Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

ਭੂਤਵਾੜੇ ਦਾ ਮਹਾਂ-ਭੂਤ-ਪ੍ਰੋ. ਪ੍ਰੀਤਮ ਸਿੰਘ/Bhootware Da Mahan-Bhoot-Pro. Pritam Singh

ਭੂਤਵਾੜੇ ਦਾ ਮਹਾਂ-ਭੂਤ-ਪ੍ਰੋ. ਪ੍ਰੀਤਮ ਸਿੰਘ/Bhootware Da Mahan-Bhoot-Pro. Pritam Singh
1st May 2018 02:10:54
ਧਰਮਸ਼ਾਲਾ ਤੋਂ ਪਹਿਲਾਂ ਨਾਭੇ ਤੇ ਫੇਰ ਮੇਰੀ ਬਦਲੀ ਪਟਿਆਲੇ ਦੀ ਹੋ ਗਈ। ਉਹੀ ਪੁਰਾਣਾ ਮਹਿੰਦਰਾ ਕਾਲਜ, ਉਹੀ ਪੁਰਾਣੇ ਪ੍ਰੋਫੈਸਰ ਤੇ ਉਹੀ ਪੰਜਾਬੀ ਵਿਭਾਗ ਦੇ ਹੈਡ ਪ੍ਰੋ. ਪ੍ਰੀਤਮ ਸਿੰਘ। ਮੇਰੇ ਜਿੱਡੇ-ਜਿੱਡੇ ਹੀ ਹਰਬੰਸ ਬਰਾੜ, ਗੁਰਬਖਸ਼ ਸੋਚ, ਨਵਤੇਜ ਭਾਰਤੀ ਵਰਗੇ ਸਿਆਣੇ ਐਮ. ਏ. ਦੇ ਵਿਦਿਆਰਥੀ। ਬੜੀਆਂ ਚੰਗੀਆਂ ਸੁਰਿੰਦਰ, ਸ਼ਰਨਜੀਤ ਤੇ ਸੁਰਜੀਤ ਬੈਂਸ ਵਰਗੀਆਂ ਕੁੜੀਆਂ। ਪੜ੍ਹਦੇ-ਪੜ੍ਹਾਂਦੇ ਵੀ ਰਹਿਣਾ, ਗੱਪਾਂ ਵੀ ਮਾਰਨੀਆਂ, ਇੱਕ-ਦੂਜੇ ਨੂੰ ਮਜ਼ਾਕ ਵੀ ਕਰਨੇ ਤੇ ਚਾਹਾਂ ਵੀ ਪੀਂਦੇ ਰਹਿਣਾ। ਹਰਬੰਸ ਬਰਾੜ ਨੇ ਇਕ ਵਾਰੀ ਜਮਾਤ ਵਿਚ ਪੜ੍ਹਾਂਦੀ ਨੂੰ ਮੈਨੂੰ ਆਖਿਆ, ''ਪੜ੍ਹਾਉਂਦੇ-ਪੜ੍ਹਾਉਂਦੇ ਤੁਸੀਂ ਮੇਰੇ ਵਲ ਕਿਉਂ ਝਾਕਦੇ ਰਹਿੰਦੇ ਓ?'' ਤੇ ਮੈਂ ਘਬਰਾ ਗਈ ਸੀ। ਮੈਨੂੰ ਘਬਰਾਹਟ ਵਿਚ ਪਾਉਣ ਲਈ ਹੀ ਤਾਂ ਉਸ ਨੇ ਆਖਿਆ ਸੀ। ਫੇਰ ਸਾਰਿਆਂ ਨੇ ਸਭ ਦੇ ਸਾਹਮਣੇ ''ਮੈਡਮ, ਪੈਰੀਂ ਪੈਨਾਂ, ਮੱਥਾ ਟੇਕਦਾਂ'' ਆਖਣਾ ਸ਼ੁਰੂ ਕਰ ਦਿੱਤਾ। ਦੋ ਕੁ ਦਿਨ ਘਬਰਾ ਕੇ, ਸ਼ਰਮਾ ਕੇ ਮੈਂ ਵੀ ਹਰੇਕ ਨੂੰ ਆਖਣਾ ਸ਼ੁਰੂ ਕਰ ਦਿੱਤਾ, 'ਜੀਊਂਦਾ ਰਹਿ।' 'ਮੈਡਮ ਨਹੀਂ, ਇਹ ਤਾਂ ਸਾਡੀ ਦੀਦੀ ਐ'' ਉਨ੍ਹਾਂ ਆਪੇ ਹੀ ਫੈਸਲਾ ਕਰ ਦਿੱਤਾ ਤੇ ਆਪੇ ਹੀ ਲਾਗੂ ਕਰ ਲਿਆ। ਮੈਂ ਵੀ ਉਨ੍ਹਾਂ ਨੂੰ ਸੱਚੀ-ਮੁੱਚੀਂ ਦੇ ਭੂਤ ਆਖਣਾ ਸ਼ੁਰੂ ਕਰ ਦਿੱਤਾ ਤੇ ਫੇਰ ਇਕ ਵਾਰ ਸੱਚੀਂ-ਮੁੱਚੀਂ ਦੇ ਭੂਤਾਂ ਬਾਰੇ ਸੱਚੋ-ਸੱਚ ਲਿਖ ਕੇ ਇਕ ਰਸਾਲੇ ਨੂੰ ਭੇਜ ਦਿੱਤਾ। ਲਿਖਿਆ ਸੀ: ਸਿਆਲ ਦੀ ਹਨੇਰੀ ਰਾਤ ਸੀ। ਠੱਕਾ ਵਗ ਰਿਹਾ ਸੀ। ਬਾਰ ਖੜਕਿਆ। ਮੈਂ ਉੱਠ ਕੇ ਬੂਹਾ ਖੋਲ੍ਹਿਆ, ਬਾਹਰ ਇਕ ਭੂਤ ਖੜ੍ਹਾ ਸੀ। ''ਮੱਥਾ ਟੇਕਦਾਂ ਦੀਦੀ! ਕੱਲਾ ਹੀ ਹਾਂ..." ਆਖ ਭੂਤ ਅੰਦਰ ਲੰਘ ਆਇਆ। ''ਮੈਂ ਵੀ ਇਕੱਲਾ ਹੀ ਆਇਆ ਹਾਂ'' ਦੂਜੇ ਭੂਤ ਨੇ ਅੰਦਰ ਵੜਦਿਆਂ ਆਖਿਆ। ''ਮੈਂ ਵੀ 'ਕੱਲਾ ਹੀ ਹਾਂ'' ਮਗਰ ਆ ਰਿਹਾ ਤੀਜਾ ਭੂਤ ਬੋਲਿਆ। ''ਅਸੀਂ ਸਾਰੇ ਕੱਲੇ ਹੀ ਆਏ ਹਾਂ'', ਚੌਥੇ ਭੂਤ ਨੇ ਮਗਰ ਆ ਰਹੇ ਦੋ ਤਿੰਨ ਭੂਤਾਂ ਵਲ ਹੱਥ ਕਰਕੇ ਆਖਿਆ। ''ਅਸੀਂ ਸੋਚਿਆ, ਤੁਸੀਂ ਕੱਲੇ ਬੈਠੇ ਹੋਵੋਗੇ, ਚਲਦੇ ਆਂ।'' ਕਮਰੇ ਵਿਚ ਬੈਠੇ ਭੂਤਾਂ ਵਿਚੋਂ ਇਕ ਬੋਲਿਆ। ''ਘਰ ਦੇ ਕਿਤੇ ਗਏ ਨੇ?'' ਇਕ ਤਾਜ਼ੇ-ਤਾਜ਼ੇ ਬਣੇ ਭੂਤ ਨੇ ਗਲਤੀ ਨਾਲ ਪੁੱਛਿਆ। ''ਨਹੀਂ, ਇੱਥੇ ਹੀ ਹਨ ਸਭ'' ਮੈਂ ਕਿਹਾ ਤੇ ਚਾਹ ਦਾ ਪਾਣੀ ਧਰਵਾ ਦਿੱਤਾ। ''ਕੁਸ਼ ਖਾਣ ਨੂੰ ਵੀ ਚਾਹੀਦੈ, ਭੂਤ ਭੁੱਖੇ ਨੇ।'' ਵੱਡੇ ਭੂਤ ਨੇ ਦੱਸਿਆ। ''ਤੁਸਾਂਨੂੰ ਕਿਹਾ ਸੀ ਨਵਾਂ ਰੀਕਾਰਡ ਪਲੇਅਰ ਲੈ ਲਓ, ਮਿਊਜ਼ਕ ਸੁਣਨ ਲਈ ਲੋਕਾਂ ਦੇ ਜਾਣਾ ਪੈਂਦਾ ਹੈ।'' ਇਕ ਹੋਰ ਬੋਲਿਆ। ''ਪਹਿਲੀ ਨੂੰ ਖ਼ਰੀਦ ਲਵਾਂਗੇ...।" ਮੈਂ ਦੱਸਿਆ। ਰੋਟੀ ਖਾਂਦਾ-ਖਾਂਦਾ ਇਕ ਭੂਤ ਆਪਣੇ ਝੱਗੇ ਨਾਲ ਹੱਥ ਪੂੰਝ ਕੇ ਅਲਮਾਰੀ ਵਿਚਲੀਆਂ ਕਿਤਾਬਾਂ ਠੀਕ ਕਰਨ ਲੱਗ ਪਿਆ। ''ਤੁਸੀਂ ਰਾਜਾਰਾਓ ਦਾ ਨਾਵਲ ਖਤਮ ਕਰ ਲਿਆ?'' ''ਅਜੇ ਨਹੀਂ।'' ''ਖ਼ਤਮ ਕਰੋ ਫਿਰ ਡਿਸਕਸ ਕਰੀਏ। ਬੜਾ ਚਿਰ ਲਾ ਦਿੰਦੇ ਹੋ।'' ''ਅਸਲ ਵਿਚ ਇਹ ਅੱਖਰਾਂ ਵਿਚੀਂ ਨਹੀਂ, ਅੱਖਰਾਂ ਨੂੰ ਆਪਣੇ ਵਿਚੀਂ ਲੰਘਾਉਂਦੇ ਨੇ। ਇਸ ਲਈ ਬਹੁਤ ਚਿਰ ਲੱਗ ਜਾਂਦਾ ਏ।'' ਮੇਰੀ ਥਾਂ ਵੱਡੇ ਭੂਤ ਨੇ ਜਵਾਬ ਦਿੱਤਾ। ''ਮੈਨੂੰ ਤਾਂ ਕਈ ਵਾਰੀ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਬੜੀ ਕੁਵੇਲੇ ਜਾਗੀ ਹਾਂ। ਗੋਡੇ-ਗੋਡੇ ਧੁੱਪਾਂ ਚੜ੍ਹ ਆਈਆਂ ਨੇ। ਕੰਮ ਬਹੁਤ ਪਿਆ ਏ ਤੇ ਵਕਤ ਬਹੁਤ ਥੋੜ੍ਹਾ ਏ।'' ਮੈਂ ਬਾਰੀ ਤੋਂ ਪਾਰ ਹਨੇਰੇ ਵਿਚ ਦੂਰ ਤੱਕ ਵੇਖਦਿਆਂ ਕਿਹਾ। ''ਏਨਾ ਥੋੜਾ ਏ ਕਿ ਤੁਸੀਂ ਜਾਗ ਪਏ ਓ। ਉਨ੍ਹਾਂ ਦਾ ਕੀ ਹਾਲ ਏ ਜਿਹੜੇ ਅਜੇ ਸੁੱਤੇ ਹੀ ਹੋਏ ਨੇ?'' ਇਕ ਭੂਤ ਨੇ ਬਾਰੀ ਵਿਚ ਅਮਸਾਨ ਉਤੇ ਬੱਦਲਾਂ ਵਿਚੀਂ ਦਿੱਸ ਰਹੇ ਕਿਸੇਕਿਸੇ ਤਾਰੇ ਵਲ ਹੱਥ ਕਰਕੇ ਕਿਹਾ। ''ਤੇਰੀ ਕਵਿਤਾ ਦਾ ਕੀ ਹਾਲ ਏ?'' ਮੈਂ ਉਸਨੂੰ ਪੁੱਛਿਆ। ''ਛੱਡ ਦਿੱਤੀ ਏ ਲਿਖਣੀ।'' ''ਇਹ ਮਾੜੀ ਗੱਲ ਹੈ।'' ''ਮਾੜੀਆਂ ਗੱਲਾਂ ਵੀ ਤੁਹਾਡੇ ਕੋਲੋਂ ਹੀ ਸਿੱਖੀਆਂ ਹਨ।'' ਉਹ ਆਖ ਰਿਹਾ ਸੀ। ਇਹ ਸਾਰੇ ਭੂਤਵਾੜੇ ਦੇ ਮੈਂਬਰ ਹਨ। ਹਰ ਕੋਈ ਭੂਤਵਾੜੇ ਦਾ ਮੈਂਬਰ ਨਹੀਂ ਹੋ ਸਕਦਾ। ਭਾਵੇਂ ਮੈਂਬਰ ਹੋਣ ਦਾ ਚੰਦਾ ਕੋਈ ਨਹੀਂ। ਭੂਤਵਾੜਾ ਕਿਸੇ ਸੰਸਥਾ, ਕਿਸੇ ਵਾਦ ਜਾਂ ਕਿਸੇ ਥਾਂ ਦਾ ਨਾਂ ਨਹੀਂ, ਇਹ ਤਾਂ ਇਕ ਟੱਬਰਦਾਰੀ ਹੈ। ਇਸ ਟੱਬਰ ਦੇ ਸਾਰੇ ਜੀਆਂ ਨੂੰ ਭੂਤ ਆਖਿਆ ਜਾਂਦਾ ਹੈ। ਮੈਂ ਕਦੇ-ਕਦੇ ਇਨ੍ਹਾਂ ਨੂੰ 'ਬੇਘਰੇ ਤੇ ਹੋਰ ਇਕਾਂਗੀ' ਆਖਦੀ ਹੁੰਦੀ ਹਾਂ। ਇਸ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਘਰ ਕੋਈ ਨਹੀਂ ਸਗੋਂ ਸਾਰਾ ਸੰਸਾਰ ਇਨ੍ਹਾਂ ਦਾ ਘਰ ਹੈ, ਮੇਰ-ਤੇਰ ਦੇ ਛੋਟੇ ਝਗੜਿਆਂ ਵਿਚ ਇਹ ਭੂਤ ਨਹੀਂ ਪੈਂਦੇ। ਅੱਜ ਕੱਲ੍ਹ, ਭੂਤਵਾੜੇ ਦੇ ਮੈਂਬਰ ਤੁਹਾਨੂੰ ਚੰਡੀਗੜ੍ਹ, ਅੰਬਾਲਾ, ਫਰੀਦਕੋਟ, ਦਿੱਲੀ, ਬਠਿੰਡਾ ਗੜ੍ਹਦੀਵਾਲਾ, ਕੈਨੇਡਾ, ਇੰਗਲੈਂਡ ਤੇ ਅਮਰੀਕਾ ਵਿਚ ਵੀ ਮਿਲ ਜਾਣਗੇ, ਪਰ ਪੱਕਾ ਅੱਡਾ ਇਨ੍ਹਾਂ ਦਾ ਪਟਿਆਲੇ ਹੀ ਹੈ। ਖੁੱਲ੍ਹਾ ਜਿਹਾ ਕੋਈ ਘਰ ਇਹ ਭੂਤ ਕਿਰਾਏ ਉਤੇ ਲੈ ਲੈਂਦੇ ਹਨ ਭਾਵੇਂ ਉਹ ਘਰ ਇਕ ਕਮਰੇ ਦਾ ਹੀ ਹੋਵੇ। ਜਿਹੜਾ ਭੂਤ ਕਿਸੇ ਕੰਮ ਉਤੇ ਹੈ, ਕਿਰਾਇਆ ਉਸ ਨੇ ਦੇਣਾ ਹੁੰਦਾ ਹੈ। ਜੇ ਕਿਰਾਇਆ ਕੁਝ ਚਿਰ ਨਾ ਦਿੱਤਾ ਜਾ ਸਕੇ ਤਾਂ ਬੜੀ ਖੁਸ਼ੀ ਨਾਲ ਕਿਰਾਏ ਵਿਚ ਸਾਰਾ ਸਾਮਾਨ ਦੇ ਕੇ ਕਿਸੇ ਹੋਰ ਘਰ ਵਿਚ ਆ ਜਾਂਦੇ ਹਨ। ਉਂਜ ਵੀ ਜਾਣ-ਪਹਿਚਾਣ ਵਾਲਿਆਂ ਨਾਲ ਸਾਰੇ ਰਿਸ਼ਤੇ-ਨਾਤੇ ਤੋੜ ਕੇ ਥੋੜ੍ਹੇ ਹੀ ਜਾਈਦਾ ਏ। ਹਿਸਾਬ-ਕਿਤਾਬ ਵਿਚ ਹੀ ਰਹਿਣਾ ਚਾਹੀਦਾ ਹੈ। ਫਿਰ ਇਨ੍ਹਾਂ ਦਿਨਾਂ ਵਿਚ ਸਮਾਜਵਾਦ ਨੂੰ ਬੜੀ ਤੀਬਰਤਾ ਨਾਲ ਉਡੀਕਿਆ ਜਾਂਦਾ ਹੈ। ਕਿਸੇ ਨਾ ਕਿਸੇ ਭੂਤ ਦੇ ਪਿੰਡ ਤੋਂ ਦਾਣਿਆਂ ਦੀ ਬੋਰੀ ਆ ਜਾਂਦੀ ਹੈ। ਭੂਤ ਆਟਾ ਪਿਹਾ ਲਿਆਉਂਦੇ ਹਨ ਤੇ ਵਾਰੀ-ਵਾਰੀ ਰੋਟੀਆਂ ਪਕਾਉਂਦੇ ਹਨ। ਕਈ ਵਾਰੀ ਪਕਾਉਣ ਵਾਲੇ ਨੂੰ ਰੋਟੀ ਬਚਦੀ ਹੀ ਨਹੀਂ। ਉਹ ਫੇਰ ਕਿਸੇ ਵਾਕਫ ਦੇ ਘਰ ਚਲਿਆ ਜਾਂਦਾ ਹੈ। ਰੋਟੀ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਆ ਕੇ ਕਵਿਤਾ ਲਿਖਣ ਲੱਗ ਜਾਂਦਾ ਹੈ। ਜੇ ਦੂਸਰੇ ਮਹਿਸੂਸ ਕਰਨ ਕਿ ਇਸ ਨੂੰ ਰੋਟੀ ਨਹੀਂ ਮਿਲੀ ਤਾਂ ਉਹ ਬੜੇ ਹੀ ਖੂਬਸੂਰਤ ਤਰੀਕੇ ਨਾਲ ਦੱਸਦਾ ਹੈ, ''ਅਸੀਂ ਅੰਨ ਦੇ ਕੀੜੇ ਨਹੀਂ। ਅਸੀਂ ਜੱਗ ਉਤੇ ਰੋਟੀਆਂ ਖਾਣ ਨਹੀਂ ਆਏ। ਕਦੇ-ਕਦੇ ਵਰਤ ਰੱਖਣਾ ਡਾਕਟਰਾਂ ਅਨੁਸਾਰ ਸਿਹਤ ਲਈ ਚੰਗਾ ਹੁੰਦਾ ਏ।'' ਸਤਯਜੀਤ ਰੇਅ ਦੀ ਫ਼ਿਲਮ ਦੇਖਣ ਲਈ ਭੂਤ ਮੂਹਰਲੀਆਂ ਕਤਾਰਾਂ ਵਿਚ ਸੀਟਾਂ ਰਖਵਾ ਛੱਡਦਾ ਹੈ। ਰਿਕਸ਼ੇ ਵਾਲਿਆਂ, ਮਜ਼ਦੂਰਾਂ, ਦਿਹਾੜੀਦਾਰਾਂ ਨਾਲ ਮੂਹਰਲੀਆਂ ਕਤਾਰਾਂ ਵਿਚ ਬੈਠੇ ਭੂਤ ਸੋਚ ਰਹੇ ਹੁੰਦੇ ਹਨ ਕਿ ਜ਼ਿੰਦਗੀ ਦੇ ਹਰ ਖੇਤਰ ਵਿਚ ਮੂਹਰਲੀਆਂ ਕਤਾਰਾਂ ਦੇ ਹੱਕਦਾਰਾਂ ਨੂੰ ਸਿਰਫ ਸਿਨਮਿਆਂ ਵਿਚ ਹੀ ਮੂਹਰਲੀਆਂ ਕਤਾਰਾਂ ਕਿਉਂ ਪ੍ਰਾਪਤ ਹੁੰਦੀਆਂ ਹਨ? ਸਾਰੀਆਂ ਲਾਇਬਰੇਰੀਆਂ ਵਿਚ ਇਨ੍ਹਾਂ ਨੂੰ ਪਤਾ ਹੁੰਦਾ ਏ ਕਿ ਕਿਹੜੀ ਕਿਤਾਬ ਕਿਥੇ ਪਈ ਏ। ਇਨ੍ਹਾਂ ਭੂਤਾਂ ਨੂੰ ਤਾਂ ਇਹ ਵੀ ਪਤਾ ਹੁੰਦਾ ਹੈ ਕਿ ਸ਼ਹਿਰ ਵਿਚ ਕਿਹੜੇ ਲੋਕ ਕਿਤਾਬਾਂ ਖਰੀਦਦੇ ਹਨ ਤੇ ਕਿਹੜੇ ਉਨ੍ਹਾਂ ਨੂੰ ਪੜ੍ਹਦੇ ਹਨ। ਜਿਸ ਦਿਨ ਕੋਈ ਕੰਮ ਦੀ ਕਿਤਾਬ ਕਿਸੇ ਦੁਕਾਨ ਉਤੇ ਆ ਜਾਵੇ, ਭੂਤ ਚਾਰ ਜਾਂ ਅੱਠ ਦਿਨ ਲਈ ਕਿਤਾਬ ਦੀ ਕੀਮਤ ਅਨੁਸਾਰ ਚਾਹ ਪਾਣੀ ਦਾ ਰਾਸ਼ਨ ਬੰਦ ਕਰਕੇ ਕਿਤਾਬ ਖਰੀਦ ਲੈਂਦੇ ਹਨ। ਪਰ ਕਈ ਵਾਰੀ ਕਿਸੇ ਇਕ ਭੂਤ ਦੀ ਫੀਸ ਭਰਨ ਲਈ ਸਭ ਭੂਤਾਂ ਦੀਆਂ ਕਿਤਾਬਾਂ ਵਿਕ ਜਾਂਦੀਆਂ ਹਨ। ਇਕ ਦਿਨ ਇਕ ਭੂਤ ਕਵਿਤਾ-ਮੁਕਾਬਲੇ ਵਿਚ ਪੰਜਾਹ ਰੁਪਏ ਦਾ ਇਨਾਮ ਲਿਆਇਆ। ਭੂਤਾਂ ਨੇ ਸਲਾਹ ਬਣਾਈ ਚਲੋ ਅੱਜ ਐਸ਼ ਕਰੀਏ। ਦਾਰੂ ਲਿਆਂਦੀ ਗਈ। ਪਾਨ ਲਿਆਂਦੇ ਗਏ। ਸਿਗਰਟਾਂ ਲਿਆਂਦੀਆਂ ਗਈਆਂ। ਸਿਓਆਂ ਦੀ ਸਬਜ਼ੀ ਬਣੀ। ਇਨਾਮ ਜਿੱਤਣ ਵਾਲੇ ਭੂਤ ਨੇ ਤਰਲਾ ਕੀਤਾ ਕਿ ਉਸ ਦੀ ਜੁੱਤੀ ਟੁੱਟ ਗਈ ਹੈ, ਉਸ ਨੂੰ ਵਿਚੋਂ ਫਲੀਟ ਲੈ ਦਿੱਤੇ ਜਾਣ। ਪਰ ਉਸ ਦੀ ਅਪੀਲ ਸਰਬਸੰਮਤੀ ਨਾਲ ਰੱਦ ਕਰ ਦਿੱਤੀ ਗਈ। ਦਾਰੂ ਪੀ ਕੇ ਉਹ ਗਲੀ ਵਿਚ ਲਿਟੇ। ਆਪਸ ਵਿਚ ਗਾਲ੍ਹਾਂ ਕੱਢੀਆਂ। ਵੱਡਾ ਭੂਤ ਰੋ ਵੀ ਪਿਆ ਕਿ ਉਸ ਦੇ ਵਿਆਹ ਬਾਰੇ ਕਦੇ ਸੋਚਿਆ ਹੀ ਨਹੀਂ ਗਿਆ। ਸਭ ਤੋਂ ਛੋਟੇ ਭੂਤ ਨ ਆਪਣੀ ਸਹੇਲੀ ਦਾ ਖਤ ਪੜ੍ਹ ਕੇ ਸੁਣਾਇਆ ਤੇ ਇਉਂ ਐਸ਼ ਕੀਤੀ ਗਈ। ਜਦੋਂ ਕਿਸੇ ਭੂਤ ਨੇ ਕਿਸੇ ਇੰਟਰਵਿਊ ਉਤੇ ਜਾਣਾ ਹੁੰਦਾ ਹੈ ਤਾਂ ਕਿਸੇ ਭੂਤ ਦੀ ਜੁੱਤੀ, ਕਿਸੇ ਦਾ ਕੋਟ, ਕਿਸੇ ਦੀ ਪੱਗ ਉਸਨੂੰ ਲੈ ਦਿੱਤੀ ਜਾਂਦੀ ਹੈ। ਉਸ ਦੇ ਮੁਕਾਬਲੇ ਉਤੇ ਕੋਈ ਹੋਰ ਭੂਤ ਅਰਜ਼ੀ ਨਹੀਂ ਦਿੰਦਾ। ਜੇ ਚੁਣ ਲਿਆ ਜਾਵੇ ਤਾਂ ਚੋਣ ਕਮੇਟੀ ਦੀ ਅਕਲ ਦੀ ਦਾਦ ਦਿੱਤੀ ਜਾਂਦੀ ਹੈ, ਨਹੀਂ ਤਾਂ ਸਮਝ ਲਿਆ ਜਾਂਦਾ ਹੈ ਕਿ ਚੋਣ ਕਮੇਟੀ ਬੇਵਕੂਫਾਂ ਦੀ ਸੀ। ਬਹੁਤੀਆਂ ਚੋਣ ਕਮੇਟੀਆਂ ਬੇਵਕੂਫਾਂ ਦੀਆਂ ਹੀ ਸਾਬਤ ਹੁੰਦੀਆਂ ਹਨ। ਫਿਰ ਸੁਕਰਾਤ ਤੋਂ ਲੈ ਕੇ ਸੁਕੀਰਤ ਸਿੰਘ 'ਫ਼ਰਿਆਦੀ' ਤੱਕ ਦੇ ਹਵਾਲੇ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਮੇਂ ਨੇ ਨਹੀਂ ਸਮਝਿਆ ਤੇ ਪੀਣ ਲਈ ਜ਼ਹਿਰ ਦਾ ਪਿਆਲਾ ਦੇ ਦਿੱਤਾ। ਮੈਂ ਥੀਸਿਸ ਚਾਰ ਦਿਨਾਂ ਤੱਕ ਦੇਣਾ ਸੀ। ਪਤਾ ਲੱਗਿਆ ਟਾਈਪ ਮੁੜ ਕਰਵਾਉਣਾ ਪਵੇਗਾ, ਕੁਝ ਚੀਜ਼ਾਂ ਗਲਤ ਹੋ ਗਈਆਂ ਸਨ। ਮੈਂ ਬਹੁਤ ਪ੍ਰੇਸ਼ਾਨ ਹੋ ਗਈ। ਏਨਾ ਕੰਮ ਚਾਰ ਦਿਨਾਂ ਵਿਚ ਸੰਭਵ ਨਹੀਂ ਸੀ। ਭੂਤਾਂ ਨੂੰ ਪਤਾ ਲੱਗਿਆ। ਪਹੁੰਚ ਗਏ। ਦੋ ਟਾਈਪਿਸਟ ਲੈ ਆਏ। ਇਕ ਇਕ ਕਾਪੀ ਸਾਂਭ ਲਈ। ਰਾਤ ਪੈ ਗਈ, ਦਿਨ ਚੜ੍ਹ ਗਿਆ। ਫਿਰ ਰਾਤ ਪੈ ਗਈ, ਫਿਰ ਦਿਨ ਚੜ੍ਹ ਗਿਆ। ਫਿਰ ਰਾਤ ਪੈ ਗਈ, ਭੂਤ ਕੰਮ ਲੱਗੇ ਹੋਏ ਸਨ। ਟਾਈਪਿਸਟ ਵਾਰੋ ਵਾਰੀ ਕੰਮ ਕਰ ਰਹੇ ਸਨ। ਚੌਥੇ ਦਿਨ ਜਿਲਦਾਂ ਬੰਨ੍ਹਾ ਕੇ ਇਕ ਭੂਤ ਬੱਸ ਵਿਚ ਜਿਲਦਾਂ ਸੁਕਾਉਂਦਾ ਥੀਸਿਸ ਚੰਡੀਗੜ੍ਹ ਨੂੰ ਲਈ ਜਾ ਰਿਹਾ ਸੀ। ਵਾਈਵੇ ਵਿਚ ਮੈਂ ਜਵਾਬ ਹਲੀਮੀ ਵਾਲੇ ਨਹੀਂ ਸੀ ਦਿੱਤੇ। ਤੇ ਮੈਂ ਅੰਦਾਜ਼ਾ ਨਹੀਂ ਸੀ ਲਾ ਸਕਦੀ ਕਿ ਮੈਨੂੰ ਡਿਗਰੀ ਮਿਲ ਜਾਵੇਗੀ ਕਿ ਨਹੀਂ? ਜਿਸ ਦਿਨ ਸਿੰਡੀਕੇਟ ਦੀ ਮੀਟਿੰਗ ਵਿਚ ਰੀਜ਼ਲਟ ਦਾ ਪਤਾ ਲੱਗਣਾ ਸੀ ਕੋਈ ਭੂਤ ਚੰਡੀਗੜ੍ਹ ਜਾਣ ਲਈ ਤਿਆਰ ਨਹੀਂ ਸੀ ਕਿ ਜੇ ਖ਼ਬਰ ਮਾੜੀ ਹੋਈ ਤਾਂ...ਤੇ ਬਹੁਤੀ ਸੰਭਾਵਨਾ ਮਾੜੀ ਖ਼ਬਰ ਦੀ ਹੀ ਸੀ। ਆਖ਼ਰ ਹਰਿੰਦਰ ਸਿੰਘ ਮਹਿਬੂਬ ਹੌਂਸਲਾ ਕਰਕੇ ਚਲਿਆ ਗਿਆ। ਪਿੱਛੋਂ ਦੂਜੇ ਸੰਸਾ ਵੀ ਕਰਦੇ ਸੀ, ਗੁੱਸੇ 'ਚ ਆ ਕੇ ਕਿਧਰੇ ਕਿਸੇ ਨੂੰ ਕੁੱਟ ਹੀ ਨਾ ਆਵੇ, ਓਹਦਾ ਕਾਹਲੇ ਦਾ ਕੀ ਐ? ਪਰ ਰਾਤ ਨੂੰ ਉਹ ਜ਼ੋਰ ਜ਼ੋਰ ਦੀ ਤਖਤੇ ਭੰਨ ਰਿਹਾ ਸੀ। ਮੈਂ ਬਾਰ ਖੋਲ੍ਹਿਆ। ਉਹ ਮਠਿਆਈ ਦਾ ਡੱਬਾ ਲਈਂ ਖੜ੍ਹਾ ਸੀ। ਬੋਲਿਆ, ''ਮੈਂ ਟੇਸ਼ਣ ਤੋਂ ਨੱਠਿਆ ਆਇਆਂ।' ਤੁਸੀਂ ਭੋਰਾ ਮਠਿਆਈ ਦਾ ਲੈ ਲੋ, ਬਾਕੀ ਮੈਂ ਭੂਤਵਾੜੇ ਜਾ ਕੇ ਦੱਸਣੈ, ਨਾਲੇ ਮਠਿਆਈ ਦੇਣੀ ਐ।'' ਮੈਂ ਬਰਫ਼ੀ ਦਾ ਇਕ ਟੁਕੜਾ ਚੁੱਕ ਲਿਆ ਤੇ ਉਹ ਉਨ੍ਹੀਂ ਪੈਰੀਂ ਪਰਤ ਗਿਆ। ਅਗਲੇ ਦਿਨ ਭੂਤਵਾੜੇ ਵਾਲਿਆਂ ਵਿਚੋਂ ਕੋਈ ਕਾਲਜ ਨਹੀਂ ਸੀ ਆਇਆ। ਪਤਾ ਲੱਗਿਆ ਉਹ ਰਾਤ ਦਾਰੂ ਪੀ ਕੇ ਜਸ਼ਨ ਮਨਾਉਂਦੇ ਰਹੇ ਸਨ ਤੇ ਹੁਣ ਸਭ ਸੁੱਤੇ ਪਏ ਸਨ। ਇਕ ਦਿਨ ਗਰਮੀਆਂ ਦੀ ਦੁਪਹਿਰ ਨੂੰ ਬਾਰ ਖੜਕਿਆ। ਮੈਂ ਖੋਲ੍ਹਿਆ। ਬਾਹਰ ਇਕ ਭੂਤ ਖੜ੍ਹਾ ਸੀ। ''ਆ ਬੈਠ'', ਮੈਂ ਉਸਨੂੰ ਪਸੀਨੋ ਪਸੀਨਾ ਹੋਇਆ ਦੇਖ ਕੇ ਕਿਹਾ। ''ਬਸ ਮੈਂ ਹੁਣੇ ਮੁੜਨਾ ਏ। ਮੈਂ ਲਾਲ ਪੈਂਨਸਲ ਖਰੀਦੀ ਸੀ, ਦੇਖੋ ਕਿੰਨੀ ਸੁਹਣੀ ਏ, ਮੈਂ ਕਿਹਾ ਵਿਖਾ ਆਵਾਂ। ਬਾਕੀ ਭੂਤ ਸੁੱਤੇ ਪਏ ਨੇ। ਸਾਰੀ ਰਾਤ ਪੜ੍ਹਦੇ ਰਹੇ ਸੀ ਨਾ।'' ਉਸ ਨੇ ਪੈਨਸਲ ਮੇਰੇ ਅੱਗੇ ਕਰਕੇ ਕਿਹਾ। ਮੈਂ ਪੈਨਸਲ ਹੱਥ ਵਿਚ ਫੜ ਲਈ। ਧਿਆਨ ਨਾਲ ਦੇਖੀ। ਲਾਲ ਪੈਨਸਲ ਸੀ। ''ਇਕ ਪਾਣੀ ਦਾ ਗਿਲਾਸ ਪਿਆ ਦਿਓ।'' ਮੈਂ ਪਾਣੀ ਲਿਆ ਦਿੱਤਾ। ''ਅੱਛਾ, ਮੈਂ ਚਲਦਾਂ'' ਆਖ ਉਹ ਭੂਤ ਬਲਦੀ ਦੁਪਹਿਰ ਵਿਚ ਤਿੰਨ ਮੀਲ ਦੂਰ ਭੂਤਵਾੜੇ ਨੂੰ ਮੁੜ ਗਿਆ ਜਿਥੋਂ ਉਹ ਪੈਨਸਲ ਵਿਖਾਉਣ ਆਇਆ ਸੀ। ਅੰਗਰੇਜ਼ੀ ਐਮ. ਏ. ਦਾ ਇਕ ਵਿਦਿਆਰਥੀ ਭੁੱਲਭੁਲੇਖੇ ਇਕ ਵਾਰੀ ਭੂਤਵਾੜੇ ਵਾਲਿਆਂ ਨਾਲ ਜਾ ਰਲਿਆ। ਪਹਿਲੇ ਦਿਨ ਵਾਪਸ ਹੋਸਟਲ ਆ ਕੇ ਉਸ ਨੇ ਦੇਵੀ ਦੀ ਫੋਟੋ ਮੂਹਰੇ ਬੈਠ ਕੇ ਮੁਆਫੀ ਮੰਗੀ ਕਿ ਕਿਹੋ ਜਿਹੇ ਲਫੰਗਿਆਂ ਨਾਲ ਵਾਹ ਪੈ ਗਿਆ, ਜਿਹੜੇ ਰੱਬ ਨੂੰ ਟਿੱਚ ਜਾਣਦੇ ਨੇ। ਜਿਹੜੇ ਸਾਰੀ ਸਾਰੀ ਰਾਤ ਸੜਕਾਂ ਉਤੇ ਹੀ ਬਹਿਸਾਂ ਕਰਦੇ ਕੱਟ ਦਿੰਦੇ ਹਨ। ਜਿਹੜੇ ਦੋ-ਦੋ ਦਿਨ ਰੋਟੀ ਤੋਂ ਬਿਨਾ ਹੀ ਸਾਰ ਲੈਂਦੇ ਹਨ। ਭੂਤਾਂ ਨੇ ਉਸਨੂੰ ਹਰਮਨ ਹੈਸ ਦੇ ਨਾਵਲ 'ਸਿਧਾਰਥ' ਦਾ ਪਾਤਰ ਗੋਬਿੰਦ ਬਣਾ ਦਿੱਤਾ। ਪਹਿਲੇ ਸਾਲ ਉਹ ਫੇਲ੍ਹ ਹੋ ਗਿਆ, ਪਰ ਉਹ ਖੁਸ਼ ਸੀ ਕਿ ਘੱਟੋ-ਘੱਟ ਭੂਤਾਂ ਵਿਚ ਰਹਿ ਕੇ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਹੈ ਕਿ ਉਹ ਕਿੱਡਾ ਨਾਲਾਇਕ ਹੈ। ਪਰ ਹੁਣ ਉਹ ਤਕੜੇ ਤਕੜੇ ਭੂਤਾਂ ਨੂੰ ਠਿੱਬੀਆਂ ਲਾਉਂਦਾ ਹੈ। ''ਤੁਸੀਂ ਕਦੋਂ ਮਰਨਾ ਏ?'' ਇਕ ਦਿਨ ਇਕ ਭੂਤ ਨੇ ਮੈਨੂੰ ਪੁੱਛਿਆ। ''ਕੀ ਗੱਲ?'' ''ਮੈਂ ਨਹੀਂ ਚਾਹੁੰਦਾ ਤੁਸੀਂ ਕਦੇ ਮੇਰਾ ਇਮੇਜ਼ ਸ਼ੈਟਰ ਕਰੋ। ਸੋ ਮੈਂ ਚਾਹੁੰਦਾ ਹਾਂ ਕਿ ਜੋ ਤੁਸੀਂ ਹੁਣ ਹੋ, ਉਹੀ ਮਰ ਜਾਓ।'' ਇਕ ਭੂਤ ਨੂੰ ਮਸਾਂ ਨੌਕਰੀ ਮਿਲੀ ਸੀ ਪਰ ਉਹ ਪ੍ਰਿੰਸੀਪਲ ਨਾਲ ਲੜ ਪਿਆ। ਇਨ੍ਹਾਂ ਨਾਲ ਕੱਟਣਾ ਕਿਹੜਾ ਸੌਖਾ ਹੈ। ਉਸ ਭੂਤ ਨੇ ਅਸਤੀਫੇ ਵਿਚ ਜੋ ਕੁਝ ਲਿਖਿਆ ਉਸ ਤੋਂ ਪ੍ਰਭਾਵਿਤ ਹੋ ਕੇ ਪ੍ਰਿੰਸੀਪਲ ਉਸ ਨੂੰ ਮੁੜ ਨੌਕਰੀ 'ਤੇ ਰੱਖਣ ਲਈ ਤਿਆਰ ਹੋ ਗਿਆ। ਪਰ ਭੂਤ ਸਮਝੌਤਾਵਾਦੀ ਨਹੀਂ। ਕਦੇ-ਕਦੇ ਸਿਆਣੇ ਲੋਕ ਡਿਗਰੀਆਂ ਲੈਣ, ਨੌਕਰੀਆਂ 'ਤੇ ਲੱਗਣ ਵਜੀਫੇ ਪ੍ਰਾਪਤ ਕਰਨ, ਲੇਖਕ ਬਣਨ ਤੇ ਪੈਸਾ ਕਮਾਉਣ ਦੇ ਗੁਰ ਉਨ੍ਹਾਂ ਨੂੰ ਦੱਸਦੇ ਹਨ ਤਾਂ ਉਹ ਚੁੱਪ-ਚਾਪ ਸੁਣਦੇ ਰਹਿੰਦੇ ਹਨ। ਫਿਰ ਉਨ੍ਹਾਂ ਵਿਚੋਂ ਕੋਈ ਹੌਲੀ ਦੇ ਕੇ ਪੁੱਛ ਲੈਂਦਾ- "ਅਛਾ, ਭਲਾ ਜੇ ਨੌਕਰੀ ਮਿਲ ਗਈ, ਕਿਤਾਬ ਛਪ ਗਈ, ਪੈਸਾ ਪੱਲੇ ਹੋ ਗਿਆ, ਫੇਰ...?'' ਇਸ ਫੇਰ ਨੂੰ ਅਗਲਾ ਕੀ ਸਮਝੇ? ਬਹੁਤੇ ਲੋਕਾਂ ਦੀ ਕਹਾਣੀ ਇਸ 'ਫੇਰ' 'ਤੇ ਆ ਕੇ ਮੁੱਕ ਜਾਂਦੀ ਹੈ। ਪਰ ਭੂਤ ਸ਼ੁਰੂ ਹੀ ਇਥੋਂ ਕਰਦੇ ਹਨ। ਮੱਤ ਦੇਣ ਵਾਲਿਆਂ ਵਿਚੋਂ ਕੋਈ ਇਨ੍ਹਾਂ ਨੂੰ ਬੇਵਕਫੂ ਸਮਝਦਾ, ਕੋਈ ਆਪਣੇ ਆਪ ਨੂੰ ਬੇਵਕੂਫ ਕਹਿੰਦਾ ਤੇ ਫੇਰ ਛੇਤੀ-ਛੇਤੀ ਇਨ੍ਹਾਂ ਦੇ ਕੋਲ ਆ ਕੇ ਬੈਠਣ ਦੀ ਹਿੰਮਤ ਨਹੀਂ ਕਰਦਾ। ਇਕ ਭੂਤ ਦੀ ਸਬਜ਼ੀ ਲਿਆਉਣ 'ਤੇ ਡਿਊਟੀ ਸੀ। ਕਿਹਾ ਗਿਆ ਸੀ ਜੋ ਸਬਜ਼ੀ ਸਭ ਤੋਂ ਸਸਤੀ ਹੈ, ਉਹ ਲਿਆਉਣੀ ਹੈ। ਉਸ ਮੌਸਮ ਵਿਚ ਆਲੂ ਸਭ ਤੋਂ ਸਸਤੇ ਸਨ। ਭੂਤ ਹਰ ਰੋਜ਼ ਆਲੂ ਲਿਆਉਂਦਾ ਰਿਹਾ। ਤਿੰਨਾਂ ਮਹੀਨਿਆਂ ਮਗਰੋਂ ਜਦੋਂ ਸਬਜ਼ੀ ਵਾਲੇ ਦਾ ਹਿਸਾਬ ਕੀਤਾ ਗਿਆ ਤਾਂ ਪਤਾ ਲੱਗਿਆ ਕਿੰਨੇ ਚਿਰ ਤੋਂ ਆਲੂ ਸਭ ਤੋਂ ਮਹਿੰਗੀ ਸਬਜ਼ੀ ਬਣ ਚੁੱਕੇ ਸਨ। ''ਤੂੰ ਭਾਅ ਸਾਥੋਂ ਪੁਛ ਕੇ ਕਿਉਂ ਨਹੀਂ ਵਧਾਇਆ?'' ਭੂਤ ਦੁਕਾਨਦਾਰ ਨੂੰ ਕੋਸ ਰਿਹਾ ਸੀ। ਉਸ ਨੂੰ ਸ਼ਾਇਦ ਯਾਦ ਨਹੀਂ ਸੀ ਰਿਹਾ ਕਿ ਇਸ ਦੇਸ਼ ਵਿਚ ਭਾਅ ਵਧਾਉਣ, ਘਟਾਉਣ ਦਾ ਕੰਮ ਉਹ ਲੋਕ ਕਰਦੇ ਨੇ, ਜਿਹੜੇ ਕੋਈ ਵੀ ਕੰਮ ਨਹੀਂ ਕਰਦੇ। ਇਕ ਦਿਨ ਸਾਰੇ ਭੂਤ ਕਿਸੇ ਭੂਤ ਦੇ ਪਿੰਡ ਮੱਕੀ ਦੀਆਂ ਰੋਟੀਆਂ ਤੇ ਸਾਗ ਖਾਣ ਗਏ। ਉਥੇ ਪਹੁੰਚ ਕੇ ਪਤਾ ਲੱਗਿਆ ਕਿ ਭੂਤ ਦੀ ਬੇਬੇ ਵਿਚਾਰੀ ਇਕੱਲੀ ਹੀ ਮਿੱਟੀ ਮਿੱਧ ਕੇ ਕੋਠਾ ਲਿੱਪ ਰਹੀ ਸੀ। ਭੂਤਾਂ ਨੇ ਕਮਰ ਕਸੇ ਕਰ ਲਏ। ਕੁਝ ਭੂਤ ਮਿੱਟੀ ਮਿੱਧਣ ਲੱਗ ਪਏ। ਕੁਝ ਕੋਠੇ ਉਤੇ ਚੜ੍ਹਾਉਣ ਤੇ ਕੁਝ ਬੇਚੱਜਿਆਂ ਵਾਂਗ ਲਿੱਪਣ ਲੱਗ ਪਏ। ਬੇਬੇ ਬਥੇਰਾ ਰੋਕੇ, ''ਵੇ ਕੋਈ ਵੇਖੂ ਤਾਂ ਕੀ ਕਹੂ? ਨਾਲੇ ਥੋਡੇ ਲੀੜੇ ਮੈਲੇ ਹੋ ਜਾਣਗੇ।'' ਆਥਣ ਤੀਕ ਭੂਤਾਂ ਨੇ ਸਾਰੇ ਕੋਠੇ ਲਿੱਪ ਦਿੱਤੇ। ਬੇਬੇ ਨੇ ਵੀ ਰੱਜਵਾਂ ਘਿਉ-ਸ਼ੱਕਰ ਪਾਇਆ। ਇਕ ਭੂਤ ਅੱਜ ਬਹੁਤ ਜ਼ਿਆਦਾ ਖੁਸ਼ ਸੀ। ਉਸਨੇ ਬੇਬੇ ਕੋਲ ਸਿਫਾਰਸ਼ ਕਰਕੇ ਸਰਦੀਆਂ ਵਿਚ ਪਹਿਲੀ ਵਾਰ ਇਕੱਲੇ ਨੇ ਪੂਰੀ ਰਜ਼ਾਈ ਲੈ ਲਈ ਸੀ, ਉਹ ਵੀ ਸਾਰੀ ਰਾਤ ਲਈ। ਅਗਲੇ ਦਿਨ ਮੁੜੇ ਆਉਂਦੇ ਭੂਤ ਸਾਰੇ ਰਾਹ ਡਨ ਦੀ ਮੈਟਾਫਿਜ਼ੀਕਲ ਪੋਇਟਰੀ ਡਿਸਕਸ ਕਰਦੇ ਰਹੇ। ਸ਼ਾਇਦ ਮੈਨੂੰ ਭੂਤਾਂ ਦੀਆਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮਾੜੇ ਦਿਲ ਵਾਲੇ ਲੋਕ ਤਾਂ ਭੂਤਾਂ ਦੇ ਨਾਉਂ ਤੋਂ ਹੀ ਡਰ ਜਾਂਦੇ ਹਨ। ........... ਪੰਜਾਬੀ ਦੇ ਵਿਦਵਾਨ ਆਖਦੇ ਹਨ ਕਿ ਉਹ ਨਾ ਗਿਆਨੀ ਪਾਸ ਹੈ, ਨਾ ਵਿਦਵਾਨੀ ਤੇ ਨਾ ਬੁੱਧੀਮਾਨੀ। ਐਮ. ਏ. ਪੰਜਾਬੀ ਰੱਬ ਰੱਬ ਕਰੋ ਜੀ! ਫਿਰ ਵੀ ਪੰਜਾਬੀ ਦੇ ਬਹੁਤ ਸਾਰੇ ਡਾਕਟਰ ਤੇ ਪ੍ਰੋਫੈਸਰ ਉਸਦੇ ਵਿਦਿਆਰਥੀ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਹ ਸਾਰੇ ਇਹ ਗੱਲ ਬੜੇ ਮਾਣ ਨਾਲ ਦੱਸਦੇ ਹਨ। ਜਦੋਂ ਕਦੇ ਤੁਸੀਂ ਇਸ ਮਹਾਂ-ਭੂਤ ਦੇ ਘਰ ਜਾਓ, ਤੁਹਾਡੇ ਵਰਗੇ ਪੰਜ-ਸੱਤ ਪਹਿਲਾਂ ਹੀ ਉਥੇ ਬੈਠੇ ਮਿਲਣਗੇ। ਉਸ ਵੇਲੇ ਮਹਾਂ ਭੂਤ ਖਰੜੇ ਦੀ ਸੁਧਾਈ ਵੀ ਕਰ ਰਿਹਾ ਹੋਵੇਗਾ, ਗੱਲ ਕਰਨ ਵਾਲੇ ਦਾ ਹੁੰਗਾਰਾ ਵੀ ਭਰ ਰਿਹਾ ਹੋਵੇਗਾ ਤੇ ਨਵੇਂ ਆਉਣ ਵਾਲੇ ਦੀ ਅਣਕਹੀ ਸਮੱਸਿਆ ਬਾਰੇ ਸੋਚ ਵੀ ਰਿਹਾ ਹੋਵੇਗਾ ਤੇ ਨਾਲ ਹੀ ਪੁੱਛੇਗਾ, ''ਚਾਹ ਪੀਓਗੇ?'' ਸ਼ਰਮੋ-ਸ਼ਰਮੀ ਇਕ ਵਾਰੀ ਤੁਸੀਂ ਨਾਂਹ ਕਰ ਦਿਓਗੇ ਤਾਂ ਦੂਸਰੀ ਵਾਰ ਉਸ ਨੇ ਪੁੱਛਣਾ ਹੀ ਨਹੀਂ। ਹਾਂ, ਉਸ ਦੀ ਪਤਨੀ ਜੇ ਤੁਹਾਨੂੰ ਦੇਖ ਲਵੇ ਤਾਂ ਚਾਹ ਦੇ ਨਾਲ ਪਕੌੜੇ ਵੀ ਆ ਜਾਣਗੇ। ''ਲਓ ਬਈ, ਕਮਾਲ ਹੋ ਗਈ'', ਮਹਾਂ-ਭੂਤ ਚਾਹ ਦੇਣ ਆਈ ਪਤਨੀ ਨੂੰ ਕਹੇਗਾ, ਇਉਂ ਜਿਵੇਂ ਕਹਿ ਰਿਹਾ ਹੋਵੇ, ''ਭਲੀਏ ਮਾਣਸੇ, ਇਕ ਕੱਪ ਚਾਹ ਨਾਲ ਇਨ੍ਹਾਂ ਨੇ ਕੀ ਮੋਟੇ ਹੋ ਜਾਣੈਂ? ਤੂੰ ਮੇਰੀ ਕਬੀਲਦਾਰੀ ਵਲ ਤਾਂ ਦੇਖਿਆ ਕਰ, ਆਪਣੇ ਪਿਓ ਦਾ ਘਰ ਈ ਨਾ ਸਮਝਿਆ ਕਰ।'' ਹਾਂ, ਜੇ ਰੋਟੀ ਵੇਲਾ ਹੋ ਜਾਏ ਤਾਂ ਉਹ ਤੁਹਾਡੇ ਲੱਖ ਨਾਂਹ ਕਰਨ ਉਤੇ ਵੀ ਰੋਟੀ ਮੱਲੋ-ਮੱਲੀ ਖੁਆ ਦੇਵੇਗਾ। ਸ਼ਾਇਦ ਉਹ ਸੋਚਦਾ ਹੈ ਕਿ ਜੀਊਂਦੇ ਬੰਦੇ ਨੂੰ ਏਨੀ ਕੁ ਅੱਯਾਸ਼ੀ ਤਾਂ ਕਰ ਹੀ ਲੈਣੀ ਚਾਹੀਦੀ ਹੈ। ਪਰ ਜੇ ਸਵਾਲ ਕਿਸੇ ਭੂਤ ਦੀ ਫ਼ੀਸ ਭਰਨ ਦਾ ਆ ਜਾਵੇ ਤਾਂ ਮਹਾਂ-ਭੂਤ ਸਾਰੇ ਹੱਥ ਪੱਲਾ ਮਾਰ ਕੇ ਇੱਥੋਂ ਤੱਕ ਕਿ ਆਪਣੀ ਨਿੱਕੀ ਧੀ ਦੇ ਗੱਲੇ ਵਿਚੋਂ, ਸਵਾਏ-ਡੂਢੇ ਉਤੇ ਉਧਾਰ ਚੁੱਕ ਕੇ ਵੀ ਬੁੱਤਾ ਸਾਰ ਦੇਵੇਗਾ। ਕਈ ਹਮਾਤੜ-ਧਮਾਤੜ ਉਂਜ ਹੀ ਉੱਠ ਕੇ ਮਿਲਣ ਤੁਰ ਪੈਂਦੇ ਹਨ, ਚੁੰਝ ਚਰਚਾ ਲਈ। ਜਿਸ ਦਿਨ ਕੋਈ ਹੋਰ ਨਾ ਟੱਕਰੇ, ਆ ਪਹੁੰਚਦੇ ਹਨ ਪਰ ਅੱਗੋਂ ਜੋ ਵਾਦ-ਵਿਵਾਦ ਹੁੰਦਾ ਏ, ਉਹ ਅਗਲੇ ਨੂੰ ਮਹੀਨੇ ਭਰ ਪਿੱਛੋਂ ਸਮਝ ਆਉਣਾ ਸ਼ੁਰੂ ਹੁੰਦਾ ਹੈ। ਮਸਲਨ ਮਹਾਂ-ਭੂਤ ਦੇ ਘਰ ਵਿਚ ਇਕ ਦਿਨ ਦੇਸੀਂਪਰਦੇਸੀਂ ਘੁੰਮਿਆਂ ਕਹਿੰਦਾ-ਕਹਾਉਂਦਾ ਇਕ ਲੇਖਕ ਆਇਆ। ਪਾਣੀ ਮੰਗਿਆ। ਪਾਣੀ ਆਉਣ ਨੂੰ ਪੰਜ-ਚਾਰ ਮਿੰਟ ਲੱਗ ਗਏ। ਲੇਖਕ ਨੇ ਸੋਚਿਆ, ਖ਼ਬਰੇ ਕਿਸ ਕਿਸਮ ਦਾ ਪਾਣੀ ਅੰਦਰ ਤਿਆਰ ਕੀਤਾ ਜਾ ਰਿਹਾ ਏ। ਪਰ ਜਦੋਂ ਮਹਾਂਭੂਤ ਦੀ ਬੱਚੀ ਪਾਣੀ ਲੈ ਕੇ ਆਈ ਤਾਂ ਉਸ ਨੇ ਦੱਸਿਆ ਕਿ ਪਾਣੀ ਉਹ ਨਲਕੇ ਵਿਚੋਂ ਠੰਢਾ ਕੱਢ ਰਹੀ ਸੀ। ਲੇਖਕ ਨੇ ਪਾਣੀ ਫੜ ਲਿਆ। ਬੱਚੀ ਨੂੰ ਸਮਝਾਣ ਲੱਗਿਆ, ''ਦੇਖ ਬੀਬਾ! ਜਦੋਂ ਕਿਸੇ ਮਹਿਮਾਨ ਨੂੰ ਪਾਣੀ ਦੇਣਾ ਹੋਵੇ ਤਾਂ ਪਹਿਲਾਂ ਕੱਚ ਦਾ ਗਿਲਾਸ ਸੁਆਰ ਕੇ ਧੋਵੋ, ਉਸ ਵਿਚ ਪਾਣੀ ਪਾਉਣ ਵੇਲੇ ਕੰਢਿਆਂ ਤੱਕ ਨਾ ਭਰੋ। ਸਗੋਂ ਉਂਗਲ ਕੁ ਊਣਾ ਰੱਖੋ। ਫਿਰ ਉਸ ਗਲਾਸ ਨੂੰ ਪਲੇਟ ਵਿਚ ਰੱਖੋ। ਦੂਸਰੀ ਪਲੇਟ ਜਾਂ ਜਾਲੀਦਾਰ ਰੁਮਾਲ ਨਾਲ ਉਤੋਂ ਢੱਕੋ। ਇਉਂ ਲਿਆ ਕੇ ਪਾਣੀ ਦੇਵੋ।'' ਮਹਾਂ-ਭੂਤ ਨੇ ਇਹ ਸਭ ਕੁਝ ਬੜੇ ਧਿਆਨ ਨਾਲ ਸੁਣਿਆ ਤੇ ਫਿਰ ਅਣਜਾਣਾਂ ਵਾਂਗ ਪੁੱਛਿਆ, ''ਅੱਛਾ ਜੀ ਪਹਿਲੇ ਗਿਲਾਸ ਧੋਈਏ?'' ਕਹਿੰਦੇ ਕਹਾਉਂਦੇ ਲੇਖਕ ਨੇ ਦਾਨਿਆਂ ਵਾਂਗ ਹਾਂ ਵਿਚ ਸਿਰ ਹਿਲਾਇਆ। ''ਫਿਰ ਉਸ ਵਿਚ ਪਾਣੀ ਪਾਈਏ ਤੇ ਉਂਗਲ ਕੁ ਊਣਾ ਰੱਖੀਏ?'' ਲੇਖਕ ਨੇ ਹਾਂ ਵਿਚ ਸਿਰ ਹਿਲਾਇਆ। ''ਇਕ ਪਲੇਟ ਜਾਂ ਰੁਮਾਲ ਨਾਲ ਢਕੀਏ?'' ''ਜੀ ਹਾਂ", ਕਹਿੰਦੇ ਕਹਾਉਂਦੇ ਲੇਖਕ ਨੇ ਕਿਹਾ। ''ਪਰ ਇਹ ਤਾਂ ਦੱਸੋ ਜੀ! ਉਹ ਗਿਲਾਸ ਫਿਰ ਪੇਸ਼ ਕਿਸ ਨੂੰ ਕਰੀਏ?'' ''ਪੇਸ਼ ਕਿਸ ਨੂੰ ਕਰੀਏ?'' ਇਸ ਗੱਲ ਦਾ ਜਵਾਬ ਕਹਿੰਦੇ ਕਹਾਉਂਦੇ ਲੇਖਕ ਨੂੰ ਘਰ ਜਾ ਕੇ ਵੀ ਨਹੀਂ ਅਹੁੜਿਆ ਹੋਣਾ। ਇਕ ਵਾਰੀ ਬੜੀ ਮਿੰਨਤ ਨਾਲ ਮੈਂ ਮਹਾਂ-ਭੂਤ ਨੂੰ ਕਿਹਾ, ''ਸਬਮਿਟ ਕਰਨ ਤੋਂ ਪਹਿਲਾਂ ਮੇਰੇ ਥੀਸਿਸ ਉਤੇ ਨਜ਼ਰ ਮਾਰ ਲਓ।'' ਮਨ ਮਿਹਰ ਪਈ, ਮੰਨ ਗਏ। ਕਿਧਰੇ-ਕਿਧਰੇ ਫੁੱਟਨੋਟ ਵੱਡੇ ਦਿੱਤੇ ਹੋਏ ਸਨ, ਆਖਣ ਲੱਗੇ, ''ਬੀਬੀ ਫੁੱਟ ਨੋਟ ਦਾ ਮਤਲਬ ਫੁੱਟ ਫੁੱਟ ਦੇ ਨੋਟ ਨਹੀਂ ਹੁੰਦਾ।'' ਬਿਨਾ ਸ਼ੀਸ਼ੇ ਤੋਂ ਪੱਗ ਬੰਨ੍ਹੀਂ, ਕੁੜਤਾ ਪਜਾਮਾ ਤੇ ਦੇਸੀ ਜੁੱਤੀ ਪਾਈਂ, ਇਕ ਝੋਲਾ ਹੱਥ ਵਿਚ ਫੜੀਂ, ਥਰਡ ਕਲਾਸ ਵਿਚ ਸਫਰ ਕਰਦੇ ਮਹਾਂ-ਭੂਤ ਨਾਲ ਕਈ ਵਾਰ ਬੁੱਢੇ ਠੇਰੇ ਗੱਲੀਂ ਲੱਗ ਜਾਂਦੇ ਹਨ। ''ਮਖਾਂ ਜੀ, ਆਪਾਂ ਕਚਹਿਰੀਆਂ 'ਚ ਹੁੰਨੇ ਆਂ?'' ਜਕੋਤਕਾਂ ਕਰਦਾ ਅਗਲਾ ਇਸ ਸਿੱਧੇ ਜਿਹੇ ਬੰਦੇ ਦੀਆਂ ਭੰਬਲਭੂਸਿਆਂ ਵਿਚ ਪਾਉਂਦੀਆਂ ਖਚਰੀਆਂ ਜਿਹੀਆਂ ਅੱਖਾਂ ਵੱਲ ਤੱਕ ਕੇ ਪੁੱਛਦਾ ਹੈ। ''ਨਹੀਂ ਜੀ ਆਪਾਂ ਤਾਂ ਅਨਪੜ੍ਹ ਬੰਦੇ ਹਾਂ ਜਮਾ'', ਮਹਾਂਭੂਤ ਬਹੁਤ ਗੰਭੀਰ ਹੋ ਕੇ ਜਵਾਬ ਦਿੰਦਾ ਹੈ। ''ਆਹੋ ਜੀ, ਕਈ ਅਨਪੜ੍ਹ ਵੀ ਪੜ੍ਹਿਆ ਅਰਗੇ ਹੁੰਦੇ ਆ।'' ''ਆਪਣਾ ਪਿੰਡ ਕਿਹੜਾ ਐ ਭਾਈ ਸਾਹਿਬ?'' ਮਹਾਂਭੂਤ ਪੁੱਛਦਾ ਹੈ। ''ਲਸੋਈ ਐ ਜੀ।'' ''ਲਸੋਈ, ਸੰਤ ਮਾੜੂਦਾਸ ਵਾਲੀ?'' ''ਆਹੋ ਜੀ! ਸੰਤ ਤਾਂ ਗੁਜ਼ਰਗੇ ਬੜੇ ਸਾਲ ਹੋਏ। ਪਿੱਛੋਂ ਇਕ ਬੀਬੀ ਰਹਿੰਦੀ ਸੀ ਬੜੇ ਜੱਪ ਤੱਪ ਵਾਲੀ। ਉਹ ਵੀ ਗੁਜਰਗੀ। ਅਸੀਂ ਜੀ ਅਜੇ ਤਾਈਂ ਮਾੜੂਦਾਸ ਦੀ ਗੁਫਾ 'ਤੇ ਠੀਕਰੀ ਪਹਿਰਾ ਦਿੰਨੇ ਆਂ। ਮਖਾਂ ਸੰਤ ਆਖੇ ਪਿੱਛੋਂ ਮੈਨੂੰ ਭੁੱਲਗੇ। ਸਭ ਸੰਤਾਂ ਦਾ ਪ੍ਰਤਾਪ ਐ ਜੀ। ਆਪਣੇ ਪਿੰਡ ਡੰਗਰਾਂ ਦੀ ਬਿਮਾਰੀ ਕਦੇ ਨੀ ਪਈ। ਪਿੰਡ 'ਚ ਕਤਲ ਅੱਜ ਤਾਈਂ ਨ੍ਹੀਂ ਹੋਇਆ। ਗੁਫਾ ਤੇ ਤਾਂ ਜੀ ਸੁੱਖਣਾ ਵਰ ਆਉਂਦੀਆਂ ਨੇ। ਦੂਰੋਂ-ਦੂਰੋਂ ਚੱਲ ਕੇ ਆਉਂਦੇ ਨੇ ਲੋਕ। ''ਬੜੇ ਗ੍ਰੰਥ ਲਿਖੇ ਸੀ ਆਖਦੇ ਨੇ ਸੰਤ ਜੀ ਨੇ?'' ''ਕੀ ਲੇਖਾ ਐ ਜੀ ਉਹ ਤਾਂ ਕੋਈ ਪਹੁੰਚਿਆ ਹੋਇਆ ਬੰਦਾ ਸੀ। ਥਉਂ ਖੜਾ ਈ ਜੋ ਕਹੋ ਪੈਦਾ ਕਰ ਦਿੰਦਾ ਸੀ। ਮੇਰਾ ਬਾਈ ਦੱਸਦਾ ਹੁੰਦਾ ਸੀ, ਅਖੇ ਇਕ ਦਿਨ ਮੈਂ ਕਿਹਾ, 'ਮਹਾਰਾਜ, ਮੇਰਾ ਤਾਂ ਸੀਰਨੀ ਖਾਣ ਨੂੰ ਚਿੱਤ ਕਰਦਾ ਐ। ਲਓ ਜੀ ਸੰਤ ਅੰਦਰ ਗਿਆ ਤੇ ਗਰਮ ਗਰਮ ਲੱਡੂ-ਜਲੇਬੀਆਂ ਦੀ ਤੂੰਬੀ ਭਰ ਲਿਆਇਆ। ਹੈ ਨਾ ਜੀ ਹੱਥ 'ਤੇ ਸਰ੍ਹੋਂ ਜਮਾਉਣ ਆਲੀ ਗੱਲ?'' ''ਬੜੇ ਭਾਗ ਨੇ ਜੀ ਆਪ ਦੇ ਜੋ ਸੰਤ ਹੋਰਾਂ ਦੇ ਪਿੰਡ ਦੇ ਬੰਦੇ ਹੋ। ਜੇ ਮੈਂ ਆਵਾਂ ਤੁਹਾਡੇ ਪਿੰਡ ਤਾਂ ਦਰਸ਼ਨ ਕਰਵਾ ਦਿਓਗੇ ਗੁਫਾ ਦੇ?'' ''ਕਿਉਂ ਨੀ ਜੀ।'' ਫੇਰ ਜ਼ਰਾ ਸੋਚ ਕੇ ਮਹਾਂ-ਭੂਤ ਆਖਦਾ ਹੈ, ''ਹੁਣੇ ਨਾ ਚੱਲਾਂ ਤੁਹਾਡੇ ਨਾਲ?'' ''ਆਹੋ ਚੱਲੋ।'' ਇਕ ਟਿਕਟ ਆਪਣੀ ਪਤਨੀ ਨੂੰ ਫੜਾ ਕੇ ਮਲਕ ਦੇਣੇ ਮਹਾਂ-ਭੂਤ ਉਸ ਨੂੰ ਆਖਦਾ ਹੈ, ਤੁਸੀਂ ਚੱਲੋ, ਮੈਂ ਭਲਕੇ ਪਹੁੰਚਿਆ ਲਓ,'' ਤੇ ਬਿਨਾ ਗੌਲਿਆਂ ਕਿ ਪਤਨੀ ਨੇ ਅੱਗੋਂ ਕੀ ਜਵਾਬ ਦਿੱਤਾ, ਉਹ ਰਾਹ ਵਿਚ ਹੀ ਕਿਧਰੇ ਉਤਰ ਜਾਂਦਾ ਹੈ। ਕਈ ਅਗਲੇ ਦਿਨ ਲੰਘਾ ਕੇ, ਕਈ ਪਿੰਡਾਂ ਦੀ ਰੇਤ ਫੱਕ ਕੇ, ਪਤਨੀ ਦੇ ਨਾਲ ਜ਼ਰੂਰੀ ਕੰਮ ਜਾਣ ਲਈ ਲਈਆਂ ਸਾਰੀਆਂ ਛੁੱਟੀਆਂ ਲੰਘਾ ਕੇ ਭੁੱਖਾ-ਤ੍ਰਿਹਾਇਆ ਮਹਾਂ-ਭੂਤ ਪੁਰਾਣੇ ਖਰੜਿਆਂ ਦਾ ਝੋਲਾ ਭਰੀ ਘਰ ਆ ਪਹੁੰਚਦਾ ਹੈ। ਫਿਰ ਕਿੰਨੇ ਹੀ ਦਿਨ ਦੁਪਹਿਰਾਂ ਵੇਲੇ ਕੰਮਾਂ-ਧੰਦਿਆਂ ਤੋਂ ਵਿਹਲਾ ਹੋ ਕੇ ਸਾਰਾ ਟੱਬਰ ਜਦੋਂ ਪੱਖੇ ਹੇਠ ਸੁੱਤਾ ਪਿਆ ਹੁੰਦਾ ਹੈ ਤਾਂ ਉਪਰ ਚੁਬਾਰੇ ਵਿਚ ਪਸੀਨੋ-ਪਸੀਨੇ ਹੋਇਆ ਮਹਾਂ-ਭੂਤ ਉਨ੍ਹਾਂ ਖਰੜਿਆਂ ਦੀ ਛਾਣ-ਬੀਣ ਕਰ ਰਿਹਾ ਹੁੰਦਾ ਹੈ। ਇਸ ਮੁਹਿੰਮ ਉਤੇ ਇਕ ਵਾਰੀ ਮਹਾਂ-ਭੂਤ ਕਈ ਮੀਲ ਪੈਦਲ ਤੁਰ ਕੇ ਇਕ ਨਿੱਕੇ ਜਿਹੇ ਪਿੰਡ ਦੇ ਗੁਰਦੁਆਰੇ ਵਿਚ ਪਹੁੰਚਿਆ। ''ਪੱਕਾ ਭਾਈ ਜੀ ਕੋਈ ਨੀ ਰਖਿਆ ਹੋਇਆ। ਕਦੇ ਮਹੀਨੇ ਲਈ ਕੋਈ ਸਾਧੂ-ਸੰਤ ਆ ਕੇ ਠਹਿਰਦਾ ਏ। ਵੇਲੇਕੁਵੇਲੇ ਦੀਵਾ ਬੱਤੀ ਮੈਂ ਕਰ ਦਿੰਦਾ ਹਾਂ'', ਉਸ ਰਾਤ ਉਥੇ ਹੀ ਰਹਿ ਪੈਣ ਦੀ ਸਲਾਹ ਕਰਕੇ ਉਸ ਟੈਂਪਰੇਰੀ ਭਾਈ ਜੀ ਨੇ ਮਹਾਂ-ਭੂਤ ਦੇ ਕੋਲ ਹੀ ਆਪਣੀ ਟੁੱਟੀ ਜਿਹੀ ਮੰਜੀ ਡਾਹੁੰਦਿਆਂ ਆਖਿਆ। ''ਤੁਸੀਂ ਤਾਂ ਭਾਗਾਂ ਵਾਲੇ ਓ, ਦੋਨੋਂ ਪਾਸੇ ਨਿਭਾ ਰਹੇ ਓ। ਨਾਲੇ ਗ੍ਰਹਿਸਥੀ ਤੋਰਦੇ ਓ ਤੇ ਨਾਲੇ ਨਾਮ ਜਪਦੇ ਓ।'' ''ਨਾਮ ਆਪਾਂ ਨੇ ਕੀ ਜਪਣਾ ਐ ਜੀ, ਬਸ ਮਾੜੇ-ਮੋਟੇ ਅੱਖਰ ਉਠਾਲਣ ਦਾ ਸ਼ੌਕ ਐ।'' ਕਿਤਾਬਾਂ-ਕਤੂਬਾਂ ਕਿੱਥੋਂ ਲੈਂਦੇ ਹੋ?'' ''ਸੰਸਕ੍ਰਿਤ-ਫ਼ਾਰਸੀ ਦੀਆਂ ਅੰਦਰ ਬੜੀਆਂ ਪਈਆਂ ਨੇ ਸਟੋਰ ਵਿਚ।'' ''ਆਪ ਸੰਸਕ੍ਰਿਤ-ਫ਼ਾਰਸੀ ਜਾਣਦੇ ਹੋ?'' ਮਹਾਂ-ਭੂਤ ਨੇ ਮੰਜੇ ਉਤੇ ਉੱਠ ਕੇ ਬੈਠਦਿਆਂ ਪੁੱਛਿਆ। ''ਮਾੜੀ ਮੋਟੀ ਜਿਹੀ'' ਉਸ ਟੈਂਪਰੇਰੀ ਭਾਈ ਜੀ ਨੇ ਆਪਣੀ ਪੱਗ ਲਾਹ ਕੇ, ਰੁੱਖੇ ਉਲਝੇ ਵਾਲ ਵਾਹੁੰਦਿਆਂ ਦੱਸਿਆ। ਪਰ ਮਹਾਂ-ਭੂਤ ਸਮਝ ਗਿਆ ਅਜਿਹੇ ਬੰਦੇ ਦੀ ਮਾੜੀ-ਮੋਟੀ ਦਾ ਕੀ ਮਤਲਬ ਹੈ? ਸਾਰੀ ਰਾਤ ਗੋਸ਼ਟ ਚਲਦੀ ਰਹੀ। ਸਵੇਰੇ ਖਰੜਿਆਂ ਦੀ ਬੋਰੀ ਭਰ ਕੇ ਲਿਆ ਰਹੇ ਮਹਾਂਭੂਤ ਨੇ ਉਸ ਟੈਂਪਰੇਰੀ ਭਾਈ ਜੀ ਦੇ ਪੈਰ ਛੋਹੇ ਤੇ ਕਿਹਾ, ''ਮਾੜੇ-ਮੋਟੇ ਅੱਖਰ ਉਠਾਲਣ ਦਾ ਆਪਾਂ ਨੂੰ ਵੀ ਸ਼ੌਕ ਐ।'' ਇਸ ਮਹਾਂ-ਭੂਤ ਦਾ ਕੱਦ ਕਈਆਂ ਅਨੁਸਾਰ ਲੋੜੋਂ ਕਿਤੇ ਉੱਚਾ ਹੈ। ਨਾਲੇ ਏਡੇ ਕੱਦ ਦਾ ਅੱਜ ਕੱਲ੍ਹ ਫੈਸ਼ਨ ਹੀ ਨਹੀਂ ਰਿਹਾ। ਇਸ ਵਲ ਉਤਾਂਹ ਨੂੰ ਮੂੰਹ ਕਰਕੇ ਝਾਕਦਿਆਂ ਦੀ ਕਈਆਂ ਦੀ ਤਾਂ ਪੱਗ ਹੀ ਲੱਥ ਜਾਂਦੀ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਲੋਕ ਵੇਲੇ-ਕੁਵੇਲੇ, ਇਕ ਦੂਜੇ ਤੋਂ ਚੋਰੀ, ਕੰਮ ਵੇਲੇ ਇਸ ਦੀਆਂ ਸਲਾਹਾਂ ਪੁੱਛਣ ਆ ਜਾਂਦੇ ਹਨ। ਦੋ ਘੜੀਆਂ ਮਿੱਠੀਆਂ ਮਾਰ ਕੇ ਆਪਣੇ ਜਾਣੇ ਉਹ ਸਾਰੇ ਗੁਰ ਤੇ ਗੁਹਜ-ਗਿਆਨ ਲੈ ਚਲੇ ਹੁੰਦੇ ਹਨ, ਪਰ ਸ਼ੇਰ ਦੀ ਮਾਸੀ ਬਿੱਲੀ ਵਾਂਗ ਕੋਈ ਨਾ ਕੋਈ ਘੁੰਡੀ ਅਜੇ ਵੀ ਮਹਾਂ-ਭੂਤ ਦੇ ਕੋਲ ਹੁੰਦੀ ਹੈ। ਇਸ ਮਹਾਂ-ਭੂਤ ਨੂੰ ਤੁਸੀਂ ਜਿਹੋ ਜਿਹੀ ਮਰਜ਼ੀ ਚਿੱਠੀ ਲਿਖੋ ਜਵਾਬ ਹਮੇਸ਼ਾ ਕਾਰਡ ਉਤੇ ਹੀ ਆਵੇਗਾ। ਮੋਤੀਆਂ ਵਰਗੀ ਲਿਖਾਈ ਵਿਚ। ਸ਼ਾਇਦ ਇਹ ਮਹਾਂ ਭੂਤ ਸੋਚਦਾ ਹੈ ਕਿ ਕਿਧਰੇ ਵੀ ਘਾਲੇ ਮਾਲੇ ਵਾਲੀ ਲੁਕਵੀਂ ਕੋਈ ਗੱਲ ਆਪਾਂ ਕਰਨੀ ਨਾ ਹੋਈ ਫਿਰ ਕਿਉਂ ਲਫਾਫਿਆਂ ਉਤੇ ਵਾਧੂ ਪੈਸੇ ਖਰਚੇ ਜਾਣ? ਖ਼ਰਚ ਦੀ ਕੀ ਗੱਲ ਪੁੱਛਦੇ ਹੋ। ਕਈ ਵਾਰੀ ਮੂੰਹਹਨੇਰੇ, ਕਈ ਵਾਰੀ ਸਿਖਰ ਦੁਪਹਿਰੇ ਕਿਸੇ ਜਾਣੂ, ਮਿੱਤਰ ਜਾਂ ਸ਼ਾਗਿਰਦ ਦੇ ਟੁੱਟੇ ਜਿਹੇ ਸਾਈਕਲ ਦੇ ਡੰਡੇ ਉਤੇ ਅੱਗੇ ਬੈਠੇ ਅਟੈਚੀਕੇਸ ਸੰਭਾਲੀਂ ਮਹਾਂ-ਭੂਤ ਜੀ ਬੱਸ ਸਟੈਂਡ ਵੱਲ ਜਾ ਰਹੇ ਹੁੰਦੇ ਹਨ। ਰਾਹ ਵਿਚ ਕਦੇ ਇਕ ਹੱਥ ਨਾਲ ਤੇ ਕਦੇ ਦੂਜੇ ਨਾਲ ਵੀਹ-ਪੰਜਾਹ ਬੰਦਿਆਂ ਦੀ ਫ਼ਤਿਹ ਦਾ ਮੁਸਕਰਾ ਕੇ ਜਵਾਬ ਦਿੰਦੇ ਜਾਂਦੇ ਹਨ ਤੇ ਨਾਲ ਹੀ ਛੱਡਣ ਜਾ ਰਹੇ ਅਗਲੇ ਨਾਲ ਕਿਸੇ ਗੁਹਜ-ਗਿਆਨ ਦੀਆਂ ਗੱਲਾਂ ਕਰ ਰਹੇ ਹੁੰਦੇ ਹਨ। ਕਈ ਵਾਰੀ ਘੱਟ ਜਾਣੂ ਲੋਕ ਇਉਂ ਜ਼ਾਹਿਰ ਕਰਦੇ ਹਨ ਜਿਵੇਂ ਉਨ੍ਹਾਂ ਨੇ ਮਹਾਂ-ਭੂਤ ਨੂੰ ਦੇਖਿਆ ਹੀ ਨਹੀਂ ਤਾਂ ਜੋ ਮਹਾਂਭੂਤ ਨੂੰ ਕਿਸੇ ਗੱਲੋਂ ਸੰਗ ਨਾ ਲੱਗੇ, ਪਰ ਮਹਾਂ-ਭੂਤ ਦਿਲ ਵਿਚ ਹੱਸਦਾ ਤੇ ਆਖਦਾ ਹੈ- "ਓਏ ਭਲੇ ਮਾਣਸੋ! ਜਦੋਂ ਹਿੰਦੁਸਤਾਨ ਵਿਚ ਜੰਮਦਿਆਂ ਨੂੰ ਸੰਗ ਨਾ ਲੱਗੀ, ਤਾਂ ਹੁਣ ਕਾਹਦੀ ਸੰਗ?'' ਪਰ ਜੇ ਆਪ ਨੂੰ ਪਤਾ ਲੱਗ ਜਾਵੇ ਕਿ ਫਲਾਣੇ ਬੰਦੇ ਕੋਲ ਫਲਾਣੀ ਥਾਂ ਕੋਈ ਕੰਮ ਦੀ ਕਿਤਾਬ ਜਾਂ ਖਰੜਾ ਹੈ ਤਾਂ ਆਪ ਨਦੀਆਂ ਚੀਰ ਕੇ ਉਥੇ ਜਾ ਪਹੁੰਚਦੇ ਹਨ। ਦੱਸ ਬਈ ਸਿੰਘਾ। ਕੀ ਲੈਣਾ ਈ? ਘਰ ਭਾਵੇਂ ਬਿਜਲੀ ਦਾ ਬਿੱਲ ਨਾ ਭਰਿਆ ਜਾਣ ਕਰਕੇ ਮਹੀਨਾ ਭਰ ਨੇਰ੍ਹ ਵਰਤਿਆ ਰਹੇ। ਮਹਾਂਭੂਤ ਬੜਾ ਘੱਟ ਲਿਖਦਾ ਹੈ, ਪਰ ਜੋ ਲਿਖਦਾ ਹੈ ਉਸ ਉਤੇ ਫਿਰ ਕੋਈ ਮਾਂ ਦਾ ਲਾਲ ਕਿਧਰੇ ਉਂਗਲ ਨਹੀਂ ਰੱਖ ਸਕਦਾ। ਕਈ ਗੱਲਾਂ ਵਿਚ ਮਹਾਂ-ਭੂਤ ਬੜਾ ਕੋਰਾ ਹੈ। ਕੋਰੇ ਲੱਠੇ ਵਰਗਾ। ਮਹਾਂ-ਭੂਤ ਦੀ ਧੀ ਦਾ ਵਿਆਹ ਸੀ। ਕਾਰਡ ਆਇਆ। ਰਿਵਾਜ ਅਨੁਸਾਰ ਮਾੜਾ ਮੋਟਾ ਪ੍ਰੈਜੈਂਟ ਲੈ ਕੇ ਮੈਂ ਵੀ ਉਸ ਸ਼ਹਿਰ ਗਈ, ਮਹਾਂ-ਭੂਤ ਤੋਂ ਚੋਰੀਓਂ ਆਪ ਦੀ ਧੀ ਨੂੰ ਦੇ ਆਈ। ਵੀਹ ਕੁ ਦਿਨਾਂ ਮਗਰੋਂ ਕਿਸੇ ਦੀ ਕਾਰ ਮੰਗ ਕੇ ਸੌ ਕੁ ਮੀਲ ਦਾ ਸਫਰ ਕਰਕੇ ਮਹਾਂ-ਭੂਤ ਉਹ ਪ੍ਰੈਜ਼ੈਂਟ ਵਾਪਸ ਕਰਨ ਆਇਆ। ਮੈਨੂੰ ਬੇਹੱਦ ਗੁੱਸਾ ਆਇਆ। ''ਕੋਈ ਧੀਆਂ ਤੋਂ ਵੀ ਕੁਝ ਲੈਂਦਾ ਹੁੰਦਾ ਏ?'' ਉਸਨੇ ਮੇਰੇ ਸਿਰ ਉਤੇ ਹੱਥ ਰੱਖ ਕੇ ਕਿਹਾ। ਗੁੱਸਾ ਪਾਣੀ ਬਣ ਕੇ ਮੇਰੀਆਂ ਅੱਖਾਂ ਵਿਚ ਛਲਕ ਆਇਆ। ਏਨਿਆਂ ਵਰ੍ਹਿਆਂ ਵਿਚ ਪਹਿਲੀ ਵਾਰ ਮੈਂ ਸੁਣਿਆ ਸੀ ਕਿ ਪਿਓ ਦੇ ਮਰ ਜਾਣ ਪਿੱਛੋਂ ਵੀ ਕੋਈ ਕੁੜੀ ਕਿਸੇ ਦੀ ਧੀ ਹੁੰਦੀ ਏ। ਮਹਾਂ-ਭੂਤ ਕਦੇ ਬੀਮਾਰ ਨਹੀਂ ਸੁਣਿਆ। ਸ਼ਾਇਦ ਬੀਮਾਰ ਹੋਣ ਦੀ ਉਸ ਕੋਲ ਵਿਹਲ ਹੀ ਨਹੀਂ। ਇਕ ਵਾਰੀ ਇਕ ਮਾਸਟਰ ਆਪਣੇ ਇਕ ਸ਼ਾਗਿਰਦ ਨੂੰ ਆਖ ਰਿਹਾ ਸੀ, ''ਦੇਖ ਓਏ ਖੋਤਿਆ। ਮੈਂ ਤੈਨੂੰ ਬੰਦਾ ਬਣਾ ਦੇਣਾ ਏ, ਕੁੱਟ-ਕੁੱਟ ਕੇ'' ਕੋਲੋਂ ਇਕ ਘੁਮਿਆਰ ਜਾ ਰਿਹਾ ਸੀ। ਉਸ ਦੇ ਔਲਾਦ ਨਹੀਂ ਸੀ। ਅਗਲੇ ਦਿਨ ਇਕ ਗਧਾ ਲੈ ਕੇ ਮਾਸਟਰ ਜੀ ਕੋਲ ਆ ਹਾਜ਼ਰ ਹੋਇਆ ਕਿ ''ਜੀ ਮੇਰੇ ਉਤੇ ਵੀ ਕ੍ਰਿਪਾ ਕਰੋ। ਮੇਰੇ ਵੀ ਇਕ ਖੋਤੇ ਦਾ ਬੰਦਾ ਬਣਾ ਦਿਓ, ਸਾਰੀ ਉਮਰ 'ਸੀਸਾਂ ਦਿਆਂਗਾ।'' ਇਸੇ ਤਰ੍ਹਾਂ ਦੇ ਕੰਮ ਹਮਾਤੜ-ਧਮਾਤੜ ਕਈ ਵਾਰੀ ਮਹਾਂ-ਭੂਤ ਕੋਲ ਲੈ ਕੇ ਪਹੁੰਚ ਜਾਂਦੇ ਹਨ। ਮਹਾਂ-ਭੂਤ ਮਾਸਟਰ ਵਾਂਗ ਆਖ ਦਿੰਦਾ ਹੈ, ''ਇਥੇ ਬੰਨ੍ਹ ਜਾ ਖੋਤਾ, ਆਥਣ ਨੂੰ ਬੰਦਾ ਬਣਿਆ ਲੈ ਜਾਈਂ।'' ਅਗਲਾ ਆਥਣ ਨੂੰ ਪਹੁੰਚਦਾ ਹੈ ਤਾਂ ਸਾਹਮਣੇ ਸੜਕ ਉਤੇ ਜਾਂਦੇ ਠਾਣੇਦਾਰ ਵਲ ਹੱਥ ਕਰਕੇ ਆਖਦਾ ਹੈ, ''ਮਸਾਲਾ ਜ਼ਰਾ ਜ਼ਿਆਦਾ ਲੱਗ ਗਿਆ। ਉਹ ਬੰਦੇ ਤੋਂ ਵੀ 'ਗਾਹਾਂ ਠਾਣੇਦਾਰ ਬਣ ਗਿਆ ਏ।'' ਅਗਲਾ ਹਰਾ-ਹਰਾ ਘਾਹ ਠਾਣੇਦਾਰ ਦੇ ਅੱਗੇ ਕਰਦਾ ਹੈ। ਅਗੋਂ ਠਾਣੇਦਾਰ ਠੁੱਡੇ ਮਾਰਦਾ ਹੈ। ਤਾਂ ਉਹ ਆਖਦਾ ਹੈ, ''ਖੋਤੇ ਤੋਂ ਬੰਦਾ ਬਣ ਤਾਂ ਗਿਆ, ਪਰ ਦੁਲੱਤੇ ਮਾਰਨ ਦੀ ਆਦਤ ਨਾ ਗਈ।'' ਇਸ ਤਰ੍ਹਾਂ ਦੀਆਂ ਕਰਾਮਾਤਾਂ ਇਸ ਮਹਾਂ-ਭੂਤ ਨੂੰ ਬਹੁਤ ਆਉਂਦੀਆਂ ਹਨ। ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਵੱਡੇ ਤੋਂ ਵੱਡਾ ਫੱਕੜ ਤੋਲਦਾ, ਜੱਕੜ ਮਾਰਦਾ ਵੀ ਇਹ ਹਮੇਸ਼ਾ ਸੱਚ ਹੀ ਪ੍ਰਤੀਤ ਹੁੰਦਾ ਹੈ। ਤੁਸੀਂ ਪੁੱਛੋਗੇ ਆਖਰ ਉਹ ਮਹਾਂ-ਭੂਤ ਕੰਮ ਕੀ ਕਰਦਾ ਏ? ਉਂਜ ਤਾਂ ਜੀ ਉਹ ਕਿਹੜਾ ਕੰਮ ਹੈ ਜੋ ਆਪ ਨਹੀਂ ਕਰਦੇ, ਜਿਵੇਂ ਐਡੀਟਰੀ, ਅਫਸਰੀ ਉਸਤਾਦੀ, ਕਮੇਟੀਬਾਜ਼ੀ, ਕਲਮਘਸਾਈ, ਅਧੀਏ-ਊਣਿਆਂ ਨਾਲ ਲੜਾਈ, ਖਰੜਿਆਂ ਦੀ ਸੁਧਾਈ ਆਦਿ ਪਰ ਅਸਲੀ ਧੰਦਾ ਆਪ ਦਾ ਖੋਤਿਆਂ ਤੋਂ ਬੰਦੇ ਬਣਾਉਣ ਦਾ ਹੀ ਹੈ। ਕਦੇ-ਕਦੇ ਜਦੋਂ ਆਪ ਕੋਲੋਂ ਮਸਾਲਾ ਬਹੁਤਾ ਲੱਗ ਜਾਂਦਾ ਹੈ ਤਾਂ ਉਨ੍ਹਾਂ ਵਿਚੋਂ ਕੋਈ ਕਹਾਣੀਕਾਰ, ਕੋਈ ਨਾਵਲਕਾਰ, ਕੋਈ ਕਵੀ, ਕੋਈ ਆਲੋਚਕ, ਕੋਈ ਭਾਸ਼ਾਵਿਗਿਆਨੀ, ਕੋਈ ਛੋਟਾ ਭੂਤ ਵੱਡਾ ਭੂਤ ਵੀ ਬਣ ਜਾਂਦਾ ਹੈ। ਲਓ ਜੀ ਗੱਲ ਕਰਕੇ ਮੈਂ ਤੇ ਇਕ ਹੋਰ ਵਖਤ ਪਾ ਲਿਆ। ਖੋਤਿਆਂ ਤੋਂ ਬੰਦੇ ਬਣਨ ਦੇ ਕਈ ਚਾਹਵਾਨ ਮੇਰੇ ਕੋਲੋਂ ਉਸ ਦਾ ਅਤਾ-ਪਤਾ ਪੁੱਛਣਗੇ। ਪਰ ਮੈਂ ਉਸ ਦੀ ਇਜਾਜ਼ਤ ਤੋਂ ਬਿਨਾ ਏਨਾ ਹੀ ਦੱਸ ਸਕਦੀ ਹਾਂ ਕਿ ਪੰਜਾਬੀ ਪੈਂਤੀ ਦੀਆਂ ਪਹਿਲੀਆਂ ਪੰਜ ਲਾਈਨਾਂ ਛੱਡ ਕੇ ਜਿਹੜਾ ਅੱਖਰ ਆਉਂਦਾ ਹੈ, ਉਸ ਨਾਲ ਉਸਦਾ ਨਾਉਂ, ਉਸ ਦੇ ਅਹੁਦੇ ਦਾ ਨਾਂਉ ਤੇ ਉਸਦੇ ਸ਼ਹਿਰ ਦਾ ਨਾਉਂ ਸ਼ੁਰੂ ਹੁੰਦਾ ਹੈ। ਪਰ ਮੁਆਫ ਕਰਨਾ। ਇਸ ਤੋਂ ਤੁਸੀਂ ਕਿਧਰੇ ਪ੍ਰੋ. ਪ੍ਰੀਤਮ ਸਿੰਘ ਪਟਿਆਲੇ ਵਾਲੇ ਨਾ ਸਮਝ ਲੈਣਾ।

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Shop
  • Cart
  • Checkout
  • My account

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®