ਼ ਵਿੱਚ ਖਾਣ ਲਈ ਚੀਜ਼ਾਂ ਲੈ ਆਏ। ਬਹੁਤਿਆਂ ਨੇ ਆਪਣਾ ਆਪਣਾ ਸਮਾਨ ਬੰਨ੍ਹ ਲਿਆ। ਜ਼ਨਾਨੀਆਂ ਨੇ ਇੱਕ ਦੂਜੀ ਨਾਲ ਰਾਹ ਵਿੱਚ ਰੋਟੀ ਇੱਕਠੀ ਪਕਾਣ ਦੀਆਂ ਸਾਈਆਂ ਵੀ ਲਾਈਆਂ। ਮਤਾਬ ਦੀਨ ਤੇ ਸੰਤ ਸਿੰਘ ਨੇ ਵੀ ਇੱਕ ਚੁੱਲ੍ਹਾ ਖਰੀਦਿਆ ਤੇ ਰਲ ਕੇ ਰਸਦ ਪਾ ਲਈ। ਪਰ ਜਦੋਂ ਰਜੂਲਾ ਜਹਾਜ਼ ਪੀਨਾਂਗੋਂ ਤੁਰਿਆ ਤਾਂ ਗੁਰਦੁਆਰੇ ਵਿੱਚ ਠਹਿਰੇ ਮੁਸਾਫ਼ਰਾਂ ਵਿੱਚੋਂ ਸਿਰਫ਼ ਤਿੰਨ ਹੀ ਏਸ ਵਿੱਚ ਚੜ੍ਹ ਸਕੇ। ਇਹ ਤਿੰਨੇ ਸਿਆਮ ਵਿੱਚ ਕੱਪੜੇ ਦਾ ਵਪਾਰ ਕਰਦੇ ਸਨ, ਤੇ ਥੋੜ੍ਹੇ ਦਿਨ੍ਹਾਂ ਤੋਂ ਹੀ ਗੁਰਦੁਆਰੇ ਆਏ ਸਨ। ਇਨ੍ਹਾਂ ਤੀਣੇ ਮੁੱਲੋਂ ਬਲੈਕ ਟਿਕਟਾਂ ਖਰੀਦੀਆਂ ਸਨ। ਸਾਰੇ ਗੁਰਦੁਆਰੇ ਵਿੱਚ ਉਦਾਸੀ ਜਿਹੀ ਛਾ ਗਈ। ਅੱਜ ਬੱਚੇ ਬੋਹੜ ਥੱਲੇ ਗੁੱਲੀ ਡੰਡਾ ਨਾ ਖੇਡੇ ਤੇ ਗੱਭਰੂਆਂ ਨੇ ਹੀਰ ਵੀ ਨਾ ਗੰਵੀਂ। ਸਿਰਫ਼ ਥੜ੍ਹੇ ਉੱਤੇ ਬੈਠੇ ਲੋਕਾਂ ਵਿੱਚ ਇੱਕ ਬਿਰਧ ਗੱਲਾਂ ਕਰਦਾ ਰਿਹਾ, ‘‘ਭਾਈ, ਸਾਨੂੰ ਟਿਕਟ ਕਾਹਨੂੰ ਮਿਲਣੀ ਆਂ? ਟਿਕਟ ਤਾਂ ਉਹਨਾਂ ਮਲੂਕ ਮਲੂਕ ਸਰਦਾਰਾਂ ਨੂੰ ਮਿਲਣੀ ਆ, ਜਿਹੜੇ ਸਾਰਾ ਦਿਨ ਗੁਰਦੁਆਰੇ ਦੀ ਕੋਠੜੀ ਵਿੱਚ ਪਏ ਰਹਿੰਦੇ ਆ, ਜਿੱਦਾਂ ਉਨ੍ਹਾਂ ਦੇ ਢਿੱਡ ‘ਚ ਮਲ੍ਹਪ ਹੋਣ, ਤੇ ਪਿੱਛੋਂ ਤੀਣੇ ਪੈਸੇ ਤਾਰ ਦਿੰਦੇ ਆ। ਅਸੀਂ ਤਾਂ ਦੋ ਮਹੀਨਿਆਂ ਤੋਂ ਇਹੀ ਲੀਲ੍ਹਾ ਵੇਖਦੇ ਆਏ ਆਂ।‘‘ ਮਤਾਬ ਦੀਨ ਤੇ ਸੰਤ ਸਿੰਘ ਰੋਜ਼ ਸਵੇਰੇ ਗੁਰਦੁਆਰੇ ਦੇ ਲੰਗਰ ਲਈ ਲੱਕੜਾਂ ਪਾੜਦੇ ਤੇ ਨਲਕੇ ਤੋਂ ਪਾਣੀ ਭਰ ਕੇ ਲਿਆਂਦੇ। ਜਦੋਂ ਰੋਟੀਆਂ ਪਕਾਣ ਦੀ ਸੇਵਾ ਲਈ ਲਾਂਗਰੀ ਨੇ ਹੋਰਨਾਂ ਨੂੰ ਬੁਲਾਣਾ ਹੁੰਦਾ, ਤਾਂ ਵੀ ਕਦੇ ਮਤਾਬ ਤੇ ਕਦੇ ਸੰਤ ਸਿੰਘ ਹੋਰਨਾਂ ਨੂੰ ਬੁਲਾਣ ਜਾਂਦੇ। ਮਤਾਬ ਆਪ ਸਿਰ ਉੱਤੇ ਨਿਤ ਰੁਮਾਲ ਬੰਨ੍ਹੀ ਰੱਖਦਾ ਤੇ ਹੋਰ ਕਿਸੇ ਨੂੰ ਨੰਗੇ ਸਿਰ ਲੰਗਰ ਵਿੱਚ ਨਾ ਜਾਣ ਦੇਂਦਾ। ਲੰਗਰ ਵਰਤਾਉਣ ਵੇਲੇ ਵੀ ਦੋਵੇਂ ਸੇਵਾ ਕਰਦੇ ਤੇ ਆਪੀਂ ਅਖੀਰ ਤੇ ਖਾਂਦੇ। ਬਚ ਗਈ ਇੱਕ ਅੱਧ ਰੋਟੀ ਸ਼ਾਮੀਂ ਮਤਾਬ ਭੋਰ ਭੋਰ ਕੇ ਕਬੂਤਰਾਂ ਨੂੰ ਪਾ ਦੇਂਦਾ। ਗੁਰਦੁਆਰੇ ਦੇ ਵਿਹੜੇ ਵਿੱਚ ਬੜੇ ਕਬੂਤਰ ਇਕੱਠੇ ਹੋ ਜਾਂਦੇ। ਇੱਕ ਦਿਨ ਕਬੂਤਰਾਂ ਨੂੰ ਭੋਰ ਚੋਰ ਪਾਂਦਿਆਂ ਉਹਨੇ ਸੁਣਿਆ, ਇਕ ਮਾਈ ਗੁਰਦੁਆਰੇ ਦੇ ਭਾਈ ਨੂੰ ਉਹਦੇ ਬਾਰੇ ਆਖ ਰਹੀ ਸੀ, ‘‘ਇਹ ਮੌਲਵੀ ਕਿੱਡਾ ਚੰਗਾ ਏ।” ਭਾਈ ਨੇ ਅੱਗੋਂ ਕਿਹਾ, ‘‘ਅੱਲਾਹ ਲੋਕ ਏ।” ਮਹੀਨਾ ਇੰਜ ਇਥੇ ਬੈਠਿਆਂ ਮਤਾਬ ਤੇ ਸੰਤ ਸਿੰਘ ਨੂੰ ਹੋ ਗਿਆ ਸੀ। ਨਵੇਂ ਆਉਣ ਵਾਲੇ ਜਹਾਜ਼ ਦੀ ਕੋਈ ਉਘ ਸੁਘ ਨਹੀਂ ਸੀ। ਦੋਵੇਂ ਸੰਤ ਸਿੰਘ ਦੇ ਟੱਬਰ ਸਣੇ ਰੋਟੀ ਤਾਂ ਲੰਗਰੋਂ ਖਾ ਲੈਂਦੇ ਸਨ ਪਰ ਸੁੱਕਾ ਅੰਨ ਮੂੰਹ ਨੂੰ ਆਣ ਆਣ ਕਰਦਾ ਸੀ; ਸੋ ਘੁੱਟ ਦੁੱਧ ਤੇ ਚੂੰਢੀ ਚੀਨੀ ਲੈ ਕੇ ਕਦੇ ਚਾਹ ਬਣਾ ਲੈਂਦੇ, ਕਦੇ ਟੁਕੜਾ ਟੁਕੜਾ ਡਬਲ ਰੋਟੀ ਖਾ ਲੈਂਦੇ, ਕਦੇ ਥੋੜ੍ਹੀ ਜਿੰਨੀ ਮਠਿਆਈ ਨਾਲ ਬਾਲੜੀ ਨੂੰ ਪਰਚਾ ਲੈਂਦੇ। ਕੁਝ ਪੈਸੇ ਅੱਗੇ ਜਹਾਜ਼ ਲਈ ਰਸਦ ਖਰੀਦਣ ’ਤੇ ਲੱਗ ਗਏ ਸਨ। ਇਸ ਤਰ੍ਹਾਂ ਦੋਹਾਂ ਨੇ ਜਿਹੜੀ ਭਾੜੇ ਲਈ ਰਕਮ ਬੰਨ੍ਹ ਕੇ ਰਖੀ, ਉਹ ਵੀ ਮੁੱਕਣ ਲੱਗ ਪਈ। ਬੜਾ ਫ਼ਿਕਰ ਲੱਗ ਗਿਆ, ਜੇ ਪੈਸੇ ਥੁੜ ਗਏ ਤਾਂ ਦੇਸ ਦਾ ਮੂੰਹ ਵੇਖਣ ਦੀ ਥਾਂ ਕਿਧਰੇ ਮੁੜ ਮਤਾਬ ਦੀਨ ਨੂੰ ਟੀਨ ਦੇ ਖੱਡੇ ਪੁੱਟਣ ਤੇ ਸੰਤ ਸਿੰਘ ਨੂੰ ਗੋਰੇ ਦੇ ਗੁਦਾਮ ਤੇ ਪਹਿਰਾ ਦੇਣ ਨਾ ਜਾਣਾ ਪਏ? ਮੁੜ ਪਿਛਾਂਹ ਪਰਤਣ ਤੇ ਕਿੰਨੇ ਪੈਸੇ ਹੋਰ ਫ਼ਜੂਲ ਖਰਚ ਹੋ ਜਾਣਗੇ, ਤੇ ਪਤਾ ਨਹੀਂ ਗੋਰੇ ਨੇ ਉਹਦੀ ਥਾਂ ਕੋਈ ਰੱਖ ਲਿਆ ਹੋਵੇ ਤੇ ਟੀਨ ਦੇ ਖੱਡੇ ਉੱਤੇ ਵੀ ਮਜ਼ਦੂਰ ਬਹੁਤੇ ਆ ਗਏ ਹੋਣ! ਸੰਤ ਸਿੰਘ ਨਾਲੋਂ ਮਤਾਬ ਵਧੇਰੇ ਚਿੰਤਾ ਵਿੱਚ ਸੀ। ਸਵੇਰੇ ਹੀ ਉਹਦੇ ਭਰਾ ਦਾ ਖ਼ਤ ਉਹਨੂੰ ਮਿਲਿਆ ਸੀ ਕਿ ਉਹ ਚਿੱਠੀ ਵੇਖਦਿਆਂ ਸਾਰ ਦੇਸ ਆ ਜਾਏ, ਉਨ੍ਹਾਂ ਦੀ ਬੁੱਢੀ ਮਾਈ ਉਹਦਾ ਰਾਹ ਤੱਕਦੀ ਮਰ ਗਈ ਹੈ। ਅਚਨਚੇਤ ਮਤਾਬ ਦੀਨ ਨੂੰ ਖਿ਼ਆਲ ਆਇਆ, ਵੱਡੇ ਭਰਾ ਨਾਲੋਂ ਮਾਈ ਉਹਨੂੰ ਛੋਟੇ ਹੁੰਦਿਆਂ ਤੋਂ ਵੱਧ ਪਿਆਰ ਕਰਦੀ ਹੁੰਦੀ ਸੀ। ਜਦੋਂ ਉਹ ਇਸ ਟਾਪੂ ਉੱਤੇ ਆਉਣ ਲਈ ਘਰੋਂ ਤੁਰਿਆ ਸੀ, ਓਦੋਂ ਹੀ ਮਾਈ ਦੀ ਹਾਲਤ ਬੜੀ ਮਾੜੀ ਹੋ ਚੁੱਕੀ ਸੀ। ਸਾਰੇ ਸਰੀਰ ਵਿੱਚ ਪੀੜਾਂ ਛਿੜੀਆਂ ਰਹਿੰਦੀਆਂ ਸਨ। ਅੱਖਾਂ ਦੀ ਜੋਤ ਤਕਰੀਬਨ ਮੁੱਕ ਚੁੱਕੀ ਸੀ ਤੇ ਵਿਛੜਨ ਵੇਲੇ ਜਿਵੇਂ ਮਾਈ ਦੇ ਸਰੀਰ ਦਾ ਕਾਂਬਾ ਉਹਦੇ ਸਰੀਰ ਵਿੱਚ ਛਿੜ ਪਿਆ ਸੀ, ਅੰਨ੍ਹੀਆਂ ਗਿੱਲੀਆਂ ਅੱਖਾਂ ਦੀ ਗਿੱਲ ਜਿਵੇਂ ਉਹਦੀਆਂ ਗੱਲ੍ਹਾਂ ਤੇ ਆ ਗਈ ਸੀ। ਇਹ ਸਭ ਏਨੇ ਸਾਲਾਂ ਬਾਅਦ ਵੀ ਉਹਨੂੰ ਓਵੇਂ ਦਾ ਓਵੇਂ ਮਹਿਸੂਸ ਹੋ ਰਿਹਾ ਸੀ ਤੇ ਅੱਜ ਫੇਰ ਉਹਨੇ ਕੰਨ ਮਾਈ ਦੇ ਬੋੜੇ ਬੋਲ ਸੁਣ ਰਹੇ ਸਨ, ‘‘ਮੇਰੀਆਂ ਆਂਦਰਾਂ ਦਾ ਟੋਟਾ ਲਹਿ ਕੇ ਸਮੁੰਦਰਾਂ ਦੇ ਪਾਰ ਜਾ ਰਿਹਾ! ” ਪਰ ਮਤਾਬ ਨੂੰ ਓਦੋਂ ਆਉਣਾ ਹੀ ਪਿਆ ਸੀ, ਸਮੁੰਦਰ ਚੀਰ ਕੇ, ਭਾਵੇਂ ਉਹ ਆਉਣਾ ਨਹੀਂ ਸੀ ਚਾਹੁੰਦਾ। ਉਨ੍ਹਾਂ ਦੇ ਘਰ ਦਾ ਝੱਟ ਨਹੀਂ ਸੀ ਟੱਪਦਾ ਪਿਆ, ਕੁਝ ਤੇ ਉਹ ਪਹਿਲਾਂ ਈ ਮਰੇੜੇ ਸਨ, ਪਿਓ ਵੇਲੇ ਈ ਕੁਝ ਜ਼ਮੀਨ ਗਹਿਣੇ ਪੈ ਗਈ ਸੀ, ਤੇ ਜਿਸ ਰਹਿੰਦੀ ਖੂੰਹਦੀ ਦਾ ਆਸਰਾ ਸੀ, ਉਹਨੂੰ ਦਰਿਆ ਨੇ ਵਰਾਨ ਕਰ ਦਿੱਤਾ ਸੀ। ਵੱਡੇ ਭਰਾ ਨੂੰ ਮਤਾਬ ਨੇ ਮਲਾਇਆ ਜਾਣੋਂ ਇਹ ਕਹਿ ਕੇ ਰੋਕ ਦਿੱਤਾ: ‘‘ਤੇਰਾ ਪਿਛੇ ਕੋਈ ਨਹੀਂ। ਆਂਹਦੇ ਆ ਮਲਾਇਆ ਦੀ ਧਰਤੀ ਬੜੀ ਨਿਰਦਈ ਆ, ਘਟ ਈ ਕੋਈ ਪਰਤਦਾ। ਮੈਂ ਚਲਾ ਜਾਵਾਂ, ਮੇਰੀਆਂ ਤੇ ਪਿੱਛੇ ਕਿੰਨੀਆਂ ਈ ਤੰਦਾਂ, ਵਹੁਟੀ ਆ, ਧੀ ਆ। ਗਹਿਣੇ ਪਈ ਜ਼ਮੀਨ ਛੁਡਾਉਣ ਜੋਗੀ ਰਕਮ ਕਮਾਂਦਿਆਂ ਸਾਰ ਹੀ ਪਰਤ ਆਊਂ।” ਜਦੋਂ ਉਹ ਮਲਾਇਆ ਪੁਜਿਆ ਸੀ, ਤਾਂ ਉਹਦਾ ਖਿਆਲ ਸੀ ਕਿ ਘੁੱਟੋ-ਵੱਟੀ ਰਹਿ ਕੇ ਤੇ ਲਹੂ ਪਾਣੀ ਇਕ ਕਰ ਕੇ ਅੱਠ ਨੌਂ ਮਹੀਨਿਆਂ ਵਿੱਚ ਉਹ ਏਨੀ ਕੁ ਰਕਮ ਪਿਛਾਂਹ ਘੱਲ ਲਏਗਾ। ਪਰ ਇੱਥੇ ਪੁਜਦਿਆਂ ਹੀ ਠੂਹ ਠਾਹ ਸ਼ੁਰੂ ਹੋ ਗਈ, ਤੇ ਜਪਾਨੀਆਂ ਨੇ ਦਿਨਾਂ ਵਿੱਚ ਹੀ ਸਾਰੇ ਮਲਾਇਆ ਦਾ ਰਾਜ ਸੰਭਾਲ ਲਿਆ। ਭੰਬੱਤ੍ਰਿਆ ਮਤਾਬ ਦੀਨ ਬੜੇ ਦਿਨ ਠੂਹ ਠਾਹ ਵਿੱਚ ਆਪਣਾ ਸਿਰ ਲੁਕਾਂਦਾ ਰਿਹਾ, ਪਰ ਅਖੀਰ ਇੱਕ ਦਿਨ ਇੱਕ ਜਪਾਨੀ ਸਿਪਾਹੀ ਨੇ ‘ਖੁਰੇ ਖੁਰੇ’ ਕਰ ਕੇ ਉਹਨੂੰ ਫੜ ਲਿਆ ਤੇ ਕਿਤੇ ਰੇਲ ਦੀ ਪਟੜੀ ਬਣਾਨ ’ਤੇ ਵਗਾਰੀ ਲਾ ਦਿੱਤਾ। ਰੱਬ ਰੱਬ ਕਰਕੇ ਜਪਾਨੀਆਂ ਦਾ ਕਾਲਾ ਨਰਕ ਲੰਘਿਆ ਤੇ ਮਤਾਬ ਦੀਨ ਤਿੰਨ ਡਾਲੇ ਦਿਹਾੜੀ ਤੇ ਟੀਨ ਦੇ ਖੱਡੇ ਪੁਟਣ ਤੇ ਹੋ ਗਿਆ। ਸ਼ਾਮੀਂ ਉਹ ਇੱਕ ਮਾਲ ਡੰਗਰ ਵਾਲੇ ਲਈ ਪੱਠੇ ਵਢ ਦੇਂਦਾ, ਤੇ ਇਹਦੇ ਬਦਲੇ ਉਹਨੂੰ ਕੁਝ ਦੁਧ ਮਿਲ ਜਾਂਦਾ। ਦੁੱਧ ਬੜਾ ਮਹਿੰਗਾ ਸੀ, ਸੋ ਮਤਾਬ ਇਹ ਵੇਚ ਕੇ ਵੀ ਕੁਝ ਪੈਸੇ ਕਮਾ ਲੈਂਦਾ। ਜਪਾਨੀਆਂ ਦੇ ਵੇਲੇ ਤੇ ਉਹਦੇ ਪਿਛੋਂ ਦੀ ਹਡਭੰਨਵੀਂ ਮਿਹਨਤ ਨੇ ਉਹਨੂੰ ਪੰਜਾਂ ਵਰ੍ਹਿਆਂ ਵਿਚ ਹੀ ਬੁੱਢਿਆਂ ਕਰ ਦਿੱਤਾ ਸੀ। ਉਹਦੀਆਂ ਗੱਲ੍ਹਾਂ ਵਿਚ ਟੋਏ ਪੈ ਗਏ ਸਨ, ਤੇ ਅੱਖਾਂ ਥੱਲੇ ਕਾਲੀਆਂ ਝੁਰੜੀਆਂ ਆ ਗਈਆਂ ਸਨ। ਪਹਿਲਾਂ ਤਾਂ ਜਾਪਦਾ ਸੀ ਨਿਰੀ ਪੇਟ-ਚਟਾਈ ਹੀ ਹੁੰਦੀ ਜਾਏਗੀ, ਪਰ ਅਖੀਰ ਉਹਨੇ ਕਰਜ਼ਾ ਲਾਹ ਹੀ ਲਿਆ। ਸੰਤ ਸਿੰਘ ਨੂੰ ਬੜੇ ਮਾਣ ਨਾਲ ਉਹਨੇ ਦੱਸਿਆ ਸੀ, ‘‘ਰੱਬ ਨੇ ਭਲਾ ਕੀਤਾ, ਮੈਂ ਗਹਿਣੇ ਪਈ ਜ਼ਮੀਨ ਛੁਡਾ ਲਈਆ ਤੇ ਸੁਣਿਆਂ ਵਰਾਨ ਜ਼ਮੀਨ ਵੀ ਹੁਣ ਵਾਹਵਾ ਹੋ ਗਈਆ, ਦਰਿਆ ਹਟ ਗਿਆ ਆ। ਜਾ ਕੇ ਦੋ ਦੇਗਾਂ ਚੌਲਾਂ ਦੀਆਂ ਬਰਾਦਰੀ ਨੂੰ ਖੁਆ ਦਊਂ..... ਕਹਿੰਦੇ ਆ ਦੇਸ ਚੌਲਾਂ ਨੂੰ ਅੱਗ ਲੱਗੀ ਹੋਈ ਆ, ਪਰ ਇਹ ਸੱਧਰ ਜ਼ਰੂਰ ਲਾਹੁਣੀ ਆ।” ਮਤਾਬ ਹੁਣ ਕਿਸੇ ਤਰ੍ਹਾਂ ਵੀ ਦੇਸ਼ ਅਪੜਨਾ ਚਾਂਹਦਾ ਸੀ, ਸਮੁੰਦਰ ਚੀਰ ਕੇ, ਪਰ ਉਹਨੂੰ ਇਥੇ ਰੁਕਣਾ ਪੈ ਰਿਹਾ ਸੀ, ਕਿਉਂਕਿ ਉਹ ਤੀਣੇ ਮੁੱਲੋਂ ਟਿਕਟ ਨਹੀਂ ਸੀ ਖਰੀਦ ਸਕਦਾ। ਉਹਦੀ ਆਸ ਹੁਣ ਖੁਸਦੀ ਜਾਂਦੀ ਸੀ। ਦੋ ਦੇਗ਼ਾਂ ਚੌਲਾਂ ਲਈ ਪੈਸੇ ਤਾਂ ਇਕ ਬੰਨੇ, ਜਹਾਜ਼ ਤੇ ਗੱਡੀ ਦੇ ਭਾੜੇ ਦੀ ਰਕਮ ਵੀ ਖੁਰਨ ਲੱਗ ਪਈ ਸੀ। ਇਕ ਦਿਨ ਸੰਤ ਸਿੰਘ ਬਜ਼ਾਰੋਂ ਜੇਬ ਕਟਾ ਆਇਆ, ਵੀਹ ਕੁ ਡਾਲੇ ਇੰਜ ਮੁੱਕ ਗਏ। ਦੋਹਾਂ ਨੂੰ ਜਾਪਿਆ ਜਿਵੇਂ ਉਨ੍ਹਾਂ ਦਾ ਲੱਕ ਟੁੱਟ ਗਿਆ ਹੋਵੇ। ਦੋਹਾਂ ਨੇ ਰਿਕਸ਼ਾ ਗੱਡੀਆਂ ਕਿਰਾਏ ਤੇ ਲੈ ਕੇ ਵਾਹਣੀਆਂ ਸ਼ੁਰੂ ਕਰ ਦਿੱਤੀਆਂ। ਪੰਜ ਪੰਜ ਡਾਲੇ ਕਿਰਾਏ ਦੇ ਰੋਜ਼ ਦੇਣੇ ਪੈਂਦੇ ਸਨ। ਜੋ ਬਚ ਜਾਂਦਾ, ਉਹ ਦੋਵੇਂ ਜੋੜ ਕੇ ਰੱਖ ਲੈਂਦੇ। ਦੋਹਾਂ ਲਈ ਇਹ ਕੰਮ ਨਵਾਂ ਸੀ, ਤੇ ਨਾਲੇ ਲੰਗਰੋਂ ਸੁੱਕਾ ਅੰਨ ਖਾ ਕੇ ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਸੀ। ਪਰ ਏਸ ਤੌਖ਼ਲੇ ਵਿਚ ਕਿ ਕਿਤੇ ਠੀਕ ਭਾਅ ਤੇ ਮਿਲਦੀ ਟਿਕਟ ਖ਼ਰੀਦਣ ਜੋਗੇ ਪੈਸੇ ਵੀ ਉਨ੍ਹਾਂ ਕੋਲ ਨਾ ਬਚਣ, ਉਨ੍ਹਾਂ ਕੁਝ ਵੀ ਆਪਣੇ ਖਾਣ ਪੀਣ ’ਤੇ ਨਾ ਖਰਚਿਆ। ਜਦੋਂ ਰਿਕਸ਼ਾ ਖੜ੍ਹੀ ਕਰ ਕੇ ਉਹ ਕਿਧਰੇ ਆਪਣਾ ਮੁੜ੍ਹਕਾ ਪੂੰਝ ਰਹੇ ਹੁੰਦੇ ਤੇ ਕੋਲੋਂ ਕੋਈ ਖਾਣ ਵਾਲੀ ਚੀਜ਼ ਵੇਚਦਾ ਲੰਘਦਾ ਤਾਂ ਉਹ ਤਕਦੇ ਰਹਿੰਦੇ, ਭੁੱਖ ਉਨ੍ਹਾਂ ਦੀਆਂ ਆਂਦਰਾਂ ਵਲੂੰਧਰਦੀ ਤੇ ਉਹ ਤਕਦੇ ਰਹਿੰਦੇ। ਕਦੇ ਸੰਤ ਸਿੰਘ ਕਹਿੰਦਾ, ‘‘ਦੇਸ ਦੇ ਆਟੇ ਦੀ ਕੀ ਰੀਸ ਆ! ਨਿਰੀ ਰੋਟੀ ਈ ਨਹੀਂ ਮਾਣ। ਏਨੇ ਸਾਲਾਂ ਤੋਂ ਨਰੋਈ ਘੋਨੀ ਕਣਕ ਸੁਪਨੇ ਵਿਚ ਵੀ ਨਹੀਂ ਚਖੀ-ਇਹ ਅਸਟਰੇਲੀਆ ਦੀ ਖੇਹ ਈ ਖਾਂਦੇ ਰਹੇ ਆਂ।” ਕਦੇ ਕੋਲੋਂ ਅਮਰੀਕਾ ਤੋਂ ਆਏ ਮਾਲਟਿਆਂ ਨਾਲ ਲੱਦੀਆਂ ਰੇੜ੍ਹੀਆਂ ਲੰਘਦੀਆਂ। ਮਤਾਬ ਆਖਦਾ, ‘‘ਦੇਸ ਦੇ ਅੰਬਾਂ ਵਰਗਾ ਸਾਰੇ ਜਹਾਨ ਤੇ ਕੋਈ ਮੇਵਾ ਨਹੀਂ।” ਕੁਝ ਪਲਾਂ ਲਈ ਰਿਕਸ਼ਾ ਅਲੋਪ ਹੋ ਜਾਂਦੀ। ਉਹ ਅੰਬਾਂ ਦੇ ਬਾਗ ਵਿਚ ਸਨ-ਕੋਇਲਾਂ ਕੂਕ ਰਹੀਆਂ ਹਨ, ਚੁੱਲ੍ਹੇ ਕੋਲ ਬੈਠਿਆਂ ਨੂੰ ਮਾਂ ਘੋਨੀ ਕਣਕ ਦੀ ਰੋਟੀ ਵਿਚ ਚੋਂਘੇ ਪਾ ਕੇ ਦੇ ਰਹੀ ਸੀ... ‘‘ਰਿਕਸ਼ਾ...ਹੇ ਰਿਕਸ਼ਾ, ਦੋ ਸਵਾਰੀਆਂ, ਸਮਾਨ ਵੀ ਹੈ।” ਤੇ ਰਿਕਸ਼ਾ ਫੇਰ ਉਲਰ ਪੈਂਦੀ; ਮੋਟਰਾਂ, ਟਰਾਮਾਂ, ਬੱਸਾਂ ਦੀ ਭੀੜ ਚੀਰਦੇ ਉਹ ਦਗੜ ਦਗੜ ਕਰਨ ਲੱਗ ਪੈਂਦੇ। ਦੇਸ ਤੋਂ ਆਏ ਜਹਾਜ਼ ਵਿਚੋਂ ਸਵਾਰੀਆਂ ਉਤਰ ਰਹੀਆਂ ਸਨ। ਦੋ ਆਦਮੀਆਂ ਤੇ ਇਕ ਬੱਚੇ ਨੂੰ ਆਪਣੀ ਰਿਕਸ਼ਾ ਵਿਚ ਮਤਾਬ ਨੇ ਬਹਾਇਆ। ਮਤਾਬ ਨੇ ਸੁਣਿਆ, ਸੁਹਣਾ ਜਿਹਾ ਬੱਚਾ ਆਖ ਰਿਹਾ ਸੀ: ‘‘ਬਾਪੂ, ਇਥੇ ਮੁਸਲਮਾਨ ਤਾਂ ਨਹੀਂ ਹੋਣੇ! ਉਨ੍ਹਾਂ ਮੇਰੇ ਵਰਗੇ ਬੱਚਿਆਂ ਨੂੰ ਵੀ ਨਹੀਂ ਛੱਡਿਆ! ” ਤੇ ਬੱਚਾ ਅਚਾਨਕ ਰੋਣ ਲੱਗ ਪਿਆ ਸੀ। ਸੰਤ ਸਿੰਘ ਦੀ ਰਿਕਸ਼ਾ ਵਿਚ ਬਹਿਣੋਂ ਜਹਾਜ਼ੋਂ ਉਤਰੀਆਂ ਦੋ ਮੁਸਲਮਾਨ ਸਵਾਰੀਆਂ ਨੇ ਨਾਂਹ ਕਰ ਦਿੱਤੀ। ਉਹ ਹਾਲੀਂ ਬਹੁਤੀ ਦੂਰ ਨਹੀਂ ਸੀ ਗਿਆ ਕਿ ਉਹਨੇ ਉਨ੍ਹਾਂ ਵਿਚੋਂ ਇਕ ਨੂੰ ਗੱਲ ਕਰਦਿਆਂ ਸੁਣਿਆ, ‘‘ਸਿੱਖ ਜਾਂ ਹਿੰਦੂ ਨੂੰ ਪੈਸੇ ਖਟਾਣਾ ਹਰਾਮ ਏ-ਇਨ੍ਹਾਂ ਕਲਕੱਤੇ ਵਿਚ ਸਾਡੇ ਹਜ਼ਾਰਾਂ ਭਰਾ ਮਾਰੇ ਨੇ।” ਤੇ ਉਹ ਦੋਵੇਂ ਇਕ ਚੀਨੇ ਦੀ ਰਿਕਸ਼ੇ ਉਤੇ ਬਹਿ ਗਏ ਸਨ। ਰਾਤ ਨੂੰ ਸੰਤ ਸਿੰਘ ਤੇ ਮਤਾਬ ਦਿਨੇ ਸੁਣੀਆਂ ਆਪਸ ਵਿਚ ਕਰ ਰਹੇ ਸਨ ਕਿ ਏਨੇ ਨੂੰ ਕੋਲੋਂ ਦੋ ਸਿੱਖ ਲੰਘੇ। ਇਹ ਅੱਜ ਹੀ ਜਹਾਜ਼ ਤੋਂ ਉਤਰ ਕੇ ਗੁਰਦੁਆਰੇ ਆਏ ਸਨ। ਇਨ੍ਹਾਂ ਸੰਤ ਸਿੰਘ ਨੂੰ ਆਪਣੇ ਕੋਲ ਬੁਲਾਇਆ, ਤੇ ਉਹਦੇ ਨਾਲ ਗੱਲਾਂ ਕਰਦੇ ਰਹੇ। ਸੰਤ ਸਿੰਘ ਜਦੋਂ ਫੇਰ ਮਤਾਬ ਕੋਲ ਆਇਆ ਤਾਂ ਉਹਦਾ ਮੂੰਹ ਬੜਾ ਉਤਰਿਆ ਹੋਇਆ ਸੀ। ਮਤਾਬ ਨੇ ਪੁਛਿਆ, ‘‘ਕੀ ਆਖਦੇ ਸੀ ਉਹ? ” ‘‘ਨਹੀਂ, ਕੁਝ ਨਹੀਂ ਐਵੇਂ...। ” ‘‘ਕੋਈ ਸੁਰ ਪਤਾ ਦੱਸੇਂ ਵੀ? ” ਸੰਤ ਸਿੰਘ ਨੇ ਮਤਾਬ ਦਾ ਹੱਥ ਘੱਟ ਕੇ ਫੜ ਲਿਆ ਤੇ ਉਹਦੀਆਂ ਅੱਖਾਂ ਵਿਚ ਨਜ਼ਰਾਂ ਗੱਡ ਕੇ ਕਿਹਾ, ‘‘ਕਹਿੰਦੇ ਸੀ ਤੂੰ ਮੁਸਲਮਾਨ ਆਂ! ” ਮਤਾਬ ਨੇ ਹੈਰਾਨ ਹੋ ਕੇ ਕਿਹਾ, ‘‘ਤੇ ਫੇਰ ਕੀ? ਇਹ ਕੋਈ ਨਵੀਂ ਗੱਲ ਆ! ” ‘‘ਕਹਿੰਦੇ ਸੀ, ਮੁਸਲਮਾਨ ਸੱਪ ਆ ਸੱਪ! ਲੱਖ ਦੁੱਧ ਪਿਆਓ, ਡੰਗ ਈ ਮਾਰੂ! ” ਮਤਾਬ ਪੱਥਰ ਵਾਂਗ ਅਡੋਲ ਹੋਇਆ ਮੂੰਹ ਨੀਵਾਂ ਪਾਈ ਬੈਠਾ ਰਿਹਾ। ਸੰਤ ਸਿੰਘ ਉਹਦੇ ਹੋਰ ਨੇੜੇ ਢੁਕ ਗਿਆ, ‘‘ਕਮਲਿਆ! ਇਹ ਉਨ੍ਹਾਂ ਦੀਆਂ ਗੱਲਾਂ ਸਨ, ਤੂੰ ਪੁੱਛੀਆਂ ਤੇ ਮੈਂ ਦੱਸੀਆਂ। ਮੇਰੇ ਮਨ ਤਾਂ ਇਹ ਉਕਾ ਨਹੀਂ ਲੱਗਦੀਆਂ। ਇਹ ਐਵੇਂ ਹਲਕ ਕੁੱਦਿਆ ਲੋਕਾਂ ਨੂੰ, ਫਿਟਣੀਆਂ ਦੇ ਫੇਟ ਤਾਂ ਗੋਰੇ ਆ ਗੋਰੇ।” ਅਛੋਪਲੇ ਹੀ ਸੰਤ ਸਿੰਘ ਦੀ ਧੀ ਬਚਨੋ ਮਤਾਬ ਦੀ ਝੋਲੀ ਵਿਚ ਆਣ ਬੈਠੀ, ‘‘ਚਾਚਾ ਅਜ ਕਬੂਤਰਾਂ ਨੂੰ ਟੁੱਕਰ ਨਹੀਂ ਪਾਣਾ? -ਵਿਚਾਰੇ ਕਦ ਦੇ ਉਡੀਕਦੇ ਆ।” ਮਤਾਬ ਨੇ ਬਚਨੋ ਨੂੰ ਘੁਟ ਕੇ ਗਲੇ ਨਾਲ ਲਾ ਲਿਆ। ‘‘ਚਾਚਾ, ਤੂੰ ਰੋਂਦਾ ਪਿਆ ਏਂ, ਤੇਰੀਆਂ ਅੱਖਾਂ ਗਿੱਲੀਆਂ ਨੇ! ” ‘‘ਕਬੂਤਰੀਏ-ਮੈਂ ਕਾਹਨੂੰ ਰੋਣਾਂ”, ਆਖ ਮਤਾਬ ਨੇ ਉਹਨੂੰ ਹੋਰ ਘੁਟ ਲਿਆ। ਬਚਨੋ ਨੇ ਆਪਣੀਆਂ ਬਾਲੜੀਆਂ ਬਾਹਵਾਂ ਉਹਦੇ ਗਲ ਦੁਆਲੇ ਵਲ ਲਈਆਂ। ਸੰਤ ਸਿੰਘ ਦੀ ਤਕਣੀ ਵਿਚ ਇਕ ਮੋਹ ਭਰਿਆ ਨਿੱਘ ਘੁਲਿਆ ਹੋਇਆ ਸੀ। ਅਖੀਰ ਪੂਰੇ ਦੋ ਮਹੀਨਿਆਂ ਮਗਰੋਂ ਮਤਾਬ ਤੇ ਸੰਤ ਸਿੰਘ ਦੇ ਟੱਬਰ ਨੂੰ ਜਹਾਜ਼ ਦੀਆਂ ਟਿਕਟਾਂ ਮਿਲ ਗਈਆਂ। ਐਤਕੀਂ ਗੁਰਦੁਆਰੇ ਵਿਚ ਠਹਿਰਿਆਂ ਸਭਨਾਂ ਨੂੰ ਹੀ ਟਿਕਟਾਂ ਮਿਲ ਗਈਆਂ ਸਨ। ਪਰਸੋਂ ਨੂੰ ਜਹਾਜ਼ ਤੁਰ ਰਿਹਾ ਸੀ। ਦੋਵੇਂ ਰਿਕਸ਼ਾ ਮੋੜ ਕੇ, ਜਿੰਨੇ ਪੈਸੇ ਉਨ੍ਹਾਂ ਅੱਜ ਤੱਕ ਜੋੜੇ ਸਨ ਗਿਣਨ ਲਗੇ। ਹਿਸਾਬ ਲਾ ਕੇ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ, ਕਿਉਂਕਿ ਲੋੜੀਂਦੇ ਖ਼ਰਚ ਤੋਂ ਵਧ ਵੀ ਉਨ੍ਹਾਂ ਕੋਲ ਕੁਝ ਬਚਦਾ ਸੀ। ਬਚਨੋ ਨੂੰ ਲੈ ਕੇ ਦੋਵੇਂ ਬਾਜ਼ਾਰ ਚਲੇ ਗਏ। ਸੰਤ ਸਿੰਘ ਨੇ ਬਚਨੋ ਲਈ ਬੜੀ ਸੁਹਣੀ ਰਬੜ ਦੀ ਜੁੱਤੀ ਖਰੀਦੀ, ਤੇ ਆਪਣੀ ਵਹੁਟੀ ਦੀ ਸੁੱਥਣ ਲਈ ਇਕ ਚੀਨੀ ਰੇਸ਼ਮ ਦਾ ਟੋਟਾ। ਮਤਾਬ ਨੇ ਵੀ ਆਪਣੀ ਵਹੁਟੀ ਲਈ ਅਜਿਹਾ ਈ ਟੋਟਾ ਖਰੀਦ ਲਿਆ। ਆਪਣੀ ਧੀ ਤਾਜੋ ਲਈ-ਉਹਨੇ ਬਚਨੋ ਦੇ ਮਾਪ ਦੀ ਰਬੜ ਦੀ ਜੁਤੀ ਖ਼ਰੀਦ ਲਈ, ਦੋਵੇਂ ਹਾਣ ਦੀਆਂ ਸਨ। ਸਮੁੰਦਰ ਅੱਜ ਕਲ ਬੜਾ ਤੁਫ਼ਾਨੀ ਹੋਇਆ ਹੋਇਆ ਸੀ। ਜਹਾਜ਼ ਵਿਚ ਡੈੱਕ ਦੇ ਮੁਸਾਫ਼ਰ ਤਾਂ ਬਹੁਤ ਹੀ ਤਕਲੀਫ਼ ਵਿਚ ਸਨ। ਜਹਾਜ਼ ਨੇ ਦੂਜੇ ਦਿਨ ਤੋਂ ਹੀ ਬੜਾ ਡੋਲਣਾ ਸ਼ੁਰੂ ਕਰ ਦਿੱਤਾ। ਸਮੁੰਦਰ ਵਿਚ ਏਡੀ-ਏਡੀ ਛਲ ਉਠਦੀ ਕਿ ਜਹਾਜ਼ ਤੋਂ ਆਰ ਪਾਰ ਲੰਘ ਜਾਂਦੀ। ਤੀਜੇ ਦਿਨ ਬਚਨੋ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸੰਤ ਸਿੰਘ ਤੇ ਉਹਦੀ ਵਹੁਟੀ ਦਾ ਜੀਅ ਦੂਜੇ ਦਿਨ ਤੋਂ ਹੀ ਬਹੁਤ ਕੱਚਾ ਹੋਣ ਲੱਗ ਪਿਆ ਸੀ। ਸਿਰਫ਼ ਮਤਾਬ ਨੇ ਈ ਸੁਰਤ ਸੰਭਾਲੀ ਰੱਖੀ ਸੀ ਤੇ ਉਹੀ ਬਚਨੋ ਨੂੰ ਕੁਛੜ ਲਈ ਬੈਠਾ ਰਹਿੰਦਾ, ਛੱਲਾਂ ਦੀ ਮਾਰ ਤੋਂ ਬਚਾਂਦਾ ਤੇ ਜਦੋਂ ਉਹ ਉਲਟੀ ਕਰਦੀ ਤਾਂ ਉਹਨੂੰ ਕੁਰਲੀ ਕਰਾ ਕੇ ਉਹਦਾ ਮੂੰਹ ਧੋਂਦਾ। ਕੁਛੜ ਵਿਚ ਬੇਸੁਰਤ ਲੇਟੀ ਬਚਨੋ ਉਹਨੂੰ ਕਈ ਵਾਰ ਤਾਜੋ ਜਾਪਣ ਲੱਗ ਪੈਂਦੀ। ‘ਕਬੂਤਰੀ‘ ਉਹ ਆਪਣੀ ਨਿੱਕੀ ਜਿਹੀ ਤਾਜੋ ਨੂੰ ਲਾਡ ਨਾਲ ਕਹਿੰਦਾ ਹੁੰਦਾ ਸੀ, ਤੇ ਹੁਣ ਤੇ ਉਹ ਵੀ ਸੁਖ ਨਾਲ ਬਚਨੋ ਜਿਡੀ ਹੋ ਗਈ ਹੋਵੇਗੀ। ਜਦੋਂ ਉਹ ਦੇਸੋਂ ਆਇਆ ਸੀ, ਉਦੋਂ ਦੀ ਤੇ ਉਹਨੂੰ ਕੋਈ ਸੰਭਾਲ ਨਹੀਂ ਹੋਣ ਲੱਗੀ! ਹੁਣ ਜਦੋਂ ਉਹ ਉਹਦੇ ਨਿੱਕੇ ਗੋਰੇ ਪੈਰਾਂ ਵਿਚ-ਉਹਦਾ ਰੰਗ ਆਪਣੀ ਮਾਂ ਤੇ ਸੀ-ਰਬੜ ਦੀਆਂ ਜੁਤੀਆਂ ਪੁਆਏਗਾ, ਤਾਂ ਉਹ ਮਾਣ ਨਾਲ ਸਾਰੇ ਪਿੰਡ ਦੇ ਨਿਆਣਿਆਂ ਨੂੰ ਤਕਾਂਦੀ ਫਿਰੇਗੀ। ਪਰ ਉਹ ਉਹਨੂੰ ਦੱਸੇਗੀ, ‘‘ਤਾਜੀਏ, ਤੇਰਾ ਅੱਬਾ ਈ!” ਤੇ ਉਹਦੀ ਮਾਂ ਚੀਨੀ ਰੇਸ਼ਮ ਦੀ ਸੁੱਥਣ ਪਾ ਕੇ ਕਿੰਨੀ ਖੁਸ਼ ਹੋਏਗੀ! ਕਿਡੀ ਕੂਲੀ ਸੁੱਥਣ! ਜਦੋਂ ਉਹ ਆਇਆ ਸੀ ਤਾਂ ਉਹਨੇ ਅੱਥਰੂਆਂ ਵਿਚੋਂ ਤਕਦਿਆਂ ਉਹਨੂੰ ਕਿਹਾ ਸੀ, ‘‘ਵੇਖਣਾ ਕਿਤੇ ਓਥੋਂ ਦੇ ਹੀ ਨਾ ਹੋ ਜਾਣਾ। ਤੁਹਾਨੂੰ ਮੇਰੀ ਕਸਮ, ਤਾਜੋ ਦੀ ਕਸਮ।” ਤੇ ਹੁਣ ਉਹ ਉਹਦੇ ਕੋਲ ਜਾ ਰਿਹਾ ਸੀ ਤੇ ਉਹ ਉਹਦੀ ਕਸਮ ਤੇ ਪੱਕਾ ਰਿਹਾ ਸੀ। ਉਹ ਤੇ ਪਹਿਲੀਆਂ ਵਾਂਗ ਹਾਲੀ ਮੁਟਿਆਰ ਈ ਹੋਏਗੀ, ਉਹਦੀਆਂ ਅੱਖਾਂ ਵਿਚ ਸੁਰਮਾ ਓਨਾ ਹੀ ਕਾਲਾ ਹੋਏਗਾ, ਤੇ ਪਿੰਡਾ ਓਨਾ ਈ ਗੋਰਾ! ਅਚੇਤ ਹੀ ਉਹਨੇ ਆਪਣੇ ਝੁਰੜੇ ਮੂੰਹ ਤੇ ਉਂਗਲਾਂ ਫੇਰੀਆਂ , ਅਣਮੁੰਨੀ ਦਾੜ੍ਹੀ ਰੜਕੀ, ਅੱਖਾਂ ਥੱਲੇ ਕਾਲਖ਼ ਦੀਆਂ ਛਾੲ੍ਹੀਆਂ ਕੁਝ ਗਰਮ ਜਿਹੀਆਂ ਹੋ ਗਈਆਂ ਜਾਪੀਆਂ... ਇਕ ਬੜੀ ਵੱਡੀ ਛੱਲ ਸਮੁੰਦਰ ਵਿਚੋਂ ਉਠ ਕੇ ਸਾਰੇ ਡੈੱਕ ਵਿਚ ਖਿੱਲਰ ਗਈ ਸੀ। ਤੂਫ਼ਾਨਾਂ ਕਰ ਕੇ ਜਹਾਜ਼ ਦੋ ਦਿਨ ਪਛੜ ਕੇ ਕਲਕੱਤੇ ਲਗਿਆ। ਇਥੇ ਫ਼ਸਾਦਾਂ ਦਾ ਜ਼ੋਰ ਸੀ। ਸੰਤ ਸਿੰਘ, ਉਹਦਾ ਟੱਬਰ, ਤੇ ਮਤਾਬ ਰਾਤ ਨੂੰ ਈ ਗੱਡੀ ਚੜ੍ਹ ਗਏ। ਗੱਡੀ ਵਿਚ ਵੀ ਸਫ਼ਰ ਜਹਾਜ਼ ਜਿੰਨਾ ਹੀ ਔਖਾ ਸੀ, ਪੰਧ ਵੀ ਓਨਾ ਈ ਸੀ, ਪਰ ਹੁਣ ਉਨ੍ਹਾਂ ਨੂੰ ਕੋਈ ਏਡਾ ਤੌਖ਼ਲਾ ਨਹੀਂ ਸੀ-ਉਹ ਆਪਣੇ ਦੇਸ ਦੀ ਧਰਤੀ ਤੇ ਜੁ ਸਨ। ਰਾਹ ਵਿਚ ਉਨ੍ਹਾਂ ਕੁਝ ਅੰਬ ਖ਼ਰੀਦੇ। ਕੁਝ ਉਨ੍ਹਾਂ ਖਾ ਲਏ ਤੇ ਕੁਝ ਆਪੋ ਆਪਣੀ ਘਰੀਂ ਸੁਗਾਤ ਵਜੋਂ ਲਿਜਾਣ ਲਈ ਬੰਨ੍ਹ ਲਏ। ਬਚਨੋ ਮਲਾਇਆ ਵਿਚ ਹੀ ਜੰਮੀ ਸੀ, ਤੇ ਪਹਿਲੀ ਵਾਰ ਦੇਸ ਆਈ ਸੀ। ਉਹਨੇ ਅੱਜ ਅੰਬ ਪਹਿਲੀ ਵਾਰ ਚੱਖਿਆ ਸੀ, ਉਹਨੂੰ ਇਹ ਬੜਾ ਹੀ ਸੁਆਦ ਲਗਿਆ। ਉਹਨੇ ਮਤਾਬ ਨੂੰ ਕਿਹਾ, ‘‘ਚਾਚਾ, ਸਾਡਾ ਦੇਸ ਬੜਾ ਈ ਚੰਗਾ ਏ, ਓਨਾ ਈਓਂ ਚੰਗਾ ਜਿੰਨਾ ਤੂੰ ਕਹਿੰਦਾ ਸੀ।” ਮਤਾਬ ਨੇ ਉਹਨੂੰ ਚੁੰਮ ਲਿਆ। ਉਹਦੇ ਮੂੰਹ ਵਿਚੋਂ ਅੰਬ ਦੀ ਵਾਸ਼ਨਾ ਆ ਰਹੀ ਸੀ। ਮਤਾਬ ਨੂੰ ਇਹ ਸੋਚ ਕੇ ਅਜੀਬ ਸੁਖ ਹੋਇਆ ਕਿ ਤਾਜੋ ਨੂੰ ਵੀ ਇਹ ਏਨਾ ਈ ਚੰਗਾ ਲਗੇਗਾ, ਤੇ ਉਹਦੀ ਮਾਂ ਨੂੰ ਵੀ, ਤੇ ਉਨ੍ਹਾਂ ਦੇ ਮੂੰਹਾਂ ਵਿਚੋਂ ਵੀ ਇੰਜ ਦੀ ਵਾਸ਼ਨਾ ਆਏਗੀ.... ਅਖ਼ੀਰ ਗੱਡੀ ਏਡਾ ਪੰਧ ਚੀਰ ਕੇ ਓਸ ਸਟੇਸ਼ਨ ’ਤੇ ਪੁਜ ਗਈ ਜਿਥੇ ਮਤਾਬ ਤੇ ਸੰਤ ਸਿੰਘ ਨੇ ਉਤਰਨਾ ਸੀ। ਸਟੇਸ਼ਨ ਤੇ ਅਜੀਬ ਘੁਟੀ ਘੁਟੀ ਫ਼ਿਜ਼ਾ ਸੀ। ਸਿੱਖ ਤੇ ਹਿੰਦੂ ਸਵਾਰੀਆਂ ਦੀਆਂ ਟੋਲੀਆਂ ਵੱਖ ਬੈਠੀਆਂ ਹੋਈਆਂ ਸਨ, ਮੁਸਲਮਾਨ ਸਵਾਰੀਆਂ ਦੀਆਂ ਵੱਖ। ਬੜੇ ਪੁਲਸੀਏ ਇਧਰ ਉਧਰ ਫਿਰ ਰਹੇ ਸਨ। ਮਤਾਬ ਤੇ ਸੰਤ ਸਿੰਘ ਨੇ ਅੱਗੇ ਕਦੇ ਸਟੇਸ਼ਨ ਤੇ ਏਨੀ ਪੁਲਿਸ ਨਹੀਂ ਸੀ ਵੇਖੀ, ਤੇ ਉਨ੍ਹਾਂ ਤਕਿਆ ਕਿ ਭੀਖ ਮੰਗਦੇ ਫ਼ਕੀਰ ਮੰਗਣ ਤੋਂ ਪਹਿਲਾਂ ਟੀਰੀ ਅੱਖ ਨਾਲ ਜਾਂਚ ਲੈਂਦੇ ਸਨ ਕਿ ਕਿਤੇ ਉਹ ਗ਼ੈਰ-ਮਜ਼ਹਬ ਵਾਲੇ ਕੋਲੋਂ ਤਾਂ ਨਹੀਂ ਸਨ ਮੰਗ ਰਹੇ। ਸਟੇਸ਼ਨੋਂ ਬਾਹਰ ਨਿਕਲ ਕੇ ਸੰਤ ਸਿੰਘ ਨੇ ਇਕ ਟਾਂਗੇ ਵਾਲੇ ਨੂੰ ਬੁਲਾਇਆ। ਇਕ ਸਿੱਖ ਟਾਂਗੇ ਵਾਲਾ ਆ ਗਿਆ। ‘‘ਭਾਈ, ਮੋਟਰਾਂ ਦੇ ਅੱਡੇ ਤੇ ਚਲਣਾਂ। ਤਿੰਨ ਸਵਾਰੀਆਂ ਤੇ ਇਕ ਬਾਲ ਊ। ਕੀ ਲਵੇਂਗਾ? ” ਟਾਂਗੇ ਵਾਲੇ ਨੇ ਮਤਾਬ ਵਲ ਇਸ਼ਾਰਾ ਕਰ ਕੇ ਪੁਛਿਆ, ‘‘ਇਹ ਮੁਸਲਮਾਨ ਆ?” ‘‘ਹਾਂ,” ਹੈਰਾਨ ਸੰਤ ਸਿੰਘ ਨੇ ਹੁੰਗਾਰਾ ਭਰਿਆ। ‘‘ਇਹਨੂੰ ਇਸ ਟਾਂਗੇ ਵਿਚ ਨਾ ਬਿਠਾਓ। ਜਿਧਰੋਂ ਮੈਂ ਜਾਣਾ ਏਂ, ਉਧਰੋਂ ਇਹਦੇ ਲਈ ਚੰਗਾ ਨਹੀਂ। ਤੁਸੀਂ ਜੰਮ ਜੰਮ ਚਲੋ।” ਏਨੇ ਨੂੰ ਇਕ ਮੁਸਲਮਾਨ ਟਾਂਗੇ ਵਾਲਾ ਵੀ ਮਤਾਬ ਦੀਨ ਕੋਲ ਆ ਗਿਆ: ‘‘ਮੋਟਰਾਂ ਦੇ ਅੱਡੇ ਜਾਣਾ ਜੇ? ਤੁਸੀਂ ਮੇਰੇ ਨਾਲ ਬਹਿ ਜਾਓ। ਸਰਦਾਰ ਦੇ ਟਾਂਗੇ ਨੇ ਜਿਧਰੋਂ ਲੰਘਣਾ ਏ, ਓਧਰ ਬਹੁਤੇ ਹਿੰਦੂ ਰਹਿੰਦੇ ਨੇ। ਮੈਂ ਮੁਸਲਮਾਨ ਮਹੱਲੇ ਵਿਚੋਂ ਲੰਘਾ ਲਜਾਊਂ। ਭਾਵੇਂ ਇੰਝ ਵਲਾ ਤਾਂ ਪਊ-ਪਰ ਬਚਾਅ ਏਸੇ ਵਿਚ ਈ ਆ।” ਮਜਬੂਰੀਂ ਦੋਵੇਂ ਵੱਖ ਵੱਖ ਟਾਂਗਿਆਂ ਵਿਚ ਬਹਿ ਗਏ। ਬਚਨੋ ਆਪਣੇ ਟਾਂਗੇ ਵਿਚ ਰੋਣ ਲੱਗ ਪਈ, ‘‘ਚਾਚਾ, ਤੂੰ ਕਿਥੇ ਚਲਿਐਂ? ਤੂੰ ਤੇ ਕਹਿੰਦਾ ਸੀ, ਤੂੰ ਮੈਨੂੰ ਤਾਜੋ ਕੋਲ ਲੈ ਚਲੇਂਗਾ ਤੇ ਤਾਜੋ ਤੇ ਮੈਂ ਪੱਕੀਆਂ ਸਹੇਲੀਆਂ ਬਣ ਜਾਵਾਂਗੀਆਂ।” ਸਿੱਖ ਟਾਂਗੇ ਵਾਲੇ ਨੇ ਘੋੜੇ ਨੂੰ ਚਾਬਕ ਮਾਰੀ। ਟਾਂਗਾ ਤੁਰ ਪਿਆ। ਬਚਨੋ ਹਾਲੀ ਵੀ ਮਤਾਬ ਚਾਚੇ ਨੂੰ ਬੁਲਾ ਰਹੀ ਸੀ। ਭਾਵੇਂ ਮਤਾਬ ਦੇ ਟਾਂਗੇ ਨੂੰ ਵਲਾ ਪਾ ਕੇ ਵੀ ਆਉਣਾ ਪਿਆ ਸੀ। ਪਰ ਉਹ ਸੰਤ ਸਿੰਘ ਦੇ ਟਾਂਗੇ ਨਾਲੋਂ ਪਹਿਲਾਂ ਅੱਡੇ ‘ਤੇ ਪੁਜ ਗਿਆ ਤੇ ਲਾਰੀ ਵਿਚ ਉਨ੍ਹਾਂ ਦੀ ਥਾਂ ਰਖਵਾ ਕੇ ਇਧਰ ਉਧਰ ਫਿਰਨ ਲਗ ਪਿਆ। ਸਾਹਮਣੇ ਹੀ ਇਕ ਆਟੇ ਦਾਣੇ ਦੀ ਦੁਕਾਨ ਸੀ। ਮਤਾਬ ਨੇ ਸੋਚਿਆ ਦੋ ਦੇਗ਼ਾਂ ਚੌਲਾਂ ਦੀਆਂ ਜੁ ਖੁਆਣੀਆਂ ਨੇ, ਭਾ ਹੀ ਪੁਛ ਲਵਾਂ। ਪਰ ਦੁਕਾਨਦਾਰ ਨੇ ਉਹਦੇ ਨਾਲ ਗਲ ਵੀ ਨਾ ਕੀਤੀ, ਸਿਰਫ਼ ਸਿਰ ਹਿਲਾ ਕੇ ਦੱਸ ਦਿੱਤਾ ਕਿ ਚੌਲ ਹੈ ਨਹੀਂ। ਮਤਾਬ ਫੇਰ ਲਾਰੀ ਵਿਚ ਆ ਬੈਠਾ। ਹੁਣ ਤਾਜੋ ਤੇ ਉਹਦੀ ਮਾਂ ਸਮੁੰਦਰਾਂ ਦੀ ਵਿਥ ਤੇ ਨਹੀਂ ਸਨ। ਉਹਦਾ ਕਰਜ਼ਾ ਲਹਿ ਚੁਕਿਆ ਸੀ। ਹੁਣ ਪਿੰਡ ਵਿਚ ਉਹ ਅੱਗੇ ਨਾਲੋਂ ਬਹੁਤ ਸੁਖੀ ਹੋਣਗੇ। ਦਰਿਆ ਵੀ ਉਨ੍ਹਾਂ ਦੀ ਜ਼ਮੀਨ ਤੋਂ ਲਥ ਗਿਆ ਸੀ, ਜ਼ਮੀਨ ਵਾਹਵਾ ਹੋ ਗਈ ਹੋਊ, ਤੇ ਨਾਲੇ ਲੋਕੀ ਆਖਦੇ ਸਨ ਹੁਣ ਆਜ਼ਾਦੀ ਮਿਲਣ ਵਾਲੀ ਆ, ਫ਼ਰੰਗੀਆਂ ਮਹੀਨੇ ਡੂਢ ਨੂੰ ਤੁਰ ਜਾਣਾਂ....... ਕਾਫ਼ੀ ਦੇਰ ਹੋ ਗਈ ਸੀ, ਪਰ ਸੰਤ ਸਿੰਘ ਦਾ ਟਾਂਗਾ ਹਾਲੀ ਵੀ ਕਿਧਰੇ ਦਿਖਾਈ ਨਹੀਂ ਸੀ ਦੇ ਰਿਹਾ। ਲਾਰੀ ਵਾਲੇ ਨੇ ਦੱਸਿਆ ਕਿ ਉਹਨੇ ਘੰਟੇ ਨੂੰ ਚਲਣਾ ਹੈ। ਮਤਾਬ ਨੇ ਸੋਚਿਆ, ਕਾਫ਼ੀ ਵਕਤ ਹੈ, ਰਤਾ ਅਗੇਰੇ ਹੋ ਕੇ ਵਡੀ ਸੜਕ ਤਕ ਵੇਖ ਆਵਾਂ। ਅਗਲੀ ਸੜਕ ਤੇ ਜਾ ਕੇ ਦੂਰ ਮੋੜ ਕੋਲੋਂ ਉਹਨੂੰ ਪਹਿਲਾਂ ਇਕ ਜ਼ੋਰ ਦੇ ਧਮਾਕੇ ਦੀ ਵਾਜ ਆਈ। ਫੇਰ ਓਥੇ ਉਹਨੂੰ ਇਕ ਟਾਂਗਾ ਡਿਗਿਆ ਪਿਆ ਦਿਸਿਆ। ਸੜਕ ਖਾਲੀ ਸੀ। ਉਹ ਓਧਰ ਨੂੰ ਤੇਜ਼-ਤੇਜ਼ ਤੁਰ ਪਿਆ। ਉਹਦਾ ਦਿਲ ਡਰ ਨਾਲ ਜੰਮ ਗਿਆ ਸੀ। ਕੋਲ ਪੁਜ ਕੇ ਉਹਨੇ ਤਕਿਆ, ਸੰਤ ਸਿੰਘ ਤੇ ਉਹਦੀ ਵਹੁਟੀ ਦੀਆਂ ਲਾਸ਼ਾਂ ਭੈੜੀ ਤਰ੍ਹਾਂ ਕੱਟੀਆਂ ਵਢੀਆਂ ਪਈਆਂ ਸਨ। ਸੰਤ ਸਿੰਘ ਦੀਆਂ ਲੱਤਾਂ ਕੁਝ ਵਿਥ ’ਤੇ ਜਾ ਡਿਗੀਆਂ ਸਨ। ਬਚਨੋ ਦੀ ਮਾਂ ਦੀ ਛਾਤੀ ਵਿਚ ਇਕ ਲੋਹੇ ਦਾ ਟੁਕੜਾ ਵਜਿਆ ਹੋਇਆ ਸੀ, ਲਹੂ ਦੀ ਛਪੜੀ ਉਹਦੇ ਦੁਆਲੇ ਲਗੀ ਹੋਈ ਸੀ, ਤੇ ਉਹਦੀਆਂ ਬਾਹਵਾਂ ਇਕ ਪਾਸੇ ਨੂੰ ਟੱਡੀਆਂ ਹੋਈਆਂ ਸਨ। ਏਸ ਪਾਸੇ ਕੁਝ ਦੂਰ ਬਚਨੋ ਬੇਸੁਧ ਪਈ ਸੀ। ਉਹਦੀਆਂ ਬਾਹਵਾਂ ਤੇ ਮੱਥੇ ਤੋਂ ਲਹੂ ਸਿੰਮ ਰਿਹਾ ਸੀ। ਮਤਾਬ ਨੇ ਝਟ ਪਟ ਡਡਿਆ ਕੇ ਬਚਨੋ ਨੂੰ ਚੁਕ ਲਿਆ, ਉਹਦਾ ਪਿੰਡਾ ਹਾਲੀ ਨਿਘਾ ਸੀ ਤੇ ਉਹਨੂੰ ਸਾਹ ਆ ਰਿਹਾ ਸੀ। ਮਤਾਬ ਬੇਹੋਸ਼ ਬਚਨੋ ਨੂੰ ਲੈ ਕੇ ਤੇਜ਼ੀ ਨਾਲ ਅੱਡੇ ਵਲ ਤੁਰ ਪਿਆ। ਮਾਂ ਪਿਓ ਮਹਿੱਟਰ ਬਚਨੋ ਉਤੇ ਮਤਾਬ ਦੇ ਅੱਥਰੂ ਫਰਨ ਫਰਨ ਡੁੱਲ੍ਹ ਰਹੇ ਸਨ। ਇਹ ਪਹਿਲੀ ਵਾਰੀ ਆਪਣੇ ਦੇਸ ਆਈ ਸੀ, ਮਤਾਬ ਨੇ ਸੋਚਿਆ, ਤੇ ਕਿਵੇਂ ਸੰਤ ਸਿੰਘ ਤੇ ਉਹ ਦੇਸ ਆਉਣ ਦੀ ਤਾਂਘ ਵਿਚ ਇਕੱਠੇ ਰਿਕਸ਼ਾ ਚਲਾਂਦੇ ਰਹੇ ਸਨ, ਕਿਵੇਂ ਸੰਤ ਸਿੰਘ ਦੇਸ ਦੀ ਘੋਨੀ ਕਣਕ ਦੀ ਰੋਟੀ ਲਈ ਸਹਿਕਦਾ ਹੁੰਦਾ ਸੀ! ਬਚਨੋ ਦੀ ਮਾਂ ਨੇ ਹਾਲੀ ਉਹ ਰੇਸ਼ਮੀ ਸੁੱਥਣ ਸੁਆਣੀ ਸੀ! ਕਿਵੇਂ ਚਿਰਾਂ ਵਿਛੁੰਨੇ ਦੇਸ਼ ਦੀ ਹਰ ਸ਼ੈ ਬੜੇ ਚਾਅ ਨਾਲ ਉਹ ਆਪਣੀਆਂ ਅੱਖਾਂ ਵਿਚ ਰਚਾ ਲੈਣਾ ਚਾਹੁੰਦੇ ਸਨ! ਹੁਣੇ ਈ ਉਹ ਦੋਵੇਂ ਜਿਉਂਦੇ ਸਨ, ਜ਼ਿੰਦਗੀ ਦੀਆਂ ਨਿੱਕੀਆਂ ਵੱਡੀਆਂ ਆਸਾਂ ਨਾਲ ਧੜਕਦੇ, ਤੇ ਹੁਣ ਸਿਰਫ਼ ਬਚਨੋ ਏਸ ਸਭ ਕਾਸੇ ਦੀ ਕਬਰ ਤੇ ਇਕੋ ਇਕ ਜ਼ਿੰਦਗੀ ਦੀ ਚਿਣਗ ਬਾਕੀ ਰਹਿ ਗਈ ਸੀ,... ਉਹ ਇਹਨੂੰ ਕਦੇ ਬੁਝਣ ਨਹੀਂ ਦਏਗਾ, ਕਦੇ ਵੀ ਨਹੀਂ.... ‘‘ਬਚਨੋ, ਮੈਂ ਮਤਾਬ, ਤੈਨੂੰ ਪਾਲੂੰ। ਆਪਣੀ ਤਾਜੋ ਵਾਂਗ। ਤੁਸੀਂ ਪੱਕੀਆਂ ਸਹੇਲੀਆਂ ਨਹੀਂ, ਭੈਣਾਂ ਬਣੋਗੀਆਂ, ” ਮਤਾਬ ਉੱਚੀ ਉੱਚੀ ਬੇਹੋਸ਼ ਬਚਨੋ ਨੂੰ ਸੁਣਾ ਰਿਹਾ ਸੀ। ਸ਼ੈਦ ਬਚਨੋ ਨੇ ਸੁਣ ਲਿਆ, ਉਹਨੇ ਅੱਖਾਂ ਫਰਕੀਆਂ, ‘‘ਚਾਚਾ....ਤੂੰ.... ” ਅਚਾਨਕ ਪਿਛੋਂ ਮਤਾਬ ਦੇ ਕਿਸੇ ਛੁਰਾ ਖੋਭ ਦਿੱਤਾ। ਬੇਸੁਰਤ ਬਚਨੋ ਉਹਦੀਆਂ ਬਾਹਵਾਂ ਵਿਚੋਂ ਡਿਗ ਪਈ। ‘‘ਏਸ ਛੋਟੇ ਸੱਪ ਨੂੰ ਵੀ ਝਟਕਾ ਛਡੋ, ” ਮਤਾਬ ਦੇ ਮਰਦੇ ਕੰਨਾਂ ਨੇ ਸੁਣਿਆ-ਤੇ ਫੇਰ ਇਕ ਬਾਲੜੀ ਚੀਕ। ਮਤਾਬ ਨੇ ਅੰਤਾਂ ਦੀ ਪੀੜ ਜਰ ਕੇ ਵੀ ਬਚਨੋ ਵਲ ਆਪਣੀਆਂ ਬਹਾਵਾਂ ਵਧਾਣ ਦਾ ਜਤਨ ਕੀਤਾ, ਪਰ ਇਹ ਉਹਦੀ ਵਿਤੋਂ ਵਧ ਸੀ, ‘‘ਬਚਨੋ....ਤਾਜੋ.... ” ਤੇ ਉਹਦੀਆਂ ਬਾਹਵਾਂ ਓਸ ਪਾਸੇ ਵੱਲ ਨੂੰ ਡਿਗ ਪਈਆਂ। ਕਰਫ਼ਿਊ ਦਾ ਸਾਇਰਨ ਚੀਕ ਰਿਹਾ ਸੀ, ਉਸ ਪਿੰਡ ਦੇ ਕੁੱਤਿਆਂ ਦੇ ਰੋਣ ਵਾਂਗ ਜਿਦ੍ਹੇ ਉਤੇ ਮੌਤ ਆਣ ਵਾਲੀ ਹੋਵੇ। ਸੜਕ ਉਤੇ ਗੋਰਾ ਫ਼ੌਜ ਦੇ ਸਿਵਾ ਕੋਈ ਨਹੀਂ ਸੀ।

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®